8
ਯਿਸ਼ੂ ਦਾ ਚਾਰ ਹਜ਼ਾਰ ਨੂੰ ਭੋਜਨ ਖੁਆਉਣਾ
1ਉਹਨਾਂ ਦਿਨਾਂ ਵਿੱਚ ਇੱਕ ਹੋਰ ਵੱਡੀ ਭੀੜ ਇਕੱਠੀ ਹੋਈ। ਅਤੇ ਉਹਨਾਂ ਕੋਲ ਖਾਣ ਲਈ ਕੁਝ ਨਹੀਂ ਸੀ, ਯਿਸ਼ੂ ਨੇ ਆਪਣੇ ਚੇਲਿਆਂ ਨੂੰ ਕੋਲ ਬੁਲਾਇਆ ਅਤੇ ਆਖਿਆ, 2“ਮੈਨੂੰ ਇਨ੍ਹਾਂ ਲੋਕਾਂ ਉੱਤੇ ਤਰਸ ਆਉਂਦਾ ਹੈ; ਕਿਉਂ ਜੋ ਇਹ ਤਿੰਨਾਂ ਦਿਨਾਂ ਤੋਂ ਮੇਰੇ ਨਾਲ ਹਨ ਅਤੇ ਹੁਣ ਉਹਨਾਂ ਕੋਲ ਖਾਣ ਲਈ ਕੁਝ ਨਹੀਂ ਹੈ। 3ਜੇ ਮੈਂ ਉਹਨਾਂ ਨੂੰ ਭੁੱਖੇ ਘਰ ਭੇਜਦਾ ਹਾਂ, ਤਾਂ ਉਹ ਰਸਤੇ ਵਿੱਚ ਥੱਕ ਹਾਰ ਜਾਣਗੇ, ਕਿਉਂਕਿ ਉਹਨਾਂ ਵਿੱਚੋਂ ਕੁਝ ਬਹੁਤ ਦੂਰੋਂ ਆਏ ਹਨ।”
4ਯਿਸ਼ੂ ਦੇ ਚੇਲਿਆਂ ਨੇ ਉੱਤਰ ਦਿੱਤਾ, “ਪਰ ਇਸ ਉਜਾੜ ਵਿੱਚ ਇੰਨੀ ਭੀੜ ਦੇ ਖਾਣ ਲਈ ਕੋਈ ਕਿੱਥੋਂ ਭੋਜਨ ਲਿਆ ਸਕਦਾ ਹੈ ਕਿ ਉਹ ਸਭ ਖਾ ਕੇ ਰੱਜ ਜਾਣ?”
5ਯਿਸ਼ੂ ਨੇ ਉਹਨਾਂ ਨੂੰ ਪੁੱਛਿਆ, “ਤੁਹਾਡੇ ਕੋਲ ਕਿੰਨ੍ਹੀਆਂ ਰੋਟੀਆਂ ਹਨ?”
ਉਹਨਾਂ ਨੇ ਜਵਾਬ ਦਿੱਤਾ, “ਸੱਤ।”
6ਉਸਨੇ ਭੀੜ ਨੂੰ ਜ਼ਮੀਨ ਤੇ ਬੈਠਣ ਲਈ ਕਿਹਾ। ਤਦ ਉਸਨੇ ਸੱਤ ਰੋਟੀਆਂ ਲਈਆਂ ਅਤੇ ਪਰਮੇਸ਼ਵਰ ਦਾ ਧੰਨਵਾਦ ਕਰਕੇ ਤੋੜੀਆਂ। ਫਿਰ ਉਸਨੇ ਆਪਣੇ ਚੇਲਿਆਂ ਨੂੰ ਵੰਡਣ ਲਈ ਦਿੱਤੀਆਂ ਅਤੇ ਉਹਨਾਂ ਨੇ ਸਾਰਿਆਂ ਵਿੱਚ ਵੰਡ ਦਿੱਤੀਆਂ। 7ਉਹਨਾਂ ਕੋਲ ਕੁਝ ਛੋਟੀਆਂ ਮੱਛੀਆਂ ਵੀ ਸਨ; ਉਸਨੇ ਉਹਨਾਂ ਲਈ ਵੀ ਪਰਮੇਸ਼ਵਰ ਦਾ ਧੰਨਵਾਦ ਕੀਤਾ ਅਤੇ ਚੇਲਿਆਂ ਨੂੰ ਵੰਡਣ ਲਈ ਕਿਹਾ। 8ਲੋਕਾਂ ਨੇ ਭੋਜਨ ਕੀਤਾ ਅਤੇ ਰੱਜ ਗਏ। ਚੇਲਿਆਂ ਨੇ ਬਚੇ ਹੋਏ ਟੁੱਕੜਿਆ ਨਾਲ ਭਰੇ ਸੱਤ ਟੋਕਰੇ ਚੁੱਕੇ। 9ਲਗਭਗ ਚਾਰ ਹਜ਼ਾਰ ਲੋਕ ਮੌਜੂਦ ਸਨ। ਜਦੋਂ ਉਸਨੇ ਉਹਨਾਂ ਨੂੰ ਵਿਦਾ ਕੀਤਾ, 10ਤਾਂ ਉਹ ਆਪਣੇ ਚੇਲਿਆਂ ਨਾਲ ਕਿਸ਼ਤੀ ਵਿੱਚ ਚੜ੍ਹ ਗਿਆ ਅਤੇ ਦਾਲਮਨੂਥਾ ਦੇ ਇਲਾਕੇ ਵਿੱਚ ਗਿਆ।
11ਤਦ ਫ਼ਰੀਸੀ ਯਿਸ਼ੂ ਦੇ ਕੋਲ ਆਏ ਅਤੇ ਉਸ ਨੂੰ ਪੁੱਛਣ ਲੱਗੇ। ਉਸ ਦੇ ਪਰਖਣ ਲਈ, ਸਵਰਗ ਵੱਲੋਂ ਕੋਈ ਨਿਸ਼ਾਨ ਉਸ ਤੋਂ ਮੰਗ ਕੇ ਉਸ ਦੇ ਨਾਲ ਵਾਦ-ਵਿਵਾਦ ਕਰਨ ਲੱਗੇ। 12ਉਸ ਨੇ ਬੜੇ ਉਦਾਸ ਹੋ ਕੇ ਕਿਹਾ, “ਇਹ ਪੀੜ੍ਹੀ ਚਿੰਨ੍ਹ ਕਿਉਂ ਮੰਗਦੀ ਹੈ? ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਇਸ ਪੀੜ੍ਹੀ ਦੇ ਲੋਕਾਂ ਨੂੰ ਕੋਈ ਚਿੰਨ੍ਹ ਨਹੀਂ ਦਿੱਤਾ ਜਾਵੇਗਾ।” 13ਫਿਰ ਉਸਨੇ ਉਹਨਾਂ ਨੂੰ ਛੱਡ ਦਿੱਤਾ ਅਤੇ ਕਿਸ਼ਤੀ ਵਿੱਚ ਚੜ੍ਹ ਗਏ ਅਤੇ ਝੀਲ ਦੇ ਦੂਜੇ ਪਾਸੇ ਚਲੇ ਗਏ।
ਫ਼ਰੀਸੀਆਂ ਅਤੇ ਹੇਰੋਦੇਸ ਦਾ ਖ਼ਮੀਰ
14ਚੇਲੇ ਰੋਟੀ ਲਿਆਉਣਾ ਭੁੱਲ ਗਏ ਸਨ, ਉਹਨਾਂ ਦੇ ਕੋਲ ਕਿਸ਼ਤੀ ਵਿੱਚ ਸਿਰਫ ਇੱਕ ਰੋਟੀ ਸੀ। 15ਯਿਸ਼ੂ ਨੇ ਉਹਨਾਂ ਨੂੰ ਚੇਤਾਵਨੀ ਦਿੱਤੀ, “ਫ਼ਰੀਸੀਆਂ ਅਤੇ ਹੇਰੋਦੇਸ ਦੇ ਖ਼ਮੀਰ ਤੋਂ ਚੌਕਸ ਰਹੋ।”
16ਉਹਨਾਂ ਨੇ ਇਸ ਬਾਰੇ ਆਪਸ ਵਿੱਚ ਵਿਚਾਰ ਕੀਤਾ ਅਤੇ ਕਹਿਣ ਲੱਗੇ, “ਇਹ ਇਸ ਲਈ ਕਹਿ ਰਹੇ ਹਨ, ਕਿਉਂਕਿ ਸਾਡੇ ਕੋਲ ਰੋਟੀ ਨਹੀਂ ਹੈ।”
17ਉਹਨਾਂ ਦੇ ਵਿਚਾਰਾਂ ਨੂੰ ਜਾਣ ਕੇ, ਯਿਸ਼ੂ ਨੇ ਉਹਨਾਂ ਨੂੰ ਪੁੱਛਿਆ: “ਤੁਸੀਂ ਰੋਟੀ ਨਾ ਹੋਣ ਬਾਰੇ ਕਿਉਂ ਗੱਲਾਂ ਕਰਦੇ ਹੋ? ਕੀ ਤੁਸੀਂ ਹੁਣ ਤੱਕ ਨਹੀਂ ਵੇਖ ਸਕਦੇ ਜਾਂ ਸਮਝ ਨਹੀਂ ਰਹੇ? ਕੀ ਤੁਹਾਡੇ ਦਿਲ ਕਠੋਰ ਹੋ ਗਏ ਹਨ? 18ਕੀ ਤੁਸੀਂ ਅੱਖਾਂ ਹੁੰਦੇ ਹੋਏ ਵੀ ਨਹੀਂ ਦੇਖਦੇ ਅਤੇ ਕੰਨ ਹੁੰਦਿਆਂ ਨਹੀਂ ਸੁਣਦੇ? ਅਤੇ ਕੀ ਤੁਹਾਨੂੰ ਯਾਦ ਨਹੀਂ? 19ਜਦੋਂ ਮੈਂ ਪੰਜ ਰੋਟੀਆਂ ਪੰਜ ਹਜ਼ਾਰ ਲਈ ਤੋੜੀਆਂ, ਤੁਸੀਂ ਕਿੰਨੀਆਂ ਟੋਕਰੀਆਂ ਟੁੱਕੜਿਆਂ ਦੀਆਂ ਚੁੱਕੀਆਂ?”
ਉਹਨਾਂ ਨੇ ਜਵਾਬ ਦਿੱਤਾ, “ਬਾਰ੍ਹਾਂ।”
20“ਅਤੇ ਜਦੋਂ ਮੈਂ ਸੱਤ ਰੋਟੀਆਂ ਨੂੰ ਚਾਰ ਹਜ਼ਾਰ ਦੇ ਲਈ ਤੋੜਿਆ, ਤੁਸੀਂ ਕਿੰਨ੍ਹੀਆਂ ਟੋਕਰੀਆਂ ਟੁੱਕੜਿਆਂ ਦੀਆਂ ਚੁੱਕੀਆਂ?”
ਉਹਨਾਂ ਨੇ ਉੱਤਰ ਦਿੱਤਾ, “ਸੱਤ।”
21ਉਸਨੇ ਉਹਨਾਂ ਨੂੰ ਕਿਹਾ, “ਕੀ ਤੁਸੀਂ ਅਜੇ ਵੀ ਨਹੀਂ ਸਮਝਦੇ?”
ਯਿਸ਼ੂ ਦਾ ਬੈਤਸੈਦਾ ਵਿੱਚ ਇੱਕ ਅੰਨ੍ਹੇ ਆਦਮੀ ਨੂੰ ਚੰਗਾ ਕਰਨਾ
22ਯਿਸ਼ੂ ਅਤੇ ਉਹਨਾਂ ਦੇ ਚੇਲੇ ਬੈਥਸੈਦਾ ਵਿੱਚ ਆਏ ਅਤੇ ਕੁਝ ਲੋਕ ਇੱਕ ਅੰਨ੍ਹੇ ਆਦਮੀ ਨੂੰ ਉਹ ਦੇ ਕੋਲ ਲਿਆਏ ਅਤੇ ਯਿਸ਼ੂ ਨੂੰ ਬੇਨਤੀ ਕੀਤੀ ਕਿ ਉਹ ਉਸ ਨੂੰ ਛੂਹੇ। 23ਯਿਸ਼ੂ ਨੇ ਅੰਨ੍ਹੇ ਆਦਮੀ ਨੂੰ ਹੱਥ ਨਾਲ ਫੜ ਲਿਆ ਅਤੇ ਉਸਨੂੰ ਪਿੰਡ ਤੋਂ ਬਾਹਰ ਲੈ ਗਿਆ। ਉਸਨੇ ਆਦਮੀ ਦੀਆਂਂ ਅੱਖਾਂ ਉੱਤੇ ਥੁੱਕ ਕੇ ਅਤੇ ਉਸ ਉੱਪਰ ਆਪਣਾ ਹੱਥ ਰੱਖਿਆ, ਤਾਂ ਯਿਸ਼ੂ ਨੇ ਪੁੱਛਿਆ, “ਕੀ ਤੂੰ ਕੁਝ ਵੇਖ ਸਕਦਾ?”
24ਉਸਨੇ ਉੱਪਰ ਵੇਖਿਆ ਅਤੇ ਕਿਹਾ, “ਮੈਂ ਲੋਕਾਂ ਨੂੰ ਵੇਖਦਾ ਹਾਂ; ਉਹ ਰੁੱਖਾਂ ਵਾਂਗ ਲੱਗਦੇ ਹਨ।”
25ਇੱਕ ਵਾਰ ਫਿਰ ਯਿਸ਼ੂ ਨੇ ਆਦਮੀ ਦੀਆਂਂ ਅੱਖਾਂ ਉੱਤੇ ਆਪਣੇ ਹੱਥ ਰੱਖੇ। ਤਦ ਉਸ ਦੀਆਂਂ ਅੱਖਾਂ ਖੁੱਲ੍ਹ ਗਈਆਂ, ਉਸਦੀ ਨਜ਼ਰ ਬਿਲਕੁਲ ਸਹੀ ਹੋ ਗਈ ਅਤੇ ਉਹ ਸਭ ਕੁਝ ਸਾਫ਼-ਸਾਫ਼ ਵੇਖਣ ਲੱਗਾ। 26ਯਿਸ਼ੂ ਨੇ ਉਸ ਨੂੰ ਇਹ ਕਹਿ ਕੇ ਘਰ ਭੇਜਿਆ, “ਹੁਣ ਇਸ ਪਿੰਡ ਵਿੱਚ ਨਾ ਵੜੀਂ।”
ਪਤਰਸ ਦਾ ਘੋਸ਼ਣਾ ਕਰਨਾ ਕਿ ਯਿਸ਼ੂ ਹੀ ਮਸੀਹ ਹੈ
27ਯਿਸ਼ੂ ਅਤੇ ਉਸ ਦੇ ਚੇਲੇ ਕਯਸਰਿਆ ਫ਼ਿਲਿੱਪੀ ਦੇ ਪਿੰਡਾਂ ਨੂੰ ਗਏ। ਰਸਤੇ ਵਿੱਚ ਉਸਨੇ ਉਹਨਾਂ ਨੂੰ ਪੁੱਛਿਆ, “ਲੋਕ ਕੀ ਕਹਿੰਦੇ ਹਨ ਕਿ ਮੈਂ ਕੌਣ ਹਾਂ?”
28ਉਹਨਾਂ ਨੇ ਜਵਾਬ ਦਿੱਤਾ, “ਕੋਈ ਤੁਹਾਨੂੰ ਯੋਹਨ ਬਪਤਿਸਮਾ ਦੇਣ ਵਾਲਾ ਕਹਿੰਦੇ ਹਨ; ਅਤੇ ਕੋਈ ਏਲੀਯਾਹ; ਅਤੇ ਕੁਝ ਕਹਿੰਦੇ ਹਨ, ਨਬੀਆਂ ਵਿੱਚੋਂ ਕੋਈ ਇੱਕ।”
29ਪਰ ਤੁਹਾਡੇ ਬਾਰੇ ਕੀ, “ਉਸਨੇ ਪੁੱਛਿਆ ਤੁਸੀਂ ਮੈਨੂੰ ਕੀ ਕਹਿੰਦੇ ਹੋ ਕਿ ਮੈਂ ਕੌਣ ਹਾਂ?”
ਪਤਰਸ ਨੇ ਉੱਤਰ ਦਿੱਤਾ, “ਤੁਸੀਂ ਮਸੀਹਾ ਹੋ।”
30ਯਿਸ਼ੂ ਨੇ ਉਹਨਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਉਸ ਬਾਰੇ ਕਿਸੇ ਨੂੰ ਨਾ ਦੱਸਣ।
ਯਿਸ਼ੂ ਨੇ ਆਪਣੀ ਮੌਤ ਦੀ ਭਵਿੱਖਬਾਣੀ ਕੀਤੀ
31ਤਦ ਯਿਸ਼ੂ ਆਪਣੇ ਚੇਲਿਆਂ ਨੂੰ ਸਿਖਾਉਣ ਲੱਗਾ ਇਹ ਨਿਸ਼ਚਤ ਹੈ ਕਿ ਮਨੁੱਖ ਦਾ ਪੁੱਤਰ ਬਹੁਤ ਸਾਰੇ ਦੁੱਖ ਝੱਲੇ ਅਤੇ ਉੱਥੇ ਬਜ਼ੁਰਗਾਂ, ਮੁੱਖ ਜਾਜਕਾਂ ਅਤੇ ਨੇਮ ਦੇ ਉਪਦੇਸ਼ਕਾਂ ਦੁਆਰਾ ਰੱਦਿਆ ਜਾਵੇ ਅਤੇ ਉਸਨੂੰ ਮਾਰ ਦਿੱਤਾ ਜਾਵੇ ਅਤੇ ਤੀਸਰੇ ਦਿਨ ਫਿਰ ਜੀ ਉੱਠੇ। 32ਉਸਨੇ ਇਸ ਬਾਰੇ ਸਪੱਸ਼ਟ ਤੌਰ ਤੇ ਗੱਲ ਕੀਤੀ ਅਤੇ ਇਸ ਤੇ ਪਤਰਸ ਉਸਨੂੰ ਇੱਕ ਪਾਸੇ ਲੈ ਗਿਆ ਅਤੇ ਉਸ ਨੂੰ ਝਿੜਕਣ ਲੱਗਾ।
33ਪਰ ਜਦੋਂ ਯਿਸ਼ੂ ਮੁੜੇ ਅਤੇ ਆਪਣੇ ਚੇਲਿਆਂ ਵੱਲ ਵੇਖਿਆ ਤਾਂ ਉਹਨਾਂ ਨੇ ਪਤਰਸ ਨੂੰ ਝਿੜਕ ਕੇ ਕਿਹਾ। “ਹੇ ਸ਼ੈਤਾਨ ਮੇਰੇ ਤੋਂ ਪਿੱਛੇ ਹੱਟ ਜਾ! ਤੂੰ ਪਰਮੇਸ਼ਵਰ ਦੀਆਂਂ ਗੱਲਾਂ ਤੇ ਨਹੀਂ ਪਰ ਮਨੁੱਖਾਂ ਦੀਆਂ ਗੱਲਾਂ ਵੱਲ ਧਿਆਨ ਰੱਖਦਾ ਹੈ।”
ਸਲੀਬ ਦਾ ਰਾਹ
34ਤਦ ਉਸਨੇ ਆਪਣੇ ਚੇਲਿਆਂ ਸਮੇਤ ਭੀੜ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ: “ਜੇ ਕੋਈ ਮੇਰੇ ਪਿੱਛੇ ਆਉਣਾ ਚਾਹੁੰਦਾ ਹੈ, ਉਹ ਆਪਣੇ ਆਪ ਦਾ ਇਨਕਾਰ ਕਰੇ ਅਤੇ ਆਪਣੀ ਸਲੀਬ ਚੁੱਕ ਕੇ ਮੇਰੇ ਮਗਰ ਹੋ ਲਵੇ। 35ਕਿਉਂਕਿ ਜੋ ਕੋਈ ਆਪਣੀ ਜਾਨ ਬਚਾਉਣਾ ਚਾਹੁੰਦਾ ਹੈ ਉਹ ਇਸ ਨੂੰ ਗੁਆ ਦੇਵੇਗਾ, ਪਰ ਜੋ ਕੋਈ ਮੇਰੇ ਲਈ ਅਤੇ ਖੁਸ਼ਖ਼ਬਰੀ ਦੇ ਲਈ ਆਪਣੀ ਜਾਨ ਗੁਆ ਦਿੰਦਾ ਹੈ ਉਹ ਉਸਨੂੰ ਬਚਾ ਲਵੇਗਾ। 36ਮਨੁੱਖ ਨੂੰ ਕੀ ਲਾਭ ਜੇ ਉਹ ਸਾਰੇ ਸੰਸਾਰ ਨੂੰ ਪ੍ਰਾਪਤ ਕਰ ਲਵੇ, ਪਰ ਆਪਣੀ ਜਾਨ ਨੂੰ ਗੁਆ ਦੇਵੇ? 37ਜਾਂ ਕੋਈ ਆਪਣੀ ਜਾਨ ਦੇ ਬਦਲੇ ਕੀ ਦੇ ਸਕਦਾ ਹੈ? 38ਕਿਉਂਕਿ ਜੋ ਕੋਈ ਇਸ ਵਿਭਚਾਰੀ#8:38 ਵਿਭਚਾਰੀ ਮਤਲਬ ਗੱਦਾਰ, ਬੇਵਫ਼ਾ ਲੋਕ ਅਤੇ ਪਾਪੀ ਪੀੜ੍ਹੀ ਦੇ ਲੋਕਾਂ ਵਿੱਚ ਮੇਰੇ ਕੋਲੋਂ ਅਤੇ ਮੇਰਿਆ ਬਚਨਾਂ ਤੋਂ ਸ਼ਰਮਾਏਗਾ, ਮਨੁੱਖ ਦਾ ਪੁੱਤਰ ਵੀ ਉਸ ਤੋਂ ਸ਼ਰਮਾਏਗਾ ਜਿਸ ਵੇਲੇ ਉਹ ਆਪਣੇ ਪਿਤਾ ਦੀ ਮਹਿਮਾ ਨਾਲ ਪਵਿੱਤਰ ਦੂਤਾਂ ਸਣੇ ਆਵੇਗਾ।”