YouVersion Logo
Search Icon

ਮਾਰਕਸ 12

12
ਦੁਸ਼ਟ ਕਿਸਾਨਾਂ ਦਾ ਦ੍ਰਿਸ਼ਟਾਂਤ
1ਤਦ ਯਿਸ਼ੂ ਉਹਨਾਂ ਨਾਲ ਦ੍ਰਿਸ਼ਟਾਂਤਾਂ ਵਿੱਚ ਗੱਲ ਕਰਨ ਲੱਗੇ: “ਇੱਕ ਆਦਮੀ ਨੇ ਅੰਗੂਰੀ ਬਾਗ਼ ਲਾਇਆ। ਉਸਨੇ ਇਸਦੇ ਚਾਰ-ਚੁਫੇਰੇ ਇੱਕ ਕੰਧ ਕੀਤੀ, ਦਾਖਰਸ ਵਾਸਤੇ ਇੱਕ ਟੋਇਆ ਪੁੱਟਿਆ ਅਤੇ ਇੱਕ ਪਹਿਰਾਬੁਰਜ ਬਣਾਇਆ। ਫਿਰ ਉਸਨੇ ਅੰਗੂਰੀ ਬਾਗ਼ ਕੁਝ ਕਿਸਾਨਾਂ ਨੂੰ ਕਿਰਾਏ ਤੇ ਦੇ ਦਿੱਤਾ ਅਤੇ ਆਪ ਕਿਸੇ ਹੋਰ ਜਗ੍ਹਾ ਚਲਾ ਗਿਆ। 2ਵਾਢੀ ਵੇਲੇ ਉਸਨੇ ਇੱਕ ਨੌਕਰ ਨੂੰ ਉਸ ਕਿਰਾਏਦਾਰ ਕੋਲ ਭੇਜਿਆ ਤਾਂ ਜੋ ਬਾਗ਼ ਦੇ ਫ਼ਲਾਂ ਵਿੱਚੋਂ ਕੁਝ ਇਕੱਠਾ ਕਰੇ। 3ਪਰ ਕਿਰਾਏਦਾਰਾਂ ਨੇ ਉਸ ਨੂੰ ਫੜ ਲਿਆ, ਕੁੱਟਿਆ ਅਤੇ ਖਾਲੀ ਹੱਥ ਭੇਜ ਦਿੱਤਾ। 4ਫਿਰ ਉਸਨੇ ਇੱਕ ਹੋਰ ਨੌਕਰ ਉਹਨਾਂ ਕੋਲ ਭੇਜਿਆ; ਉਹਨਾਂ ਨੇ ਇਸ ਆਦਮੀ ਦੇ ਸਿਰ ਤੇ ਸੋਟਾ ਮਾਰਿਆ ਅਤੇ ਉਸ ਨਾਲ ਸ਼ਰਮਨਾਕ ਸਲੂਕ ਕੀਤਾ। 5ਉਸਨੇ ਇੱਕ ਹੋਰ ਆਦਮੀ ਭੇਜਿਆ, ਜਿਸ ਨੂੰ ਉਹਨਾਂ ਮਾਰ ਦਿੱਤਾ। ਉਸਨੇ ਹੋਰ ਬਹੁਤ ਸਾਰੇ ਲੋਕਾਂ ਨੂੰ ਭੇਜਿਆ; ਉਹਨਾਂ ਵਿੱਚੋਂ ਕੁਝ ਨੂੰ ਕੁੱਟਿਆ, ਕੁਝ ਨੂੰ ਮਾਰ ਦਿੱਤਾ।
6“ਉਸ ਕੋਲ ਹੁਣ ਭੇਜਣ ਲਈ ਇੱਕ ਇੱਕਲੌਤਾ ਪੁੱਤਰ ਰਹਿ ਗਿਆ ਸੀ, ਜਿਸ ਨੂੰ ਉਹ ਪਿਆਰ ਕਰਦਾ ਸੀ। ਅੰਤ ਵਿੱਚ ਉਸ ਨੇ ਉਸ ਨੂੰ ਇਹ ਸੋਚ ਕੇ ਭੇਜਿਆ ਕਿ, ‘ਉਹ ਮੇਰੇ ਪੁੱਤਰ ਦਾ ਆਦਰ ਕਰਨਗੇ।’
7“ਪਰ ਕਿਰਾਏਦਾਰਾਂ ਨੇ ਇੱਕ ਦੂਸਰੇ ਨੂੰ ਕਿਹਾ, ‘ਇਹ ਵਾਰਸ ਹੈ। ਆਓ, ਉਸਨੂੰ ਮਾਰ ਦੇਈਏ, ਅਤੇ ਵਿਰਾਸਤ ਸਾਡੀ ਹੋ ਜਾਵੇਗੀ।’ 8ਤਾਂ ਉਹਨਾਂ ਉਸਨੂੰ ਫੜ ਲਿਆ ਅਤੇ ਬਾਗ਼ ਵਿੱਚੋਂ ਬਾਹਰ ਕੱਢ ਕੇ ਉਸਨੂੰ ਮਾਰ ਸੁੱਟਿਆ।
9“ਤਾਂ ਹੁਣ ਬਾਗ਼ ਦਾ ਮਾਲਕ ਕੀ ਕਰੇਂਗਾ? ਉਹ ਆਵੇਗਾ ਅਤੇ ਉਹਨਾਂ ਕਿਰਾਏਦਾਰਾਂ ਨੂੰ ਮਾਰ ਦੇਵੇਗਾ ਅਤੇ ਅੰਗੂਰਾਂ ਦਾ ਬਾਗ਼ ਕਿਸੇ ਦੂਸਰੇ ਨੂੰ ਦੇ ਦੇਵੇਗਾ। 10ਕੀ ਤੁਸੀਂ ਬਚਨ ਦੇ ਇਸ ਹਵਾਲੇ ਨੂੰ ਨਹੀਂ ਪੜ੍ਹਿਆ:
“ ‘ਜਿਸ ਪੱਥਰ ਨੂੰ ਰਾਜ ਮਿਸਤਰੀਆਂ ਨੇ ਰੱਦ ਕੀਤਾ ਸੀ,
ਉਹੀ ਖੂੰਜੇ ਦਾ ਪੱਥਰ ਬਣ ਗਿਆ;
11ਇਹ ਸਭ ਪ੍ਰਭੂ ਦੇ ਵੱਲੋਂ ਹੋਇਆ,
ਅਤੇ ਇਹ ਸਾਡੀ ਨਜ਼ਰ ਵਿੱਚ ਅਦਭੁਤ ਹੈ?’ ”#12:11 ਜ਼ਬੂ 118:22-23
12ਤਦ ਮੁੱਖ ਜਾਜਕਾਂ, ਨੇਮ ਦੇ ਉਪਦੇਸ਼ਕਾਂ ਅਤੇ ਬਜ਼ੁਰਗਾਂ ਨੇ ਉਸ ਨੂੰ ਗਿਰਫ਼ਤਾਰ ਕਰਨ ਦਾ ਰਾਹ ਲੱਭਿਆ ਕਿਉਂਕਿ ਉਹ ਜਾਣਦੇ ਸਨ ਕਿ ਉਸ ਨੇ ਉਹਨਾਂ ਦੇ ਵਿਰੁੱਧ ਦ੍ਰਿਸ਼ਟਾਂਤ ਬੋਲਿਆ ਹੈ। ਪਰ ਉਹ ਭੀੜ ਤੋਂ ਡਰਦੇ ਸਨ; ਤਾਂ ਉਹ ਉਸ ਨੂੰ ਛੱਡ ਕੇ ਚਲੇ ਗਏ।
ਕੈਸਰ ਨੂੰ ਟੈਕਸ ਦੇਣਾ
13ਬਾਅਦ ਵਿੱਚ ਮੁੱਖ ਜਾਜਕਾਂ ਨੇ ਕੁਝ ਫ਼ਰੀਸੀਆਂ ਅਤੇ ਹੇਰੋਦੀਆਂ ਨੂੰ ਯਿਸ਼ੂ ਕੋਲ ਭੇਜਿਆ ਤਾਂ ਜੋ ਉਹ ਯਿਸ਼ੂ ਨੂੰ ਉਸ ਦੇ ਬਚਨਾਂ ਵਿੱਚ ਫੜ ਸਕਣ। 14ਉਹ ਯਿਸ਼ੂ ਕੋਲ ਆਏ ਅਤੇ ਕਹਿਣ ਲੱਗੇ, “ਗੁਰੂ ਜੀ, ਅਸੀਂ ਜਾਣਦੇ ਹਾਂ ਜੋ ਤੁਸੀਂ ਇੱਕ ਸੱਚੇ ਆਦਮੀ ਹੋ। ਤੁਹਾਨੂੰ ਕਿਸੇ ਦੀ ਵੀ ਪਰਵਾਹ ਨਹੀਂ, ਕਿਉਂਕਿ ਤੁਸੀਂ ਮਨੁੱਖਾਂ ਦਾ ਪੱਖਪਾਤ ਨਹੀਂ ਕਰਦੇ। ਪਰ ਤੁਸੀਂ ਸਚਿਆਈ ਨਾਲ ਪਰਮੇਸ਼ਵਰ ਦਾ ਰਾਹ ਸਿਖਾਉਂਦੇ ਹੋ। ਕੀ ਕੈਸਰ ਨੂੰ ਟੈਕਸ ਦੇਣਾ ਸਹੀ ਹੈ ਜਾਂ ਨਹੀਂ? 15ਕੀ ਸਾਨੂੰ ਦੇਣਾ ਚਾਹੀਦਾ ਹੈ ਜਾਂ ਸਾਨੂੰ ਨਹੀਂ ਦੇਣਾ ਚਾਹੀਦਾ?”
ਪਰ ਯਿਸ਼ੂ ਉਹਨਾਂ ਦੇ ਪਖੰਡ ਨੂੰ ਜਾਣਦਾ ਸੀ। ਯਿਸ਼ੂ ਨੇ ਪੁੱਛਿਆ, “ਤੁਸੀਂ ਮੈਨੂੰ ਫਸਾਉਣ ਦੀ ਕੋਸ਼ਿਸ਼ ਕਿਉਂ ਕਰ ਰਹੇ ਹੋ? ਮੇਰੇ ਕੋਲ ਇੱਕ ਦੀਨਾਰ ਲਿਆਓ ਅਤੇ ਮੈਨੂੰ ਵੇਖਣ ਦਿਓ।” 16ਉਹ ਸਿੱਕਾ ਲੈ ਕੇ ਆਏ ਅਤੇ ਯਿਸ਼ੂ ਨੇ ਉਹਨਾਂ ਨੂੰ ਪੁੱਛਿਆ, “ਇਹ ਤਸਵੀਰ ਅਤੇ ਲਿਖਤ ਕਿਸ ਦੀ ਹੈ?”
ਉਹਨਾਂ ਨੇ ਉੱਤਰ ਦਿੱਤਾ, “ਕੈਸਰ ਦੀ।”
17ਤਦ ਯਿਸ਼ੂ ਨੇ ਉਹਨਾਂ ਨੂੰ ਕਿਹਾ, “ਫਿਰ ਜਿਹੜੀ ਚੀਜ਼ ਕੈਸਰ ਦੀ ਹੈ ਉਹ ਕੈਸਰ ਨੂੰ ਦਿਓ, ਅਤੇ ਜਿਹੜੀ ਪਰਮੇਸ਼ਵਰ ਦੀ ਹੈ ਉਹ ਪਰਮੇਸ਼ਵਰ ਨੂੰ ਦਿਓ।”
ਅਤੇ ਉਹ ਉਸ ਤੋਂ ਹੈਰਾਨ ਹੋ ਗਏ।
ਪੁਨਰ-ਉਥਾਨ ਅਤੇ ਵਿਆਹ
18ਤਦ ਸਦੂਕੀ, ਜਿਹੜੇ ਆਖਦੇ ਹਨ ਕਿ ਪੁਨਰ-ਉਥਾਨ ਨਹੀਂ ਹੈ, ਯਿਸ਼ੂ ਦੇ ਕੋਲ ਆਏ ਅਤੇ ਪ੍ਰਸ਼ਨ ਕਰਨ ਲੱਗੇ। 19ਉਹਨਾਂ ਨੇ ਕਿਹਾ, “ਗੁਰੂ ਜੀ, ਮੋਸ਼ੇਹ ਨੇ ਸਾਡੇ ਲਈ ਲਿਖਿਆ ਸੀ ਕਿ ਜੇ ਕਿਸੇ ਮਨੁੱਖ ਦਾ ਭਰਾ ਬੇ-ਔਲਾਦ ਮਰ ਜਾਵੇ, ਤਾਂ ਉਸ ਦਾ ਭਰਾ ਉਸ ਦੀ ਪਤਨੀ ਨਾਲ ਵਿਆਹ ਕਰਵਾ ਲਵੇ ਅਤੇ ਆਪਣੇ ਭਰਾ ਲਈ ਸੰਤਾਨ ਪੈਦਾ ਕਰੇ।#12:19 ਬਿਵ 25:5; ਉਤ 38:8-9 20ਪਰ ਜੇ ਉਹ ਹੁਣ ਸੱਤ ਭਰਾ ਸਨ, ਪਹਿਲੇ ਭਰਾ ਨੇ ਵਿਆਹ ਕੀਤਾ ਅਤੇ ਬੇ-ਔਲਾਦ ਮਰ ਗਿਆ। 21ਦੂਸਰੇ ਭਰਾ ਨੇ ਵਿਧਵਾ ਨਾਲ ਵਿਆਹ ਕਰਵਾ ਲਿਆ, ਪਰ ਉਹ ਵੀ ਮਰ ਗਿਆ, ਅਤੇ ਕੋਈ ਔਲਾਦ ਨਹੀਂ ਹੋਈ। ਇਸੇ ਤਰ੍ਹਾਂ ਤੀਸਰੇ ਭਰਾ ਦੇ ਨਾਲ ਵੀ ਹੋਇਆ। 22ਅਸਲ ਵਿੱਚ, ਸੱਤੇ ਬੇ-ਔਲਾਦ ਹੀ ਮਰ ਗਏ। ਆਖਰਕਾਰ, ਉਹ ਔਰਤ ਵੀ ਮਰ ਗਈ। 23ਪੁਨਰ-ਉਥਾਨ#12:23 ਪੁਨਰ-ਉਥਾਨ ਅਰਥਾਤ ਮੁਰਦਿਆਂ ਵਿੱਚੋਂ ਜੀ ਉੱਠਣਾ ਵਾਲੇ ਦਿਨ ਉਹ ਕਿਸ ਦੀ ਪਤਨੀ ਹੋਵੇਗੀ, ਕਿਉਂਕਿ ਸੱਤਾ ਨੇ ਉਸ ਨਾਲ ਵਿਆਹ ਕਰਵਾਇਆ ਸੀ?”
24ਯਿਸ਼ੂ ਨੇ ਜਵਾਬ ਦਿੱਤਾ, “ਤੁਹਾਡੀ ਗਲਤੀ ਇਹ ਹੈ ਕਿ ਤੁਸੀਂ ਪਵਿੱਤਰ ਸ਼ਾਸਤਰ ਅਤੇ ਪਰਮੇਸ਼ਵਰ ਦੀ ਸ਼ਕਤੀ ਨੂੰ ਨਹੀਂ ਜਾਣਦੇ? 25ਜਦੋਂ ਮਰੇ ਹੋਏ ਜੀ ਉੱਠਣਗੇ, ਉਹ ਨਾ ਤਾਂ ਵਿਆਹ ਕਰਾਉਣਗੇ ਅਤੇ ਨਾ ਹੀ ਉਹਨਾਂ ਦੇ ਵਿਆਹ ਹੋਣਗੇ; ਉਹ ਸਵਰਗ ਵਿੱਚ ਦੂਤਾਂ ਵਰਗੇ ਹੋਣਗੇ। 26ਹੁਣ ਮੁਰਦਿਆਂ ਦੇ ਜੀ ਉੱਠਣ ਬਾਰੇ ਕੀ ਤੁਸੀਂ ਮੋਸ਼ੇਹ ਦੀ ਪੁਸਤਕ ਵਿੱਚ ਬਲਦੀ ਝਾੜੀ ਦੀ ਘਟਣਾ ਬਾਰੇ ਨਹੀਂ ਪੜ੍ਹਿਆ, ਪਰਮੇਸ਼ਵਰ ਨੇ ਉਸ ਨੂੰ ਕਿਵੇਂ ਕਿਹਾ, ‘ਮੈਂ ਅਬਰਾਹਾਮ ਦਾ ਪਰਮੇਸ਼ਵਰ ਹਾਂ, ਇਸਹਾਕ ਦਾ ਪਰਮੇਸ਼ਵਰ ਅਤੇ ਯਾਕੋਬ ਦਾ ਪਰਮੇਸ਼ਵਰ ਹਾਂ’?#12:26 ਕੂਚ 3:2-6 27ਉਹ ਮੁਰਦਿਆਂ ਦਾ ਨਹੀਂ, ਪਰ ਜਿਉਂਦਿਆਂ ਦਾ ਪਰਮੇਸ਼ਵਰ ਹੈ। ਤੁਸੀਂ ਬੜੀ ਭੁੱਲ ਵਿੱਚ ਪਏ ਹੋ!”
ਮਹਾਨ ਹੁਕਮ
28ਇੱਕ ਨੇਮ ਦਾ ਉਪਦੇਸ਼ਕ ਆਇਆ ਅਤੇ ਉਸ ਨੇ ਉਹਨਾਂ ਨੂੰ ਬਹਿਸ ਕਰਦੇ ਸੁਣਿਆ। ਇਹ ਵੇਖਦਿਆਂ ਕਿ ਯਿਸ਼ੂ ਨੇ ਉਹਨਾਂ ਨੂੰ ਚੰਗੇ ਢੰਗ ਨਾਲ ਉੱਤਰ ਦਿੱਤਾ ਸੀ, ਉਸ ਨੇ ਯਿਸ਼ੂ ਨੂੰ ਪੁੱਛਿਆ, “ਸਭ ਆਦੇਸ਼ਾਂ ਵਿੱਚੋਂ ਸਭ ਤੋਂ ਮਹੱਤਵਪੂਰਣ ਕਿਹੜਾ ਹੈ?”
29ਯਿਸ਼ੂ ਨੇ ਜਵਾਬ ਦਿੱਤਾ, “ਸਭ ਤੋਂ ਮਹੱਤਵਪੂਰਣ ਇਹ ਹੈ: ‘ਹੇ ਇਸਰਾਏਲੀਓ, ਸੁਣੋ: ਸਾਡਾ ਪ੍ਰਭੂ ਪਰਮੇਸ਼ਵਰ ਇੱਕ ਹੀ ਪ੍ਰਭੂ ਹੈ।#12:29 ਬਿਵ 6:4 30ਤੁਸੀਂ ਪ੍ਰਭੂ ਆਪਣੇ ਪਰਮੇਸ਼ਵਰ ਨੂੰ ਆਪਣੇ ਸਾਰੇ ਦਿਲ ਨਾਲ, ਆਪਣੀ ਸਾਰੀ ਜਾਨ ਨਾਲ, ਆਪਣੀ ਸਾਰੀ ਸਮਝ ਨਾਲ ਅਤੇ ਆਪਣੀ ਸਾਰੀ ਤਾਕਤ ਨਾਲ ਪਿਆਰ ਕਰੋ।’#12:30 ਬਿਵ 6:5 31ਦੂਜੀ ਜ਼ਰੂਰੀ ਆਗਿਆ ਇਹ ਹੈ: ‘ਆਪਣੇ ਗੁਆਂਢੀ ਨੂੰ ਆਪਣੇ ਵਾਂਗ ਪਿਆਰ ਕਰ।#12:31 ਲੇਵਿ 19:18’ ਇਨ੍ਹਾਂ ਨਾਲੋਂ ਵੱਡਾ ਕੋਈ ਹੁਕਮ ਨਹੀਂ ਹੈ।”
32ਉਸ ਆਦਮੀ ਨੇ ਕਿਹਾ, “ਗੁਰੂ ਜੀ ਨੇ ਸਹੀ ਕਿਹਾ। ਤੁਸੀਂ ਇਹ ਕਹਿਣ ਵਿੱਚ ਸਹੀ ਹੋ ਕਿ ਪਰਮੇਸ਼ਵਰ ਇੱਕ ਹੈ ਅਤੇ ਉਸ ਤੋਂ ਇਲਾਵਾ ਕੋਈ ਹੋਰ ਨਹੀਂ ਹੈ। 33ਉਸ ਨੂੰ ਆਪਣੇ ਸਾਰੇ ਦਿਲ ਨਾਲ, ਆਪਣੀ ਸਾਰੀ ਸਮਝ ਨਾਲ ਅਤੇ ਆਪਣੀ ਸਾਰੀ ਤਾਕਤ ਨਾਲ ਪਿਆਰ ਕਰ, ਅਤੇ ਆਪਣੇ ਗੁਆਂਢੀ ਨੂੰ ਆਪਣੇ ਵਾਂਗ ਪਿਆਰ ਕਰ ਸਾਰੀਆਂ ਹੋਮ ਦੀਆਂਂ ਭੇਂਟਾਂ ਅਤੇ ਬਲੀਦਾਨਾਂ ਨਾਲੋਂ ਮਹੱਤਵਪੂਰਣ ਹੈ।”
34ਜਦੋਂ ਯਿਸ਼ੂ ਨੇ ਵੇਖਿਆ ਕਿ ਉਸ ਨੇ ਸਮਝਦਾਰੀ ਨਾਲ ਜਵਾਬ ਦਿੱਤਾ ਹੈ, ਤਾਂ ਉਹਨਾਂ ਨੇ ਉਸ ਨੂੰ ਕਿਹਾ, “ਤੁਸੀਂ ਪਰਮੇਸ਼ਵਰ ਦੇ ਰਾਜ ਤੋਂ ਦੂਰ ਨਹੀਂ ਹੋ।” ਅਤੇ ਉਸ ਤੋਂ ਬਾਅਦ ਕਿਸੇ ਨੇ ਉਹ ਨੂੰ ਹੋਰ ਸਵਾਲ ਪੁੱਛਣ ਦੀ ਹਿੰਮਤ ਵੀ ਨਾ ਕੀਤੀ।
ਮਸੀਹਾ ਕਿਸ ਦਾ ਪੁੱਤਰ ਹੈ?
35ਜਦੋਂ ਯਿਸ਼ੂ ਹੈਕਲ ਵਿੱਚ ਉਪਦੇਸ਼ ਦੇ ਰਹੇ ਸਨ ਤਾਂ ਉਹਨਾਂ ਨੇ ਪੁੱਛਿਆ, “ਨੇਮ ਦੇ ਉਪਦੇਸ਼ਕ ਇਹ ਕਿਉਂ ਕਹਿੰਦੇ ਹਨ ਕਿ ਮਸੀਹ ਦਾਵੀਦ ਦਾ ਪੁੱਤਰ ਹੈ? 36ਦਾਵੀਦ ਨੇ ਖੁਦ, ਪਵਿੱਤਰ ਆਤਮਾ ਵਿੱਚ ਬੋਲਦੇ ਹੋਏ, ਘੋਸ਼ਿਤ ਕੀਤਾ ਹੈ:
“ ‘ਪ੍ਰਭੂ ਨੇ ਮੇਰੇ ਪ੍ਰਭੂ ਨੂੰ ਕਿਹਾ:
“ਮੇਰੇ ਸੱਜੇ ਹੱਥ ਬੈਠ
ਜਦੋਂ ਤੱਕ ਮੈਂ ਤੁਹਾਡੇ ਵੈਰੀਆਂ ਨੂੰ
ਤੁਹਾਡੇ ਪੈਰਾਂ ਹੇਠਾਂ ਨਾ ਕਰ ਦੇਵਾਂ।”#12:36 ਜ਼ਬੂ 110:1
37ਦਾਵੀਦ ਖ਼ੁਦ ਉਸ ਨੂੰ ‘ਪ੍ਰਭੂ,’ ਕਹਿ ਕੇ ਬੁਲਾਉਂਦਾ ਹੈ। ਤਾਂ ਫਿਰ ਉਹ ਦਾਵੀਦ ਦਾ ਪੁੱਤਰ ਕਿਵੇਂ ਹੋ ਸਕਦਾ ਹੈ?”
ਵੱਡੀ ਭੀੜ ਨੇ ਖ਼ੁਸ਼ੀ ਨਾਲ ਉਸ ਦੀ ਗੱਲ ਸੁਣੀ।
ਬਿਵਸਥਾ ਦੇ ਉਪਦੇਸ਼ਕਾਂ ਦੇ ਵਿਰੁੱਧ ਚੇਤਾਵਨੀ
38ਜਿਵੇਂ ਹੀ ਉਸ ਨੇ ਸਿੱਖਿਆ ਦਿੱਤੀ, ਯਿਸ਼ੂ ਨੇ ਕਿਹਾ, “ਬਿਵਸਥਾ ਦੇ ਉਪਦੇਸ਼ਕਾਂ ਤੋਂ ਚੌਕਸ ਰਹੋ। ਉਹ ਲੰਬੀਆਂ ਅਤੇ ਲਹਿਰੋਦੀਆਂ ਪੁਸ਼ਾਕਾਂ ਵਿੱਚ ਘੁੰਮਣਾ ਪਸੰਦ ਕਰਦੇ ਹਨ ਅਤੇ ਬਜ਼ਾਰਾਂ ਵਿੱਚ ਸਤਿਕਾਰ ਨਾਲ ਨਮਸਕਾਰ ਅਖਵਾਉਂਣਾ ਪਸੰਦ ਕਰਦੇ ਹਨ। 39ਉਹ ਪ੍ਰਾਰਥਨਾ ਸਥਾਨਾਂ ਵਿੱਚ ਮੁੱਖ ਆਸਨ ਅਤੇ ਦਾਅਵਤਾਂ ਵਿੱਚ ਮੁੱਖ ਸਥਾਨਾਂ ਉੱਤੇ ਬੈਠਣਾ ਚਾਹੁੰਦੇ ਹਨ। 40ਉਹ ਵਿਧਵਾਵਾਂ ਦੇ ਘਰ ਖੋਹ ਲੈਂਦੇ ਅਤੇ ਇੱਕ ਦਿਖਾਵੇ ਲਈ ਲੰਮੀਆਂ ਪ੍ਰਾਰਥਨਾ ਕਰਦੇ ਹਨ। ਇਨ੍ਹਾਂ ਬੰਦਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ।”
ਗਰੀਬ ਵਿਧਵਾ ਦੀ ਭੇਟ
41ਯਿਸ਼ੂ ਉਸ ਜਗ੍ਹਾ ਦੇ ਬਿਲਕੁਲ ਕੋਲ ਬੈਠ ਗਿਆ ਜਿੱਥੇ ਚੜ੍ਹਾਵੇ ਚੜ੍ਹਾਏ ਗਏ ਸਨ ਅਤੇ ਭੀੜ ਨੂੰ ਆਪਣੇ ਪੈਸੇ ਹੈਕਲ ਦੇ ਖਜ਼ਾਨੇ ਵਿੱਚ ਪਾਉਂਦੇ ਵੇਖਿਆ। ਬਹੁਤ ਸਾਰੇ ਅਮੀਰ ਲੋਕਾਂ ਨੂੰ ਭਾਰੀ ਰਕਮਾਂ ਭੇਂਟ ਵਿੱਚ ਚੜ੍ਹਾਉਂਦੇ ਵੇਖਿਆ। 42ਪਰ ਇੱਕ ਗਰੀਬ ਵਿਧਵਾ ਆਈ ਅਤੇ ਉਸ ਨੇ ਤਾਂਬੇ ਦੇ ਦੋ ਬਹੁਤ ਛੋਟੇ ਸਿੱਕੇ ਪਾਏ, ਜਿਸ ਦੀ ਕੀਮਤ ਬਹੁਤ ਘੱਟ ਸੀ।
43ਆਪਣੇ ਚੇਲਿਆਂ ਨੂੰ ਆਪਣੇ ਕੋਲ ਬੁਲਾਉਂਦਿਆਂ ਯਿਸ਼ੂ ਨੇ ਕਿਹਾ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਇਸ ਗ਼ਰੀਬ ਵਿਧਵਾ ਨੇ ਹੋਰ ਸਭਨਾਂ ਨਾਲੋਂ ਖਜ਼ਾਨੇ ਵਿੱਚ ਵੱਧ ਪਾਇਆ ਹੈ। 44ਉਹਨਾਂ ਸਾਰਿਆਂ ਨੇ ਆਪਣੇ ਵਧੇਰੇ ਵਿੱਚੋਂ ਕੁਝ ਦਿੱਤਾ ਹੈ। ਪਰ ਇਸ ਵਿਧਵਾ ਨੇ ਆਪਣੀ ਗ਼ਰੀਬੀ ਵਿੱਚੋਂ ਆਪਣੀ ਸਾਰੀ ਜੀਵਨ ਪੂੰਜੀ ਦੇ ਦਿੱਤੀ ਹੈ ਉਹ ਸਭ ਜਿਸ ਉੱਤੇ ਉਸ ਨੇ ਜਿਉਣਾ ਸੀ।”

Currently Selected:

ਮਾਰਕਸ 12: PCB

Highlight

Share

Copy

None

Want to have your highlights saved across all your devices? Sign up or sign in