Bible App logo
Search Icon

2 ਥੱਸਲੁਨੀਕੀਆਂ 3

3
ਪ੍ਰਾਰਥਨਾ ਦੇ ਲਈ ਬੇਨਤੀ
1ਅੰਤ ਵਿੱਚ ਹੇ ਭਾਈਓ, ਸਾਡੇ ਲਈ ਪ੍ਰਾਰਥਨਾ ਕਰੋ ਕਿ ਪਰਮੇਸ਼ਰ ਦਾ ਵਚਨ ਤੇਜੀ ਨਾਲ ਫੈਲੇ ਅਤੇ ਮਹਿਮਾ ਪਾਵੇ, ਜਿਵੇਂ ਤੁਹਾਡੇ ਵਿਚਕਾਰ ਹੋਇਆ; 2ਅਤੇ ਅਸੀਂ ਦੁਸ਼ਟ ਅਤੇ ਬੁਰੇ ਮਨੁੱਖਾਂ ਤੋਂ ਬਚਾਏ ਜਾਈਏ ਕਿਉਂਕਿ ਸਭ ਵਿਸ਼ਵਾਸੀ ਨਹੀਂ ਹਨ। 3ਪਰ ਪ੍ਰਭੂ ਵਫ਼ਾਦਾਰ ਹੈ ਜਿਹੜਾ ਤੁਹਾਨੂੰ ਦ੍ਰਿੜ੍ਹ ਕਰੇਗਾ ਅਤੇ ਉਸ ਦੁਸ਼ਟ ਤੋਂ ਤੁਹਾਡੀ ਰਾਖੀ ਕਰੇਗਾ। 4ਸਾਨੂੰ ਪ੍ਰਭੂ ਵਿੱਚ ਤੁਹਾਡੇ ਵਿਖੇ ਭਰੋਸਾ ਹੈ ਕਿ ਜਿਨ੍ਹਾਂ ਗੱਲਾਂ ਦੀ ਆਗਿਆ ਅਸੀਂ ਤੁਹਾਨੂੰ ਦਿੰਦੇ ਹਾਂ ਤੁਸੀਂ ਉਹ ਕਰਦੇ ਹੋ ਅਤੇ ਕਰਦੇ ਰਹੋਗੇ। 5ਹੁਣ ਪ੍ਰਭੂ ਤੁਹਾਡੇ ਦਿਲਾਂ ਦੀ ਪਰਮੇਸ਼ਰ ਦੇ ਪ੍ਰੇਮ ਵੱਲ ਅਤੇ ਮਸੀਹ ਦੇ ਧੀਰਜ ਵੱਲ ਅਗਵਾਈ ਕਰੇ।
ਆਲਸੀ ਜੀਵਨ ਦੇ ਵਿਰੁੱਧ ਚਿਤਾਵਨੀ
6ਹੇ ਭਾਈਓ, ਅਸੀਂ ਤੁਹਾਨੂੰ ਆਪਣੇ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਇਹ ਆਗਿਆ ਦਿੰਦੇ ਹਾਂ ਕਿ ਤੁਸੀਂ ਅਜਿਹੇ ਹਰੇਕ ਭਾਈ ਤੋਂ ਦੂਰ ਰਹੋ ਜਿਹੜਾ ਆਲਸੀ ਜੀਵਨ ਜੀਉਂਦਾ ਹੈ, ਨਾ ਕਿ ਉਸ ਸਿੱਖਿਆ ਅਨੁਸਾਰ ਜੋ ਤੁਸੀਂ#3:6 ਕੁਝ ਹਸਤਲੇਖਾਂ ਵਿੱਚ “ਤੁਸੀਂ” ਦੇ ਸਥਾਨ 'ਤੇ “ਉਸ ਨੇ” ਲਿਖਿਆ ਹੈ। ਸਾਡੇ ਤੋਂ ਪਾਈ। 7ਤੁਸੀਂ ਆਪ ਜਾਣਦੇ ਹੋ ਕਿ ਤੁਹਾਨੂੰ ਕਿਵੇਂ ਸਾਡੀ ਰੀਸ ਕਰਨੀ ਚਾਹੀਦੀ ਹੈ, ਕਿਉਂਕਿ ਅਸੀਂ ਤੁਹਾਡੇ ਵਿਚਕਾਰ ਆਲਸੀ ਜੀਵਨ ਨਹੀਂ ਗੁਜ਼ਾਰਿਆ 8ਅਤੇ ਕਿਸੇ ਕੋਲੋਂ ਮੁਫ਼ਤ ਰੋਟੀ ਨਹੀਂ ਖਾਧੀ, ਪਰ ਰਾਤ-ਦਿਨ ਕੰਮ-ਧੰਦਾ ਕੀਤਾ ਤਾਂਕਿ ਤੁਹਾਡੇ ਵਿੱਚੋਂ ਕਿਸੇ ਉੱਤੇ ਬੋਝ ਨਾ ਬਣੀਏ। 9ਇਹ ਨਹੀਂ ਕਿ ਸਾਨੂੰ ਹੱਕ ਨਹੀਂ ਹੈ, ਪਰ ਇਸ ਲਈ ਤਾਂਕਿ ਅਸੀਂ ਤੁਹਾਨੂੰ ਆਪਣੀ ਰੀਸ ਕਰਨ ਲਈ ਇੱਕ ਨਮੂਨਾ ਦੇਈਏ। 10ਕਿਉਂਕਿ ਜਦੋਂ ਅਸੀਂ ਤੁਹਾਡੇ ਕੋਲ ਸੀ ਤਾਂ ਅਸੀਂ ਤੁਹਾਨੂੰ ਇਹੋ ਆਗਿਆ ਦਿੱਤੀ ਸੀ ਕਿ ਜਿਹੜਾ ਕੰਮ ਨਹੀਂ ਕਰਨਾ ਚਾਹੁੰਦਾ ਉਹ ਰੋਟੀ ਵੀ ਨਾ ਖਾਵੇ। 11ਕਿਉਂਕਿ ਅਸੀਂ ਸੁਣਦੇ ਹਾਂ ਕਿ ਤੁਹਾਡੇ ਵਿੱਚ ਕੁਝ ਅਜਿਹੇ ਹਨ ਜਿਹੜੇ ਆਲਸੀ ਹਨ ਅਤੇ ਕੋਈ ਕੰਮ ਨਹੀਂ ਕਰਦੇ, ਸਗੋਂ ਦੂਜਿਆਂ ਦੇ ਕੰਮ ਵਿੱਚ ਦਖ਼ਲਅੰਦਾਜ਼ੀ ਕਰਦੇ ਹਨ। 12ਹੁਣ ਅਸੀਂ ਅਜਿਹਿਆਂ ਨੂੰ ਪ੍ਰਭੂ ਯਿਸੂ ਮਸੀਹ ਵਿੱਚ ਆਗਿਆ ਦਿੰਦੇ ਅਤੇ ਸਮਝਾਉਂਦੇ ਹਾਂ ਕਿ ਚੁੱਪਚਾਪ ਕੰਮ ਕਰਕੇ ਆਪਣੀ ਰੋਟੀ ਖਾਇਆ ਕਰਨ।
13ਪਰ ਤੁਸੀਂ ਹੇ ਭਾਈਓ, ਭਲਾ ਕਰਦਿਆਂ ਹਿੰਮਤ ਨਾ ਹਾਰੋ। 14ਜੇ ਕੋਈ ਸਾਡੀ ਇਸ ਪੱਤ੍ਰੀ ਵਿੱਚ ਲਿਖੀਆਂ ਗੱਲਾਂ ਨੂੰ ਨਹੀਂ ਮੰਨਦਾ ਤਾਂ ਉਸ ਵਿਅਕਤੀ ਉੱਤੇ ਨਜ਼ਰ ਰੱਖੋ ਅਤੇ ਉਸ ਨਾਲ ਕੋਈ ਸੰਬੰਧ ਨਾ ਰੱਖੋ ਤਾਂਕਿ ਉਹ ਸ਼ਰਮਿੰਦਾ ਹੋਵੇ। 15ਪਰ ਉਸ ਨੂੰ ਆਪਣਾ ਵੈਰੀ ਨਾ ਸਮਝੋ, ਸਗੋਂ ਭਾਈ ਦੇ ਤੌਰ 'ਤੇ ਸਮਝਾਓ।
ਆਖਰੀ ਸਲਾਮ
16ਹੁਣ ਸ਼ਾਂਤੀ ਦਾ ਪ੍ਰਭੂ ਆਪ ਤੁਹਾਨੂੰ ਹਮੇਸ਼ਾ ਹਰ ਤਰ੍ਹਾਂ ਨਾਲ ਸ਼ਾਂਤੀ ਦੇਵੇ। ਪ੍ਰਭੂ ਤੁਹਾਡੇ ਸਭਨਾਂ ਦੇ ਨਾਲ ਹੋਵੇ।
17ਮੇਰੇ ਪੌਲੁਸ ਵੱਲੋਂ ਆਪਣੇ ਹੱਥੀਂ ਲਿਖਿਆ ਸਲਾਮ ਜੋ ਮੇਰੀ ਹਰੇਕ ਪੱਤ੍ਰੀ ਦੀ ਨਿਸ਼ਾਨੀ ਹੈ; ਮੈਂ ਇਸੇ ਤਰ੍ਹਾਂ ਲਿਖਦਾ ਹਾਂ। 18ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਸਭਨਾਂ ਦੇ ਨਾਲ ਬਣੀ ਰਹੇ। ਆਮੀਨ।#3:18 ਕੁਝ ਹਸਤਲੇਖਾਂ ਵਿੱਚ “ਆਮੀਨ” ਨਹੀਂ ਹੈ।

Highlight

Copy

Compare

Share

None

Want to have your highlights saved across all your devices? Sign up or sign in