1
1ਯਾਹਵੇਹ ਦਾ ਬਚਨ ਜੋ ਬੇਰੀ ਦੇ ਪੁੱਤਰ ਹੋਸ਼ੇਆ ਨੂੰ ਯਹੂਦਾਹ ਦੇ ਰਾਜਿਆਂ ਉਜ਼ੀਯਾਹ, ਯੋਥਾਮ, ਆਹਾਜ਼ ਅਤੇ ਹਿਜ਼ਕੀਯਾਹ ਦੇ ਰਾਜ ਦੌਰਾਨ ਅਤੇ ਇਸਰਾਏਲ ਦੇ ਰਾਜਾ ਯੋਆਸ਼ ਦੇ ਪੁੱਤਰ ਯਾਰਾਬੁਆਮ ਦੇ ਰਾਜ ਵਿੱਚ ਆਇਆ।
ਹੋਸ਼ੇਆ ਦੀ ਪਤਨੀ ਅਤੇ ਬੱਚੇ
2ਜਦੋਂ ਯਾਹਵੇਹ ਨੇ ਹੋਸ਼ੇਆ ਦੇ ਰਾਹੀਂ ਬੋਲਣਾ ਸ਼ੁਰੂ ਕੀਤਾ, ਤਾਂ ਯਾਹਵੇਹ ਨੇ ਉਸਨੂੰ ਕਿਹਾ, “ਜਾ, ਇੱਕ ਵਿਭਚਾਰੀ ਔਰਤ ਨਾਲ ਵਿਆਹ ਕਰ ਅਤੇ ਉਸ ਦੇ ਬੱਚੇ ਪੈਦਾ ਕਰ। ਕਿਉਂਕਿ ਇੱਕ ਵਿਭਚਾਰੀ ਪਤਨੀ ਵਾਂਗ ਇਹ ਧਰਤੀ ਯਾਹਵੇਹ ਲਈ ਬੇਵਫ਼ਾਈ ਦੀ ਦੋਸ਼ੀ ਹੈ।” 3ਸੋ ਉਸ ਨੇ ਦਿਬਲਾਇਮ ਦੀ ਧੀ ਗੋਮਰ ਨਾਲ ਵਿਆਹ ਕੀਤਾ ਅਤੇ ਉਹ ਗਰਭਵਤੀ ਹੋਈ ਅਤੇ ਉਸ ਦੇ ਲਈ ਇੱਕ ਪੁੱਤਰ ਨੂੰ ਜਨਮ ਦਿੱਤਾ।
4ਫਿਰ ਯਾਹਵੇਹ ਨੇ ਹੋਸ਼ੇਆ ਨੂੰ ਕਿਹਾ, “ਉਸ ਨੂੰ ਯਿਜ਼ਰਏਲ ਆਖ ਕਿਉਂ ਜੋ ਮੈਂ ਯੇਹੂ ਦੇ ਘਰਾਣੇ ਨੂੰ ਯਿਜ਼ਰਏਲ ਵਿੱਚ ਹੋਏ ਕਤਲੇਆਮ ਦੀ ਸਜ਼ਾ ਦੇਵਾਂਗਾ ਅਤੇ ਇਸਰਾਏਲ ਦੇ ਰਾਜ ਨੂੰ ਖ਼ਤਮ ਕਰ ਦਿਆਂਗਾ। 5ਉਸ ਦਿਨ ਮੈਂ ਯਿਜ਼ਰਏਲ ਦੀ ਵਾਦੀ ਵਿੱਚ ਇਸਰਾਏਲ ਦਾ ਧਣੁੱਖ ਤੋੜ ਦਿਆਂਗਾ।”
6ਗੋਮਰ ਫੇਰ ਗਰਭਵਤੀ ਹੋਈ ਅਤੇ ਇੱਕ ਧੀ ਨੂੰ ਜਨਮ ਦਿੱਤਾ। ਤਦ ਯਾਹਵੇਹ ਨੇ ਹੋਸ਼ੇਆ ਨੂੰ ਕਿਹਾ, “ਉਸ ਦਾ ਨਾਮ ਲੋ-ਰੁਹਾਮਾਹ#1:6 ਲੋ-ਰੁਹਾਮਾਹ ਅਰਥ ਪਿਆਰ ਨਹੀਂ ਕੀਤਾ ਰੱਖ, ਕਿਉਂਕਿ ਮੈਂ ਹੁਣ ਇਸਰਾਏਲ ਨੂੰ ਪਿਆਰ ਨਹੀਂ ਕਰਾਂਗਾ, ਕਿ ਮੈਂ ਉਨ੍ਹਾਂ ਨੂੰ ਮਾਫ਼ ਕਰ ਦੇਵਾਂ। 7ਪਰ ਮੈਂ ਯਹੂਦਾਹ ਦੇ ਘਰਾਣੇ ਨੂੰ ਪਿਆਰ ਕਰਾਂਗਾ; ਅਤੇ ਮੈਂ ਉਨ੍ਹਾਂ ਨੂੰ ਧਣੁੱਖ, ਤਲਵਾਰ ਜਾਂ ਲੜਾਈ, ਜਾਂ ਘੋੜਿਆਂ ਅਤੇ ਘੋੜਸਵਾਰਾਂ ਦੁਆਰਾ ਨਹੀਂ ਬਚਾਵਾਂਗਾ, ਪਰ ਮੈਂ ਉਨ੍ਹਾਂ ਦਾ ਯਾਹਵੇਹ ਪਰਮੇਸ਼ਵਰ ਉਨ੍ਹਾਂ ਨੂੰ ਬਚਾਵਾਂਗਾ।”
8ਲੋ-ਰੁਹਾਮਾਹ ਨੂੰ ਦੁੱਧ ਛੁਡਾਉਣ ਤੋਂ ਬਾਅਦ, ਗੋਮਰ ਨੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ। 9ਤਦ ਯਾਹਵੇਹ ਨੇ ਆਖਿਆ, “ਉਸ ਦਾ ਨਾਮ ਲੋ-ਅੰਮੀ#1:9 ਲੋ-ਅੰਮੀ ਅਰਥ ਮੇਰੇ ਲੋਕ ਨਹੀਂ ਰੱਖ, ਕਿਉਂਕਿ ਤੁਸੀਂ ਮੇਰੇ ਲੋਕ ਨਹੀਂ ਹੋ, ਅਤੇ ਮੈਂ ਤੁਹਾਡਾ ਪਰਮੇਸ਼ਵਰ ਨਹੀਂ ਹਾਂ।
10“ਫਿਰ ਵੀ ਇਸਰਾਏਲੀ ਸਮੁੰਦਰ ਦੇ ਕੰਢੇ ਦੀ ਰੇਤ ਵਰਗੇ ਹੋਣਗੇ, ਜਿਸ ਨੂੰ ਨਾ ਮਿਣਿਆ ਜਾ ਸਕਦਾ ਹੈ ਅਤੇ ਨਾ ਹੀ ਗਿਣਿਆ ਜਾ ਸਕਦਾ ਹੈ। ਉਸੇ ਜਗ੍ਹਾ ਜਿੱਥੇ ਉਹਨਾਂ ਨੂੰ ਕਿਹਾ ਗਿਆ ਸੀ, ‘ਤੁਸੀਂ ਮੇਰੇ ਲੋਕ ਨਹੀਂ ਹੋ, ਉੱਥੇ ਉਹਨਾਂ ਨੂੰ ਜੀਉਂਦੇ ਪਰਮੇਸ਼ਵਰ ਦੇ ਬੱਚੇ ਕਿਹਾ ਜਾਵੇਗਾ।’ 11ਯਹੂਦਾਹ ਦੇ ਲੋਕ ਅਤੇ ਇਸਰਾਏਲ ਦੇ ਲੋਕ ਇਕੱਠੇ ਹੋਣਗੇ; ਉਹ ਇੱਕ ਆਗੂ ਨੂੰ ਨਿਯੁਕਤ ਕਰਨਗੇ ਅਤੇ ਦੇਸ਼ ਵਿੱਚੋਂ ਬਾਹਰ ਆਉਣਗੇ, ਕਿਉਂਕਿ ਯਿਜ਼ਰਏਲ ਦਾ ਦਿਨ ਮਹਾਨ ਹੋਵੇਗਾ।