1
1ਯਾਹਵੇਹ ਦਾ ਬਚਨ ਜਿਹੜਾ ਪਥੂਏਲ ਦੇ ਪੁੱਤਰ ਯੋਏਲ ਨੂੰ ਆਇਆ।
ਟਿੱਡੀਆਂ ਦਾ ਹਮਲਾ
2ਹੇ ਆਗੂਓ, ਇਹ ਸੁਣੋ,
ਹੇ ਦੇਸ਼ ਦੇ ਸਾਰੇ ਲੋਕੋ, ਮੇਰੀ ਸੁਣੋ।
ਕੀ ਤੁਹਾਡੇ ਦਿਨਾਂ ਵਿੱਚ ਜਾਂ ਤੁਹਾਡੇ ਪੁਰਖਿਆਂ ਦੇ ਦਿਨਾਂ ਵਿੱਚ ਕਦੇ ਅਜਿਹਾ ਹੋਇਆ ਹੈ?
3ਇਸਨੂੰ ਆਪਣੇ ਬੱਚਿਆਂ ਨੂੰ ਦੱਸੋ,
ਅਤੇ ਆਪਣੇ ਬੱਚਿਆਂ ਨੂੰ ਆਪਣੇ ਬੱਚਿਆਂ ਨੂੰ,
ਅਤੇ ਉਨ੍ਹਾਂ ਦੇ ਬੱਚੇ ਅਗਲੀ ਪੀੜ੍ਹੀ ਨੂੰ ਦੱਸਣ ਦਿਓ।
4ਜੋ ਛੋਟੀ ਟਿੱਡੀ ਤੋਂ ਬਚਿਆ,
ਉਹ ਵੱਡੀ ਟਿੱਡੀ ਖਾ ਗਈ,
ਜੋ ਵੱਡੀ ਟਿੱਡੀ ਤੋਂ ਬਚਿਆ,
ਉਹ ਟਪੂਸੀ ਮਾਰ ਟਿੱਡੀ ਖਾ ਗਈ,
ਜੋ ਟਪੂਸੀ ਮਾਰ ਟਿੱਡੀ ਤੋਂ ਬਚਿਆ,
ਉਹ ਹੂੰਝਾ ਫੇਰ ਟਿੱਡੀ ਖਾ ਗਈ।
5ਹੇ ਸ਼ਰਾਬੀਓ, ਜਾਗੋ ਅਤੇ ਰੋਵੋ!
ਹੇ ਸਾਰੇ ਸ਼ਰਾਬ ਦੇ ਪਿਆਕੜ ਹੋ,
ਨਵੀਂ ਦਾਖਰਸ ਦੇ ਕਾਰਨ ਰੋਵੋ,
ਕਿਉਂ ਜੋ ਉਹ ਤੁਹਾਡੇ ਬੁੱਲ੍ਹਾਂ ਤੋਂ ਖੋਹ ਲਈ ਗਈ ਹੈ।
6ਇੱਕ ਕੌਮ ਨੇ ਮੇਰੀ ਧਰਤੀ ਉੱਤੇ ਹਮਲਾ ਕੀਤਾ ਹੈ,
ਇੱਕ ਸ਼ਕਤੀਸ਼ਾਲੀ ਅਤੇ ਅਣਗਿਣਤ ਹੈ;
ਉਸ ਦੇ ਦੰਦ ਸ਼ੇਰ ਦੇ ਦੰਦ ਹਨ,
ਉਸ ਦੀਆਂ ਦਾੜ੍ਹਾਂ ਸ਼ੇਰਨੀ ਦੀਆਂ ਹਨ।
7ਉਸ ਨੇ ਮੇਰੀਆਂ ਅੰਗੂਰਾਂ ਦੀਆਂ ਵੇਲਾਂ ਨੂੰ ਉਜਾੜ ਦਿੱਤਾ
ਅਤੇ ਮੇਰੇ ਹੰਜੀਰ ਦੇ ਰੁੱਖਾਂ ਨੂੰ ਤੋੜ ਕੇ ਸੁੱਟ ਦਿੱਤਾ।
ਉਸ ਨੇ ਉਨ੍ਹਾਂ ਦੀ ਸੱਕ ਲਾਹ ਕੇ ਸੁੱਟ ਦਿੱਤੀ ਹੈ,
ਉਨ੍ਹਾਂ ਦੀਆਂ ਟਹਿਣੀਆਂ ਨੂੰ ਚਿੱਟਾ ਛੱਡ ਦਿੱਤਾ ਹੈ।
8ਉਸ ਕੁਆਰੀ ਵਾਂਗੂੰ ਜੋ ਲੱਕ ਉੱਤੇ ਟਾਟ ਬੰਨ੍ਹ ਕੇ
ਆਪਣੀ ਜੁਆਨੀ ਦੇ ਪਤੀ ਲਈ ਰੋਂਦੀ ਹੈ, ਤੂੰ ਵੀ ਉਸੇ ਤਰ੍ਹਾਂ ਰੋ।
9ਅਨਾਜ ਦੀਆਂ ਭੇਟਾਂ ਅਤੇ ਪੀਣ ਦੀਆਂ ਭੇਟਾਂ
ਯਾਹਵੇਹ ਦੇ ਘਰ ਵਿੱਚ ਆਉਣੀਆਂ ਬੰਦ ਹੋ ਗਈਆਂ ਹਨ।
ਜਾਜਕ ਸੋਗ ਵਿੱਚ ਹਨ,
ਉਹ ਜਿਹੜੇ ਯਾਹਵੇਹ ਦੇ ਅੱਗੇ ਸੇਵਾ ਕਰਦੇ ਹਨ।
10ਖੇਤ ਬਰਬਾਦ ਹੋ ਗਏ ਹਨ,
ਜ਼ਮੀਨ ਸੁੱਕ ਗਈ ਹੈ;
ਅਨਾਜ ਨਸ਼ਟ ਹੋ ਗਿਆ,
ਨਵੀਂ ਮੈ ਸੁੱਕ ਗਈ,
ਜ਼ੈਤੂਨ ਦਾ ਤੇਲ ਨਾਸ ਹੋ ਗਿਆ।
11ਹੇ ਕਿਸਾਨੋ, ਨਿਰਾਸ਼ ਹੋਵੋ,
ਹੇ ਵੇਲਾਂ ਦੇ ਪੈਦਾ ਕਰਨ ਵਾਲਿਓ, ਰੋਵੋ;
ਕਣਕ ਅਤੇ ਜੌਂ ਲਈ ਸੋਗ ਕਰੋ,
ਕਿਉਂਕਿ ਖੇਤ ਦੀ ਫ਼ਸਲ ਤਬਾਹ ਹੋ ਗਈ ਹੈ।
12ਅੰਗੂਰੀ ਵੇਲ ਸੁੱਕ ਗਈ ਹੈ,
ਅਤੇ ਹੰਜੀਰ ਦਾ ਰੁੱਖ ਸੁੱਕ ਗਿਆ ਹੈ।
ਅਨਾਰ, ਖਜ਼ੂਰ ਅਤੇ ਸੇਬ ਦੇ ਰੁੱਖ,
ਖੇਤ ਦੇ ਸਾਰੇ ਰੁੱਖ ਸੁੱਕ ਗਏ ਹਨ।
ਨਿਸ਼ਚੇ ਹੀ ਲੋਕਾਂ ਦਾ ਅਨੰਦ ਮੁਰਝਾ ਗਿਆ ਹੈ।
ਵਿਰਲਾਪ ਦਾ ਸੱਦਾ
13ਹੇ ਜਾਜਕੋ, ਤੱਪੜ ਪਾਓ ਅਤੇ ਸੋਗ ਕਰੋ।
ਹੇ ਜਗਵੇਦੀ ਦੇ ਅੱਗੇ ਸੇਵਾ ਕਰਨ ਵਾਲੇ, ਰੋਵੋ।
ਆ ਤੱਪੜ ਪਾ ਕੇ ਰਾਤ ਕੱਟੋ,
ਹੇ ਮੇਰੇ ਪਰਮੇਸ਼ਵਰ ਦੀ ਸੇਵਾ ਕਰਨ ਵਾਲਿਓ।
ਅਨਾਜ਼ ਦੀਆਂ ਭੇਟਾਂ ਅਤੇ ਪੀਣ ਦੀਆਂ ਭੇਟਾਂ
ਤੁਹਾਡੇ ਪਰਮੇਸ਼ਵਰ ਦੇ ਘਰ ਤੋਂ ਰੋਕੀਆਂ ਗਈਆਂ ਹਨ।
14ਇੱਕ ਪਵਿੱਤਰ ਵਰਤ ਰੱਖੋ;
ਇੱਕ ਪਵਿੱਤਰ ਸਭਾ ਬੁਲਾਓ।
ਬਜ਼ੁਰਗਾਂ ਨੂੰ
ਅਤੇ ਧਰਤੀ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੂੰ
ਆਪਣੇ ਪਰਮੇਸ਼ਵਰ ਦੇ ਘਰ ਵਿੱਚ ਬੁਲਾਓ,
ਅਤੇ ਯਾਹਵੇਹ ਅੱਗੇ ਦੁਹਾਈ ਦਿਓ।
15ਹਾਏ, ਉਸ ਦਿਨ ਲਈ!
ਕਿਉਂਕਿ ਯਾਹਵੇਹ ਦਾ ਦਿਨ ਨੇੜੇ ਹੈ;
ਇਹ ਸਰਵਸ਼ਕਤੀਮਾਨ ਵੱਲੋਂ ਤਬਾਹੀ ਵਾਂਗ ਆਵੇਗਾ।
16ਕੀ ਸਾਡੀਆਂ ਅੱਖਾਂ ਦੇ ਸਾਮ੍ਹਣੇ
ਅਨੰਦ ਅਤੇ ਖੁਸ਼ੀ
ਸਾਡੇ ਪਰਮੇਸ਼ਵਰ ਦੇ ਘਰ ਵਿੱਚੋਂ ਭੋਜਨ ਮੁੱਕ ਨਹੀਂ ਗਿਆ?
17ਬੀਜ ਮਿੱਟੀ ਦੇ ਢੇਲਿਆਂ ਦੇ ਹੇਠ ਸੜਦੇ ਜਾਂਦੇ ਹਨ,
ਖੱਤੇ ਵਿਰਾਨ ਪਏ ਹਨ,
ਭੰਡਾਰ ਘਰ ਟੁੱਟੇ ਪਏ ਹਨ,
ਕਿਉਂ ਜੋ ਫ਼ਸਲ ਸੁੱਕ ਗਈ ਹੈ।
18ਡੰਗਰ ਕਿਵੇਂ ਅੜਿੰਗਦੇ ਹਨ!
ਪਸ਼ੂਆਂ ਦੇ ਝੁੰਡ ਭਟਕਦੇ ਫਿਰਦੇ ਹਨ
ਕਿਉਂਕਿ ਉਨ੍ਹਾਂ ਕੋਲ ਕੋਈ ਚਾਰਾ ਨਹੀਂ ਹੈ;
ਭੇਡਾਂ ਦੇ ਇੱਜੜ ਵੀ ਦੁਖੀ ਹਨ।
19ਹੇ ਯਾਹਵੇਹ, ਮੈਂ ਤੁਹਾਨੂੰ ਪੁਕਾਰਦਾ ਹਾਂ,
ਕਿਉਂਕਿ ਅੱਗ ਨੇ ਉਜਾੜ ਵਿੱਚ ਚਰਾਗਾਹਾਂ ਨੂੰ ਖਾ ਲਿਆ ਹੈ
ਅਤੇ ਅੱਗ ਨੇ ਖੇਤ ਦੇ ਸਾਰੇ ਰੁੱਖਾਂ ਨੂੰ ਸਾੜ ਦਿੱਤਾ ਹੈ।
20ਖੇਤ ਦੇ ਪਸ਼ੂ ਤੇਰੇ ਵੱਲ ਹੌਂਕਦੇ ਹਨ।
ਪਾਣੀ ਦੀਆਂ ਨਦੀਆਂ ਸੁੱਕ ਗਈਆਂ ਹਨ
ਅਤੇ ਅੱਗ ਨੇ ਉਜਾੜ ਦੀਆਂ ਚਰਾਂਦਾਂ ਨੂੰ ਭਸਮ ਕਰ ਦਿੱਤਾ ਹੈ।