4
ਆਪਣੇ ਆਪ ਨੂੰ ਪਰਮੇਸ਼ਵਰ ਦੇ ਅਧੀਨ ਕਰੋ
1ਤੁਹਾਡੇ ਵਿੱਚ ਲੜਾਈਆਂ ਅਤੇ ਝਗੜੇ ਦਾ ਕਾਰਨ ਕੀ ਹੈ? ਕੀ ਉਹ ਤੁਹਾਡੀਆਂ ਇੱਛਾਵਾਂ ਤੋਂ ਨਹੀਂ ਆਉਂਦੇ ਜੋ ਤੁਹਾਡੇ ਅੰਦਰ ਲੜਦੇ ਹਨ? 2ਤੁਹਾਡੀ ਇੱਛਾ ਹੈ ਪਰ ਤੁਹਾਡੇ ਕੋਲ ਨਹੀਂ ਹੈ, ਇਸ ਲਈ ਤੁਸੀਂ ਮਾਰ ਦਿੰਦੇ ਹੋ। ਤੁਸੀਂ ਲੋਭ ਕਰਦੇ ਹੋ ਪਰ ਜੋ ਤੁਸੀਂ ਚਾਹੁੰਦੇ ਹੋ ਉਹ ਪ੍ਰਾਪਤ ਨਹੀਂ ਕਰ ਸਕਦੇ, ਇਸ ਲਈ ਤੁਸੀਂ ਝਗੜਾ ਅਤੇ ਲੜਾਈ ਕਰਦੇ ਹੋ। ਤੁਹਾਡੇ ਕੋਲ ਨਹੀਂ ਹੈ ਕਿਉਂਕਿ ਤੁਸੀਂ ਪਰਮੇਸ਼ਵਰ ਤੋਂ ਨਹੀਂ ਮੰਗਦੇ। 3ਜਦੋਂ ਤੁਸੀਂ ਪਰਮੇਸ਼ਵਰ ਕੋਲੋ ਮੰਗਦੇ ਹੋ, ਤੁਹਾਨੂੰ ਪ੍ਰਾਪਤ ਨਹੀਂ ਹੁੰਦਾ, ਕਿਉਂਕਿ ਤੁਸੀਂ ਬੁਰੀ ਨੀਤ ਨਾਲ ਮੰਗਦੇ ਹੋ, ਤਾਂ ਜੋ ਤੁਸੀਂ ਉਸ ਨੂੰ ਆਪਣੀਆਂ ਭੋਗ ਬਿਲਾਸਾਂ ਤੇ ਖਰਚ ਕਰ ਸਕੋ।
4ਹੇ ਬੇਵਫ਼ਾ ਲੋਕੋ, ਕੀ ਤੁਸੀਂ ਨਹੀਂ ਜਾਣਦੇ ਕਿ ਸੰਸਾਰ ਨਾਲ ਦੋਸਤੀ ਕਰਨਾ ਪਰਮੇਸ਼ਵਰ ਨਾਲ ਵੈਰ ਕਰਨਾ ਹੈ? ਇਸ ਲਈ, ਜੋ ਕੋਈ ਵੀ ਸੰਸਾਰ ਦਾ ਦੋਸਤ ਬਣਨ ਦੀ ਚੋਣ ਕਰਦਾ ਹੈ ਉਹ ਪਰਮੇਸ਼ਵਰ ਦਾ ਦੁਸ਼ਮਣ ਬਣ ਜਾਂਦਾ ਹੈ। 5ਜਾਂ ਕੀ ਤੁਸੀਂ ਸੋਚਦੇ ਹੋ ਕਿ ਪਵਿੱਤਰ ਸ਼ਾਸਤਰ ਬਿਨਾਂ ਕਿਸੇ ਕਾਰਨ ਦੇ ਕਹਿੰਦਾ ਹੈ ਕਿ ਉਹ ਈਰਖਾ ਨਾਲ ਉਸ ਪਵਿੱਤਰ ਆਤਮਾ ਦੀ ਇੱਛਾ ਰੱਖਦਾ ਹੈ ਜਿਸ ਨੂੰ ਉਸ ਨੇ ਸਾਡੇ ਵਿੱਚ ਵਸਾਇਆ ਹੈ?#4:5 ਕੂਚ 20:5; 34:14; ਜ਼ਕ 8:2 6ਪਰ ਪਰਮੇਸ਼ਵਰ ਸਾਨੂੰ ਵਧੇਰੇ ਕਿਰਪਾ ਦਿੰਦਾ ਹੈ। ਇਸੇ ਲਈ ਪਵਿੱਤਰ ਸ਼ਾਸਤਰ ਕਹਿੰਦਾ ਹੈ:
“ਪਰਮੇਸ਼ਵਰ ਹੰਕਾਰੀਆਂ ਦਾ ਵਿਰੋਧ ਕਰਦਾ ਹੈ
ਪਰ ਨਿਮਰ ਲੋਕਾਂ ਤੇ ਮਿਹਰ ਕਰਦਾ ਹੈ।”#4:6 ਕਹਾ 3:34
7ਆਪਣੇ ਆਪ ਨੂੰ ਪਰਮੇਸ਼ਵਰ ਦੇ ਅਧੀਨ ਕਰੋ। ਦੁਸ਼ਟ ਦਾ ਸਾਹਮਣਾ ਕਰੋ, ਅਤੇ ਉਹ ਤੁਹਾਡੇ ਅੱਗੋਂ ਭੱਜ ਜਾਵੇਗਾ। 8ਪਰਮੇਸ਼ਵਰ ਦੇ ਨੇੜੇ ਆਓ ਅਤੇ ਉਹ ਤੁਹਾਡੇ ਨੇੜੇ ਆਵੇਗਾ। ਹੇ ਪਾਪੀਓ, ਆਪਣੇ ਹੱਥ ਧੋਵੋ ਅਤੇ ਆਪਣੇ ਦਿਲਾਂ ਨੂੰ ਸ਼ੁੱਧ ਕਰੋ, ਤੁਸੀਂ ਜੋ ਦੋਗਲੇ ਹੋ#4:8 ਤੁਸੀਂ ਜੋ ਦੋਗਲੇ ਹੋ ਪਖੰਡੀ ਜਾਂ ਝੂਠੇ ਸ਼ਰਧਾਲੂ#4:8 ਜ਼ਕ 1:3; ਮਲਾ 3:7 9ਦੁੱਖੀ ਹੋਵੋ, ਸੋਗ ਕਰੋ ਅਤੇ ਰੋਵੋ। ਆਪਣੇ ਹਾਸੇ ਨੂੰ ਸੋਗ ਅਤੇ ਆਪਣੀ ਖੁਸ਼ੀ ਨੂੰ ਉਦਾਸੀ ਵਿੱਚ ਬਦਲੋ। 10ਆਪਣੇ ਆਪ ਨੂੰ ਪ੍ਰਭੂ ਦੇ ਅੱਗੇ ਨੀਵਾਂ ਕਰੋ, ਅਤੇ ਉਹ ਤੁਹਾਨੂੰ ਉੱਚਾ ਕਰੇਗਾ।#4:10 ਜ਼ਬੂ 147:6
11ਹੇ ਭਰਾਵੋ ਅਤੇ ਭੈਣੋ, ਇੱਕ-ਦੂਜੇ ਦੀ ਨਿੰਦਿਆ ਨਾ ਕਰੋ। ਜਿਹੜਾ ਵੀ ਕੋਈ ਆਪਣੇ ਭਰਾ ਜਾਂ ਭੈਣ ਦੇ ਵਿਰੁੱਧ ਬੋਲਦਾ ਹੈ ਅਤੇ ਉਸ ਤੇ ਦੋਸ਼ ਲਾਉਂਦਾ ਹੈ ਉਹ ਬਿਵਸਥਾ ਦੇ ਵਿਰੁੱਧ ਬੋਲਦਾ ਹੈ। ਅਤੇ ਪਰਮੇਸ਼ਵਰ ਦੀ ਬਿਵਸਥਾ ਉੱਤੇ ਦੋਸ਼ ਲਾਉਂਦਾ ਹੈ। ਪਰ ਜੇ ਤੂੰ ਪਰਮੇਸ਼ਵਰ ਦੀ ਬਿਵਸਥਾ ਤੇ ਦੋਸ਼ ਲਾਉਂਦਾ ਹੈ ਤਾਂ ਤੁਸੀਂ ਬਿਵਸਥਾ ਉੱਤੇ ਚੱਲਣ ਵਾਲੇ ਨਹੀਂ ਸਗੋਂ ਦੋਸ਼ ਲਾਉਣ ਵਾਲੇ ਬਣੇ। 12ਇੱਥੇ ਸਿਰਫ ਇੱਕ ਬਿਵਸਥਾ ਦੇਣ ਵਾਲਾ ਅਤੇ ਨਿਆਈਂ ਹੈ, ਪਰਮੇਸ਼ਵਰ ਹੈ ਜੋ ਬਚਾਉਂਦਾ ਅਤੇ ਨਸ਼ਟ ਕਰਨ ਦੇ ਯੋਗ ਹੈ। ਪਰ ਤੁਸੀਂ ਆਪਣੇ ਗੁਆਂਢੀ ਦਾ ਨਿਆਂ ਕਰਨ ਵਾਲੇ ਕੌਣ ਹੋ?
ਕੱਲ ਬਾਰੇ ਸ਼ੇਖੀ ਮਾਰਨਾ
13ਹੁਣ ਸੁਣੋ, ਤੁਸੀਂ ਜੋ ਕਹਿੰਦੇ ਹੋ, “ਅੱਜ ਜਾਂ ਕੱਲ੍ਹ ਅਸੀਂ ਇਸ ਜਾਂ ਉਸ ਸ਼ਹਿਰ ਵਿੱਚ ਜਾਵਾਂਗੇ, ਉੱਥੇ ਇੱਕ ਸਾਲ ਬਿਤਾਵਾਂਗੇ, ਕਾਰੋਬਾਰ ਕਰਾਂਗੇ ਅਤੇ ਪੈਸਾ ਕਮਾਵਾਂਗੇ।” 14ਕਿਉਂ ਜੋ ਤੁਹਾਨੂੰ ਇਹ ਵੀ ਨਹੀਂ ਪਤਾ ਕਿ ਕੱਲ੍ਹ ਨੂੰ ਕੀ ਹੋਵੇਗਾ। ਤੁਹਾਡੀ ਜ਼ਿੰਦਗੀ ਕੀ ਹੈ? ਤੁਸੀਂ ਇੱਕ ਭਾਫ਼ ਹੋ ਜੋ ਥੋੜ੍ਹੀ ਦੇਰ ਲਈ ਪ੍ਰਗਟ ਹੁੰਦੀ ਹੈ ਅਤੇ ਫਿਰ ਅਲੋਪ ਹੋ ਜਾਂਦੀ ਹੈ।#4:14 ਕਹਾ 27:1 15ਇਸ ਦੀ ਬਜਾਏ, ਤੁਹਾਨੂੰ ਇਹ ਕਹਿਣਾ ਚਾਹੀਦਾ ਹੈ, “ਜੇ ਇਹ ਪ੍ਰਭੂ ਦੀ ਇੱਛਾ ਹੋਵੇ, ਤਾਂ ਅਸੀਂ ਜੀਉਂਦੇ ਰਹਾਂਗੇ ਅਤੇ ਇਹ ਜਾਂ ਉਹ ਕੰਮ ਕਰਾਂਗੇ।” 16ਜਿਵੇਂ ਕਿ ਇਹ ਹੈ, ਤੁਸੀਂ ਆਪਣੀਆਂ ਹੰਕਾਰੀ ਯੋਜਨਾਵਾਂ ਉੱਤੇ ਘੁੰਮਡ ਕਰਦੇ ਹੋ। ਅਜਿਹੀਆਂ ਸਾਰੀਆਂ ਸ਼ੇਖੀਆਂ ਮਾਰਨਾ ਬੁਰਾਈ ਹੈ। 17ਇਸ ਲਈ ਜੋ ਕੋਈ ਭਲਾ ਕਰਨਾ ਜਾਣਦਾ ਹੈ ਅਤੇ ਨਹੀਂ ਕਰਦਾ, ਇਹ ਉਸ ਦੇ ਲਈ ਪਾਪ ਹੈ।