1
ਯਹੋਸ਼ੂਆ ਨੂੰ ਆਗੂ ਵਜੋਂ ਸਥਾਪਿਤ ਕਰਨਾ
1ਯਾਹਵੇਹ ਦੇ ਸੇਵਕ ਮੋਸ਼ੇਹ ਦੀ ਮੌਤ ਤੋਂ ਬਾਅਦ, ਯਾਹਵੇਹ ਨੇ ਮੋਸ਼ੇਹ ਦੇ ਸਹਾਇਕ ਨੂਨ ਦੇ ਪੁੱਤਰ ਯਹੋਸ਼ੂਆ ਨੂੰ ਕਿਹਾ, 2“ਮੇਰਾ ਸੇਵਕ ਮੋਸ਼ੇਹ ਮਰ ਗਿਆ ਹੈ। ਹੁਣ ਤੂੰ ਅਤੇ ਇਹ ਸਾਰੇ ਲੋਕ, ਉਸ ਦੇਸ਼ ਦੀ ਯਰਦਨ ਨਦੀ ਨੂੰ ਪਾਰ ਕਰਨ ਲਈ ਤਿਆਰ ਹੋ ਜਾਓ, ਜੋ ਮੈਂ ਉਹਨਾਂ ਇਸਰਾਏਲੀਆਂ ਨੂੰ ਦੇਣ ਵਾਲਾ ਹਾਂ। 3ਜਿਵੇਂ ਮੈਂ ਮੋਸ਼ੇਹ ਨਾਲ ਬਚਨ ਕੀਤਾ ਸੀ, ਮੈਂ ਤੈਨੂੰ ਹਰ ਉਹ ਥਾਂ ਦੇਵਾਂਗਾ ਜਿੱਥੇ ਤੂੰ ਪੈਰ ਰੱਖੇਗਾ। 4ਤੁਹਾਡਾ ਇਲਾਕਾ ਇਸ ਮਾਰੂਥਲ ਤੋਂ ਲਬਾਨੋਨ ਤੱਕ, ਅਤੇ ਮਹਾਨ ਨਦੀ ਜੋ ਫ਼ਰਾਤ ਦੀ ਨਦੀ ਹੈ, ਸਾਰੇ ਹਿੱਤੀ ਦੇਸ਼ ਪੱਛਮ ਵਿੱਚ ਮਹਾ ਸਾਗਰ#1:4 ਮਹਾ ਸਾਗਰ ਅਰਥਾਤ: ਭੂਮੱਧ ਸਾਗਰ ਤੱਕ ਫੈਲੇਗਾ। 5ਕੋਈ ਵੀ ਤੇਰੇ ਜੀਵਨ ਦੇ ਸਾਰੇ ਦਿਨ ਵਿੱਚ ਤੇਰੇ ਵਿਰੁੱਧ ਖੜਾ ਨਹੀਂ ਹੋ ਸਕੇਗਾ। ਜਿਵੇਂ ਮੈਂ ਮੋਸ਼ੇਹ ਦੇ ਨਾਲ ਸੀ, ਉਸੇ ਤਰ੍ਹਾਂ ਮੈਂ ਤੇਰੇ ਨਾਲ ਰਹਾਂਗਾ, ਮੈਂ ਤੈਨੂੰ ਕਦੇ ਨਹੀਂ ਛੱਡਾਂਗਾ ਅਤੇ ਨਾ ਹੀ ਤਿਆਗਾਂਗਾ। 6ਤਕੜਾ ਹੋ ਅਤੇ ਹੌਸਲਾ ਰੱਖ, ਕਿਉਂਕਿ ਤੂੰ ਇਨ੍ਹਾਂ ਲੋਕਾਂ ਨੂੰ ਉਸ ਧਰਤੀ ਦੇ ਵਾਰਿਸ ਬਣਾਉਣ ਲਈ ਅਗਵਾਈ ਕਰੇਗਾ ਜੋ ਮੈਂ ਉਹਨਾਂ ਦੇ ਪਿਉ-ਦਾਦਿਆਂ ਨੂੰ ਦੇਣ ਦੀ ਸਹੁੰ ਖਾਧੀ ਸੀ।
7“ਤੂੰ ਤਕੜਾ ਹੋ ਤੇ ਹੌਸਲਾ ਰੱਖ, ਮੇਰੇ ਸੇਵਕ ਮੋਸ਼ੇਹ ਦੁਆਰਾ ਦਿੱਤੇ ਗਏ ਸਾਰੇ ਕਾਨੂੰਨ ਦੀ ਪਾਲਣਾ ਕਰਨ ਲਈ ਸਾਵਧਾਨ ਰਹੋ, ਇਸ ਤੋਂ ਸੱਜੇ ਜਾਂ ਖੱਬੇ ਨਾ ਮੁੜੀ, ਤਾਂ ਜੋ ਤੂੰ ਜਿੱਥੇ ਵੀ ਜਾਵੇਗਾ ਸਫਲ ਹੋਵੇਗਾ। 8ਇਹ ਬਿਵਸਥਾ ਦੀ ਪੋਥੀ ਤੇਰੇ ਮਨ ਤੋਂ ਕਦੇ ਵੱਖਰੀ ਨਾ ਹੋਵੇ, ਦਿਨ-ਰਾਤ ਇਸ ਦਾ ਸਿਮਰਨ ਕਰ, ਤਾਂ ਜੋ ਤੂੰ ਇਸ ਵਿੱਚ ਲਿਖੀਆਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਸਕੇ। ਫਿਰ ਤੂੰ ਖੁਸ਼ਹਾਲ ਅਤੇ ਸਫਲ ਹੋਵੋਗੇ। 9ਕੀ ਮੈਂ ਤੈਨੂੰ ਹੁਕਮ ਨਹੀਂ ਦਿੱਤਾ? ਤਕੜਾ ਹੋ ਤੇ ਹੌਸਲਾ ਰੱਖ, ਨਾ ਡਰ ਅਤੇ ਨਾ ਹੀ ਨਿਰਾਸ਼ ਹੋ, ਕਿਉਂਕਿ ਯਾਹਵੇਹ ਜਿੱਥੇ ਵੀ ਤੂੰ ਜਾਏਗਾ ਤੇਰਾ ਪਰਮੇਸ਼ਵਰ ਤੇਰੇ ਨਾਲ ਹੋਵੇਗਾ।”
10ਇਸ ਲਈ ਯਹੋਸ਼ੂਆ ਨੇ ਲੋਕਾਂ ਦੇ ਅਧਿਕਾਰੀਆਂ ਨੂੰ ਹੁਕਮ ਦਿੱਤਾ, 11“ਡੇਰੇ ਵਿੱਚੋਂ ਲੰਘੋ ਅਤੇ ਲੋਕਾਂ ਨੂੰ ਆਖੋ, ‘ਆਪਣੇ ਲਈ ਭੋਜਨ ਤਿਆਰ ਕਰੋ। ਹੁਣ ਤੋਂ ਤਿੰਨ ਦਿਨ ਬਾਅਦ ਤੁਸੀਂ ਇੱਥੇ ਯਰਦਨ ਪਾਰ ਕਰੋਗੇ ਅਤੇ ਉਸ ਧਰਤੀ ਉੱਤੇ ਕਬਜ਼ਾ ਕਰ ਲਓਗੇ ਜੋ ਤੁਹਾਡਾ ਯਾਹਵੇਹ ਪਰਮੇਸ਼ਵਰ ਤੁਹਾਨੂੰ ਕਬਜ਼ਾ ਕਰਨ ਲਈ ਦੇ ਰਿਹਾ ਹੈ।’ ”
12ਪਰ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ੇਹ ਦੇ ਅੱਧੇ ਗੋਤ ਨੂੰ ਯਹੋਸ਼ੂਆ ਨੇ ਆਖਿਆ, 13“ਯਾਹਵੇਹ ਦੇ ਦਾਸ ਮੋਸ਼ੇਹ ਦੇ ਹੁਕਮ ਨੂੰ ਯਾਦ ਰੱਖੋ ਜਦੋਂ ਉਸਨੇ ਕਿਹਾ ਸੀ, ‘ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਅਰਾਮ ਵੀ ਅਤੇ ਇਹ ਧਰਤੀ ਦੇਵੇਗਾ।’ 14ਤੁਹਾਡੀਆਂ ਪਤਨੀਆਂ, ਤੁਹਾਡੇ ਬੱਚੇ ਅਤੇ ਤੁਹਾਡੇ ਪਸ਼ੂ ਉਸ ਧਰਤੀ ਵਿੱਚ ਰਹਿ ਸਕਦੇ ਹਨ ਜੋ ਮੋਸ਼ੇਹ ਨੇ ਤੁਹਾਨੂੰ ਯਰਦਨ ਦੇ ਪੂਰਬ ਵੱਲ ਦਿੱਤੀ ਸੀ, ਪਰ ਤੁਹਾਡੇ ਸਾਰੇ ਲੜਾਕੂ ਆਦਮੀ, ਜੋ ਲੜਾਈ ਲਈ ਤਿਆਰ ਹਨ, ਤੁਹਾਡੇ ਸੰਗੀ ਇਸਰਾਏਲੀਆਂ ਦੇ ਅੱਗੇ ਪਾਰ ਲੰਘ ਜਾਣ। ਤੁਸੀਂ ਉਹਨਾਂ ਦੀ ਮਦਦ ਕਰਨੀ ਹੈ 15ਜਦੋਂ ਤੱਕ ਯਾਹਵੇਹ ਉਹਨਾਂ ਨੂੰ ਅਰਾਮ ਨਹੀਂ ਦਿੰਦਾ, ਜਿਵੇਂ ਉਸਨੇ ਤੁਹਾਡੇ ਲਈ ਕੀਤਾ ਹੈ ਅਤੇ ਜਦੋਂ ਤੱਕ ਉਹ ਵੀ ਧਰਤੀ ਤੇ ਕਬਜ਼ਾ ਨਹੀਂ ਕਰ ਲੈਂਦੇ, ਜੋ ਤੁਹਾਡਾ ਪਰਮੇਸ਼ਵਰ ਉਹਨਾਂ ਨੂੰ ਦੇ ਰਿਹਾ ਹੈ। ਉਸ ਤੋਂ ਬਾਅਦ, ਤੁਸੀਂ ਵਾਪਸ ਜਾ ਸਕਦੇ ਹੋ ਅਤੇ ਆਪਣੀ ਜ਼ਮੀਨ ਤੇ ਕਬਜ਼ਾ ਕਰ ਸਕਦੇ ਹੋ, ਜੋ ਕਿ ਯਾਹਵੇਹ ਦੇ ਸੇਵਕ ਮੋਸ਼ੇਹ ਨੇ ਤੁਹਾਨੂੰ ਯਰਦਨ ਦੇ ਪੂਰਬ ਵੱਲ ਸੂਰਜ ਦੇ ਚੜ੍ਹਦੇ ਪਾਸੇ ਵੱਲ ਦਿੱਤੀ ਸੀ।”
16ਤਦ ਉਹਨਾਂ ਨੇ ਯਹੋਸ਼ੂਆ ਨੂੰ ਉੱਤਰ ਦਿੱਤਾ, “ਜੋ ਕੁਝ ਤੁਸੀਂ ਸਾਨੂੰ ਹੁਕਮ ਦਿੱਤਾ ਹੈ ਅਸੀਂ ਉਹੀ ਕਰਾਂਗੇ ਅਤੇ ਜਿੱਥੇ ਵੀ ਤੁਸੀਂ ਸਾਨੂੰ ਭੇਜੋਂਗੇ ਅਸੀਂ ਜਾਵਾਂਗੇ। 17ਜਿਵੇਂ ਅਸੀਂ ਮੋਸ਼ੇਹ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਸੀ, ਉਸੇ ਤਰ੍ਹਾਂ ਅਸੀਂ ਤੁਹਾਡਾ ਵੀ ਕਹਿਣਾ ਮੰਨਾਂਗੇ। ਕੇਵਲ ਯਾਹਵੇਹ ਪਰਮੇਸ਼ਵਰ ਤੁਹਾਡੇ ਨਾਲ ਹੋਵੇ ਜਿਵੇਂ ਉਹ ਮੋਸ਼ੇਹ ਦੇ ਨਾਲ ਸੀ। 18ਜੋ ਕੋਈ ਤੁਹਾਡੇ ਬਚਨ ਦੇ ਵਿਰੁੱਧ ਬਗਾਵਤ ਕਰਦਾ ਹੈ ਅਤੇ ਉਸ ਨੂੰ ਨਹੀਂ ਮੰਨਦਾ, ਤੁਸੀਂ ਉਹਨਾਂ ਨੂੰ ਜੋ ਵੀ ਹੁਕਮ ਦਿਓਗੇ, ਉਹ ਮਾਰਿਆ ਜਾਵੇਗਾ। ਤੂੰ ਸਿਰਫ ਤਕੜਾ ਹੋ ਅਤੇ ਹੌਸਲਾ ਰੱਖ!”