2
ਨੀਨਵਾਹ ਦਾ ਡਿੱਗਣਾ
1ਹੇ ਨੀਨਵਾਹ, ਇੱਕ ਹਮਲਾਵਰ ਤੇਰੇ ਵਿਰੁੱਧ ਆ ਰਿਹਾ ਹੈ।
ਇਸ ਲਈ ਕਿਲ੍ਹਿਆਂ ਦੀ ਰਾਖੀ ਕਰੋ,
ਰਾਹਾਂ ਦੀ ਰਾਖੀ ਕਰੋ,
ਆਪਣੇ ਆਪ ਨੂੰ ਮਜ਼ਬੂਤ ਕਰੋ,
ਆਪਣੀ ਸਾਰੀ ਫ਼ੌਜ ਇਕੱਠੀ ਕਰੋ!
2ਯਾਹਵੇਹ ਯਾਕੋਬ ਦੀ ਸ਼ਾਨ ਨੂੰ
ਇਸਰਾਏਲ ਦੀ ਸ਼ਾਨ ਵਾਂਗ ਬਹਾਲ ਕਰੇਗਾ,
ਭਾਵੇਂ ਨਾਸ਼ ਕਰਨ ਵਾਲਿਆਂ ਨੇ ਉਨ੍ਹਾਂ ਨੂੰ ਬਰਬਾਦ ਕਰ ਦਿੱਤਾ ਹੈ
ਅਤੇ ਉਨ੍ਹਾਂ ਦੀਆਂ ਵੇਲਾਂ ਨੂੰ ਉਜਾੜ ਦਿੱਤਾ ਹੈ।
3ਸੂਰਬੀਰਾਂ ਦੀਆਂ ਢਾਲਾਂ ਲਾਲ ਹਨ;
ਸਿਪਾਹੀਆਂ ਨੇ ਲਾਲ ਰੰਗ ਦੇ ਕੱਪੜੇ ਪਹਿਨੇ ਹੋਏ ਹਨ।
ਰੱਥ ਦਾ ਲੋਹਾ ਅੱਗ ਵਾਂਗੂੰ ਚਮਕਦਾ ਹੈ
ਅਤੇ ਉਹ ਦੀ ਤਿਆਰੀ ਦੇ ਦਿਨ ਵਿੱਚ ਸਰੂ ਦੇ ਬਰਛੇ ਝੁਲਾਏ ਜਾਂਦੇ ਹਨ,
4ਰਥ ਗਲੀਆਂ ਵਿੱਚ ਦੌੜਦੇ ਹਨ,
ਚੌਕਾਂ ਵਿੱਚ ਸੋਰ ਕਰਦੇ ਹਨ।
ਉਹ ਬਲਦੀਆਂ ਮਸ਼ਾਲਾਂ ਵਾਂਗ ਦਿਖਾਈ ਦਿੰਦੇ ਹਨ;
ਉਹ ਬਿਜਲੀ ਵਾਂਗ ਚਮਕਦੇ ਹਨ।
5ਨੀਨਵਾਹ ਨੇ ਆਪਣੇ ਚੁਣੇ ਹੋਏ ਸੈਨਿਕਾਂ ਨੂੰ ਬੁਲਾਇਆ,
ਉਹ ਆਪਣੇ ਰਾਹ ਵਿੱਚ ਠੋਕਰ ਖਾਂਦੇ ਹਨ।
ਉਹ ਸ਼ਹਿਰ ਦੀ ਕੰਧ ਨਾਲ ਟਕਰਾਉਂਦੇ ਹਨ;
ਅਤੇ ਲੱਕੜ ਦਾ ਸਹਾਰਾ ਖੜ੍ਹਾ ਕੀਤਾ ਜਾਂਦਾ ਹੈ।
6ਦਰਿਆ ਦੇ ਫਾਟਕ ਖੋਲ੍ਹ ਦਿੱਤੇ ਜਾਂਦੇ ਹਨ
ਅਤੇ ਮਹਿਲ ਢਹਿ ਜਾਂਦਾ ਹੈ।
7ਇਹ ਹੁਕਮ ਹੈ ਕਿ ਨੀਨਵਾਹ ਨੂੰ
ਦੇਸ਼ ਨਿਕਾਲਾ ਦਿੱਤਾ ਜਾਵੇ ਅਤੇ ਲੈ ਜਾਇਆ ਜਾਵੇ।
ਉਸ ਦੀਆਂ ਦਾਸੀਆਂ ਕਬੂਤਰਾਂ ਵਾਂਗ ਵਿਰਲਾਪ ਕਰਦੀਆਂ ਹਨ
ਅਤੇ ਆਪਣੀਆਂ ਛਾਤੀਆਂ ਨੂੰ ਕੁੱਟਦੀਆਂ ਹਨ।
8ਨੀਨਵਾਹ ਇੱਕ ਤਲਾਬ ਵਰਗਾ ਹੈ
ਜਿਸ ਦਾ ਪਾਣੀ ਵਗ ਜਾਂਦਾ ਹੈ।
“ਰੁਕੋ! ਰੁਕੋ!” ਉਹ ਰੋਂਦੇ ਹਨ,
ਪਰ ਕੋਈ ਨਹੀਂ ਮੁੜਦਾ।
9ਚਾਂਦੀ ਲੁੱਟੋ!
ਸੋਨਾ ਲੁੱਟੋ!
ਇਸ ਦੇ ਸਾਰੇ ਖਜ਼ਾਨਿਆਂ ਵਿੱਚ
ਧਨ ਬੇਅੰਤ ਹੈ!
10ਉਹ ਖਾਲੀ, ਸੁੰਨੀ ਅਤੇ ਵਿਰਾਨ ਹੈ, ਦਿਲ ਪਿਘਲ ਜਾਂਦਾ ਹੈ,
ਗੋਡੇ ਭਿੜਦੇ ਹਨ, ਕਸ਼ਟ ਸਾਰਿਆਂ ਦੇ ਲੱਕਾਂ ਵਿੱਚ ਹੈ,
ਸਾਰਿਆਂ ਦੇ ਚਿਹਰੇ ਪੀਲੇ ਹੋ ਜਾਂਦੇ ਹਨ।
11ਹੁਣ ਕਿੱਥੇ ਹੈ ਸ਼ੇਰਾਂ ਦੀ ਗੁਫ਼ਾ,
ਉਹ ਥਾਂ ਜਿੱਥੇ ਉਹ ਆਪਣੇ ਬੱਚਿਆਂ ਨੂੰ ਖਵਾਉਂਦੇ ਸਨ,
ਜਿੱਥੇ ਸ਼ੇਰ ਅਤੇ ਸ਼ੇਰਨੀ ਜਾਂਦੇ ਸਨ,
ਅਤੇ ਉਨ੍ਹਾਂ ਬੱਚੇ ਬਿਨਾਂ ਕਿਸੇ ਡਰ ਦੇ ਰਹਿੰਦੇ ਸਨ?
12ਸ਼ੇਰ ਨੇ ਆਪਣੇ ਬੱਚਿਆਂ ਲਈ ਬਹੁਤ ਕੁਝ ਪਾੜਿਆ,
ਅਤੇ ਆਪਣੀਆਂ ਸ਼ੇਰਨੀਆਂ ਲਈ ਸ਼ਿਕਾਰ ਦਾ ਗਲ਼ ਘੁੱਟਿਆ।
ਅਤੇ ਉਹ ਆਪਣੀ ਗੁਫ਼ਾ ਨੂੰ ਮਾਰੇ ਗਏ ਜਾਨਵਰਾਂ ਨਾਲ
ਅਤੇ ਆਪਣੇ ਟਿਕਾਣਿਆਂ ਨੂੰ ਕੀਤੇ ਹੋਏ ਸ਼ਿਕਾਰ ਨਾਲ ਭਰ ਦਿੰਦਾ ਸੀ।
13“ਮੈਂ ਤੁਹਾਡੇ ਵਿਰੁੱਧ ਹਾਂ,”
ਸਰਵਸ਼ਕਤੀਮਾਨ ਯਾਹਵੇਹ ਦਾ ਵਾਕ ਹੈ।
“ਮੈਂ ਤੇਰੇ ਰਥਾਂ ਨੂੰ ਧੂੰਏਂ ਵਿੱਚ ਸਾੜ ਦਿਆਂਗਾ,
ਅਤੇ ਤਲਵਾਰ ਤੇਰੇ ਜਵਾਨ ਸ਼ੇਰਾਂ ਨੂੰ ਖਾ ਜਾਵੇਗੀ।
ਮੈਂ ਧਰਤੀ ਉੱਤੇ ਤੇਰੇ ਸ਼ਿਕਾਰ ਨੂੰ ਨਹੀਂ ਛੱਡਾਂਗਾ।
ਤੇਰੇ ਸੰਦੇਸ਼ਵਾਹਕਾਂ ਦੀਆਂ ਆਵਾਜ਼ਾਂ,
ਹੁਣ ਸੁਣੀਆਂ ਨਹੀਂ ਜਾਣਗੀਆਂ।”