11
ਇਸਰਾਏਲੀਆਂ ਉੱਤੇ ਪਰਮੇਸ਼ਵਰ ਦੀ ਮਿਹਰ
1ਮੈਂ ਪੁੱਛਦਾ ਹਾਂ, ਤਾਂ ਕੀ ਪਰਮੇਸ਼ਵਰ ਨੇ ਆਪਣੇ ਇਸਰਾਏਲੀ ਲੋਕਾਂ ਨੂੰ ਰੱਦ ਕਰ ਦਿੱਤਾ ਹੈ? ਬਿਲਕੁੱਲ ਨਹੀਂ! ਮੈਂ ਖ਼ੁਦ ਇੱਕ ਇਸਰਾਏਲੀ, ਅਬਰਾਹਾਮ ਦੀ ਅੰਸ ਅਤੇ ਬਿਨਯਾਮੀਨ ਦੀ ਗੋਤ ਵਿਚੋਂ ਹਾਂ। 2ਨਹੀਂ, ਪਰਮੇਸ਼ਵਰ ਨੇ ਇਸਰਾਏਲੀ ਲੋਕਾਂ ਨੂੰ ਤਿਆਗਿਆ ਨਹੀਂ, ਜਿਸ ਨੂੰ ਉਸ ਨੇ ਸ਼ੁਰੂ ਤੋਂ ਹੀ ਚੁਣਿਆ ਹੈ। ਕੀ ਤੁਹਾਨੂੰ ਪਤਾ ਹੈ ਕਿ ਇਸ ਬਾਰੇ ਪਵਿੱਤਰ ਸ਼ਾਸਤਰ ਕੀ ਕਹਿੰਦਾ ਹੈ? ਏਲੀਯਾਹ ਨਬੀ ਨੇ ਇਸਰਾਏਲ ਦੇ ਲੋਕਾਂ ਬਾਰੇ ਪਰਮੇਸ਼ਵਰ ਨੂੰ ਸ਼ਿਕਾਇਤ ਕੀਤੀ ਅਤੇ ਕਿਹਾ, 3“ਹੇ ਪ੍ਰਭੂ, ਉਹਨਾਂ ਨੇ ਤੇਰੇ ਨਬੀਆਂ ਨੂੰ ਮਾਰਿਆ ਅਤੇ ਤੇਰੀਆਂ ਜਗਵੇਦੀਆਂ ਢਾਹ ਦਿੱਤੀਆਂ। ਮੈਂ ਹੀ ਇਕੱਲਾ ਬਚਿਆ ਹਾਂ, ਅਤੇ ਉਹ ਮੇਰੀ ਜਾਨ ਲੈਣ ਲਈ ਮੈਨੂੰ ਲੱਭਦੇ ਫਿਰਦੇ ਹਨ।”#11:3 1 ਰਾਜਾ 19:10; 14 4ਅਤੇ ਪਰਮੇਸ਼ਵਰ ਦਾ ਉਸ ਨੂੰ ਕੀ ਜਵਾਬ ਸੀ? “ਮੈਂ ਆਪਣੇ ਲਈ ਸੱਤ ਹਜ਼ਾਰ ਲੋਕ ਰੱਖੇ ਹਨ ਜਿਨ੍ਹਾਂ ਨੇ ਬਆਲ ਅੱਗੇ ਆਪਣੇ ਗੋਡੇ ਨਹੀਂ ਟੇਕੇ।”#11:4 1 ਰਾਜਾ 19:18 5ਹੁਣ ਵੀ ਇਸ ਤਰ੍ਹਾਂ ਪਰਮੇਸ਼ਵਰ ਨੇ ਆਪਣੀ ਕਿਰਪਾ ਨਾਲ ਬਚੇ ਲੋਕਾਂ ਦੀ ਚੋਣ ਕੀਤੀ ਹੈ। 6ਅਤੇ ਜੇ ਇਹ ਕਿਰਪਾ ਦੁਆਰਾ ਹੈ ਤਾਂ ਇਹ ਕੰਮਾਂ ਤੇ ਦੁਆਰਾ ਨਹੀਂ ਹੈ; ਜੇ ਇਹ ਕੰਮਾਂ ਦੁਆਰਾ ਹੁੰਦਾ ਤਾਂ ਕਿਰਪਾ ਫਿਰ ਕਿਰਪਾ ਨਹੀਂ ਹੁੰਦੀ।
7ਤਾਂ ਫਿਰ ਕਿ? ਇਸਰਾਏਲੀਆਂ ਦੇ ਲੋਕਾਂ ਨੂੰ ਉਹ ਪ੍ਰਾਪਤ ਨਹੀਂ ਹੋਇਆ ਜਿਸ ਨੂੰ ਉਹ ਇੰਨੇ ਦਿਲੋਂ ਭਾਲ ਰਹੇ ਹਨ। ਪਰ ਚੁਣੇ ਹੋਏ ਲੋਕਾਂ ਨੇ ਪ੍ਰਾਪਤ ਕੀਤਾ, ਪਰ ਦੂਜਿਆਂ ਨੇ ਆਪਣੇ ਦਿਲ ਸਖ਼ਤ ਕਰ ਲਏ। 8ਜਿਵੇਂ ਕਿ ਇਹ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ:
“ਪਰਮੇਸ਼ਵਰ ਨੇ ਉਹਨਾਂ ਨੂੰ ਮੂਰਖਤਾ ਦੀ ਆਤਮਾ ਦਿੱਤੀ,
ਅੱਜ ਵੀ ਉਹਨਾਂ ਦੀਆਂ ਅੱਖਾਂ ਵੇਖ ਨਹੀਂ ਸਕਦੀਆਂ
ਅਤੇ ਉਹਨਾਂ ਦੇ ਕੰਨ ਜੋ ਸੁਣ ਨਹੀਂ ਸਕਦੇ।”#11:8 ਬਿਵ 29:4; ਯਸ਼ਾ 6:9-10; 29:10; ਹਿਜ਼ 12:2
9ਅਤੇ ਦਾਵੀਦ ਕਹਿੰਦਾ ਹੈ:
“ਉਹਨਾਂ ਦੀ ਮੇਜ਼ ਉਹਨਾਂ ਲਈ ਇੱਕ ਫੰਦਾ ਅਤੇ ਇੱਕ ਜਾਲ,
ਇੱਕ ਠੋਕਰ ਅਤੇ ਬਦਲਾ ਬਣ ਜਾਵੇਗਾ।”
10ਉਹਨਾਂ ਦੀਆਂ ਅੱਖਾਂ ਹਨੇਰਾ ਹੋ ਜਾਣ ਤਾਂ ਜੋ ਉਹ ਵੇਖ ਨਾ ਸਕਣ
ਅਤੇ ਉਹਨਾਂ ਦੀ ਪਿੱਠ ਸਦਾ ਲਈ ਝੁਕ ਜਾਵੇ।#11:10 ਜ਼ਬੂ 69:22-23; 35:8
ਭਵਿੱਖ ਵਿੱਚ ਯਹੂਦੀਆਂ ਨੂੰ ਉਹਨਾਂ ਦੇ ਚੁਣੇ ਸਥਾਨ ਤੇ ਲਿਆਂਦਾ ਜਾਵੇਗਾ
11ਦੁਬਾਰਾ ਮੈਂ ਪੁੱਛਦਾ ਹਾਂ: ਕੀ ਉਹਨਾਂ ਨੂੰ ਇਹ ਠੋਕਰ ਇਸ ਲਈ ਲੱਗੀ ਕਿ ਉਹ ਉੱਠ ਨਾ ਸਕਣ? ਬਿਲਕੁਲ ਨਹੀਂ! ਪਰ ਇਹ ਉਹਨਾਂ ਦੇ ਪਾਪ ਕਰਕੇ ਹੋਇਆ। ਇਸਰਾਏਲ ਨੂੰ ਈਰਖਾ ਕਰਨ ਲਈ ਗ਼ੈਰ-ਯਹੂਦੀਆਂ ਨੂੰ ਮੁਕਤੀ ਮਿਲੀ ਹੈ। 12ਪਰ ਜੇ ਇਸਰਾਏਲ ਦਾ ਪਾਪ ਸੰਸਾਰ ਦੇ ਲਈ ਧਨ ਹੈ, ਅਤੇ ਫਿਰ ਉਹਨਾਂ ਦੀ ਗਿਰਾਵਟ ਗ਼ੈਰ-ਯਹੂਦੀਆਂ ਲਈ ਧਨ ਹੈ, ਤਾਂ ਫਿਰ ਇਸਰਾਏਲ ਕੌਮ ਦਾ ਪੂਰਨ ਤੌਰ ਤੇ ਵਾਪਸ ਮੁੜਨਾ ਕਿੰਨੀ ਵੱਡੀ ਅਮੀਰੀ ਹੈ।
13ਹੁਣ ਮੈਂ ਤੁਹਾਡੀ ਗੱਲ ਕਰਦਾ ਹਾਂ, ਜੋ ਗ਼ੈਰ-ਯਹੂਦੀ ਹੋ। ਮੈਂ ਗ਼ੈਰ-ਯਹੂਦੀਆਂ ਦਾ ਰਸੂਲ ਹਾਂ, ਇਸ ਲਈ ਮੈਂ ਆਪਣੀ ਸੇਵਕਾਈ ਵਿੱਚ ਮਾਣ ਮਹਿਸੂਸ ਕਰਦਾ ਹਾਂ। 14ਇਸ ਉਮੀਦ ਵਿੱਚ ਕਿ ਮੈਂ ਕਿਸੇ ਤਰ੍ਹਾਂ ਮੈਂ ਆਪਣੇ ਲੋਕਾਂ ਨੂੰ ਅਣਖੀ ਬਣਾਵਾਂ ਅਤੇ ਉਹਨਾਂ ਵਿੱਚੋਂ ਕੁਝ ਨੂੰ ਬਚਾਵਾਂ। 15ਜੇ ਉਹਨਾਂ ਦੇ ਨਾ ਮਨਜ਼ੂਰ ਹੋਣ ਨਾਲ ਦੁਨੀਆਂ ਵਿੱਚ ਮੇਲ-ਮਿਲਾਪ ਹੋਇਆ, ਤਾਂ ਉਹਨਾਂ ਦੀ ਪ੍ਰਵਾਨਗੀ ਮੁਰਦਿਆਂ ਵਿੱਚੋਂ ਜੀ ਉੱਠਣ ਤੋਂ ਇਲਾਵਾ ਕੀ ਹੋਵੇਗੀ? 16ਜੇ ਆਟੇ ਦੇ ਪਹਿਲੇ ਪੇੜੇ ਨੂੰ ਭੇਟ ਵਜੋਂ ਚੜਾਇਆ ਜਾਵੇ ਤਾਂ ਸਾਰਾ ਗੁੰਨਿਆ ਹੋਇਆ ਆਟਾ ਵੀ ਪਵਿੱਤਰ ਹੈ। ਜੇ ਜੜ੍ਹ ਪਵਿੱਤਰ ਹੈ, ਤਾਂ ਸ਼ਾਖਾਵਾਂ ਵੀ ਹਨ।
17ਪਰ ਜੇ ਕੁਝ ਟਹਿਣੀਆਂ ਤੋੜੀਆਂ ਗਈਆਂ ਹਨ ਅਤੇ ਤੁਸੀਂ, ਇੱਕ ਜੰਗਲੀ ਜ਼ੈਤੂਨ ਹੋਣ ਦੇ ਨਾਤੇ, ਉਹਨਾਂ ਵਿੱਚ ਅਤੇ ਉਹਨਾਂ ਦੇ ਨਾਲ, ਜ਼ੈਤੂਨ ਦੇ ਦਰੱਖਤ ਦੀ ਜੜ੍ਹ ਦਾ ਹਿੱਸਾ ਬਣ ਗਏ ਹੋ, ਤਾਂ ਤੁਸੀਂ ਪੌਸ਼ਟਿਕ ਤੱਤ ਦੇ ਹਿੱਸੇਦਾਰ ਬਣ ਗਏ ਹੋ। 18ਇਸ ਲਈ ਉਹਨਾਂ ਟਹਿਣੀਆਂ ਉੱਤੇ ਮਾਣ ਨਾ ਕਰੋ। ਜੇ ਤੁਸੀਂ ਮਾਣ ਕਰਨਾ ਹੈ ਤਾਂ ਇੱਕ ਗੱਲ ਯਾਦ ਰੱਖੋ ਕਿ ਤੁਸੀਂ ਜੜ੍ਹ ਨਹੀਂ ਹੋ ਜੋ ਪਾਲਣਹਾਰ ਹੈ, ਪਰ ਇਹ ਉਹ ਜੜ੍ਹ ਹੈ ਜੋ ਤੁਹਾਡੀ ਪਾਲਣ ਪੋਸ਼ਣ ਕਰਦੀ ਹੈ। 19ਤਦ ਤੁਸੀਂ ਕਹੋਗੇ, “ਟਹਿਣੀਆਂ ਤੋੜ ਦਿੱਤੀਆਂ ਗਈਆਂ ਸਨ ਤਾਂ ਜੋ ਮੈਂ ਦਰੱਖਤ ਬਣ ਸਕਾਂ।” 20ਇਹ ਠੀਕ ਹੈ ਉਹ ਅਵਿਸ਼ਵਾਸ ਕਰਕੇ ਤੋੜੀਆਂ ਗਈਆਂ ਪਰ ਤੂੰ ਵਿਸ਼ਵਾਸ ਹੀ ਦੇ ਨਾਲ ਖਲੋਤਾ ਹੈਂ। ਇਸ ਲਈ ਹੰਕਾਰੀ ਨਾ ਬਣੋ, ਸਗੋਂ ਡਰੋਂ। 21ਜੇ ਪਰਮੇਸ਼ਵਰ ਕੁਦਰਤੀ ਟਹਿਣੀਆਂ ਨੂੰ ਬਖ਼ਸ਼ਦਾ ਨਹੀਂ, ਤਾਂ ਉਹ ਤੁਹਾਨੂੰ ਵੀ ਨਹੀਂ ਬਖ਼ਸ਼ੇਗਾ।
22ਇਸ ਲਈ ਪਰਮੇਸ਼ਵਰ ਦੀ ਦਯਾ ਅਤੇ ਕਠੋਰਤਾ ਤੇ ਵਿਚਾਰ ਕਰੋ। ਡਿੱਗਣ ਵਾਲਿਆਂ ਲਈ ਪਰਮੇਸ਼ਵਰ ਦੀ ਕਠੋਰਤਾ ਹੈ, ਪਰ ਤੁਹਾਡੇ ਉੱਤੇ ਦਯਾ ਹੋਈ ਹੈ। ਇਸ ਲਈ ਤੁਸੀਂ ਲਗਾਤਾਰ ਉਸ ਦੀ ਦਯਾ ਵਿੱਚ ਬਣੇ ਰਹੋ। ਨਹੀਂ ਤਾਂ ਤੁਹਾਨੂੰ ਵੀ ਕੱਟ ਦਿੱਤਾ ਜਾਵੇਗਾ। 23ਅਤੇ ਜੇ ਇਸਰਾਏਲੀ ਅਵਿਸ਼ਵਾਸ ਨੂੰ ਛੱਡ ਦੇਣ ਤਾਂ ਪਰਮੇਸ਼ਵਰ ਫਿਰ ਉਹਨਾਂ ਨੂੰ ਉਹੀ ਸਾਥਨ ਦੇਵੇਗਾ। ਕਿਉਂਕਿ ਪਰਮੇਸ਼ਵਰ ਉਹਨਾਂ ਨੂੰ ਦੁਬਾਰਾ ਉਹੀ ਸਾਥਨ ਦੇਣ ਦੇ ਯੋਗ ਹੈ। 24ਇਸ ਤਰ੍ਹਾਂ ਜੇ ਤੁਸੀਂ ਉਸ ਜ਼ੈਤੂਨ ਦੇ ਰੁੱਖ ਨਾਲੋਂ ਕੱਟੇ ਗਏ ਜੋ ਕਿ ਕੁਦਰਤ ਸੁਭਾਉ ਤੇ ਜੰਗਲੀ ਹੈ ਅਤੇ ਚੰਗੇ ਜ਼ੈਤੂਨ ਦਾ ਹਿੱਸਾ ਬਣ ਗਏ ਜੋ ਕਿ ਕੁਦਰਤ ਦੇ ਵਿਰੁੱਧ ਹੈ। ਫਿਰ ਕਿੰਨੀ ਅਸਾਨੀ ਨਾਲ ਉਹ ਟਹਿਣੀਆਂ, ਜੋ ਕੁਦਰਤੀ ਹਨ ਆਪਣੇ ਅਸਲੀ ਜ਼ੈਤੂਨ ਦੇ ਰੁੱਖ ਨਾਲ ਜੋੜੀਆ ਜਾਣਗੀਆਂ।
ਸਾਰੇ ਇਸਰਾਏਲ ਨੂੰ ਬਚਾਇਆ ਜਾਵੇਗਾ
25ਹੁਣ ਹੇ ਭਰਾਵੋ ਅਤੇ ਭੈਣੋ, ਮੈਂ ਤੁਹਾਨੂੰ ਨਹੀਂ ਚਾਹੁੰਦਾ ਕਿ ਤੁਸੀਂ ਇਸ ਭੇਤ ਤੋਂ ਅਣਜਾਣ ਹੋਵੋ। ਅਜਿਹਾ ਨਾ ਹੋਵੇ ਕਿ ਤੁਸੀਂ ਆਪਣੇ ਤੇ ਹੰਕਾਰ ਕਰੋ: ਇਸਰਾਏਲ ਨੇ ਕੁਝ ਹੱਦ ਤੱਕ ਕਠੋਰਤਾ ਦਾ ਅਨੁਭਵ ਕੀਤਾ ਹੈ ਜਦੋਂ ਤੱਕ ਗ਼ੈਰ-ਯਹੂਦੀ ਲੋਕ ਪੂਰੀ ਸੰਖਿਆ ਮਸੀਹ ਵਿੱਚ ਨਾ ਆ ਜਾਣ। 26ਅਤੇ ਇਸ ਤਰ੍ਹਾਂ ਸਾਰੇ ਇਸਰਾਏਲ ਨੂੰ ਬਚਾਇਆ ਜਾਵੇਗਾ। ਜਿਵੇਂ ਕਿ ਇਹ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੈ:
“ਛੁਡਾਉਣ ਵਾਲਾ ਸੀਯੋਨ ਤੋਂ ਆਵੇਗਾ;
ਉਹ ਯਾਕੋਬ ਤੋਂ ਅਧਰਮ ਦੂਰ ਕਰੇਗਾ।”
27ਅਤੇ ਇਹ ਉਹਨਾਂ ਨਾਲ ਮੇਰਾ ਨੇਮ ਹੈ
ਜਦੋਂ ਮੈਂ ਉਹਨਾਂ ਦੇ ਪਾਪਾਂ ਨੂੰ ਦੂਰ ਕਰਾਂਗਾ।#11:27 ਯਸ਼ਾ 43:25-26; 27:9
28ਜਿੱਥੋਂ ਤੱਕ ਖੁਸ਼ਖ਼ਬਰੀ ਦਾ ਪ੍ਰਸ਼ਨ ਹੈ, ਇਸਰਾਏਲ ਦੇ ਲੋਕ ਤੁਹਾਡੇ ਕਾਰਨ ਪਰਮੇਸ਼ਵਰ ਦੇ ਦੁਸ਼ਮਣ ਹਨ; ਪਰ ਜਿੱਥੋਂ ਤੱਕ ਚੋਣ ਦਾ ਪ੍ਰਸ਼ਨ ਹੈ, ਪਰਮੇਸ਼ਵਰ ਅਜੇ ਵੀ ਉਹਨਾਂ ਨੂੰ ਉਹਨਾਂ ਦੇ ਪਿਉ-ਦਾਦਿਆਂ ਕਰਕੇ ਪਿਆਰ ਕਰਦਾ ਹੈ। 29ਕਿਉਂਕਿ ਪਰਮੇਸ਼ਵਰ ਦੀਆਂ ਦਾਤਾਂ ਅਤੇ ਉਸ ਦਾ ਸੱਦਾ ਅਟੱਲ ਹੈ। 30ਜਿਵੇਂ ਕਿ ਤੁਸੀਂ ਇੱਕ ਸਮੇਂ ਪਰਮੇਸ਼ਵਰ ਦੀ ਅਣ-ਆਗਿਆਕਾਰੀ ਕੀਤੀ ਸੀ, ਹੁਣ ਉਹਨਾਂ ਦੀ ਅਣ-ਆਗਿਆਕਾਰੀ ਕਰਕੇ ਮਿਹਰ ਪ੍ਰਾਪਤ ਕੀਤੀ ਹੈ। 31ਇਸ ਲਈ ਉਹ ਹੁਣ ਅਣ-ਆਗਿਆਕਾਰੀ ਹੋ ਗਏ ਹਨ ਤਾਂ ਜੋ ਉਹ ਵੀ ਹੁਣ ਤੁਹਾਡੇ ਤੇ ਪਰਮੇਸ਼ਵਰ ਦੀ ਮਿਹਰ ਦੇ ਨਤੀਜੇ ਵਜੋਂ ਦਇਆ ਪ੍ਰਾਪਤ ਕਰ ਸਕਣ। 32ਕਿਉਂਕਿ ਪਰਮੇਸ਼ਵਰ ਨੇ ਹਰ ਕਿਸੇ ਨੂੰ ਅਣ-ਆਗਿਆਕਾਰੀ ਦੀ ਸੀਮਾ ਦੇ ਅੰਦਰ ਰੱਖਿਆ ਹੈ ਤਾਂ ਜੋ ਉਹ ਹਰ ਕਿਸੇ ਤੇ ਦਯਾ ਕਰ ਸਕੇ।
ਪਰਮੇਸ਼ਵਰ ਦੀ ਦਇਆ ਅਤੇ ਬੁੱਧੀ ਦੇ ਗੁਣ ਗਾਉ
33ਵਾਹ, ਕਿੰਨਾ ਵਧੀਆ ਹੈ,
ਪਰਮੇਸ਼ਵਰ ਦੀ ਬੁੱਧ ਅਤੇ ਗਿਆਨ ਦੇ ਧਨ ਦੀ ਡੂੰਘਾਈ!
ਉਸ ਦੇ ਨਿਆਂਉ ਕਿੰਨਾ ਰਹੱਸਮਈ ਹੈ ਅਤੇ ਉਸ ਦੇ ਰਸਤੇ ਲੱਭਣ ਤੋਂ ਪਰੇ ਹਨ!
34“ਪ੍ਰਭੂ ਦੇ ਮਨ ਨੂੰ ਕੌਣ ਜਾਣਦਾ ਹੈ?
ਜਾਂ ਉਸ ਦਾ ਸਲਾਹਕਾਰ ਕੌਣ ਹੈ?”#11:34 ਯਸ਼ਾ 40:13
35“ਕੀ ਕਦੇ ਕਿਸੇ ਨੇ ਪਰਮੇਸ਼ਵਰ ਨੂੰ ਕੁਝ ਦਿੱਤਾ ਹੈ
ਕਿ ਪਰਮੇਸ਼ਵਰ ਉਸ ਨੂੰ ਵਾਪਸ ਕਰ ਦੇਵੇ?”#11:35 ਅੱਯੋ 41:11
36ਕਿਉਂਕਿ ਉਸ ਦੇ ਵੱਲੋਂ ਅਤੇ ਉਸ ਦੇ ਰਾਹੀਂ ਅਤੇ ਉਸ ਦੇ ਲਈ ਹੀ ਸਭ ਕੁਝ ਹੈ।
ਉਸ ਦੀ ਸਦਾ ਲਈ ਮਹਿਮਾ ਹੋਵੇ! ਆਮੀਨ।