3
ਯੇਰੂਸ਼ਲੇਮ
1ਹਾਏ ਉਸ ਨਗਰੀ ਨੂੰ ਜੋ ਵਿਦਰੋਹੀ ਅਤੇ ਪਲੀਤ ਹੈ,
ਅਤੇ ਅਨ੍ਹੇਰ ਨਾਲ ਭਰੀ ਹੋਈ ਹੈ
2ਉਸ ਨੇ ਮੇਰੀ ਆਵਾਜ਼ ਨਹੀਂ ਸੁਣੀ,
ਨਾ ਮੇਰੀ ਤਾੜਨਾ ਨੂੰ ਮੰਨਿਆ,
ਉਸ ਨੇ ਯਹੋਵਾਹ ਉੱਤੇ ਭਰੋਸਾ ਨਹੀਂ ਰੱਖਿਆ,
ਨਾ ਉਹ ਆਪਣੇ ਪਰਮੇਸ਼ਵਰ ਦੇ ਨੇੜੇ ਆਈ।
3ਉਹ ਦੇ ਅੰਦਰ ਉਹ ਦੇ ਅਧਿਕਾਰੀ ਸ਼ੇਰ ਗਰਜਦੇ ਹਨ।
ਉਸ ਦੇ ਹਾਕਮ ਸ਼ਾਮ ਦੇ ਬਘਿਆੜ ਹਨ,
ਜੋ ਸਵੇਰ ਲਈ ਕੁਝ ਨਹੀਂ ਛੱਡਦੇ।
4ਉਸ ਦੇ ਨਬੀ ਧੋਖੇਬਾਜ਼
ਅਤੇ ਬੇਈਮਾਨ ਹਨ,
ਉਸ ਦੇ ਜਾਜਕਾਂ ਨੇ ਪਵਿੱਤਰ ਸਥਾਨ ਨੂੰ ਭਰਿਸ਼ਟ ਕੀਤਾ ਹੈ
ਅਤੇ ਬਿਵਸਥਾ ਨੂੰ ਮਰੋੜ ਦਿੱਤਾ ਹੈ।
5ਯਾਹਵੇਹ ਜੋ ਉਸ ਵਿੱਚ ਹੈ, ਉਹ ਧਰਮੀ ਹੈ;
ਉਹ ਕੋਈ ਗਲਤ ਨਹੀਂ ਕਰਦਾ।
ਸਵੇਰੇ-ਸਵੇਰੇ ਉਹ ਆਪਣਾ ਨਿਆਂ ਕਰਦਾ ਹੈ,
ਹਰੇਕ ਸਵੇਰ ਨੂੰ ਉਹ ਆਪਣਾ ਨਿਆਂ ਪਰਗਟ ਕਰਦਾ ਹੈ,
ਉਹ ਮੁੱਕਰਦਾ ਨਹੀਂ, ਪਰ ਬੁਰਿਆਰ ਸ਼ਰਮ ਕਰਨਾ ਨਹੀਂ ਜਾਣਦਾ।
ਯੇਰੂਸ਼ਲੇਮ ਪਛਤਾਵਾ ਨਹੀਂ ਰਹਿੰਦਾ
6“ਮੈਂ ਕੌਮਾਂ ਨੂੰ ਤਬਾਹ ਕਰ ਦਿੱਤਾ ਹੈ;
ਉਨ੍ਹਾਂ ਦੇ ਗੜ੍ਹ ਢਾਹ ਦਿੱਤੇ ਗਏ ਹਨ।
ਮੈਂ ਉਨ੍ਹਾਂ ਦੀਆਂ ਗਲੀਆਂ ਨੂੰ ਉਜਾੜ ਛੱਡ ਦਿੱਤਾ ਹੈ,
ਜਿਸ ਵਿੱਚੋਂ ਕੋਈ ਨਹੀਂ ਲੰਘਦਾ।
ਉਨ੍ਹਾਂ ਦੇ ਸ਼ਹਿਰ ਉਜਾੜ ਦਿੱਤੇ ਗਏ ਹਨ।
ਉਹ ਉਜਾੜ ਅਤੇ ਖਾਲੀ ਹਨ।
7ਯੇਰੂਸ਼ਲੇਮ ਬਾਰੇ ਮੈਂ ਸੋਚਿਆ,
‘ਤੁਸੀਂ ਸਿਰਫ ਮੈਥੋਂ ਡਰਨ
ਅਤੇ ਮੇਰੀ ਤਾੜਨਾ ਨੂੰ ਮੰਨਣ,’
ਤਦ ਉਸ ਦੇ ਪਨਾਹ ਸਥਾਨਾਂ ਨੂੰ ਤਬਾਹ ਨਹੀਂ ਕੀਤਾ ਜਾਵੇਗਾ,
ਨਾ ਹੀ ਮੇਰੀ ਕੋਈ ਸਜ਼ਾ ਉਨ੍ਹਾਂ ਉੱਤੇ ਆਵੇਗੀ।
ਪਰ ਉਹ ਅਜੇ ਵੀ ਆਪਣੇ ਸਾਰੇ ਕੰਮਾਂ ਵਿੱਚ,
ਭ੍ਰਿਸ਼ਟਤਾ ਨਾਲ ਕੰਮ ਕਰਨ ਲਈ ਉਤਾਵਲੇ ਹਨ।”
8ਇਸ ਲਈ ਯਾਹਵੇਹ ਦਾ ਵਾਕ ਹੈ,
“ਮੇਰੇ ਲਈ ਠਹਿਰੇ ਰਹੋ, ਉਸ ਦਿਨ ਤੱਕ ਜਦ ਕਿ ਮੈਂ ਲੁੱਟ ਲਈ ਉੱਠਾਂ,
ਕਿਉਂ ਜੋ ਮੈਂ ਠਾਣ ਲਿਆ ਕਿ ਕੌਮਾਂ ਨੂੰ ਇਕੱਠਿਆਂ ਕਰਾਂ ਅਤੇ ਰਾਜਾਂ ਨੂੰ ਜਮਾਂ ਕਰਾਂ,
ਤਾਂ ਜੋ ਮੈਂ ਉਨ੍ਹਾਂ ਦੇ ਉੱਤੇ ਆਪਣਾ ਕਹਿਰ,
ਅਤੇ ਆਪਣਾ ਸਾਰਾ ਭੜਕਿਆ ਹੋਇਆ ਕ੍ਰੋਧ ਡੋਲ੍ਹ ਦਿਆਂ,
ਕਿਉਂ ਜੋ ਸਾਰੀ ਧਰਤੀ ਮੇਰੀ ਅਣਖ ਦੀ ਅੱਗ ਵਿੱਚ ਭਸਮ ਕੀਤੀ ਜਾਵੇਗੀ।
ਇਸਰਾਏਲ ਦੇ ਬਕੀਏ ਦੀ ਬਹਾਲੀ
9“ਫਿਰ ਮੈਂ ਲੋਕਾਂ ਦੇ ਬੁੱਲ੍ਹਾਂ ਨੂੰ ਸ਼ੁੱਧ ਕਰਾਂਗਾ,
ਤਾਂ ਜੋ ਉਹ ਸਾਰੇ ਯਾਹਵੇਹ ਦਾ ਨਾਮ ਲੈ ਕੇ ਉਸ ਦੀ ਸੇਵਾ ਕਰਨ।
ਅਤੇ ਮੋਢੇ ਨਾਲ ਮੋਢਾ ਜੋੜ ਕੇ ਉਸਦੀ ਸੇਵਾ ਕਰਨ।
10ਕੂਸ਼#3:10 ਕੂਸ਼ ਅਰਥਾਤ ਨੀਲ ਨਦੀ ਦਾ ਉੱਪਰਲਾ ਖੇਤਰ ਦੀਆਂ ਨਦੀਆਂ ਦੇ ਪਾਰੋਂ
ਮੇਰੇ ਉਪਾਸਕ, ਮੇਰੇ ਖਿੰਡੇ ਹੋਏ ਲੋਕ,
ਮੇਰੇ ਲਈ ਭੇਟਾਂ ਲਿਆਉਣਗੇ।
11ਉਸ ਦਿਨ, ਹੇ ਯੇਰੂਸ਼ਲੇਮ, ਤੁੂੰ ਸ਼ਰਮਿੰਦਾ ਨਹੀਂ ਹੋਵੇਗਾ,
ਜਿਨ੍ਹਾਂ ਦੇ ਨਾਲ ਤੂੰ ਮੇਰੇ ਵਿਰੁੱਧ ਅਪਰਾਧ ਕੀਤਾ,
ਕਿਉਂ ਜੋ ਮੈਂ ਤੇਰੇ ਵਿੱਚੋਂ ਹਰੇਕ ਹੰਕਾਰੀ ਅਤੇ ਅਭਮਾਨੀ ਤੇਰੇ ਤੋਂ ਦੂਰ ਕਰਾਂਗਾ।
ਤਾਂ ਜੋ ਤੂੰ ਮੇਰੇ ਪਵਿੱਤਰ ਪਰਬਤ ਵਿੱਚ ਫੇਰ ਘਮੰਡ ਨਾ ਕਰੇ।
12ਕਿਉਂ ਜੋ ਮੈਂ ਤੇਰੇ ਵਿੱਚ ਕੰਗਾਲ
ਅਤੇ ਗਰੀਬ ਲੋਕਾਂ ਨੂੰ ਬਚਾ ਕੇ ਰੱਖਾਂਗਾ
ਅਤੇ ਉਹ ਯਾਹਵੇਹ ਦੇ ਨਾਮ ਵਿੱਚ ਪਨਾਹ ਲੈਣਗੇ।
13ਉਹ ਕੋਈ ਗਲਤ ਕੰਮ ਨਹੀਂ ਕਰਨਗੇ।
ਉਹ ਕੋਈ ਝੂਠ ਨਹੀਂ ਬੋਲਣਗੇ।
ਅਤੇ ਨਾ ਉਹਨਾਂ ਦੇ ਮੂੰਹ ਵਿੱਚ ਫਰੇਬ ਦੀਆਂ ਗੱਲਾਂ ਨਿੱਕਲਣਗੀਆਂ,
ਕਿਉਂ ਜੋ ਉਹ ਚਰਨਗੇ ਅਤੇ ਲੰਮੇ ਪੈਣਗੇ ਅਤੇ ਕੋਈ ਉਹਨਾਂ ਨੂੰ ਨਾ ਡਰਾਵੇਗਾ।”
14ਹੇ ਸੀਯੋਨ ਦੀਏ ਧੀਏ, ਉੱਚੀ ਆਵਾਜ਼ ਨਾਲ ਗਾ!
ਹੇ ਇਸਰਾਏਲ, ਜੈਕਾਰਾ ਗਜਾ
ਹੇ ਯੇਰੂਸ਼ਲੇਮ ਦੀਏ ਧੀਏ,
ਸਾਰੇ ਦਿਲ ਨਾਲ ਅਨੰਦ ਕਰ ਅਤੇ ਮਗਨ ਹੋ!
15ਯਾਹਵੇਹ ਨੇ ਤੇਰੀ ਸਜ਼ਾ ਨੂੰ ਹਟਾ ਦਿੱਤਾ ਹੈ,
ਉਸ ਨੇ ਤੇਰੇ ਦੁਸ਼ਮਣ ਨੂੰ ਮੋੜ ਦਿੱਤਾ ਹੈ।
ਯਾਹਵੇਹ, ਇਸਰਾਏਲ ਦਾ ਰਾਜਾ, ਤੁਹਾਡੇ ਨਾਲ ਹੈ;
ਤੂੰ ਫਿਰ ਕਦੇ ਕਿਸੇ ਨੁਕਸਾਨ ਤੋਂ ਨਹੀਂ ਡਰੇਗਾ।
16ਉਸ ਦਿਨ
ਉਹ ਯੇਰੂਸ਼ਲੇਮ ਨੂੰ ਆਖਣਗੇ,
“ਹੇ ਸੀਯੋਨ ਨਾ ਡਰ;
ਆਪਣੇ ਹੱਥਾਂ ਨੂੰ ਢਿੱਲਾ ਨਾ ਹੋਣ ਦੇ।
17ਯਾਹਵੇਹ ਤੇਰਾ ਪਰਮੇਸ਼ਵਰ ਤੇਰੇ ਨਾਲ ਹੈ,
ਸ਼ਕਤੀਸ਼ਾਲੀ ਯੋਧਾ ਜੋ ਬਚਾਉਂਣ ਵਾਲਾ ਹੈ।
ਉਹ ਤੇਰੇ ਵਿੱਚ ਬਹੁਤ ਪ੍ਰਸੰਨ ਹੋਵੇਗਾ।
ਆਪਣੇ ਪਿਆਰ ਵਿੱਚ ਉਹ ਤੈਨੂੰ ਨਹੀਂ ਝਿੜਕੇਗਾ,
ਪਰ ਗੀਤ ਗਾ ਕੇ ਤੇਰੇ ਉੱਤੇ ਖੁਸ਼ੀ ਮਨਾਏਗਾ।”
18“ਮੈਂ ਤੇਰੇ ਵਿੱਚੋਂ ਉਨ੍ਹਾਂ ਸਾਰਿਆਂ ਨੂੰ ਦੂਰ ਕਰ ਦਿਆਂਗਾ,
ਜੋ ਤੇਰੇ ਠਹਿਰਾਏ ਹੋਏ ਤਿਉਹਾਰਾਂ ਦੇ ਨੁਕਸਾਨ ਲਈ ਸੋਗ ਕਰਦੇ ਹਨ,
ਜੋ ਤੇਰੇ ਲਈ ਇੱਕ ਬੋਝ ਅਤੇ ਬਦਨਾਮੀ ਹੈ।
19ਉਸ ਸਮੇਂ ਮੈਂ ਤੇਰੇ ਉੱਤੇ ਜ਼ੁਲਮ ਕਰਨ ਵਾਲੇ,
ਸਾਰਿਆਂ ਨਾਲ ਪੇਸ਼ ਆਵਾਂਗਾ।
ਮੈਂ ਲੰਗੜਿਆਂ ਨੂੰ ਬਚਾਵਾਂਗਾ;
ਮੈਂ ਗ਼ੁਲਾਮਾਂ ਨੂੰ ਇਕੱਠਾ ਕਰਾਂਗਾ।
ਮੈਂ ਉਨ੍ਹਾਂ ਨੂੰ ਹਰ ਉਸ ਦੇਸ਼ ਵਿੱਚ ਉਸਤਤ,
ਅਤੇ ਆਦਰ ਦਿਆਂਗਾ ਜਿੱਥੇ ਉਹ ਸ਼ਰਮਿੰਦਾ ਹੋਏ ਹਨ।
20ਉਸ ਸਮੇਂ ਮੈਂ ਤੁਹਾਨੂੰ ਇਕੱਠਾ ਕਰਾਂਗਾ;
ਉਸ ਸਮੇਂ ਮੈਂ ਤੁਹਾਨੂੰ ਘਰ ਲਿਆਵਾਂਗਾ।
ਮੈਂ ਤੁਹਾਨੂੰ ਧਰਤੀ ਦੇ ਸਾਰੇ ਲੋਕਾਂ ਵਿੱਚ,
ਆਦਰ ਅਤੇ ਉਸਤਤ ਦੇਵਾਂਗਾ,
ਜਦੋਂ ਮੈਂ ਤੁਹਾਡੀ ਕਿਸਮਤ ਨੂੰ,
ਤੁਹਾਡੀਆਂ ਅੱਖਾਂ ਦੇ ਸਾਮ੍ਹਣੇ ਬਹਾਲ ਕਰਾਂਗਾ,”
ਯਾਹਵੇਹ ਦਾ ਵਾਕ ਹੈ।