19
ਬਾਬੇਲ ਦੇ ਡਿੱਗਣ ਤੇ ਤਿੰਨ ਦੂਣਾ ਹਾਲੇਲੂਯਾਹ
1ਇਹ ਤੋਂ ਬਾਅਦ ਮੈਂ ਸਵਰਗ ਵਿੱਚੋਂ ਵੱਡੀ ਭੀੜ ਦੀ ਆਵਾਜ਼ ਇਹ ਆਖਦੀ ਸੁਣੀ:
“ਹਾਲੇਲੂਯਾਹ!
ਮੁਕਤੀ, ਮਹਿਮਾ ਅਤੇ ਸਮਰੱਥਾ ਸਾਡੇ ਪਰਮੇਸ਼ਵਰ ਦੀ ਹੈ,
2ਉਹਨਾਂ ਦੇ ਨਿਆਂ ਸੱਚੇ ਅਤੇ ਠੀਕ ਹਨ,
ਕਿਉਂਕਿ ਉਹਨਾਂ ਨੇ ਉਸ ਵੱਡੀ ਵੇਸਵਾ ਦਾ ਨਿਆਂ ਕੀਤਾ
ਜਿਸ ਨੇ ਆਪਣੇ ਵਿਭਚਾਰ ਨਾਲ ਪੂਰੀ ਧਰਤੀ ਨੂੰ ਭ੍ਰਿਸ਼ਟ ਕੀਤਾ।
ਉਸ ਨੇ ਆਪਣੇ ਦਾਸਾਂ ਦੇ ਲਹੂ ਦਾ ਬਦਲਾ ਉਸ ਤੋਂ ਲਿਆਂ।”#19:2 ਬਿਵ 32:43
3ਅਤੇ ਉਹ ਫਿਰ ਬੋਲੇ:
“ਹਾਲੇਲੂਯਾਹ!
ਉਸ ਦੇ ਮੱਚਦੇ ਸਰੀਰ ਦਾ ਧੂੰਆਂ ਜੁੱਗੋ-ਜੁੱਗੋ ਪਿਆ ਉੱਠਦਾ ਹੈ।”#19:3 ਜ਼ਬੂ 106:48
4ਤਾਂ ਉਹ ਚੌਵੀਂ ਬਜ਼ੁਰਗ ਅਤੇ ਚਾਰ ਜੀਵਤ ਪ੍ਰਾਣੀ ਡਿੱਗ ਪਏ ਅਤੇ ਪਰਮੇਸ਼ਵਰ ਦੀ ਮਹਿਮਾ ਕੀਤੀ, ਜਿਹੜਾ ਸਿੰਘਾਸਣ ਉੱਤੇ ਬੈਠਿਆ ਹੋਇਆ ਸੀ। ਅਤੇ ਉਹ ਉੱਚੀ ਦੇ ਕੇ ਬੋਲੇ:
“ਆਮੀਨ, ਹਾਲੇਲੂਯਾਹ!”
5ਤਦ ਇੱਕ ਆਵਾਜ਼ ਸਿੰਘਾਸਣ ਵਿੱਚੋਂ ਇਹ ਆਖਦੀ ਆਈ:
“ਪਰਮੇਸ਼ਵਰ ਦੀ ਮਹਿਮਾ ਕਰੋ,
ਤੁਸੀਂ ਸਾਰੇ ਜੋ ਉਹ ਦੇ ਦਾਸ ਹੋ,
ਤੁਸੀਂ ਜਿਹੜੇ ਉਸ ਤੋਂ ਡਰਦੇ ਹੋ,
ਦੋਨੋ ਵੱਡੇ ਅਤੇ ਛੋਟੇ!”#19:5 ਜ਼ਬੂ 135:1
6ਤਦ ਮੈਂ ਵੱਡੀ ਭੀੜ ਦੀ ਆਵਾਜ਼, ਅਤੇ ਪਾਣੀਆਂ ਦੀਆਂ ਲਹਿਰਾਂ ਦੇ ਗਰਜਨ ਦੀ ਅਤੇ ਬੱਦਲਾਂ ਦੇ ਗਰਜਨ ਦੀ ਆਵਾਜ਼ ਦੇ ਵਾਂਗ ਇਹ ਕਹਿੰਦੇ ਹੋਈ ਸੁਣੀ:
“ਹਾਲੇਲੂਯਾਹ!
ਪ੍ਰਭੂ ਸਾਡੇ ਪਰਮੇਸ਼ਵਰ ਸਰਵ ਸ਼ਕਤੀਮਾਨ ਰਾਜ ਕਰਦੇ ਹਨ।#19:6 ਜ਼ਬੂ 93:1; 99:1
7ਆਓ, ਅਸੀਂ ਖੁਸ਼ੀ ਮਨਾਈਏ ਅਤੇ ਆਨੰਦ ਕਰੀਏ!
ਅਤੇ ਉਹ ਦੀ ਮਹਿਮਾ ਕਰੀਏ!
ਕਿਉਂ ਜੋ ਲੇਲੇ ਦੇ ਵਿਆਹ ਦਾ ਦਿਨ ਆ ਗਿਆ ਹੈ,
ਅਤੇ ਉਸ ਦੀ ਦੁਲਹਨ ਨੇ ਆਪਣੇ ਆਪ ਨੂੰ ਤਿਆਰ ਕਰ ਲਿਆ ਹੈ।
8ਉਸ ਨੂੰ ਸੁੰਦਰ ਅਤੇ ਸਾਫ਼ ਮਲਮਲ ਦੇ ਕੱਪੜੇ,
ਪਹਿਨਨ ਲਈ ਦਿੱਤੇ ਗਏ।”
(ਇਹ ਸਾਫ਼ ਮਲਮਲ ਹੈ ਪਵਿੱਤਰ ਲੋਕਾਂ ਦੇ ਧਰਮੀ ਕੰਮ।)
9ਤਦ ਸਵਰਗਦੂਤ ਨੇ ਮੈਨੂੰ ਆਖਿਆ, “ਇਹ ਲਿਖ: ਮੁਬਾਰਕ ਹਨ ਉਹ ਜਿਹੜੇ ਲੇਲੇ ਦੇ ਵਿਆਹ ਵਿੱਚ ਬੁਲਾਏ ਗਏ ਹਨ!” ਅਤੇ ਮੈਨੂੰ ਕਿਹਾ, “ਇਹ ਪਰਮੇਸ਼ਵਰ ਦੇ ਸੱਚੇ ਸ਼ਬਦ ਹਨ।”
10ਇਸ ਤੇ ਮੈਂ ਉਸ ਦੇ ਚਰਨਾਂ ਤੇ ਡਿੱਗ ਪਿਆ ਅਤੇ ਉਸ ਦੀ ਮਹਿਮਾ ਕੀਤੀ। ਪਰ ਉਸ ਨੇ ਮੈਨੂੰ ਆਖਿਆ, “ਇਸ ਤਰ੍ਹਾਂ ਨਾਂ ਕਰ! ਮੈਂ ਵੀ ਤੇਰੇ ਵਾਂਗ ਅਤੇ ਤੇਰੇ ਭਰਾਵਾਂ ਅਤੇ ਭੈਣਾਂ ਦੇ ਵਾਂਗ ਇੱਕ ਸੇਵਕ ਹਾਂ ਜੋ ਯਿਸ਼ੂ ਦਾ ਗਵਾਹ ਹਾਂ। ਪਰਮੇਸ਼ਵਰ ਦੀ ਮਹਿਮਾ ਕਰ! ਕਿਉਂਕਿ ਇਹ ਭਵਿੱਖਬਾਣੀ ਦੀ ਆਤਮਾ ਹੈ ਜੋ ਯਿਸ਼ੂ ਦੀ ਗਵਾਹੀ ਦਿੰਦੀ ਹੈ।”
ਸਫ਼ੇਦ ਘੋੜੇ ਤੇ ਸਵਾਰ
11ਤਾਂ ਮੈਂ ਸਵਰਗ ਖੁੱਲ੍ਹਿਆ ਹੋਇਆ ਵੇਖਿਆ ਅਤੇ ਮੇਰੇ ਸਾਹਮਣੇ ਇੱਕ ਚਿੱਟਾ ਘੋੜਾ ਸੀ, ਜਿਹੜਾ ਉਸ ਤੇ ਸਵਾਰ ਸੀ ਵਫ਼ਾਦਾਰ ਅਤੇ ਸੱਚਾ ਅਖਵਾਉਂਦਾ ਹੈ। ਉਹ ਧਰਮ ਨਾਲ ਨਿਆਂ ਅਤੇ ਯੁੱਧ ਕਰਦਾ ਹੈ।#19:11 ਜ਼ਬੂ 96:13 12ਉਸ ਦੀਆਂ ਅੱਖਾਂ ਅੱਗ ਦੀ ਲਾਟ ਵਰਗੀਆ, ਅਤੇ ਉਸ ਦੇ ਸਿਰ ਉੱਤੇ ਬਹੁਤ ਸਾਰੇ ਮੁਕਟ ਹਨ। ਅਤੇ ਉਸ ਦੇ ਉੱਤੇ ਇੱਕ ਨਾਮ ਲਿਖਿਆਂ ਹੋਇਆ ਹੈ ਜਿਸ ਨੂੰ ਉਸ ਤੋਂ ਬਿਨ੍ਹਾ ਕੋਈ ਨਹੀਂ ਜਾਣਦਾ। 13ਅਤੇ ਉਸ ਨੇ ਕੱਪੜੇ ਲਹੂ ਦੇ ਨਾਲ ਛਿੜਕੇ ਹੋਏ ਪਹਿਨੇ ਹੋਏ ਹਨ, ਅਤੇ ਉਸ ਦਾ ਨਾਮ ਪਰਮੇਸ਼ਵਰ ਦਾ ਸ਼ਬਦ ਹੈ। 14ਅਤੇ ਜਿਹੜੀਆਂ ਫ਼ੌਜਾਂ ਸਵਰਗ ਵਿੱਚ ਹਨ, ਉਹਨਾਂ ਨੇ ਚਿੱਟੇ ਅਤੇ ਸਾਫ਼ ਮਲਮਲ ਦੇ ਕੱਪੜੇ ਪਹਿਨੇ ਹੋਏ ਚਿੱਟੇ ਘੋੜਿਆਂ ਤੇ ਸਵਾਰ ਉਸ ਦੇ ਪਿੱਛੇ-ਪਿੱਛੇ ਚੱਲਦੇ ਸਨ। 15ਉਸ ਦੇ ਮੂੰਹ ਵਿੱਚੋਂ ਇੱਕ ਤਿੱਖੀ ਤਲਵਾਰ ਨਿਕਲਦੀ ਹੈ ਜਿਸ ਨਾਲ ਉਹ ਰਾਸ਼ਟਰਾ ਦਾ ਨਾਸ਼ ਕਰੇ। “ਉਹ ਲੋਹੇ ਦੇ ਡੰਡੇ ਨਾਲ ਉਹਨਾਂ ਉੱਤੇ ਰਾਜ ਕਰੇਗਾ।” ਉਹ ਸਰਵ ਸ਼ਕਤੀਮਾਨ ਪਰਮੇਸ਼ਵਰ ਦੇ ਕ੍ਰੋਧ ਦੀ ਅੱਗ ਦੇ ਦਾਖਰਸ ਦੇ ਚੁਬੱਚੇ ਨੂੰ ਲਿਤਾੜੇਗਾ। 16ਉਸ ਦੇ ਚੋਗੇ ਅਤੇ ਉਸ ਦੇ ਪੱਟ ਉੱਤੇ ਇਹ ਨਾਮ ਲਿਖਿਆ ਹੋਇਆ ਹੈ:
ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ।#19:16 1 ਤਿਮੋ 6:15
17ਇਸ ਤੋਂ ਬਾਅਦ ਮੈਂ ਸਵਰਗਦੂਤ ਨੂੰ ਸੂਰਜ ਵਿੱਚ ਖਲੋਤਾ ਹੋਇਆ ਵੇਖਿਆ, ਉਸ ਨੇ ਉੱਚੀ ਆਵਾਜ਼ ਨਾਲ ਸਾਰੇ ਅਕਾਸ਼ ਵਿੱਚ ਉੱਡਦੇ ਪੰਛੀਆਂ ਨੂੰ ਆਖਿਆ, “ਆਓ, ਮਹਾਨ ਪਰਮੇਸ਼ਵਰ ਦੇ ਵੱਡੇ ਭੋਜ ਲਈ ਇਕੱਠੇ ਹੋ ਜਾਓ,#19:17 ਹਿਜ਼ 39:19-20 18ਤਾਂ ਕਿ ਤੁਸੀਂ ਰਾਜਿਆਂ ਦਾ ਮਾਸ, ਫ਼ੌਜਾਂ ਦੇ ਸਰਦਾਰਾ ਦਾ, ਮਹਾਂ ਬਲੀਆਂ ਦਾ, ਘੋੜਿਆਂ ਨਾਲੇ ਉਹਨਾਂ ਉੱਤੇ ਸਵਾਰਾ ਦਾ, ਅਤੇ ਸਾਰੇ ਲੋਕਾਂ ਦਾ ਮਾਸ, ਅਜ਼ਾਦ ਅਤੇ ਗੁਲਾਮ, ਛੋਟੇ ਅਤੇ ਵੱਡੇ ਸਾਰਿਆ ਦਾ ਮਾਸ ਖਾ ਸਕੋ।”
19ਤਾਂ ਫਿਰ ਮੈਂ ਵੇਖਿਆ ਕਿ ਉਹ ਦਰਿੰਦਾ ਧਰਤੀ ਦੇ ਰਾਜੇ ਅਤੇ ਉਹਨਾਂ ਦੀਆਂ ਫ਼ੌਜਾਂ ਇਕੱਠੀਆਂ ਹੋਈਆ ਤਾਂ ਕਿ ਉਹ ਉਸ ਨਾਲ ਅਤੇ ਉਸ ਦੀਆ ਫ਼ੌਜਾਂ ਨਾਲ ਯੁੱਧ ਕਰ ਸਕਣ ਜਿਹੜਾ ਘੋੜੇ ਉੱਤੇ ਸਵਾਰ ਸੀ। 20ਤਾਂ ਉਸ ਦਰਿੰਦੇ ਨੂੰ ਫੜ ਲਿਆ ਗਿਆ, ਅਤੇ ਉਸ ਦੇ ਨਾਲ ਉਸ ਝੂਠੇ ਨਬੀ ਨੂੰ ਵੀ ਜਿਸ ਨੇ ਉਸ ਦੇ ਸਾਹਮਣੇ ਚਿੰਨ੍ਹ ਚਮਤਕਾਰ ਵਿਖਾਏ ਸਨ। ਅਤੇ ਇੰਨ੍ਹਾ ਚਿੰਨ੍ਹਾਂ ਨਾਲ ਉਸ ਨੇ ਉਹਨਾਂ ਨੂੰ ਭਰਮਾ ਲਿਆ ਅਤੇ ਜਿਨ੍ਹਾਂ ਨੇ ਉਸ ਦਰਿੰਦੇ ਦਾ ਨਿਸ਼ਾਨ ਲਗਾਇਆ ਨਾਲੇ ਉਹਨਾਂ ਨੂੰ ਜਿਹੜੇ ਉਸ ਦੀ ਮੂਰਤੀ ਦੀ ਪੂਜਾ ਕਰਦੇ ਸਨ। ਇਹਨਾਂ ਦੋਨਾਂ ਨੂੰ ਅੱਗ ਦੀ ਝੀਲ ਵਿੱਚ ਜਿਹੜੀ ਗੰਧਕ ਨਾਲ ਬਲਦੀ ਸੀ ਜਿਉਂਦੇ ਹੀ ਸੁੱਟ ਦਿੱਤਾ ਗਿਆ। 21ਅਤੇ ਬਾਕੀ ਫੌਜ ਨੂੰ ਉਸ ਘੋੜੇ ਦੇ ਸਵਾਰ ਦੀ ਤਲਵਾਰ ਨਾਲ ਜਿਹੜੀ ਉਸ ਦੇ ਮੂੰਹ ਵਿੱਚੋਂ ਨਿਕਲਦੀ ਸੀ ਮਾਰ ਸੁੱਟਿਆ, ਅਤੇ ਸਾਰੇ ਪੰਛੀ ਉਹਨਾਂ ਦੇ ਮਾਸ ਨਾਲ ਰੱਜ ਗਏ।