3
ਯਿਸ਼ੂ ਦਾ ਸਬਤ ਦੇ ਦਿਨ ਸੁੱਕੇ ਹੱਥ ਵਾਲੇ ਨੂੰ ਚੰਗਾ ਕਰਨਾ
1ਇੱਕ ਵਾਰ ਫਿਰ ਯਿਸ਼ੂ ਪ੍ਰਾਰਥਨਾ ਸਥਾਨ ਵਿੱਚ ਗਏ ਅਤੇ ਉੱਥੇ ਇੱਕ ਆਦਮੀ ਮੌਜੂਦ ਸੀ, ਜਿਸ ਦਾ ਹੱਥ ਸੁੱਕਿਆ ਹੋਇਆ ਸੀ। 2ਉਹਨਾਂ ਵਿੱਚੋਂ ਕਈ ਯਿਸ਼ੂ ਉੱਤੇ ਦੋਸ਼ ਲਾਉਣ ਦਾ ਕਾਰਣ ਲੱਭਣ ਵਾਸਤੇ, ਯਿਸ਼ੂ ਨੂੰ ਨੇੜਿਓ ਜਾਂਚਣ ਲੱਗੇ ਕੀ ਯਿਸ਼ੂ ਸਬਤ ਦੇ ਦਿਨ#3:2 ਸਬਤ ਦੇ ਦਿਨ ਅਰਥਾਤ ਹਫ਼ਤੇ ਦਾ ਸਤਵਾਂ ਦਿਨ ਜੋ ਅਰਾਮ ਕਰਨ ਦਾ ਪਵਿੱਤਰ ਦਿਨ ਹੈ ਉਸਨੂੰ ਚੰਗਾ ਕਰਦਾ ਹੈ ਕਿ ਨਹੀਂ। 3ਯਿਸ਼ੂ ਨੇ ਉਸ ਸੁੱਕੇ ਹੱਥ ਵਾਲੇ ਆਦਮੀ ਨੂੰ ਕਿਹਾ, “ਸਾਰਿਆਂ ਦੇ ਸਾਮ੍ਹਣੇ ਖੜ੍ਹਾ ਹੋ।”
4ਤਦ ਯਿਸ਼ੂ ਨੇ ਉਹਨਾਂ ਨੂੰ ਪੁੱਛਿਆ, “ਸਬਤ ਦੇ ਦਿਨ ਕੀ ਕਰਨਾ ਸਹੀ ਹੈ, ਭਲਿਆਈ ਜਾਂ ਬੁਰਾਈ, ਜਾਨ ਬਚਾਉਣਾ ਜਾਂ ਜਾਨ ਨੂੰ ਮਾਰਨਾ?” ਪਰ ਉਹ ਸਾਰੇ ਚੁੱਪ ਹੀ ਰਹੇ।
5ਯਿਸ਼ੂ ਨੇ ਗੁੱਸੇ ਵਿੱਚ ਉਹਨਾਂ ਵੱਲ ਵੇਖਿਆ ਅਤੇ ਉਨ੍ਹਾਂ ਦੇ ਜ਼ਿੱਦੀ ਦਿਲਾਂ ਤੇ ਦੁਖੀ ਹੋ ਕੇ ਉਸ ਆਦਮੀ ਨੂੰ ਕਿਹਾ, “ਆਪਣਾ ਹੱਥ ਵਧਾ।” ਉਸਨੇ ਆਪਣਾ ਹੱਥ ਵਧਾਇਆ ਅਤੇ ਉਸਦਾ ਹੱਥ ਪੂਰੀ ਤਰ੍ਹਾਂ ਚੰਗਾ ਹੋ ਗਿਆ। 6ਤਦ ਫ਼ਰੀਸੀ ਬਾਹਰ ਚਲੇ ਗਏ ਅਤੇ ਹੇਰੋਦੀਆਂ ਦੇ ਨਾਲ ਯਿਸ਼ੂ ਨੂੰ ਮਾਰਨ ਦੀਆਂਂ ਯੋਜਨਾ ਬਣਾਉਣ ਲੱਗੇ।
ਇੱਕ ਵੱਡੀ ਭੀੜ ਯਿਸ਼ੂ ਦੇ ਪਿੱਛੇ
7ਯਿਸ਼ੂ ਆਪਣੇ ਚੇਲਿਆਂ ਦੇ ਨਾਲ ਗਲੀਲ ਦੀ ਝੀਲ ਦੇ ਕੋਲ ਚਲੇ ਗਏ ਅਤੇ ਯਹੂਦਿਯਾ ਅਤੇ ਗਲੀਲ ਤੋਂ ਇੱਕ ਵੱਡੀ ਭੀੜ ਉਹਨਾਂ ਦੇ ਪਿੱਛੇ ਆਈ। 8ਜਦੋਂ ਯਿਸ਼ੂ ਦੇ ਵੱਡੇ-ਵੱਡੇ ਕੰਮਾਂ ਦਾ ਵਰਣਨ ਉਹਨਾਂ ਨੇ ਸੁਣਿਆ ਯਹੂਦਿਯਾ ਪ੍ਰਦੇਸ਼, ਯੇਰੂਸ਼ਲੇਮ ਨਗਰ, ਇਦੂਮਿਆ ਪ੍ਰਦੇਸ਼, ਤੇ ਯਰਦਨ ਨਦੀ ਦੇ ਪਾਰ ਦੇ ਖੇਤਰਾਂ ਅਤੇ ਸੋਰ ਅਤੇ ਸਿਦੋਨ ਵੱਲੋਂ ਵੀ ਅਨੇਕਾਂ ਲੋਕ ਇਸ ਭੀੜ ਵਿੱਚ ਸ਼ਾਮਲ ਹੋ ਗਏ ਸਨ। 9ਭੀੜ ਕਾਰਨ ਯਿਸ਼ੂ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਉਹ ਉਸ ਲਈ ਇੱਕ ਛੋਟੀ ਜਿਹੀ ਕਿਸ਼ਤੀ ਤਿਆਰ ਕਰਨ ਤਾਂ ਜੋ ਭੀੜ ਉਹਨਾਂ ਨੂੰ ਦਬਾ ਨਾ ਲਵੇ। 10ਯਿਸ਼ੂ ਨੇ ਅਨੇਕਾਂ ਨੂੰ ਚੰਗਾ ਕੀਤਾ ਸੀ, ਇਸ ਕਾਰਨ ਸਾਰੇ ਜੋ ਰੋਗੀ ਸਨ, ਉਹ ਉਸ ਨੂੰ ਸਿਰਫ ਛੂਹਣ ਲਈ ਉਸ ਉੱਤੇ ਡਿੱਗਦੇ ਜਾਂਦੇ ਸਨ। 11ਜਦੋਂ ਕਦੇ ਦੁਸ਼ਟ ਆਤਮਾਵਾਂ ਉਹਨਾਂ ਦੇ ਸਾਹਮਣੇ ਆਉਂਦੀ ਸੀ, ਉਹ ਉਹਨਾਂ ਦੇ ਸਾਹਮਣੇ ਡਿੱਗ ਕੇ ਚੀਖ-ਚੀਖ ਕੇ ਕਹਿੰਦੀਆਂ ਸੀ, “ਤੁਸੀਂ ਪਰਮੇਸ਼ਵਰ ਦੇ ਪੁੱਤਰ ਹੋ!” 12ਪਰ ਯਿਸ਼ੂ ਨੇ ਉਹਨਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਇਸ ਬਾਰੇ ਕਿਸੇ ਨੂੰ ਨਾ ਦੱਸਣ।
ਬਾਰਾਂ ਚੇਲਿਆਂ ਦੀ ਚੋਣ
13ਇਸ ਦੇ ਬਾਅਦ ਯਿਸ਼ੂ ਪਹਾੜ ਉੱਤੇ ਚਲੇ ਗਏ ਅਤੇ ਜਿਨ੍ਹਾਂ ਨੂੰ ਉਹ ਆਪ ਚਾਹੁੰਦਾ ਸੀ, ਉੱਥੇ ਉਹ ਨੇ ਉਹਨਾਂ ਨੂੰ ਆਪਣੇ ਕੋਲ ਬੁਲਾਇਆ, ਉਹ ਉਸ ਦੇ ਕੋਲ ਆਏ। 14ਯਿਸ਼ੂ ਨੇ ਬਾਰਾਂ ਨੂੰ ਚੁਣਿਆ#3:14 ਕੁਝ ਪੁਰਾਣਿਆਂ ਲਿੱਖਤਾਂ ਬਾਰ੍ਹਾਂ ਰਸੂਲ ਠਹਿਰਨ ਕਿ ਉਹ ਉਹਨਾਂ ਦੇ ਨਾਲ ਰਹਿਣ ਅਤੇ ਉਹ ਉਹਨਾਂ ਨੂੰ ਪ੍ਰਚਾਰ ਕਰਨ ਲਈ ਭੇਜ ਸਕਣ 15ਅਤੇ ਉਹਨਾਂ ਨੂੰ ਦੁਸ਼ਟ ਆਤਮਾ ਕੱਢਣ ਦਾ ਅਧਿਕਾਰ ਦਿੱਤਾ।
16ਯਿਸ਼ੂ ਦੁਆਰਾ ਚੁਣੇ ਹੋਏ ਬਾਰ੍ਹਾਂ ਦੇ ਨਾਮ ਇਸ ਪ੍ਰਕਾਰ ਹਨ:
ਸ਼ਿਮਓਨ (ਜਿਸ ਨੂੰ ਯਿਸ਼ੂ ਨੇ ਪਤਰਸ ਨਾਮ ਦਿੱਤਾ),
17ਜ਼ਬਦੀ ਦਾ ਪੁੱਤਰ ਯਾਕੋਬ ਅਤੇ ਉਸ ਦਾ ਭਰਾ ਯੋਹਨ, ਜਿਨ੍ਹਾਂ ਨੂੰ ਉਹ ਨੇ ਬੋਏਨੇਰਗੇਸ ਨਾਮ ਦਿੱਤਾ ਸੀ, ਜਿਸਦਾ ਮਤਲਬ ਹੁੰਦਾ ਹੈ, “ਗਰਜਣ ਦੇ ਪੁੱਤਰ,”
18ਆਂਦਰੇਯਾਸ,
ਫਿਲਿੱਪਾਸ,
ਬਾਰਥੋਲੋਮੇਯਾਸ,
ਮੱਤੀਯਾਹ,
ਥੋਮਸ,
ਹਲਫੇਯਾਸ ਦਾ ਪੁੱਤਰ ਯਾਕੋਬ,
ਥੱਦੇਇਯਾਸ,
ਸ਼ਿਮਓਨ ਕਨਾਨੀ
19ਅਤੇ ਯਹੂਦਾ ਇਸਕਾਰਿਯੋਤ ਵਾਸੀ ਯਹੂਦਾਹ, ਜਿਸ ਨੇ ਬਾਅਦ ਵਿੱਚ ਯਿਸ਼ੂ ਦੇ ਨਾਲ ਧੋਖਾ ਕੀਤਾ ਸੀ।
ਯਿਸ਼ੂ ਉੱਤੇ ਆਪਣੇ ਪਰਿਵਾਰ ਅਤੇ ਸ਼ਾਸਤਰੀਆਂ ਦੁਆਰਾ ਇਲਜ਼ਾਮ
20ਜਦੋਂ ਯਿਸ਼ੂ ਕਿਸੇ ਦੇ ਘਰ ਵਿੱਚ ਸਨ ਤਾਂ ਮੁੜ ਇੱਕ ਵੱਡੀ ਭੀੜ ਉੱਥੇ ਇਕੱਠੀ ਹੋ ਗਈ, ਇੱਥੋਂ ਤੱਕ ਕਿ ਯਿਸ਼ੂ ਅਤੇ ਉਹ ਦੇ ਚੇਲਿਆਂ ਦੇ ਲਈ ਭੋਜਨ ਕਰਨਾ ਵੀ ਅਸੰਭਵ ਹੋ ਗਿਆ। 21ਜਦੋਂ ਯਿਸ਼ੂ ਦੇ ਪਰਿਵਾਰ ਨੇ ਇਸ ਬਾਰੇ ਸੁਣਿਆ ਤਾਂ ਉਹ ਯਿਸ਼ੂ ਨੂੰ ਆਪਣੀ ਹਿਫਾਜ਼ਤ ਵਿੱਚ ਆਪਣੇ ਨਾਲ ਲੈ ਜਾਣ ਲਈ ਉੱਥੇ ਆ ਗਏ ਕਿਉਂਕਿ ਉਹਨਾਂ ਦਾ ਵਿਚਾਰ ਸੀ, “ਕਿ ਯਿਸ਼ੂ ਆਪਣੇ ਆਪੇ ਤੋਂ ਬਾਹਰ ਹੋ ਗਏ ਹਨ।”
22ਯੇਰੂਸ਼ਲੇਮ ਨਗਰ ਵੱਲੋਂ ਉੱਥੇ ਆਏ ਹੋਏ ਧਰਮ ਦੇ ਉਪਦੇਸ਼ਕਾਂ ਨੇ ਕਿਹਾ, “ਯਿਸ਼ੂ ਵਿੱਚ ਬੇਲਜ਼ਬੂਲ#3:22 ਬੇਲਜ਼ਬੂਲ ਮਤਲਬ ਸ਼ੈਤਾਨ ਸਮਾਇਆ ਹੋਇਆ ਹੈ ਅਤੇ ਇਹ ਭੂਤਾਂ ਦੇ ਸਰਦਾਰ ਬੇਲਜ਼ਬੂਲ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹੈ।”
23ਇਸ ਉੱਤੇ ਯਿਸ਼ੂ ਨੇ ਉਹਨਾਂ ਨੂੰ ਆਪਣੇ ਕੋਲ ਸੱਦ ਕੇ ਉਹਨਾਂ ਨੂੰ ਦ੍ਰਿਸ਼ਟਾਂਤ ਵਿੱਚ ਕਹਿਣਾ ਸ਼ੁਰੂ ਕੀਤਾ, “ਭਲਾ ਸ਼ੈਤਾਨ ਹੀ ਸ਼ੈਤਾਨ ਨੂੰ ਕਿਵੇਂ ਕੱਢ ਸਕਦਾ ਹੈ? 24ਜੇ ਕਿਸੇ ਰਾਜ ਵਿੱਚ ਫੁੱਟ ਪੈ ਜਾਵੇ ਤਾਂ ਉਹ ਰਾਜ ਬਣਿਆ ਨਹੀਂ ਰਹਿ ਸਕਦਾ। 25ਉਸੇ ਤਰ੍ਹਾਂ ਹੀ ਜੇ ਕਿਸੇ ਘਰ ਵਿੱਚ ਫੁੱਟ ਪੈ ਜਾਵੇ ਤਾਂ ਉਹ ਘਰ ਬਣਿਆ ਨਹੀਂ ਰਹਿੰਦਾ। 26ਅਤੇ ਜੇ ਸ਼ੈਤਾਨ ਆਪਣੇ ਹੀ ਵਿਰੁੱਧ ਉੱਠ ਕੇ ਵਿਰੋਧ ਕਰੇ ਅਤੇ ਉਸ ਵਿੱਚ ਹੀ ਫੁੱਟ ਪੈ ਜਾਵੇਗੀ, ਤਾਂ ਉਹ ਨਹੀਂ ਬਚ ਸਕਦਾ; ਉਸ ਦਾ ਅੰਤ ਆ ਗਿਆ ਹੈ। 27ਕੋਈ ਵੀ ਕਿਸੇ ਤਾਕਤਵਰ ਆਦਮੀ ਦੇ ਘਰ ਜ਼ਬਰਦਸਤੀ ਪਰਵੇਸ਼ ਕਰਕੇ ਉਸਦੀ ਸੰਪਤੀ ਉਸ ਸਮੇਂ ਤੱਕ ਨਹੀਂ ਲੁੱਟ ਸਕਦਾ ਜਦੋਂ ਤੱਕ ਉਹ ਉਸ ਤਾਕਤਵਰ ਆਦਮੀ ਨੂੰ ਬੰਨ੍ਹ ਨਾ ਲਵੇ। ਫਿਰ ਹੀ ਉਹ ਉਸ ਤਾਕਤਵਰ ਆਦਮੀ ਦੀ ਸੰਪਤੀ ਲੁੱਟ ਸਕੇਗਾ। 28ਮੈਂ ਤੁਹਾਨੂੰ ਸੱਚ ਆਖਦਾ ਹਾਂ: ਮਨੁੱਖ ਦੁਆਰਾ ਕੀਤੇ ਗਏ ਸਾਰੇ ਪਾਪ ਅਤੇ ਨਿੰਦਿਆ ਮਾਫ਼ ਕੀਤੇ ਜਾ ਸਕਦੇ ਹਨ। 29ਪਰ ਪਵਿੱਤਰ ਆਤਮਾ ਦੇ ਵਿਰੁੱਧ ਕੀਤੀ ਗਈ ਨਿੰਦਿਆ ਕਿਸੇ ਵੀ ਪ੍ਰਕਾਰ ਮਾਫ਼ੀ ਦੇ ਯੋਗ ਨਹੀਂ ਹੈ। ਉਹ ਵਿਅਕਤੀ ਅਨੰਤ ਪਾਪ ਦਾ ਦੋਸ਼ੀ ਹੈ।”
30ਯਿਸ਼ੂ ਨੇ ਇਹ ਸਭ ਇਸ ਲਈ ਕਿਹਾ ਸੀ ਕਿਉਂਕਿ ਸ਼ਾਸਤਰੀਆਂ ਨੇ ਉਹਨਾਂ ਉੱਤੇ ਦੋਸ਼ ਲਗਾਇਆ ਸੀ, “ਕਿ ਯਿਸ਼ੂ ਵਿੱਚ ਦੁਸ਼ਟ ਆਤਮਾ ਸਮਾਇਆ ਹੋਈਆ।”
31ਉਦੋਂ ਯਿਸ਼ੂ ਦੀ ਮਾਤਾ ਅਤੇ ਉਹ ਦੇ ਭਰਾ ਉੱਥੇ ਆ ਗਏ। ਉਹ ਬਾਹਰ ਹੀ ਖੜ੍ਹੇ ਰਹੇ। ਉਹਨਾਂ ਨੇ ਸੁਨੇਹਾ ਭੇਜ ਕੇ ਯਿਸ਼ੂ ਨੂੰ ਬਾਹਰ ਬੁਲਵਾਇਆ। 32ਭੀੜ ਉਹਨਾਂ ਨੂੰ ਘੇਰੇ ਹੋਏ ਬੈਠੀ ਸੀ ਅਤੇ ਉਹਨਾਂ ਨੇ ਯਿਸ਼ੂ ਨੂੰ ਦੱਸਿਆ, “ਉਹ ਵੇਖੋ! ਤੁਹਾਡੀ ਮਾਤਾ ਅਤੇ ਤੁਹਾਡੇ ਭਰਾ ਬਾਹਰ ਤੁਹਾਡੀ ਤਲਾਸ਼ ਕਰ ਰਹੇ ਹਨ।”
33ਯਿਸ਼ੂ ਨੇ ਪੁੱਛਿਆ, “ਮੇਰੀ ਮਾਤਾ ਅਤੇ ਮੇਰੇ ਭਰਾ ਕੌਣ ਹਨ?”
34ਤਦ ਆਪਣੇ ਆਲੇ-ਦੁਆਲੇ ਬੈਠੀ ਭੀੜ ਉੱਤੇ ਆਪਣੀ ਨਜ਼ਰ ਪਾਉਂਦੇ ਹੋਏ ਉਸ ਨੇ ਕਿਹਾ, “ਇਹ ਵੇਖੋ ਮੇਰੀ ਮਾਤਾ ਅਤੇ ਮੇਰੇ ਭਰਾ ਇਹ ਹਨ! 35ਜੋ ਕੋਈ ਪਰਮੇਸ਼ਵਰ ਦੀ ਇੱਛਾ ਨੂੰ ਪੂਰੀ ਕਰਦਾ ਹੈ, ਉਹੀ ਮੇਰਾ ਭਰਾ ਅਤੇ ਭੈਣ ਅਤੇ ਮਾਤਾ ਹੈ।”