6
ਪਹਿਲੀ ਮੋਹਰ
1ਮੈਂ ਦੇਖਿਆ ਜਦੋਂ ਲੇਲੇ ਨੇ ਸੱਤ ਮੋਹਰਾਂ ਵਿੱਚੋਂ ਪਹਿਲੀ ਖੋਲ੍ਹੀ। ਫਿਰ ਮੈਂ ਚਾਰ ਜੀਵਤ ਪ੍ਰਾਣੀਆਂ ਵਿੱਚੋਂ ਇੱਕ ਨੂੰ ਗਰਜ ਵਰਗੀ ਆਵਾਜ਼ ਵਿੱਚ ਇਹ ਕਹਿੰਦੇ ਸੁਣਿਆ, “ਆਓ!” 2ਮੈਂ ਵੇਖਿਆ, ਅਤੇ ਮੇਰੇ ਸਾਹਮਣੇ ਇੱਕ ਚਿੱਟਾ ਘੋੜਾ ਸੀ! ਇਸ ਦੇ ਸਵਾਰ ਨੇ ਇੱਕ ਧਨੁਸ਼ ਫੜਿਆ ਹੋਇਆ ਸੀ, ਅਤੇ ਉਸ ਨੂੰ ਇੱਕ ਮੁਕਟ ਦਿੱਤਾ ਗਿਆ ਸੀ, ਅਤੇ ਉਹ ਇੱਕ ਵਿਜੇਤਾ ਦੇ ਰੂਪ ਵਿੱਚ ਸਵਾਰ ਹੋ ਕੇ ਜਿੱਤ ਪ੍ਰਾਪਤ ਕਰਨ ਨਿਕਲ ਗਿਆ।
3ਜਦੋਂ ਲੇਲੇ ਨੇ ਦੂਜੀ ਮੋਹਰ ਖੋਲ੍ਹੀ, ਮੈਂ ਦੂਜੇ ਜੀਵਤ ਪ੍ਰਾਣੀ ਨੂੰ ਇਹ ਕਹਿੰਦੇ ਸੁਣਿਆ, “ਆਓ!” 4ਤਦ ਇੱਕ ਹੋਰ ਘੋੜਾ ਨਿੱਕਲਿਆ, ਇੱਕ ਲਾਲ ਅੱਗ ਵਾਲਾ। ਇਸ ਦੇ ਸਵਾਰ ਨੂੰ ਧਰਤੀ ਤੋਂ ਸ਼ਾਂਤੀ ਲੈਣ ਅਤੇ ਲੋਕਾਂ ਨੂੰ ਇੱਕ-ਦੂਜੇ ਨੂੰ ਮਾਰਨ ਦੀ ਸ਼ਕਤੀ ਦਿੱਤੀ ਗਈ ਸੀ। ਉਸ ਨੂੰ ਇੱਕ ਵੱਡੀ ਤਲਵਾਰ ਦਿੱਤੀ ਗਈ ਸੀ।
5ਜਦੋਂ ਲੇਲੇ ਨੇ ਤੀਜੀ ਮੋਹਰ ਖੋਲ੍ਹੀ, ਮੈਂ ਤੀਜੇ ਜੀਵਤ ਪ੍ਰਾਣੀ ਨੂੰ ਇਹ ਕਹਿੰਦੇ ਸੁਣਿਆ, “ਆਓ!” ਮੈਂ ਦੇਖਿਆ, ਅਤੇ ਮੇਰੇ ਸਾਹਮਣੇ ਇੱਕ ਕਾਲਾ ਘੋੜਾ ਸੀ! ਇਸ ਦੇ ਸਵਾਰ ਨੇ ਆਪਣੇ ਹੱਥ ਵਿੱਚ ਇੱਕ ਤੱਕੜੀ ਫੜ੍ਹੀ ਹੋਈ ਸੀ।#6:5 ਜ਼ਕ 6:2-3; 6 6ਫਿਰ ਮੈਂ ਸੁਣਿਆ ਜੋ ਚਾਰ ਜੀਵਾਂ ਵਿੱਚ ਇੱਕ ਆਵਾਜ਼ ਇਹ ਆਖਦੇ ਸੁਣੀ ਕਿ, “ਇੱਕ ਦਿਨ ਦੀ ਮਜ਼ਦੂਰੀ ਦੇ ਲਈ ਦੋ ਦੀਨਾਰ ਕਣਕ, ਇੱਕ ਦਿਨ ਦੀ ਮਜ਼ਦੂਰੀ ਲਈ ਛੇ ਦੀਨਾਰ ਜੌਂ, ਅਤੇ ਤੇਲ ਅਤੇ ਦਾਖਰਸ ਦਾ ਨੁਕਸਾਨ ਨਾ ਕਰਨਾ!”
7ਜਦੋਂ ਲੇਲੇ ਨੇ ਚੌਥੀ ਮੋਹਰ ਖੋਲ੍ਹੀ, ਮੈਂ ਚੌਥੇ ਜੀਵਤ ਪ੍ਰਾਣੀ ਦੀ ਆਵਾਜ਼ ਨੂੰ ਇਹ ਕਹਿੰਦੇ ਸੁਣਿਆ, “ਆਓ!” 8ਮੈਂ ਵੇਖਿਆ, ਅਤੇ ਮੇਰੇ ਅੱਗੇ ਇੱਕ ਫਿੱਕਾ ਹਰਾ ਘੋੜਾ ਸੀ! ਇਸ ਤੇ ਸਵਾਰ ਦਾ ਨਾਂ ਮੌਤ ਰੱਖਿਆ ਗਿਆ ਸੀ, ਅਤੇ ਪਤਾਲ ਉਸ ਦੇ ਪਿੱਛੇ ਆ ਰਿਹਾ ਸੀ। ਉਹਨਾਂ ਨੂੰ ਧਰਤੀ ਦੇ ਇੱਕ ਚੌਥਾਈ ਹਿੱਸੇ ਉੱਤੇ ਤਲਵਾਰ, ਕਾਲ, ਮਰੀ ਅਤੇ ਜੰਗਲੀ ਜਾਨਵਰਾਂ ਦੁਆਰਾ ਮਾਰਨ ਦੀ ਸ਼ਕਤੀ ਦਿੱਤੀ ਗਈ ਸੀ।
9ਜਦੋਂ ਲੇਲੇ ਨੇ ਪੰਜਵੀਂ ਮੋਹਰ ਖੋਲ੍ਹੀ, ਮੈਂ ਜਗਵੇਦੀ ਦੇ ਹੇਠਾਂ ਉਹਨਾਂ ਲੋਕਾਂ ਦੀਆਂ ਰੂਹਾਂ ਨੂੰ ਵੇਖਿਆ ਜੋ ਪਰਮੇਸ਼ਵਰ ਦੇ ਬਚਨ ਅਤੇ ਉਸ ਦੀ ਗਵਾਹੀ ਦੇ ਕਾਰਨ ਜੋ ਉਹਨਾਂ ਨੇ ਦਿੱਤੀ ਸੀ, ਵੱਢੇ ਗਏ ਸਨ। 10ਉਹਨਾਂ ਆਤਮਾਵਾਂ ਨੇ ਉੱਚੀ ਆਵਾਜ਼ ਵਿੱਚ ਪੁਕਾਰਿਆ, “ਹੇ ਪ੍ਰਭੂ, ਪਵਿੱਤਰ ਅਤੇ ਸੱਚੇ, ਕਿੰਨਾ ਚਿਰ, ਜਦੋਂ ਤੱਕ ਤੁਸੀਂ ਧਰਤੀ ਦੇ ਵਾਸੀਆਂ ਦਾ ਨਿਆਂ ਨਹੀਂ ਕਰਦੇ ਅਤੇ ਸਾਡੇ ਲਹੂ ਦਾ ਬਦਲਾ ਨਹੀਂ ਲੈਂਦੇ?” 11ਤਦ ਉਹਨਾਂ ਵਿੱਚੋਂ ਹਰੇਕ ਨੂੰ ਇੱਕ ਚਿੱਟਾ ਚੋਗਾ ਦਿੱਤਾ ਗਿਆ, ਅਤੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਡੇ ਸਾਥੀ ਨੌਕਰਾਂ, ਤੁਹਾਡੇ ਭਰਾਵਾਂ ਅਤੇ ਭੈਣਾਂ ਦੀ ਪੂਰੀ ਸੰਖਿਆ ਨੂੰ ਉਵੇਂ ਹੀ ਮਾਰੇ ਜਾਣ ਤੱਕ ਥੋੜੀ ਦੇਰ ਹੋਰ ਉਡੀਕ ਕਰੋ।
12ਮੈਂ ਵੇਖਿਆ ਜਦੋਂ ਲੇਲੇ ਨੇ ਛੇਵੀਂ ਮੋਹਰ ਖੋਲ੍ਹੀ। ਇੱਕ ਬਹੁਤ ਵੱਡਾ ਭੂਚਾਲ ਆਇਆ। ਸੂਰਜ ਬੱਕਰੀ ਦੇ ਵਾਲਾਂ ਦੇ ਬਣੇ ਤੱਪੜ ਦੀ ਤਰ੍ਹਾਂ ਕਾਲਾ ਹੋ ਗਿਆ, ਪੂਰਾ ਚੰਦਰਮਾ ਲਹੂ ਜਿਹਾ ਲਾਲ ਹੋ ਗਿਆ,#6:12 ਯੋਏ 2:10 13ਅਤੇ ਅਕਾਸ਼ ਦੇ ਤਾਰੇ ਧਰਤੀ ਉੱਤੇ ਡਿੱਗ ਪਏ, ਜਿਵੇਂ ਇੱਕ ਹਵਾ ਨਾਲ ਹਿਲਾਏ ਜਾਣ ਤੇ ਹੰਜ਼ੀਰ ਦੇ ਦਰੱਖਤ ਤੋਂ ਹੰਜ਼ੀਰ ਡਿੱਗਦੇ ਹਨ।#6:13 ਪ੍ਰਕਾ 8:10; ਮੱਤੀ 24:29 14ਅਕਾਸ਼ ਇੱਕ ਪੋਥੀ ਵਾਂਗ ਲਪੇਟਿਆ ਗਿਆ, ਅਤੇ ਹਰ ਪਹਾੜ ਅਤੇ ਟਾਪੂ ਨੂੰ ਉਸ ਦੀ ਜਗ੍ਹਾ ਤੋਂ ਹਟਾ ਦਿੱਤਾ ਗਿਆ।#6:14 ਪ੍ਰਕਾ 16:20; ਯਸ਼ਾ 34:4
15ਤਦ ਧਰਤੀ ਦੇ ਰਾਜੇ, ਰਾਜਕੁਮਾਰ, ਫੌਜ ਦੇ ਸਰਦਾਰ, ਅਮੀਰ, ਸ਼ਕਤੀਸ਼ਾਲੀ ਅਤੇ ਹੋਰ ਸਾਰੇ, ਗੁਲਾਮ ਅਤੇ ਅਜ਼ਾਦ, ਗੁਫ਼ਾਂਵਾਂ ਅਤੇ ਪਹਾੜਾਂ ਦੀਆਂ ਚਟਾਨਾਂ ਦੇ ਵਿੱਚ ਲੁਕ ਗਏ।#6:15 ਯਸ਼ਾ 2:10; 19 16ਉਹਨਾਂ ਨੇ ਪਹਾੜਾਂ ਅਤੇ ਚਟਾਨਾਂ ਨੂੰ ਪੁਕਾਰਿਆ ਅਤੇ ਕਿਹਾ, “ਸਾਡੇ ਉੱਤੇ ਡਿੱਗੋ ਅਤੇ ਸਾਨੂੰ ਉਸ ਦੇ ਚਿਹਰੇ ਤੋਂ ਜੋ ਸਿੰਘਾਸਣ ਉੱਤੇ ਬੈਠਾ ਹੈ ਅਤੇ ਲੇਲੇ ਦੇ ਕ੍ਰੋਧ ਤੋਂ ਲੁਕਾ ਲਓ!#6:16 ਲੂਕ 23:30 17ਕਿਉਂਕਿ ਪਰਮੇਸ਼ਵਰ ਅਤੇ ਲੇਲੇ ਦੇ ਗੁੱਸੇ ਦਾ ਮਹਾਨ ਦਿਨ ਆ ਗਿਆ ਹੈ, ਅਤੇ ਕੌਣ ਇਸ ਦਾ ਸਾਹਮਣਾ ਕਰ ਸਕਦਾ ਹੈ?”#6:17 ਮਲਾ 3:2; ਯੋਏ 2:11; ਨਹੂ 1:6; ਸਫ਼ 1:14-15