1
ਯਾਹਵੇਹ ਵੱਲ ਵਾਪਸ ਜਾਣ ਲਈ ਇੱਕ ਬੁਲਾਹਟ
1ਦਾਰਾ ਦੇ ਦੂਜੇ ਸਾਲ ਦੇ ਅੱਠਵੇਂ ਮਹੀਨੇ ਵਿੱਚ, ਯਾਹਵੇਹ ਦਾ ਬਚਨ ਇੱਦੋ ਦੇ ਪੁੱਤਰ ਬੇਰੇਖਿਯਾਹ ਦੇ ਪੁੱਤਰ ਜ਼ਕਰਯਾਹ ਨਬੀ ਕੋਲ ਆਇਆ:
2“ਯਾਹਵੇਹ ਤੁਹਾਡੇ ਪੁਰਖਿਆਂ ਨਾਲ ਬਹੁਤ ਗੁੱਸੇ ਸੀ। 3ਇਸ ਲਈ ਲੋਕਾਂ ਨੂੰ ਆਖ: ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ, ‘ਮੇਰੇ ਵੱਲ ਵਾਪਸ ਮੁੜੋ ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ: ਤਾਂ ਮੈਂ ਤੁਹਾਡੇ ਕੋਲ ਵਾਪਸ ਆਵਾਂਗਾ।’ 4ਆਪਣੇ ਪੁਰਖਿਆਂ ਵਰਗੇ ਨਾ ਬਣੋ, ਜਿਨ੍ਹਾਂ ਨੂੰ ਪਹਿਲੇ ਨਬੀਆਂ ਨੇ ਉੱਚੀ ਪੁਕਾਰ ਕੇ ਕਿਹਾ ਸੀ: ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ‘ਆਪਣੇ ਬੁਰੇ ਰਾਹਾਂ ਅਤੇ ਬੁਰੇ ਕੰਮਾਂ ਤੋਂ ਮੁੜੋ, ਪਰ ਉਹਨਾਂ ਨੇ ਮੇਰੀ ਗੱਲ ਨਹੀਂ ਸੁਣੀ ਨਾ ਹੀ ਧਿਆਨ ਦਿੱਤਾ ਇਹ ਯਾਹਵੇਹ ਦਾ ਵਾਕ ਹੈ।’ 5ਤੁਹਾਡੇ ਪੁਰਖੇ ਹੁਣ ਕਿੱਥੇ ਹਨ? ਅਤੇ ਕੀ ਨਬੀ ਸਦਾ ਲਈ ਜੀਉਂਦੇ ਰਹਿਣਗੇ? 6ਪਰ ਕੀ ਮੇਰੇ ਵਚਨ ਅਤੇ ਮੇਰੇ ਨਿਯਮ ਜਿਨ੍ਹਾਂ ਦਾ ਮੈਂ ਆਪਣੇ ਸੇਵਕਾਂ ਨਬੀਆਂ ਦੁਆਰਾ ਹੁਕਮ ਦਿੱਤਾ ਸੀ ਤੁਹਾਡੇ ਪੁਰਖਿਆਂ ਉੱਤੇ ਪੂਰੀਆਂ ਨਹੀਂ ਹੋਈਆਂ?
“ਫਿਰ ਉਹਨਾਂ ਨੇ ਪਛਤਾਵਾ ਕੀਤਾ ਅਤੇ ਕਿਹਾ, ‘ਸਰਬਸ਼ਕਤੀਮਾਨ ਯਾਹਵੇਹ ਨੇ ਸਾਡੇ ਨਾਲ ਉਹੀ ਕੀਤਾ ਹੈ, ਉਸੇ ਤਰ੍ਹਾਂ ਸਾਡੇ ਰਾਹਾਂ ਅਤੇ ਸਾਡੇ ਕੰਮਾਂ ਦੇ ਅਨੁਸਾਰ ਸਾਡੇ ਨਾਲ ਵਰਤਾਓ ਕੀਤਾ।’ ”
ਮਹਿੰਦੀ ਦੇ ਰੁੱਖਾਂ ਵਿੱਚੋਂ ਮਨੁੱਖ
7ਦਾਰਾ ਦੇ ਦੂਜੇ ਸਾਲ, ਗਿਆਰਵੇਂ ਮਹੀਨੇ ਦੇ ਚੌਵੀਵੇਂ ਦਿਨ, ਇੱਦੋ ਦੇ ਪੁੱਤਰ ਬੇਰੇਕੀਯਾਹ ਦੇ ਪੁੱਤਰ ਜ਼ਕਰਯਾਹ ਨਬੀ ਨੂੰ ਯਾਹਵੇਹ ਦਾ ਵਚਨ ਆਇਆ।
8ਰਾਤ ਨੂੰ ਮੈਨੂੰ ਇੱਕ ਦਰਸ਼ਨ ਹੋਇਆ ਅਤੇ ਮੇਰੇ ਸਾਹਮਣੇ ਇੱਕ ਆਦਮੀ ਲਾਲ ਘੋੜੇ ਤੇ ਸਵਾਰ ਸੀ। ਉਹ ਇੱਕ ਖੱਡ ਵਿੱਚ ਮਹਿੰਦੀ ਦੇ ਰੁੱਖਾਂ ਵਿਚਕਾਰ ਖੜ੍ਹਾ ਸੀ। ਉਸਦੇ ਪਿੱਛੇ ਲਾਲ, ਭੂਰੇ ਅਤੇ ਚਿੱਟੇ ਘੋੜੇ ਸਨ।
9ਮੈਂ ਪੁੱਛਿਆ, “ਇਹ ਕੀ ਹੈ ਪ੍ਰਭੂ?”
ਦੂਤ ਜੋ ਮੇਰੇ ਨਾਲ ਗੱਲ ਕਰ ਰਿਹਾ ਸੀ ਉਸਨੇ ਜਵਾਬ ਦਿੱਤਾ, “ਮੈਂ ਤੈਨੂੰ ਦਿਖਾਵਾਂਗਾ ਕਿ ਇਹ ਕੀ ਹਨ।”
10ਫਿਰ ਮਹਿੰਦੀ ਦੇ ਰੁੱਖਾਂ ਦੇ ਵਿਚਕਾਰ ਖੜ੍ਹੇ ਆਦਮੀ ਨੇ ਕਿਹਾ, “ਇਹ ਉਹ ਹਨ ਜਿਨ੍ਹਾਂ ਨੂੰ ਯਾਹਵੇਹ ਨੇ ਸਾਰੀ ਧਰਤੀ ਉੱਤੇ ਜਾਣ ਲਈ ਭੇਜਿਆ ਹੈ।”
11ਅਤੇ ਉਹਨਾਂ ਨੇ ਯਾਹਵੇਹ ਦੇ ਦੂਤ ਨੂੰ ਦੱਸਿਆ ਜੋ ਮਹਿੰਦੀ ਦੇ ਰੁੱਖਾਂ ਦੇ ਵਿਚਕਾਰ ਖੜ੍ਹਾ ਸੀ, “ਅਸੀਂ ਸਾਰੀ ਧਰਤੀ ਵਿੱਚ ਘੁੰਮੇ ਹਾਂ ਅਤੇ ਸਾਰੇ ਸੰਸਾਰ ਨੂੰ ਅਰਾਮ ਅਤੇ ਸ਼ਾਂਤੀ ਵਿੱਚ ਪਾਇਆ ਹੈ।”
12ਤਦ ਯਾਹਵੇਹ ਦੇ ਦੂਤ ਨੇ ਕਿਹਾ, “ਸਰਬਸ਼ਕਤੀਮਾਨ ਯਾਹਵੇਹ, ਤੂੰ ਕਦੋਂ ਤੱਕ ਯੇਰੂਸ਼ਲੇਮ ਅਤੇ ਯਹੂਦਾਹ ਦੇ ਨਗਰਾਂ ਤੋਂ ਰਹਿਮ ਨੂੰ ਰੋਕੇਂਗਾ, ਜਿਨ੍ਹਾਂ ਉੱਤੇ ਤੂੰ ਸੱਤਰ ਸਾਲਾਂ ਤੋਂ ਗੁੱਸੇ ਹੈਂ?” 13ਇਸ ਲਈ ਯਾਹਵੇਹ ਨੇ ਮੇਰੇ ਨਾਲ ਗੱਲ ਕਰਨ ਵਾਲੇ ਦੂਤ ਨੂੰ ਦਿਆਲੂ ਅਤੇ ਦਿਲਾਸਾ ਦੇਣ ਵਾਲੇ ਸ਼ਬਦ ਕਹੇ।
14ਤਦ ਉਸ ਦੂਤ ਨੇ ਜੋ ਮੇਰੇ ਨਾਲ ਗੱਲ ਕਰ ਰਿਹਾ ਸੀ, ਆਖਿਆ, “ਇਹ ਵਚਨ ਸੁਣੋ: ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ‘ਕਿ ਮੈਨੂੰ ਯੇਰੂਸ਼ਲੇਮ ਅਤੇ ਸੀਯੋਨ ਲਈ ਵੱਡੀ ਅਣਖ ਹੈ, 15ਅਤੇ ਮੈਂ ਉਹਨਾਂ ਕੌਮਾਂ ਨਾਲ ਬਹੁਤ ਗੁੱਸੇ ਹਾਂ ਜੋ ਸੁਰੱਖਿਅਤ ਮਹਿਸੂਸ ਕਰਦੇ ਹਨ। ਕਿਉਂ ਜੋ ਮੇਰਾ ਕ੍ਰੋਧ ਥੋੜ੍ਹਾ ਜਿਹਾ ਸੀ ਪਰ ਉਨ੍ਹਾਂ ਨੇ ਆਪ ਹੀ ਆਪਣੀਆਂ ਮੁਸੀਬਤਾਂ ਵਧਾ ਦਿੱਤੀਆਂ ਹਨ।’
16“ਇਸ ਲਈ ਯਾਹਵੇਹ ਇਹ ਆਖਦਾ ਹੈ: ‘ਮੈਂ ਦਇਆ ਨਾਲ ਯੇਰੂਸ਼ਲੇਮ ਨੂੰ ਵਾਪਸ ਆਵਾਂਗਾ ਅਤੇ ਉੱਥੇ ਮੇਰਾ ਘਰ ਦੁਬਾਰਾ ਬਣਾਇਆ ਜਾਵੇਗਾ। ਅਤੇ ਮਾਪਣ ਵਾਲੀ ਰੇਖਾ ਯੇਰੂਸ਼ਲੇਮ ਉੱਤੇ ਫੈਲਾਈ ਜਾਵੇਗੀ,’ ਸਰਬਸ਼ਕਤੀਮਾਨ ਯਾਹਵੇਹ ਦਾ ਇਹ ਐਲਾਨ ਹੈ।
17“ਫਿਰ ਪੁਕਾਰ ਕੇ ਯਾਹਵੇਹ ਇਹ ਆਖਦਾ ਹੈ: ‘ਮੇਰੇ ਨਗਰ ਫਿਰ ਖੁਸ਼ਹਾਲੀ ਨਾਲ ਭਰ ਜਾਣਗੇ ਅਤੇ ਯਾਹਵੇਹ ਫਿਰ ਸੀਯੋਨ ਨੂੰ ਦਿਲਾਸਾ ਦੇਵੇਗਾ ਅਤੇ ਯੇਰੂਸ਼ਲੇਮ ਨੂੰ ਚੁਣੇਗਾ।’ ”
ਚਾਰ ਸਿੰਗ ਅਤੇ ਚਾਰ ਕਾਰੀਗਰ
18ਫਿਰ ਮੈਂ ਉੱਪਰ ਦੇਖਿਆ, ਅਤੇ ਮੇਰੇ ਅੱਗੇ ਚਾਰ ਸਿੰਗ ਸਨ। 19ਮੈਂ ਉਸ ਦੂਤ ਨੂੰ ਪੁੱਛਿਆ ਜੋ ਮੇਰੇ ਨਾਲ ਗੱਲ ਕਰ ਰਿਹਾ ਸੀ, “ਇਹ ਕੀ ਹਨ?”
ਉਸਨੇ ਮੈਨੂੰ ਉੱਤਰ ਦਿੱਤਾ, “ਇਹ ਉਹ ਸਿੰਗ ਹਨ ਜਿਨ੍ਹਾਂ ਨੇ ਯਹੂਦਾਹ, ਇਸਰਾਏਲ ਅਤੇ ਯੇਰੂਸ਼ਲੇਮ ਨੂੰ ਖਿੰਡਾ ਦਿੱਤਾ ਸੀ।”
20ਫਿਰ ਯਾਹਵੇਹ ਨੇ ਮੈਨੂੰ ਚਾਰ ਲੁਹਾਰ ਦਿਖਾਏ। 21ਮੈਂ ਪੁੱਛਿਆ, “ਇਹ ਕੀ ਕਰਨ ਆ ਰਹੇ ਹਨ?”
ਉਸ ਨੇ ਉੱਤਰ ਦਿੱਤਾ, “ਇਹ ਉਹ ਸਿੰਗ ਹਨ ਜਿਨ੍ਹਾਂ ਨੇ ਯਹੂਦਾਹ ਨੂੰ ਖਿੰਡਾ ਦਿੱਤਾ ਤਾਂ ਜੋ ਕੋਈ ਆਪਣਾ ਸਿਰ ਨਾ ਚੁੱਕ ਸਕੇ, ਪਰ ਇਹ ਲੁਹਾਰ ਉਹਨਾਂ ਕੌਮਾਂ ਨੂੰ ਡਰਾਉਣ ਅਤੇ ਇਨ੍ਹਾਂ ਸਿੰਗਾਂ ਨੂੰ ਬਾਹਰ ਸੁੱਟਣ ਲਈ ਆਏ ਹਨ ਜਿਨ੍ਹਾਂ ਨੇ ਯਹੂਦਾਹ ਦੀ ਧਰਤੀ ਉੱਤੇ ਆਪਣੇ ਸਿੰਗਾਂ ਨੂੰ ਖਿੰਡਾਉਣ ਲਈ ਉੱਚਾ ਕੀਤਾ ਸੀ।”