Bible App logo
Search Icon

ਰੂਥ 1

1
ਨਾਓਮੀ ਨੇ ਆਪਣੇ ਪਤੀ ਅਤੇ ਪੁੱਤਰਾਂ ਨੂੰ ਗੁਆ ਦਿੱਤਾ
1ਜਿਨ੍ਹਾਂ ਦਿਨਾਂ ਵਿੱਚ ਨਿਆਂਕਾਰ ਰਾਜ ਕਰਦੇ ਸਨ, ਉਹਨਾਂ ਦਿਨਾਂ ਵਿੱਚ ਦੇਸ਼ ਵਿੱਚ ਕਾਲ ਪੈ ਗਿਆ। ਇਸ ਲਈ ਯਹੂਦਾਹ ਦੇ ਬੈਤਲਹਮ ਤੋਂ ਇੱਕ ਆਦਮੀ ਆਪਣੀ ਪਤਨੀ ਅਤੇ ਦੋ ਪੁੱਤਰਾਂ ਸਮੇਤ ਮੋਆਬ ਦੇ ਦੇਸ਼ ਵਿੱਚ ਕੁਝ ਸਮੇਂ ਲਈ ਰਹਿਣ ਲਈ ਚਲਾ ਗਿਆ। 2ਉਸ ਮਨੁੱਖ ਦਾ ਨਾਮ ਅਲੀਮਲਕ ਸੀ, ਉਹ ਦੀ ਪਤਨੀ ਦਾ ਨਾਮ ਨਾਓਮੀ ਸੀ ਅਤੇ ਉਹ ਦੇ ਦੋ ਪੁੱਤਰਾਂ ਦੇ ਨਾਮ ਮਹਿਲੋਨ ਅਤੇ ਕਿਲਓਨ ਸਨ। ਇਹ ਬੈਤਲਹਮ ਸ਼ਹਿਰ ਦੇ ਯਹੂਦਾਹ ਖੇਤਰ ਦੇ ਅਫਰਾਥੀ ਸਮੂਹ ਦੇ ਸਨ ਅਤੇ ਉਹ ਮੋਆਬ ਨੂੰ ਗਏ ਅਤੇ ਉੱਥੇ ਰਹਿਣ ਲੱਗੇ।
3ਹੁਣ ਨਾਓਮੀ ਦਾ ਪਤੀ ਅਲੀਮਲਕ ਮਰ ਗਿਆ ਅਤੇ ਉਹ ਆਪਣੇ ਦੋ ਪੁੱਤਰਾਂ ਸਮੇਤ ਰਹਿ ਗਈ। 4ਉਹਨਾਂ ਪੁੱਤਰਾਂ ਨੇ ਮੋਆਬੀ ਔਰਤਾਂ ਨਾਲ ਵਿਆਹ ਕੀਤਾ ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਆਰਪਾਹ ਅਤੇ ਦੂਸਰੀ ਦਾ ਰੂਥ ਸੀ। ਉਹਨਾਂ ਦੇ ਉੱਥੇ ਲਗਭਗ ਦਸ ਸਾਲ ਰਹਿਣ ਤੋਂ ਬਾਅਦ, 5ਮਹਿਲੋਨ ਅਤੇ ਕਿਲਓਨ ਦੋਵੇਂ ਵੀ ਮਰ ਗਏ ਅਤੇ ਨਾਓਮੀ ਆਪਣੇ ਦੋਹਾਂ ਪੁੱਤਰਾਂ ਅਤੇ ਪਤੀ ਤੋਂ ਬਿਨਾਂ ਇਕੱਲੀ ਰਹਿ ਗਈ।
ਨਾਓਮੀ ਅਤੇ ਰੂਥ ਦਾ ਬੈਤਲਹਮ ਨੂੰ ਮੁੜਨਾ
6ਨਾਓਮੀ ਆਪਣੀਆਂ ਦੋਹਾਂ ਨੂੰਹਾਂ ਦੇ ਨਾਲ ਮੋਆਬ ਦੇ ਦੇਸ਼ ਤੋਂ ਵਾਪਸ ਜਾਣ ਲਈ ਉੱਠੀ ਕਿਉਂਕਿ ਉਸ ਨੇ ਮੋਆਬ ਦੇ ਦੇਸ਼ ਵਿੱਚ ਇਹ ਗੱਲ ਸੁਣੀ ਕਿ ਯਾਹਵੇਹ ਨੇ ਆਪਣੇ ਲੋਕਾਂ ਵੱਲ ਧਿਆਨ ਕੀਤਾ ਹੈ ਅਤੇ ਉਹਨਾਂ ਨੂੰ ਰੋਟੀ ਦਿੱਤੀ ਹੈ। 7ਇਸ ਲਈ ਉਹ ਆਪਣੀਆਂ ਦੋਹਾਂ ਨੂੰਹਾਂ ਨਾਲ ਉਹ ਥਾਂ ਛੱਡ ਗਈ ਜਿੱਥੇ ਉਹ ਰਹਿੰਦੀ ਸੀ ਅਤੇ ਉਸ ਰਾਹ ਉੱਤੇ ਚੱਲ ਪਈ ਜੋ ਉਹਨਾਂ ਨੂੰ ਯਹੂਦਾਹ ਦੇ ਦੇਸ਼ ਵਿੱਚ ਵਾਪਸ ਲੈ ਜਾਂਦਾ ਸੀ।
8ਤਦ ਨਾਓਮੀ ਨੇ ਆਪਣੀਆਂ ਦੋ ਨੂੰਹਾਂ ਨੂੰ ਆਖਿਆ, “ਤੁਸੀਂ ਦੋਵੇਂ ਆਪੋ-ਆਪਣੇ ਘਰ ਵਾਪਸ ਚਲੀਆਂ ਜਾਓ। ਜਿਵੇਂ ਤੁਸੀਂ ਮੇਰੇ ਮ੍ਰਿਤਕਾਂ ਉੱਤੇ ਅਤੇ ਮੇਰੇ ਉੱਤੇ ਦਯਾ ਕੀਤੀ ਹੈ, ਉਸੇ ਤਰ੍ਹਾਂ ਯਾਹਵੇਹ ਤੁਹਾਡੇ ਉੱਤੇ ਦਯਾ ਕਰੇ। 9ਯਾਹਵੇਹ ਇਹ ਬਖਸ਼ੀਸ਼ ਕਰੇ ਕਿ ਤੁਸੀਂ ਆਪੋ-ਆਪਣੇ ਪਤੀਆਂ ਦੇ ਘਰ ਵਿੱਚ ਸੁੱਖ ਪਾਓ।”
ਫਿਰ ਉਸ ਨੇ ਉਹਨਾਂ ਨੂੰ ਚੁੰਮਿਆ ਅਤੇ ਉਹ ਉੱਚੀ-ਉੱਚੀ ਰੋਣ ਲੱਗ ਪਈਆਂ। 10ਅਤੇ ਉਹਨਾਂ ਉਸ ਨੂੰ ਆਖਿਆ, “ਅਸੀਂ ਤੇਰੇ ਨਾਲ ਤੇਰੇ ਲੋਕਾਂ ਦੇ ਵਿੱਚ ਮੁੜ ਜਾਵਾਂਗੀਆਂ।”
11ਪਰ ਨਾਓਮੀ ਨੇ ਆਖਿਆ, “ਹੇ ਮੇਰੀ ਧੀਓ ਘਰ ਚਲੀਆਂ ਜਾਓ। ਤੁਸੀਂ ਮੇਰੇ ਨਾਲ ਕਿਉਂ ਆਉਂਦੀਆਂ ਹੋ? ਕੀ ਮੇਰੇ ਗਰਭ ਵਿੱਚ ਹੋਰ ਪੁੱਤਰ ਹਨ ਜੋ ਤੁਹਾਡੇ ਪਤੀ ਬਣਨ? 12ਹੇ ਮੇਰੀਓ ਧੀਓ, ਘਰ ਵਾਪਸ ਚਲੀਆਂ ਜਾਓ। ਮੈਂ ਬਹੁਤ ਬੁੱਢੀ ਹੋ ਗਈ ਹਾਂ ਅਤੇ ਕੋਈ ਹੋਰ ਪਤੀ ਕਰਨ ਯੋਗ ਨਹੀਂ ਹਾਂ, ਜੇ ਮੈਂ ਆਖਾਂ ਕਿ ਮੈਨੂੰ ਆਸ ਹੈ ਕਿ ਜੇਕਰ ਅੱਜ ਦੀ ਰਾਤ ਮੇਰਾ ਪਤੀ ਹੁੰਦਾ ਅਤੇ ਮੈਂ ਮੁੰਡੇ ਜੰਮਦੀ। 13ਕੀ ਤੁਸੀਂ ਉਹਨਾਂ ਦੇ ਵੱਡੇ ਹੋਣ ਤੱਕ ਉਡੀਕ ਕਰੋਗੇ? ਅਤੇ ਉਨ੍ਹਾਂ ਦੀ ਆਸ ਉੱਤੇ ਪਤੀ ਨਾ ਕਰਦੀਆਂ? ਨਹੀਂ, ਮੇਰੀ ਧੀਓ। ਕਿਉਂਕਿ ਮੇਰਾ ਦੁੱਖ ਤੁਹਾਡੇ ਦੁੱਖ ਨਾਲੋਂ ਬਹੁਤ ਵੱਡਾ ਹੈ, ਕਿਉਂ ਜੋ ਯਾਹਵੇਹ ਦਾ ਹੱਥ ਮੇਰੇ ਵਿਰੁੱਧ ਉੱਠਿਆ ਹੈ!”
14ਇਹ ਸੁਣ ਕੇ ਉਹ ਫੇਰ ਉੱਚੀ ਆਵਾਜ਼ ਵਿੱਚ ਰੋਈਆਂ ਫਿਰ ਆਰਪਾਹ ਨੇ ਆਪਣੀ ਸੱਸ ਨੂੰ ਚੁੰਮਿਆ, ਪਰ ਰੂਥ ਉਸ ਨਾਲ ਚਿੰਬੜੀ ਰਹੀ।
15ਤਦ ਨਾਓਮੀ ਨੇ ਕਿਹਾ, “ਵੇਖ, ਤੇਰੀ ਜੇਠਾਣੀ ਆਪਣੇ ਲੋਕਾਂ ਅਤੇ ਆਪਣੇ ਦੇਵਤਿਆਂ ਕੋਲ ਵਾਪਸ ਜਾ ਰਹੀ ਹੈ, ਤੂੰ ਵੀ ਉਸ ਦੇ ਪਿੱਛੇ ਵਾਪਸ ਚਲੀ ਜਾ।”
16ਪਰ ਰੂਥ ਨੇ ਉੱਤਰ ਦਿੱਤਾ, “ਮੇਰੇ ਅੱਗੇ ਤਰਲੇ ਨਾ ਕਰ ਕਿ ਮੈਂ ਤੈਨੂੰ ਇਕੱਲੀ ਛੱਡ ਦਿਆਂ ਜਾਂ ਤੇਰੇ ਕੋਲੋਂ ਵਾਪਸ ਮੁੜਾਂ ਕਿਉਂਕਿ ਜਿੱਥੇ ਤੂੰ ਜਾਵੇਂਗੀ ਉੱਥੇ ਹੀ ਮੈਂ ਜਾਵਾਂਗੀ ਅਤੇ ਜਿੱਥੇ ਤੂੰ ਰਹੇਗੀ ਉੱਥੇ ਹੀ ਮੈਂ ਰਹਾਂਗੀ। ਤੇਰੇ ਲੋਕ ਮੇਰੇ ਲੋਕ ਹੋਣਗੇ ਅਤੇ ਤੇਰਾ ਪਰਮੇਸ਼ਵਰ ਮੇਰਾ ਪਰਮੇਸ਼ਵਰ ਹੋਵੇਗਾ। 17ਜਿੱਥੇ ਤੂੰ ਮਰੇਂਗੀ ਉੱਥੇ ਹੀ ਮੈਂ ਮਰਾਂਗੀ ਅਤੇ ਅਸੀਂ ਉੱਥੇ ਹੀ ਦਫ਼ਨਾਈਆਂ ਜਾਵਾਂਗੀਆਂ। ਯਾਹਵੇਹ ਮੇਰੇ ਨਾਲ ਅਜਿਹਾ ਹੀ ਕਰੇ ਸਗੋਂ ਇਸ ਨਾਲੋਂ ਵੀ ਵੱਧ, ਮੌਤ ਤੋਂ ਬਿਨ੍ਹਾਂ ਕੋਈ ਹੋਰ ਕਾਰਨ ਮੈਨੂੰ ਤੇਰੇ ਤੋਂ ਵੱਖਰਾ ਨਾ ਕਰੇ।” 18ਜਦੋਂ ਨਾਓਮੀ ਨੂੰ ਪਤਾ ਲੱਗਾ ਕਿ ਰੂਥ ਨੇ ਉਸ ਦੇ ਨਾਲ ਜਾਣ ਦਾ ਪੱਕਾ ਇਰਾਦਾ ਕੀਤਾ ਹੈ, ਤਾਂ ਉਸ ਨੇ ਉਸ ਨੂੰ ਬੇਨਤੀ ਕਰਨੀ ਛੱਡ ਦਿੱਤੀ।
19ਤਦ ਉਹ ਦੋਵੇਂ ਤੁਰ ਪਈਆਂ ਅਤੇ ਬੈਤਲਹਮ ਵਿੱਚ ਆਈਆਂ। ਜਦੋਂ ਉਹ ਬੈਤਲਹਮ ਵਿੱਚ ਪਹੁੰਚੀਆਂ ਤਾਂ ਸਾਰੇ ਸ਼ਹਿਰ ਵਿੱਚ ਰੌਲਾ ਪੈ ਗਿਆ ਅਤੇ ਔਰਤਾਂ ਉੱਚੀ ਆਵਾਜ਼ ਵਿੱਚ ਕਹਿਣ ਲੱਗੀਆਂ, “ਕੀ ਇਹ ਨਾਓਮੀ ਹੋ ਸਕਦੀ ਹੈ?”
20“ਮੈਨੂੰ ਨਾਓਮੀ#1:20 ਨਾਓਮੀ ਅਰਥਾਤ: ਮੇਰੀ ਖੁਸ਼ੀ ਨਾ ਆਖੋ,” ਉਸਨੇ ਉਹਨਾਂ ਨੂੰ ਕਿਹਾ, “ਮੈਨੂੰ ਮਾਰਾ#1:20 ਮਾਰਾ ਅਰਥਾਤ: ਕੌੜਾ ਆਖੋ, ਕਿਉਂਕਿ ਸਰਬਸ਼ਕਤੀਮਾਨ ਨੇ ਮੇਰੀ ਜ਼ਿੰਦਗੀ ਬਹੁਤ ਕੌੜੀ ਬਣਾ ਦਿੱਤੀ ਹੈ। 21ਮੈਂ ਭਰੀ ਪੂਰੀ ਇੱਥੋਂ ਨਿੱਕਲੀ ਸੀ, ਪਰ ਯਾਹਵੇਹ ਮੈਨੂੰ ਖਾਲੀ ਹੱਥ ਮੋੜ ਲਿਆਇਆ ਹੈ। ਫਿਰ ਤੁਸੀਂ ਨਾਓਮੀ ਕਿਉਂ ਕਹਿੰਦੀਆਂ ਹੋ, ਯਾਹਵੇਹ ਮੇਰਾ ਵਿਰੋਧੀ ਬਣਿਆਂ ਅਤੇ ਸਰਬਸ਼ਕਤੀਮਾਨ ਨੇ ਮੈਨੂੰ ਦੁੱਖ ਦਿੱਤਾ ਹੈ।”
22ਸੋ ਨਾਓਮੀ ਮੋਆਬ ਤੋਂ ਆਪਣੀ ਮੋਆਬਣ ਨੂੰਹ ਰੂਥ ਦੇ ਨਾਲ ਮੁੜੀ ਅਤੇ ਜੌਂ ਦੀ ਵਾਢੀ ਦੇ ਸਮੇਂ ਬੈਤਲਹਮ ਵਿੱਚ ਆਈ।

Currently Selected:

ਰੂਥ 1: PCB

Highlight

Copy

Compare

Share

None

Want to have your highlights saved across all your devices? Sign up or sign in