1
1ਯਹੂਦਾਹ, ਜਿਹੜਾ ਯਿਸ਼ੂ ਮਸੀਹ ਦਾ ਇੱਕ ਸੇਵਕ ਅਤੇ ਯਾਕੋਬ ਦਾ ਛੋਟਾ ਭਰਾ ਹਾਂ।
ਉਨ੍ਹਾਂ ਲੋਕਾਂ ਲਈ ਇਹ ਪੱਤਰ ਜਿਹੜੇ ਬੁਲਾਏ ਗਏ ਅਤੇ ਜਿਹੜੇ ਸਾਡੇ ਪਰਮੇਸ਼ਵਰ ਪਿਤਾ ਵਿੱਚ ਪਿਆਰੇ ਹਨ ਅਤੇ ਯਿਸ਼ੂ ਮਸੀਹ ਵਿੱਚ ਬਚਾਏ ਗਏ ਹਨ:
2ਦਯਾ, ਸ਼ਾਂਤੀ ਅਤੇ ਪਿਆਰ ਤੁਹਾਨੂੰ ਬਹੁਤਾਤ ਨਾਲ ਮਿਲਦਾ ਰਹੇ।
ਅਧਰਮੀ ਲੋਕਾਂ ਦਾ ਪਾਪ ਅਤੇ ਕਿਆਮਤ
3ਹੇ ਪਿਆਰੇ ਦੋਸਤੋ, ਜਦੋਂ ਮੈਂ ਤੁਹਾਨੂੰ ਮੁਕਤੀ ਬਾਰੇ ਲਿਖਣ ਦੀ ਬਹੁਤ ਲਗਨ ਨਾਲ ਕੋਸ਼ਿਸ਼ ਕਰ ਰਿਹਾ ਸੀ ਜਿਸ ਵਿੱਚ ਅਸੀਂ ਸਾਰੇ ਸਾਂਝੇ ਹਾਂ; ਇਸ ਲਈ ਮੈਂ ਤੁਹਾਨੂੰ ਇਹ ਸਮਝਾਉਣਾ ਜ਼ਰੂਰੀ ਸਮਝਿਆ ਕਿ ਤੁਹਾਨੂੰ ਉਹ ਵਿਸ਼ਵਾਸ ਪ੍ਰਾਪਤ ਕਰਨ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੋ ਕਦੇ ਪਵਿੱਤਰ ਲੋਕਾਂ ਨੂੰ ਸੌਂਪਿਆ ਗਿਆ ਸੀ। 4ਕੁਝ ਵਿਅਕਤੀਆਂ ਲਈ ਜਿਨ੍ਹਾਂ ਦੀ ਸਜ਼ਾ ਬਹੁਤ ਸਮਾਂ ਪਹਿਲਾਂ ਬਚਨ ਵਿੱਚ ਲਿਖੀ ਗਈ ਸੀ, ਉਹ ਗੁਪਤ ਰੂਪ ਵਿੱਚ ਤੁਹਾਡੇ ਵਿਚਕਾਰ ਆ ਗਏ ਹਨ। ਉਹ ਸ਼ੈਤਾਨੀ ਲੋਕ ਹਨ, ਜਿਹੜੇ ਸਾਡੇ ਪਰਮੇਸ਼ਵਰ ਦੀ ਕਿਰਪਾ ਨੂੰ ਉਲਟਾ ਕਰਕੇ ਦੁਸ਼ਟਤਾ ਵਿੱਚ ਬਦਲ ਦਿੰਦੇ ਹਨ ਅਤੇ ਸਾਡੇ ਯਿਸ਼ੂ ਮਸੀਹ ਦਾ ਇਨਕਾਰ ਕਰਦੇ ਹਨ ਜਿਹੜਾ ਇੱਕੋ ਹੀ ਸਾਡਾ ਸੁਆਮੀ ਅਤੇ ਪ੍ਰਭੂ ਹੈ।#1:4 2 ਪਤ 2:1
5ਹਾਲਾਂਕਿ ਤੁਸੀਂ ਪਹਿਲਾਂ ਹੀ ਇਹ ਸਭ ਜਾਣਦੇ ਹੋ, ਤਾਂ ਵੀ ਮੈਂ ਤੁਹਾਨੂੰ ਯਾਦ ਕਰਵਾਉਣਾ ਚਾਹੁੰਦਾ ਹਾਂ ਕਿ ਇੱਕ ਸਮੇਂ ਪ੍ਰਭੂ ਨੇ ਆਪਣੇ ਲੋਕਾਂ ਨੂੰ ਮਿਸਰ ਦੇਸ਼ ਤੋਂ ਬਾਹਰ ਕੱਢਿਆ, ਪਰ ਬਾਅਦ ਵਿੱਚ ਉਨ੍ਹਾਂ ਲੋਕਾਂ ਦਾ ਨਾਸ਼ ਕਰ ਦਿੱਤਾ ਜਿਹੜੇ ਵਿਸ਼ਵਾਸ ਨਹੀਂ ਕਰਦੇ ਸਨ।#1:5 ਗਿਣ 14:22-30; ਇਬ 3:16-19 6ਅਤੇ ਪਰਮੇਸ਼ਵਰ ਨੇ ਦੂਤਾਂ ਨੂੰ ਜਿਨ੍ਹਾਂ ਨੇ ਆਪਣਾ ਅਹੁਦਾ ਕਾਇਮ ਨਹੀਂ ਰੱਖਿਆ ਬਲਕਿ ਉਨ੍ਹਾਂ ਆਪਣੇ ਅਸਲੀ ਠਿਕਾਣੇ ਨੂੰ ਛੱਡ ਦਿੱਤਾ ਸੀ। ਉਨ੍ਹਾਂ ਨੂੰ ਉਸ ਨੇ ਘੁੱਪ ਹਨੇਰੇ ਵਿੱਚ ਰੱਖਿਆ ਹੈ, ਅਤੇ ਉਸ ਭਿਆਨਕ ਦਿਨ ਦੇ ਸਦੀਪਕ ਨਿਆਂ ਦੇ ਲਈ ਸੰਗਲਾਂ ਨਾਲ ਬੰਨ੍ਹਿਆ ਹੋਇਆ ਹੈ। 7ਇਸੇ ਤਰ੍ਹਾਂ, ਸੋਦੋਮ ਅਤੇ ਅਮੂਰਾਹ ਅਤੇ ਆਸ-ਪਾਸ ਦੇ ਕਸਬਿਆਂ ਨੇ ਆਪਣੇ ਆਪ ਨੂੰ ਜਿਨਸੀ ਅਨੈਤਿਕਤਾ ਅਤੇ ਭ੍ਰਿਸ਼ਟਾਚਾਰ ਦੇ ਹਵਾਲੇ ਕਰ ਦਿੱਤਾ ਹੈ। ਇਹ ਉਨ੍ਹਾਂ ਲੋਕਾਂ ਦੇ ਲਈ ਨਮੂਨੇ ਵਜੋਂ ਸੇਵਾ ਕਰਦੇ ਹਨ ਜੋ ਸਦੀਪਕ ਅੱਗ ਦੀ ਸਜ਼ਾ ਭੋਗਦੇ ਹਨ।#1:7 ਉਤ 19:11-28; ਬਿਵ 29:23; 1 ਪਤ 2:6
8ਇਸੇ ਤਰ੍ਹਾਂ, ਆਪਣੇ ਸੁਪਨਿਆਂ ਦੇ ਜ਼ੋਰ ਤੇ, ਇਹ ਅਧਰਮੀ ਲੋਕ ਆਪਣੇ ਸਰੀਰ ਨੂੰ ਭਰਿਸ਼ਟ ਕਰਦੇ ਹਨ, ਹਕੂਮਤਾਂ ਨੂੰ ਤੁਛ ਜਾਣਦੇ ਅਤੇ ਪਰਤਾਪ ਵਾਲਿਆਂ ਦੀ ਨਿੰਦਿਆ ਕਰਦੇ ਹਨ। 9ਪਰ ਪਰਮੇਸ਼ਵਰ ਦਾ ਇੱਕ ਮਹਾਂ ਦੂਤ ਮਿਕਾਏਲ, ਜਦੋਂ ਉਹ ਦੁਸ਼ਟ ਨਾਲ ਮੋਸ਼ੇਹ ਦੀ ਲਾਸ਼ ਬਾਰੇ ਵਿਵਾਦ ਕਰ ਰਿਹਾ ਸੀ, ਤਾਂ ਉਹ ਦੀ ਹਿੰਮਤ ਨਾ ਹੋਈ ਕਿ ਮਿਹਣਾ ਮਾਰ ਕੇ ਉਸ ਉੱਤੇ ਦੋਸ਼ ਲਾਵੇ, ਪਰ ਇਹ ਕਿਹਾ, “ਪ੍ਰਭੂ ਤੈਨੂੰ ਆਪ ਝਿੜਕੇ!” 10ਫਿਰ ਵੀ ਇਹ ਲੋਕ ਕੁਫ਼ਰ ਬੋਲਦੇ ਹਨ ਜਿਨ੍ਹਾਂ ਨੂੰ ਉਹ ਨਹੀਂ ਸਮਝਦੇ, ਅਤੇ ਜੋ ਕੁਝ ਬੇਅਕਲ ਪਸ਼ੂਆਂ ਵਰਗੇ ਸੁਭਾਅ ਨਾਲ ਹੀ ਜਾਣਦੇ ਹਨ, ਉਸ ਵਿੱਚ ਨਾਸ਼ ਹੋ ਜਾਂਦੇ ਹਨ।
11ਉਨ੍ਹਾਂ ਉੱਤੇ ਹਾਏ! ਉਨ੍ਹਾਂ ਨੇ ਕਾਇਨ ਦਾ ਰਸਤਾ ਅਪਣਾਇਆ ਹੈ; ਮੁਨਾਫ਼ੇ ਦੇ ਲਈ ਉਹ ਬਿਲਆਮ ਦੇ ਭਰਮ ਵਿੱਚ ਭੱਜੇ ਹਨ; ਉਹ ਕੋਰਾਹ ਦੀ ਬਗਾਵਤ ਵਿੱਚ ਤਬਾਹ ਹੋ ਗਏ ਸਨ।#1:11 ਉਤ 4:3-8; ਗਿਣ 16:19-35; 22:7; 24:12-14; 2 ਪਤ 2:15; 1 ਯੋਹ 3:12
12ਇਹ ਲੋਕ ਤੁਹਾਡੇ ਪਿਆਰ ਦੀ ਦਾਵਤ ਦੇ ਭੋਜਨ ਤੇ ਦਾਗ਼ ਹਨ, ਜਿਹੜੇ ਤੁਹਾਡੇ ਨਾਲ ਬੇਧੜਕ ਖਾਂਦੇ-ਪੀਂਦੇ ਹਨ, ਇਹ ਚਰਵਾਹੇ ਜੋ ਸਿਰਫ ਆਪਣੇ ਆਪ ਦੇ ਢਿੱਡ ਭਰਦੇ ਹਨ। ਉਹ ਪੌਣਾਂ ਦੇ ਉਡਾਏ ਹੋਏ ਸੁੱਕੇ ਬੱਦਲ ਹਨ। ਉਹ ਪੱਤਝੜ ਦੇ ਰੁੱਤ ਦੇ ਦਰੱਖ਼ਤ ਹਨ ਜੋ ਫ਼ਲ ਨਹੀਂ ਦਿੰਦੇ, ਦੋ ਵਾਰੀ ਮਰੇ ਅਤੇ ਜੜ੍ਹੋਂ ਪੁੱਟੇ ਹੋਏ ਹਨ।#1:12 2 ਪਤ 2:17 13ਉਹ ਸਮੁੰਦਰ ਦੀਆਂ ਜੰਗਲੀ ਲਹਿਰਾਂ ਦੇ ਸਮਾਨ ਹਨ, ਜੋ ਆਪਣੀ ਸ਼ਰਮਿੰਦਗੀ ਦੀ ਝੱਗ ਉਛਾਲਦੇ ਹਨ; ਇਹ ਭਟਕਣ ਵਾਲੇ ਤਾਰੇ ਹਨ, ਜਿਨ੍ਹਾਂ ਲਈ ਸਦਾ ਤੱਕ ਦਾ ਘੁੱਪ ਹਨੇਰਾ ਰੱਖਿਆ ਹੋਇਆ ਹੈ।#1:13 ਯਸ਼ਾ 57:20; ਕਹਾ 25:14
14ਹਨੋਖ, ਆਦਮ ਤੋਂ ਸੱਤਵੀਂ ਪੀਹੜੀ ਦਾ ਸੀ, ਜਿਸ ਨੇ ਉਨ੍ਹਾਂ ਬਾਰੇ ਭਵਿੱਖਬਾਣੀ ਕੀਤੀ ਸੀ: “ਕਿ ਵੇਖੋ, ਪ੍ਰਭੂ ਆਪਣੇ ਲੱਖਾਂ ਪਵਿੱਤਰ ਲੋਕਾਂ ਨਾਲ ਆ ਰਿਹਾ ਹੈ।#1:14 ਬਿਵ 33:2; 2 ਥੱਸ 1:7-8 15ਸਾਰੀਆਂ ਜ਼ਿੰਦਗੀਆਂ ਦਾ ਨਿਆਂ ਕਰਨ ਲਈ, ਅਤੇ ਸਭਨਾਂ ਨੂੰ ਉਨ੍ਹਾਂ ਦੇ ਸਾਰੇ ਦੁਸ਼ਟ ਕੰਮਾਂ ਦੇ ਕਾਰਨ ਜੋ ਉਨ੍ਹਾਂ ਨੇ ਦੁਸ਼ਟਤਾ ਨਾਲ ਕੀਤੇ ਸਨ ਅਤੇ ਸਾਰੀਆਂ ਕਠੋਰ ਗੱਲਾਂ ਦੇ ਕਾਰਨ ਜੋ ਦੁਸ਼ਟ ਪਾਪੀਆਂ ਨੇ ਪਰਮੇਸ਼ਵਰ ਦੇ ਵਿਰੁੱਧ ਬੋਲੀਆਂ ਸਨ, ਦੋਸ਼ੀ ਠਹਿਰਾਵੇ।” 16ਇਹ ਲੋਕ ਬੁੜ-ਬੁੜ ਕਰਨ ਅਤੇ ਕਸੂਰ ਲੱਭਣ ਵਾਲੇ ਹਨ; ਉਹ ਆਪਣੀਆਂ ਬੁਰੀਆਂ ਇੱਛਾਵਾਂ ਦੇ ਪਿੱਛੇ ਚੱਲਦੇ ਹਨ; ਉਹ ਆਪਣੇ ਮੂੰਹ ਵਿੱਚੋਂ ਵੱਡੀਆਂ-ਵੱਡੀਆਂ ਫੋਕੀਆਂ ਗੱਪਾਂ ਮਾਰਦੇ ਹਨ ਅਤੇ ਲਾਭ ਲਈ ਚਾਪਲੂਸੀ ਕਰਦੇ ਹਨ।
ਦ੍ਰਿੜ ਰਹਿਣ ਲਈ ਇੱਕ ਬੁਲਾਹਟ
17ਪਰ ਹੇ ਪਿਆਰੇ ਮਿੱਤਰੋ, ਯਾਦ ਰੱਖੋ ਕਿ ਇਹ ਗੱਲਾਂ ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਰਸੂਲਾਂ ਨੇ ਪਹਿਲਾਂ ਹੀ ਦੱਸੀਆਂ। 18ਉਨ੍ਹਾਂ ਨੇ ਤੁਹਾਨੂੰ ਕਿਹਾ ਸੀ, “ਕਿ ਅੰਤ ਦੇ ਸਮੇਂ ਵਿੱਚ ਮਖੌਲ ਕਰਨ ਵਾਲੇ ਹੋਣਗੇ ਜੋ ਆਪਣੀਆਂ ਖੁਦ ਦੀਆਂ ਦੁਸ਼ਟ ਇੱਛਾਵਾਂ ਦੇ ਅਨੁਸਾਰ ਚੱਲਣਗੇ।”#1:18 2 ਪਤ 3:3 19ਇਹ ਉਹ ਲੋਕ ਹਨ ਜੋ ਤੁਹਾਡੇ ਵਿੱਚ ਫੁੱਟਾ ਪਾਉਂਦੇ ਹਨ, ਜਿਹੜੇ ਸਰੀਰਕ ਹਨ, ਜਿਨ੍ਹਾਂ ਵਿੱਚ ਪਰਮੇਸ਼ਵਰ ਦਾ ਆਤਮਾ ਨਹੀਂ।
20ਹੇ ਪਿਆਰੇ ਮਿੱਤਰੋ, ਆਪਣੇ ਆਪ ਨੂੰ ਆਪਣੇ ਅੱਤ ਪਵਿੱਤਰ ਵਿਸ਼ਵਾਸ ਉੱਤੇ ਉਸਾਰੀ ਜਾਓ ਅਤੇ ਪਵਿੱਤਰ ਆਤਮਾ ਵਿੱਚ ਪ੍ਰਾਰਥਨਾ ਕਰਦੇ ਹੋਏ। 21ਆਪਣੇ ਆਪ ਨੂੰ ਪਰਮੇਸ਼ਵਰ ਦੇ ਪਿਆਰ ਵਿੱਚ ਬਣਾਈ ਰੱਖੋ ਕਿਉਂਕਿ ਤੁਸੀਂ ਸਾਡੇ ਸਦੀਵੀ ਜੀਵਨ ਲਿਆਉਣ ਲਈ ਸਾਡੇ ਪ੍ਰਭੂ ਯਿਸ਼ੂ ਮਸੀਹ ਦੀ ਦਯਾ ਦੀ ਉਡੀਕ ਕਰਦੇ ਰਹੋ।
22ਉਹ ਜਿਹੜੇ ਵਿਸ਼ਵਾਸ ਕਰਨ ਬਾਰੇ ਸ਼ੱਕ ਕਰਦੇ ਹਨ, ਉਹਨਾਂ ਉੱਤੇ ਦਯਾ ਕਰੋ; 23ਦੂਜਿਆਂ ਨੂੰ ਅੱਗ ਵਿੱਚੋਂ ਖਿੱਚ ਧੂੰਹ ਕੇ ਬਚਾਓ; ਦੂਸਰਿਆ ਤੇ ਦਯਾ ਕਰੋ, ਅਤੇ ਉਸ ਬਸਤਰ ਤੋਂ ਵੀ ਜਿਹੜੇ ਸਰੀਰ ਦੁਆਰਾ ਕਲੰਕਿਤ ਹੋਏ ਹਨ ਕੱਪੜਿਆਂ ਤੋਂ ਵੀ ਘ੍ਰਿਣਾ ਕਰੋ।
ਬਰਕਤ ਦੇ ਵਚਨ
24ਉਹ ਹੈ ਜੋ ਤੁਹਾਨੂੰ ਠੋਕਰ ਤੋਂ ਬਚਾਉਣ ਦੇ ਯੋਗ ਹੈ ਅਤੇ ਤੁਹਾਨੂੰ ਉਸ ਦੀ ਸ਼ਾਨਦਾਰ ਮੌਜੂਦਗੀ ਸਾਹਮਣੇ ਤੁਹਾਨੂੰ ਬਿਨਾਂ ਕਿਸੇ ਗਲਤੀ ਦੇ ਅਤੇ ਬੜੇ ਆਨੰਦ ਨਾਲ ਪੇਸ਼ ਕਰਨ ਦੇ ਯੋਗ ਹੈ। 25ਸਾਡੇ ਮੁਕਤੀਦਾਤਾ ਕੇਵਲ ਇੱਕੋ ਹੀ ਪਰਮੇਸ਼ਵਰ ਦੀ ਮਹਿਮਾ, ਮਹਾਨਤਾ, ਸ਼ਕਤੀ ਅਤੇ ਅਧਿਕਾਰ ਯਿਸ਼ੂ ਮਸੀਹ ਸਾਡੇ ਪ੍ਰਭੂ ਰਾਹੀਂ, ਸਾਰੇ ਯੁੱਗਾਂ ਤੋਂ ਪਹਿਲਾਂ, ਹੁਣ ਅਤੇ ਸਦਾ ਲਈ ਹੋਵੇ! ਆਮੀਨ।