4
ਯਾਹਵੇਹ ਦਾ ਪਹਾੜ
1ਅੰਤ ਦੇ ਦਿਨਾਂ ਵਿੱਚ ਅਜਿਹਾ ਹੋਵੇਗਾ
ਯਾਹਵੇਹ ਦੇ ਭਵਨ ਦਾ ਪਰਬਤ
ਸਾਰਿਆਂ ਪਹਾੜਾਂ ਵਿੱਚੋਂ ਸਭ ਤੋਂ ਉੱਚਾ ਹੋਵੇਗਾ;
ਉਹ ਪਹਾੜੀਆਂ ਤੋਂ ਉੱਚਾ ਕੀਤਾ ਜਾਵੇਗਾ,
ਅਤੇ ਸਾਰੀਆਂ ਜਾਤਾਂ ਦੇ ਲੋਕ ਵਗਦੀ ਨਦੀ ਵਾਂਗ ਇਸ ਵੱਲ ਆਉਣਗੇ।
2ਬਹੁਤ ਸਾਰੀਆਂ ਕੌਮਾਂ ਆਉਣਗੀਆਂ ਅਤੇ ਆਖਣਗੀਆਂ,
“ਆਓ, ਅਸੀਂ ਯਾਹਵੇਹ ਦੇ ਪਰਬਤ ਉੱਤੇ ਚੜ੍ਹੀਏ,
ਅਤੇ ਯਾਹਵੇਹ ਯਾਕੋਬ ਦੇ ਪਰਮੇਸ਼ਵਰ ਦੇ ਭਵਨ ਵੱਲ ਜਾਈਏ।
ਤਾਂ ਜੋ ਉਹ ਸਾਨੂੰ ਆਪਣੇ ਰਾਹ ਸਿਖਾਵੇ,
ਅਤੇ ਅਸੀਂ ਉਸ ਦੇ ਰਾਹਾਂ ਵਿੱਚ ਚੱਲੀਏ,”
ਕਿਉਂ ਜੋ ਬਿਵਸਥਾ ਸੀਯੋਨ ਤੋਂ,
ਅਤੇ ਯਾਹਵੇਹ ਦਾ ਬਚਨ ਯੇਰੂਸ਼ਲੇਮ ਤੋਂ ਨਿੱਕਲੇਗਾ।
3ਉਹ ਬਹੁਤ ਸਾਰੇ ਲੋਕਾਂ ਵਿੱਚ ਨਿਆਂ ਕਰੇਗਾ,
ਅਤੇ ਦੂਰ-ਦੂਰ ਦੀਆਂ ਤਕੜੀਆਂ ਕੌਮਾਂ ਦੇ ਝਗੜਿਆਂ ਦਾ ਨਿਪਟਾਰਾ ਕਰੇਗਾ।
ਉਹ ਆਪਣੀਆਂ ਤਲਵਾਰਾਂ ਨੂੰ ਕੁੱਟ-ਕੁੱਟ ਕੇ ਫਾਲੇ ਬਣਾਉਣਗੇ
ਅਤੇ ਆਪਣੇ ਬਰਛਿਆਂ ਨੂੰ ਕੁੰਡੀਆਂ ਬਣਾ ਲੈਣਗੇ।
ਕੌਮ-ਕੌਮ ਦੇ ਵਿਰੁੱਧ ਤਲਵਾਰ ਨਹੀਂ ਚੁੱਕੇਗੀ,
ਨਾ ਉਹ ਹੁਣ ਯੁੱਧ ਲਈ ਤਿਆਰੀ ਕਰਨਗੇ।
4ਹਰ ਕੋਈ ਆਪਣੀ ਅੰਗੂਰੀ ਦੀ ਵੇਲ
ਅਤੇ ਆਪਣੇ ਹੰਜੀਰ ਦੇ ਬਿਰਛ ਹੇਠ ਬੈਠੇਗਾ,
ਅਤੇ ਕੋਈ ਵੀ ਉਨ੍ਹਾਂ ਨੂੰ ਨਹੀਂ ਡਰਾਵੇਗਾ,
ਕਿਉਂਕਿ ਸਰਬਸ਼ਕਤੀਮਾਨ ਯਾਹਵੇਹ ਨੇ ਬੋਲਿਆ ਹੈ।
5ਸਾਰੀਆਂ ਉੱਮਤਾਂ ਆਪੋ-ਆਪਣੇ ਦੇਵਤਿਆਂ ਦੇ ਨਾਮ ਲੈ ਕੇ ਚੱਲਦੀਆਂ ਹਨ,
ਪਰ ਅਸੀਂ ਆਪਣੇ ਪਰਮੇਸ਼ਵਰ ਯਾਹਵੇਹ ਦਾ ਨਾਮ ਲੈ ਕੇ ਸਦੀਪਕਾਲ ਤੱਕ ਚੱਲਾਂਗੇ।
ਯਾਹਵੇਹ ਦੀ ਯੋਜਨਾ
6ਯਾਹਵੇਹ ਦਾ ਵਾਕ ਹੈ, “ਉਸ ਦਿਨ,”
“ਮੈਂ ਲੰਗੜਿਆਂ ਨੂੰ ਇਕੱਠਾ ਕਰਾਂਗਾ;
ਮੈਂ ਗ਼ੁਲਾਮਾਂ ਨੂੰ ਇਕੱਠਾ ਕਰਾਂਗਾ
ਅਤੇ ਜਿਨ੍ਹਾਂ ਨੂੰ ਮੈਂ ਦੁਖੀ ਕੀਤਾ ਹੈ।
7ਮੈਂ ਲੰਗੜਿਆਂ ਨੂੰ ਆਪਣਾ ਬਕੀਆ,
ਜਿਨ੍ਹਾਂ ਨੂੰ ਭਜਾ ਦਿੱਤਾ ਗਿਆ ਹੈ ਇੱਕ ਤਕੜੀ ਕੌਮ ਬਣਾਵਾਂਗਾ।
ਪ੍ਰਭੂ ਉਸ ਦਿਨ ਤੋਂ ਅਤੇ ਸਦਾ ਲਈ ਸੀਯੋਨ ਪਰਬਤ ਵਿੱਚ ਉਨ੍ਹਾਂ ਉੱਤੇ ਰਾਜ ਕਰੇਗਾ।
8ਹੇ ਇੱਜੜ ਦੇ ਪਹਿਰੇਦਾਰ,
ਧੀ ਸੀਯੋਨ ਦੇ ਗੜ੍ਹ,
ਤੁਹਾਡੇ ਲਈ ਪਹਿਲਾਂ ਦਾ ਰਾਜ ਬਹਾਲ ਕੀਤਾ ਜਾਵੇਗਾ।
ਬਾਦਸ਼ਾਹਤ ਯੇਰੂਸ਼ਲੇਮ ਦੀ ਧੀ ਕੋਲ ਆਵੇਗੀ।”
9ਤੁਸੀਂ ਹੁਣ ਉੱਚੀ ਆਵਾਜ਼ ਵਿੱਚ ਕਿਉਂ ਰੋ ਰਹੇ ਹੋ
ਕੀ ਤੁਹਾਡਾ ਕੋਈ ਰਾਜਾ ਨਹੀਂ ਹੈ?
ਕੀ ਤੇਰਾ ਹਾਕਮ ਨਾਸ ਹੋ ਗਿਆ ਹੈ,
ਕਿ ਪੀੜ ਤੈਨੂੰ ਜਣੇਪੇ ਵਾਲੀ ਤੀਵੀਂ ਵਾਂਗ ਪਕੜਦੀ ਹੈ?
10ਹੇ ਸੀਯੋਨ ਧੀ, ਦੁੱਖ ਵਿੱਚ ਲਿਖ,
ਜਣੇਪੇ ਵਾਲੀ ਔਰਤ ਵਾਂਗ,
ਹੁਣ ਲਈ ਤੁਹਾਨੂੰ ਸ਼ਹਿਰ ਛੱਡ ਕੇ,
ਖੁੱਲ੍ਹੇ ਮੈਦਾਨ ਵਿੱਚ ਡੇਰਾ ਲਾਉਣਾ ਚਾਹੀਦਾ ਹੈ।
ਤੁਸੀਂ ਬਾਬੇਲ ਨੂੰ ਜਾਓਗੇ;
ਉੱਥੇ ਤੁਹਾਨੂੰ ਬਚਾਇਆ ਜਾਵੇਗਾ।
ਉੱਥੇ ਪ੍ਰਭੂ ਤੁਹਾਨੂੰ ਤੁਹਾਡੇ ਦੁਸ਼ਮਣਾਂ ਦੇ ਹੱਥੋਂ ਛੁਡਾਵੇਗਾ।
11ਪਰ ਹੁਣ ਬਹੁਤ ਸਾਰੀਆਂ ਕੌਮਾਂ ਤੁਹਾਡੇ ਵਿਰੁੱਧ ਇਕੱਠੀਆਂ ਹੋਈਆਂ ਹਨ।
ਉਹ ਆਖਦੇ ਹਨ, “ਉਸ ਨੂੰ ਭ੍ਰਿਸ਼ਟ ਹੋਣ ਦਿਓ,
ਸਾਡੀਆਂ ਅੱਖਾਂ ਸੀਯੋਨ ਉੱਤੇ ਚਮਕਣ ਦਿਓ!”
12ਪਰ ਉਹ ਪ੍ਰਭੂ ਦੇ ਵਿਚਾਰਾਂ ਨੂੰ
ਨਹੀਂ ਜਾਣਦੇ;
ਉਹ ਉਸ ਦੀ ਯੋਜਨਾਵਾਂ ਨੂੰ ਨਹੀਂ ਸਮਝਦੇ,
ਕਿ ਉਸ ਨੇ ਉਨ੍ਹਾਂ ਨੂੰ ਪਿੜ ਵਿੱਚ ਭਾਂਡੇ ਵਾਂਗ ਇਕੱਠਾ ਕੀਤਾ ਹੈ।
13“ਹੇ ਸੀਯੋਨ ਧੀਏ, ਉੱਠ ਅਤੇ ਪਿੜ ਪਾ,
ਕਿਉਂ ਜੋ ਮੈਂ ਤੈਨੂੰ ਲੋਹੇ ਦੇ ਸਿੰਗ ਦਿਆਂਗਾ।
ਮੈਂ ਤੈਨੂੰ ਪਿੱਤਲ ਦੇ ਖੁਰ ਦਿਆਂਗਾ,
ਅਤੇ ਤੁਸੀਂ ਬਹੁਤ ਸਾਰੀਆਂ ਕੌਮਾਂ ਦੇ ਟੁਕੜੇ ਕਰੋਗੇ।”
ਤੁਸੀਂ ਉਨ੍ਹਾਂ ਦੀ ਨਜਾਇਜ਼ ਕਮਾਈ ਨੂੰ ਪ੍ਰਭੂ ਲਈ ਸਮਰਪਿਤ ਕਰੋਗੇ,
ਉਨ੍ਹਾਂ ਦੀ ਦੌਲਤ ਧਰਤੀ ਦੇ ਪ੍ਰਭੂ ਲਈ ਸਮਰਪਿਤ ਕਰੋਗੇ।