Bible App logo
Search Icon

ਗਿਣਤੀ 16

16
ਕੋਰਾਹ, ਦਾਥਾਨ ਅਤੇ ਅਬੀਰਾਮ
1ਕੋਰਾਹ, ਇਜ਼ਹਾਰ ਦਾ ਪੁੱਤਰ, ਕੋਹਾਥ ਦਾ ਪੁੱਤਰ, ਲੇਵੀ ਦਾ ਪੁੱਤਰ ਅਤੇ ਕੁਝ ਰਊਬੇਨੀ, ਦਾਥਾਨ ਅਤੇ ਅਬੀਰਾਮ, ਅਲੀਆਬ ਦਾ ਪੁੱਤਰ ਅਤੇ ਊਨ ਪੇਲੇਥ ਦਾ ਪੁੱਤਰ, ਬੇਈਮਾਨ ਹੋ ਗਏ। 2ਉਹ ਅਤੇ ਇਸਰਾਏਲੀਆਂ ਵਿੱਚੋਂ ਢਾਈ ਸੌ ਮਨੁੱਖ ਜਿਹੜੇ ਮੰਡਲੀ ਦੇ ਪ੍ਰਧਾਨ ਅਤੇ ਨਾਮੀ ਸਨ, ਮੋਸ਼ੇਹ ਦੇ ਵਿਰੁੱਧ ਉੱਠੇ। 3ਉਹ ਮੋਸ਼ੇਹ ਅਤੇ ਹਾਰੋਨ ਦਾ ਵਿਰੋਧ ਕਰਨ ਲਈ ਇੱਕ ਸਮੂਹ ਵਿੱਚ ਇਕੱਠੇ ਹੋ ਕੇ ਕਹਿਣ ਲਗੇ, “ਕਿ ਤੁਸੀਂ ਤਾਂ ਬਹੁਤ ਉੱਚਾ ਉੱਡਣ ਲੱਗ ਪਏ ਹੋ! ਕਿਉਂ ਜੋ ਸਾਰੀ ਮੰਡਲੀ ਦੇ ਲੋਕ ਪਵਿੱਤਰ ਹਨ ਅਤੇ ਯਾਹਵੇਹ ਉਹਨਾਂ ਦੇ ਵਿਚਕਾਰ ਹੈ। ਤੁਸੀਂ ਫਿਰ ਕਿਵੇਂ ਆਪਣੇ ਆਪ ਨੂੰ ਯਾਹਵੇਹ ਦੀ ਸਭਾ ਨਾਲੋਂ ਉੱਚਾ ਬਣਾਉਦੇ ਹੋ?”
4ਜਦੋਂ ਮੋਸ਼ੇਹ ਨੇ ਇਹ ਸੁਣਿਆ ਤਾਂ ਉਹ ਮੂੰਹ ਭਾਰ ਡਿੱਗ ਗਿਆ। 5ਤਦ ਉਸ ਨੇ ਕੋਰਾਹ ਅਤੇ ਉਸ ਦੇ ਸਾਰੇ ਚੇਲਿਆਂ ਨੂੰ ਕਿਹਾ, “ਸਵੇਰੇ ਯਾਹਵੇਹ ਦਿਖਾਵੇਗਾ ਕਿ ਕੌਣ ਉਸਦਾ ਹੈ ਅਤੇ ਕੌਣ ਪਵਿੱਤਰ ਹੈ ਅਤੇ ਕਿਸ ਨੂੰ ਉਹ ਆਪਣੇ ਨੇੜੇ ਲਿਆਵੇਗਾ। ਜਿਸ ਆਦਮੀ ਨੂੰ ਉਹ ਚੁਣਦਾ ਹੈ ਉਹ ਉਸਨੂੰ ਨੇੜੇ ਲਿਆਵੇਗਾ। 6ਇਸ ਤਰ੍ਹਾਂ ਕਰੋ, ਕੋਰਾਹ ਅਤੇ ਉਸਦੀ ਸਾਰੀ ਟੋਲੀ ਆਪਣੇ ਲਈ ਧੂਪਦਾਨ ਲਓ, 7ਅਤੇ ਕੱਲ੍ਹ ਉਹਨਾਂ ਵਿੱਚ ਬਲਦੇ ਕੋਲੇ ਅਤੇ ਧੂਪ ਨੂੰ ਯਾਹਵੇਹ ਦੇ ਅੱਗੇ ਰੱਖੋ। ਉਹ ਮਨੁੱਖ ਜਿਸ ਨੂੰ ਯਾਹਵੇਹ ਚੁਣੇਗਾ, ਉਹੀ ਪਵਿੱਤਰ ਹੋਵੇਗਾ। ਹੁਣ ਹੇ ਲੇਵੀ ਦੇ ਘਰਾਣੇ, ਤੁਸੀਂ ਬਹੁਤ ਹੰਕਾਰੀ ਹੋ ਰਹੇ ਹੋ!”
8ਮੋਸ਼ੇਹ ਨੇ ਕੋਰਾਹ ਨੂੰ ਵੀ ਆਖਿਆ, “ਹੇ ਲੇਵੀਓ, ਹੁਣ ਸੁਣੋ! 9ਕੀ ਤੁਹਾਡੇ ਲਈ ਇਹ ਕਾਫ਼ੀ ਨਹੀਂ ਹੈ ਕਿ ਇਸਰਾਏਲ ਦੇ ਪਰਮੇਸ਼ਵਰ ਨੇ ਤੁਹਾਨੂੰ ਇਸਰਾਏਲੀਆਂ ਦੇ ਬਾਕੀ ਲੋਕਾਂ ਤੋਂ ਵੱਖਰਾ ਕੀਤਾ ਹੈ ਤਾਂ ਜੋ ਉਹ ਤੁਹਾਨੂੰ ਨੇੜੇ ਲਿਆਵੇ ਕਿ ਤੁਸੀਂ ਯਾਹਵੇਹ ਦੇ ਤੰਬੂ ਵਿੱਚ ਸੇਵਾ ਕਰੋ ਅਤੇ ਮੰਡਲੀ ਦੇ ਅੱਗੇ ਖਲੋਕੇ ਉਹਨਾਂ ਦੀ ਸੇਵਾ ਕਰੋ? 10ਉਹ ਤੁਹਾਨੂੰ ਅਤੇ ਤੁਹਾਡੇ ਸਾਰੇ ਲੇਵੀਆਂ ਭਰਾਵਾਂ ਨੂੰ ਆਪਣੇ ਨੇੜੇ ਲਿਆਇਆ ਹੈ, ਪਰ ਹੁਣ ਤੁਸੀਂ ਵੀ ਜਾਜਕ ਬਣਨ ਦੀ ਕੋਸ਼ਿਸ਼ ਕਰ ਰਹੇ ਹੋ। 11ਇਸੇ ਲਈ ਤੂੰ ਅਤੇ ਤੇਰੀ ਸਾਰੀ ਟੋਲੀ ਯਾਹਵੇਹ ਦੇ ਵਿਰੁੱਧ ਇਕੱਠੀ ਹੋਈ ਹੈ। ਹਾਰੋਨ ਕੌਣ ਹੈ ਜੋ ਤੂੰ ਉਸਦੇ ਵਿਰੁੱਧ ਬੁੜ-ਬੁੜ ਕਰੇ?”
12ਤਦ ਮੋਸ਼ੇਹ ਨੇ ਅਲੀਆਬ ਦੇ ਪੁੱਤਰਾਂ ਦਾਥਾਨ ਅਤੇ ਅਬੀਰਾਮ ਨੂੰ ਸੱਦਿਆ। ਪਰ ਉਹਨਾਂ ਨੇ ਕਿਹਾ, “ਅਸੀਂ ਨਹੀਂ ਆਵਾਂਗੇ! 13ਕੀ ਇਹ ਕਾਫ਼ੀ ਨਹੀਂ ਜੋ ਤੂੰ ਸਾਨੂੰ ਇਸ ਉਜਾੜ ਵਿੱਚ ਮਾਰਨ ਲਈ ਦੁੱਧ ਅਤੇ ਸ਼ਹਿਦ ਦੇ ਵਗਦੇ ਦੇਸ਼ ਵਿੱਚੋਂ ਕੱਢ ਲਿਆਇਆ ਹੈ? ਅਤੇ ਹੁਣ ਧੱਕੇ ਨਾਲ ਸਾਡੇ ਉੱਤੇ ਆਪਣੇ ਆਪ ਨੂੰ ਰਾਜਾ ਬਣਾਈ ਬੈਠਾ ਹੈ! 14ਇਸ ਤੋਂ ਇਲਾਵਾ, ਤੂੰ ਸਾਨੂੰ ਦੁੱਧ ਅਤੇ ਸ਼ਹਿਦ ਦੇ ਵਗਦੇ ਦੇਸ਼ ਵਿੱਚ ਨਹੀਂ ਲਿਆਂਦਾ ਨਾ ਤੂੰ ਸਾਨੂੰ ਖੇਤ ਅਤੇ ਅੰਗੂਰੀ ਬਾਗਾਂ ਦਾ ਅਧਿਕਾਰ ਦਿੱਤਾ ਹੈ। ਕੀ ਤੂੰ ਇਹਨਾਂ ਬੰਦਿਆਂ ਨਾਲ ਗੁਲਾਮ ਵਰਗਾ ਸਲੂਕ ਕਰਨਾ ਚਾਹੁੰਦਾ ਹੈ? ਨਹੀਂ, ਅਸੀਂ ਨਹੀਂ ਆਵਾਂਗੇ!”
15ਤਦ ਮੋਸ਼ੇਹ ਬਹੁਤ ਗੁੱਸੇ ਵਿੱਚ ਆਇਆ ਅਤੇ ਉਸਨੇ ਯਾਹਵੇਹ ਨੂੰ ਕਿਹਾ, “ਉਹਨਾਂ ਦੀ ਭੇਟ ਨੂੰ ਸਵੀਕਾਰ ਨਾ ਕਰ। ਮੈਂ ਉਹਨਾਂ ਤੋਂ ਇੱਕ ਗਧੀ ਵੀ ਨਹੀਂ ਲਈ, ਅਤੇ ਨਾ ਹੀ ਮੈਂ ਉਹਨਾਂ ਵਿੱਚੋਂ ਕਿਸੇ ਦਾ ਬੁਰਾ ਕੀਤਾ ਹੈ।”
16ਮੋਸ਼ੇਹ ਨੇ ਕੋਰਾਹ ਨੂੰ ਆਖਿਆ, “ਤੂੰ ਅਤੇ ਤੇਰੀ ਸਾਰੀ ਟੋਲੀ ਕੱਲ ਯਾਹਵੇਹ ਦੇ ਸਾਮ੍ਹਣੇ ਪੇਸ਼ ਹੋਵੋ, ਤੂੰ ਅਤੇ ਉਹ ਅਤੇ ਹਾਰੋਨ। 17ਹਰੇਕ ਮਨੁੱਖ ਨੂੰ ਆਪਣਾ ਧੂਪਦਾਨ ਲੈ ਕੇ ਉਸ ਵਿੱਚ ਧੂਪ ਪਾਵੇ, ਕੁੱਲ ਮਿਲਾ ਕੇ 250 ਧੂਪਦਾਨ, ਤੂੰ ਵੀ ਅਤੇ ਹਾਰੋਨ ਵੀ ਹਰ ਇੱਕ ਆਪੋ ਆਪਣਾ ਧੂਪਦਾਨ ਯਾਹਵੇਹ ਅੱਗੇ ਲਿਆਵੇ।” 18ਸੋ ਉਹਨਾਂ ਵਿੱਚੋਂ ਹਰੇਕ ਨੇ ਆਪਣਾ ਧੂਪਦਾਨ ਲਿਆ ਅਤੇ ਉਸ ਵਿੱਚ ਬਲਦੇ ਕੋਲੇ ਅਤੇ ਧੂਪ ਪਾ ਕੇ ਮੋਸ਼ੇਹ ਅਤੇ ਹਾਰੋਨ ਦੇ ਨਾਲ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਉੱਤੇ ਖਲੋ ਗਏ। 19ਜਦੋਂ ਕੋਰਾਹ ਨੇ ਆਪਣੀ ਸਾਰੀ ਟੋਲੀ ਨੂੰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਉੱਤੇ ਉਹਨਾਂ ਦੇ ਵਿਰੋਧ ਵਿੱਚ ਇਕੱਠਾ ਕੀਤਾ, ਤਾਂ ਯਾਹਵੇਹ ਦਾ ਪਰਤਾਪ ਸਾਰੀ ਸਭਾ ਉੱਤੇ ਪ੍ਰਗਟ ਹੋਇਆ। 20ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਆਖਿਆ, 21“ਆਪਣੇ ਆਪ ਨੂੰ ਇਸ ਸਭਾ ਤੋਂ ਵੱਖ ਕਰੋ ਤਾਂ ਜੋ ਮੈਂ ਉਹਨਾਂ ਦਾ ਇੱਕੋ ਵਾਰੀ ਅੰਤ ਕਰ ਸਕਾਂ।”
22ਪਰ ਮੋਸ਼ੇਹ ਅਤੇ ਹਾਰੋਨ ਨੇ ਮੂੰਹ ਭਾਰ ਡਿੱਗ ਕੇ ਆਖਿਆ, “ਹੇ ਪਰਮੇਸ਼ਵਰ, ਜਿਹੜਾ ਸਭ ਜੀਵਾਂ ਨੂੰ ਸਾਹ ਦਿੰਦਾ ਹੈ, ਕੀ ਤੂੰ ਸਾਰੀ ਸਭਾ ਉੱਤੇ ਗੁੱਸੇ ਹੋਵੋਗੇ ਜਦੋਂ ਇੱਕ ਹੀ ਮਨੁੱਖ ਪਾਪ ਕਰੇ?”
23ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 24“ਸਭਾ ਨੂੰ ਆਖ, ‘ਕੋਰਾਹ, ਦਾਥਾਨ ਅਤੇ ਅਬੀਰਾਮ ਦੇ ਤੰਬੂਆਂ ਤੋਂ ਦੂਰ ਚਲੇ ਜਾਓ।’ ”
25ਮੋਸ਼ੇਹ ਉੱਠਿਆ ਅਤੇ ਦਾਥਾਨ ਅਤੇ ਅਬੀਰਾਮ ਕੋਲ ਗਏ ਅਤੇ ਇਸਰਾਏਲ ਦੇ ਬਜ਼ੁਰਗ ਉਸਦੇ ਪਿੱਛੇ-ਪਿੱਛੇ ਗਏ। 26ਉਸ ਨੇ ਸਭਾ ਨੂੰ ਚੇਤਾਵਨੀ ਦਿੱਤੀ ਅਤੇ ਕਿਹਾ, “ਇਨ੍ਹਾਂ ਦੁਸ਼ਟ ਮਨੁੱਖਾਂ ਦੇ ਤੰਬੂਆਂ ਤੋਂ ਪਿੱਛੇ ਹਟ ਜਾਓ! ਉਹਨਾਂ ਦੀ ਕਿਸੇ ਵੀ ਚੀਜ਼ ਨੂੰ ਨਾ ਛੂਹੋ, ਕਿਤੇ ਤੁਸੀਂ ਵੀ ਉਹਨਾਂ ਦੇ ਸਾਰੇ ਪਾਪਾਂ ਦੇ ਵਿੱਚ ਸਾਂਝੀ ਹੋਵੋ।” 27ਸੋ ਉਹ ਕੋਰਾਹ, ਦਾਥਾਨ ਅਤੇ ਅਬੀਰਾਮ ਦੇ ਤੰਬੂਆਂ ਤੋਂ ਦੂਰ ਚਲੇ ਗਏ। ਦਾਥਾਨ ਅਤੇ ਅਬੀਰਾਮ ਬਾਹਰ ਆ ਗਏ ਸਨ ਅਤੇ ਆਪਣੀਆਂ ਪਤਨੀਆਂ, ਬੱਚਿਆਂ ਅਤੇ ਨਿਆਣਿਆਂ ਨਾਲ ਆਪਣੇ ਤੰਬੂਆਂ ਦੇ ਦਰਵਾਜ਼ੇ ਉੱਤੇ ਖੜ੍ਹੇ ਸਨ।
28ਤਦ ਮੋਸ਼ੇਹ ਨੇ ਕਿਹਾ, “ਇਸ ਤਰ੍ਹਾਂ ਤੁਸੀਂ ਜਾਣੋਗੇ ਕਿ ਯਾਹਵੇਹ ਨੇ ਮੈਨੂੰ ਇਹ ਸਭ ਕੁਝ ਕਰਨ ਲਈ ਭੇਜਿਆ ਹੈ ਨਾ ਕਿ ਇਹ ਮੇਰਾ ਆਪਣੀ ਮਨ ਮਰਜ਼ੀ ਹੈ। 29ਜੇਕਰ ਉਹਨਾਂ ਮਨੁੱਖਾਂ ਦੀ ਮੌਤ ਸਭਨਾਂ ਮਨੁੱਖਾਂ ਦੇ ਵਾਂਗੂੰ ਹੋਵੇ ਅਤੇ ਉਹਨਾਂ ਦੀ ਸਜ਼ਾ ਸਭਨਾ ਮਨੁੱਖਾਂ ਵਾਲੀ ਹੋਵੇ, ਤਾਂ ਇਹ ਜਾਣੋ ਕਿ ਯਾਹਵੇਹ ਨੇ ਮੈਨੂੰ ਭੇਜਿਆ ਹੀ ਨਹੀਂ। 30ਪਰ ਜੇਕਰ ਯਾਹਵੇਹ ਕੋਈ ਨਵੀਂ ਚੀਜ਼ ਕਰੇ, ਅਤੇ ਧਰਤੀ ਆਪਣਾ ਮੂੰਹ ਖੋਲ੍ਹ ਕੇ ਉਹਨਾਂ ਨੂੰ ਅਤੇ ਉਹਨਾਂ ਦੀ ਸਾਰੀ ਵਸਤੂ ਨੂੰ ਨਿਗਲ ਲਵੇ, ਅਤੇ ਉਹ ਜਿਉਂਦੇ ਹੀ ਮੁਰਦਿਆਂ ਦੇ ਰਾਜ ਵਿੱਚ ਚਲੇ ਜਾਣ ਤਾਂ ਤੁਸੀਂ ਜਾਣੋ ਕਿ ਇਹਨਾਂ ਆਦਮੀਆਂ ਨੇ ਯਾਹਵੇਹ ਨਾਲ ਨਫ਼ਰਤ ਕੀਤੀ ਹੈ।”
31ਜਿਵੇਂ ਹੀ ਉਹ ਇਹ ਸਭ ਕੁਝ ਕਹਿ ਹਟਿਆ ਤਾਂ ਉਹਨਾਂ ਦੇ ਹੇਠਲੀ ਜ਼ਮੀਨ ਫੱਟ ਗਈ 32ਅਤੇ ਧਰਤੀ ਨੇ ਆਪਣਾ ਮੂੰਹ ਖੋਲ੍ਹ ਕੇ ਉਹਨਾਂ ਨੂੰ ਅਤੇ ਉਹਨਾਂ ਦੇ ਘਰਾਣਿਆਂ ਨੂੰ ਅਤੇ ਕੋਰਾਹ ਦੇ ਸਾਰੇ ਲੋਕਾਂ ਨੂੰ ਉਹਨਾਂ ਦੇ ਮਾਲ-ਧਨ ਸਮੇਤ ਨਿਗਲ ਲਿਆ। 33ਉਹ ਜਿਉਂਦੇ ਹੀ ਮੁਰਦਿਆਂ ਦੇ ਰਾਜ ਵਿੱਚ ਅਤੇ ਸਭ ਕੁਝ ਲੈ ਕੇ ਹੇਠਾਂ ਚਲੇ ਗਏ। ਧਰਤੀ ਉਹਨਾਂ ਉੱਤੇ ਬੰਦ ਹੋ ਗਈ, ਅਤੇ ਉਹ ਨਾਸ਼ ਹੋ ਗਏ ਅਤੇ ਸਮਾਜ ਵਿੱਚੋਂ ਚਲੇ ਗਏ। 34ਉਹਨਾਂ ਦੇ ਚੀਕਣ ਨਾਲ, ਆਲੇ-ਦੁਆਲੇ ਦੇ ਸਾਰੇ ਇਸਰਾਏਲੀ ਉੱਚੀ-ਉੱਚੀ ਬੋਲਦੇ ਹੋਏ ਭੱਜ ਗਏ, “ਧਰਤੀ ਸਾਨੂੰ ਵੀ ਨਿਗਲ ਜਾਵੇਗੀ!”
35ਅਤੇ ਯਾਹਵੇਹ ਵੱਲੋਂ ਅੱਗ ਨਿੱਕਲ ਕੇ ਧੂਪ ਚੜ੍ਹਾਉਣ ਵਾਲੇ 250 ਮਨੁੱਖਾਂ ਨੂੰ ਭਸਮ ਕਰ ਗਈ।
36ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 37“ਹਾਰੋਨ ਜਾਜਕ ਦੇ ਪੁੱਤਰ ਅਲਆਜ਼ਾਰ ਨੂੰ ਆਖ ਕਿ ਉਹ ਅੱਗ ਵਿੱਚੋਂ ਧੂਪ ਧੁਖਾਉਣ ਵਾਲੀਆਂ ਚੀਜ਼ਾਂ ਇਕੱਠੀਆਂ ਕਰੇ, ਕਿਉਂਕਿ ਉਹ ਪਵਿੱਤਰ ਹਨ। ਬਲਦੇ ਹੋਏ ਕੋਲਿਆਂ ਨੂੰ ਆਲੇ-ਦੁਆਲੇ ਖਿਲਾਰ ਦੇ। 38ਜਿਹਨਾਂ ਮਨੁੱਖਾਂ ਨੇ ਪਾਪ ਕਰਕੇ ਆਪਣੀ ਜਾਨ ਦਾ ਨੁਕਸਾਨ ਕੀਤਾ ਹੈ ਉਹਨਾਂ ਦੇ ਧੂਪਦਾਨ ਨੂੰ ਕੁੱਟ ਕੇ ਜਗਵੇਦੀ ਦੇ ਢੱਕਣ ਲਈ ਪੱਤਰ ਬਣਾਇਆ ਜਾਵੇ, ਕਿਉਂਕਿ ਉਹ ਯਾਹਵੇਹ ਦੇ ਅੱਗੇ ਪੇਸ਼ ਕੀਤੇ ਗਏ ਸਨ ਅਤੇ ਪਵਿੱਤਰ ਹੋ ਗਏ ਹਨ। ਉਹ ਇਸਰਾਏਲੀਆਂ ਲਈ ਇੱਕ ਨਿਸ਼ਾਨ ਹੋਵੇਗਾ।”
39ਇਸ ਲਈ ਅਲਆਜ਼ਾਰ ਜਾਜਕ ਨੇ ਉਹਨਾਂ ਪਿੱਤਲ ਦੇ ਧੂਪਦਾਨਾਂ ਨੂੰ ਇਕੱਠਾ ਕੀਤਾ ਜਿਹੜੇ ਭਸਮ ਹੋਵੇ ਮਨੁੱਖਾਂ ਨੇ ਅਰਪਣ ਕੀਤੇ ਸਨ, ਉਹਨਾਂ ਨੂੰ ਜਗਵੇਦੀ ਦੇ ਢੱਕਣ ਲਈ ਕੁੱਟਿਆ। 40ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਦੇ ਰਾਹੀਂ ਉਸਨੂੰ ਨਿਰਦੇਸ਼ ਦਿੱਤਾ ਸੀ। ਇਹ ਇਸਰਾਏਲੀਆਂ ਲਈ ਯਾਦਗਾਰੀ ਲਈ ਹੋਵੇ, ਕਿ ਜੇ ਕੋਈ ਮਨੁੱਖ ਹਾਰੋਨ ਦੀ ਅੰਸ ਦਾ ਨਾ ਹੋਵੇ, ਉਹ ਯਾਹਵੇਹ ਅੱਗੇ ਧੂਪ ਧੁਖਾਉਣ ਲਈ ਨਾ ਆਵੇ, ਅਜਿਹਾ ਨਾ ਹੋਵੇ ਕਿ ਉਹ ਵੀ ਕੋਰਾਹ ਅਤੇ ਉਸਦੀ ਟੋਲੀ ਵਾਂਗ ਨਾਸ ਹੋ ਜਾਵੇ।
41ਅਗਲੇ ਦਿਨ ਇਸਰਾਏਲ ਦੀ ਸਾਰੀ ਕੌਮ ਮੋਸ਼ੇਹ ਅਤੇ ਹਾਰੋਨ ਦੇ ਵਿਰੁੱਧ ਬੁੜਬੁੜਾਉਣ ਲੱਗੀ। ਉਹਨਾਂ ਨੇ ਕਿਹਾ, “ਤੁਸੀਂ ਯਾਹਵੇਹ ਦੇ ਲੋਕਾਂ ਨੂੰ ਮਾਰ ਦਿੱਤਾ ਹੈ।”
42ਪਰ ਜਦੋਂ ਸਭਾ ਮੋਸ਼ੇਹ ਅਤੇ ਹਾਰੋਨ ਦੇ ਵਿਰੋਧ ਵਿੱਚ ਇਕੱਠੀ ਹੋਈ ਅਤੇ ਮੰਡਲੀ ਵਾਲੇ ਤੰਬੂ ਵੱਲ ਮੁੜੀ ਤਾਂ ਅਚਾਨਕ ਬੱਦਲ ਨੇ ਉਸ ਨੂੰ ਢੱਕ ਲਿਆ ਅਤੇ ਯਾਹਵੇਹ ਦਾ ਪਰਤਾਪ ਪ੍ਰਗਟ ਹੋਇਆ। 43ਤਦ ਮੋਸ਼ੇਹ ਅਤੇ ਹਾਰੋਨ ਮੰਡਲੀ ਵਾਲੇ ਤੰਬੂ ਦੇ ਸਾਮ੍ਹਣੇ ਗਏ, 44ਅਤੇ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 45“ਇਸ ਸਭਾ ਵਿੱਚੋਂ ਦੂਰ ਹੋ ਜਾਂ ਤਾਂ ਜੋ ਮੈਂ ਇੱਕ ਵਾਰ ਵਿੱਚ ਉਹਨਾਂ ਦਾ ਅੰਤ ਕਰ ਸਕਾਂ” ਅਤੇ ਉਹ ਮੂਧੇ ਮੂੰਹ ਡਿੱਗ ਪਏ।
46ਤਦ ਮੋਸ਼ੇਹ ਨੇ ਹਾਰੋਨ ਨੂੰ ਆਖਿਆ, “ਆਪਣਾ ਧੂਪਦਾਨ ਲੈ ਅਤੇ ਉਸ ਵਿੱਚ ਜਗਵੇਦੀ ਤੋਂ ਬਲਦੇ ਕੋਲਿਆਂ ਸਮੇਤ ਧੂਪ ਪਾ ਅਤੇ ਉਹਨਾਂ ਲਈ ਪ੍ਰਾਸਚਿਤ ਕਰਨ ਲਈ ਮੰਡਲੀ ਦੇ ਕੋਲ ਜਲਦੀ ਆ। ਕਿਉਂ ਜੋ ਯਾਹਵੇਹ ਦਾ ਕ੍ਰੋਧ ਭੜਕਿਆ ਹੈ; ਅਤੇ ਬਵਾ ਸ਼ੁਰੂ ਹੋ ਗਈ ਹੈ।” 47ਤਾਂ ਹਾਰੋਨ ਨੇ ਮੋਸ਼ੇਹ ਦੇ ਕਹੇ ਅਨੁਸਾਰ ਕੀਤਾ ਅਤੇ ਸਭਾ ਦੇ ਵਿਚਕਾਰ ਭੱਜ ਗਿਆ। ਲੋਕਾਂ ਵਿੱਚ ਬਵਾ ਸ਼ੁਰੂ ਹੋ ਚੁੱਕੀ ਸੀ, ਪਰ ਹਾਰੋਨ ਨੇ ਧੂਪ ਧੁਖਾਈ ਅਤੇ ਉਹਨਾਂ ਲਈ ਪ੍ਰਾਸਚਿਤ ਕੀਤਾ। 48ਉਹ ਜਿਉਂਦਿਆਂ ਅਤੇ ਮੁਰਦਿਆਂ ਦੇ ਵਿਚਕਾਰ ਖੜ੍ਹਾ ਹੋ ਗਿਆ ਅਤੇ ਬਵਾ ਰੁਕ ਗਈ। 49ਪਰ ਕੋਰਾਹ ਦੇ ਕਾਰਨ ਮਰਨ ਵਾਲਿਆਂ ਤੋਂ ਇਲਾਵਾ 14,700 ਲੋਕ ਬਵਾ ਨਾਲ ਮਰੇ। 50ਤਦ ਹਾਰੋਨ ਮੰਡਲੀ ਵਾਲੇ ਤੰਬੂ ਦੇ ਦਰਵਾਜ਼ੇ ਉੱਤੇ ਮੋਸ਼ੇਹ ਕੋਲ ਮੁੜਿਆ ਕਿਉਂ ਜੋ ਬਵਾ ਰੁੱਕ ਗਈ ਸੀ।

Currently Selected:

ਗਿਣਤੀ 16: PCB

Highlight

Copy

Compare

Share

None

Want to have your highlights saved across all your devices? Sign up or sign in