33
ਚੌਕੀਦਾਰ ਵਜੋਂ ਹਿਜ਼ਕੀਏਲ ਦੀ ਕਾਲ ਦਾ ਨਵੀਨੀਕਰਨ
1ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: 2“ਹੇ ਮਨੁੱਖ ਦੇ ਪੁੱਤਰ, ਆਪਣੇ ਲੋਕਾਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ: ‘ਜਦੋਂ ਮੈਂ ਕਿਸੇ ਦੇਸ਼ ਦੇ ਵਿਰੁੱਧ ਤਲਵਾਰ ਲਿਆਵਾਂ, ਅਤੇ ਉਸ ਦੇਸ਼ ਦੇ ਲੋਕ ਉਹਨਾਂ ਵਿੱਚੋਂ ਇੱਕ ਨੂੰ ਚੁਣਨ ਅਤੇ ਉਸ ਆਦਮੀ ਨੂੰ ਆਪਣਾ ਚੌਕੀਦਾਰ ਬਣਾਉਣ, 3ਅਤੇ ਉਹ ਤਲਵਾਰ ਨੂੰ ਧਰਤੀ ਉੱਤੇ ਆਉਂਦਿਆਂ ਵੇਖਦਾ ਹੈ ਅਤੇ ਲੋਕਾਂ ਨੂੰ ਚੇਤਾਵਨੀ ਦੇਣ ਲਈ ਤੁਰ੍ਹੀ ਵਜਾਉਂਦਾ ਹੈ, 4ਤਦ ਜੇ ਕੋਈ ਤੁਰ੍ਹੀ ਨੂੰ ਸੁਣਦਾ ਹੈ ਪਰ ਚੇਤਾਵਨੀ ਨੂੰ ਨਹੀਂ ਸੁਣਦਾ ਅਤੇ ਤਲਵਾਰ ਆ ਕੇ ਉਹਨਾਂ ਦੀ ਜਾਨ ਲੈ ਲੈਂਦੀ ਹੈ, ਉਹਨਾਂ ਦਾ ਖੂਨ ਉਹਨਾਂ ਦੇ ਆਪਣੇ ਸਿਰ ਉੱਤੇ ਹੋਵੇਗਾ। 5ਕਿਉਂਕਿ ਉਹਨਾਂ ਨੇ ਤੁਰ੍ਹੀ ਦੀ ਆਵਾਜ਼ ਸੁਣੀ ਪਰ ਚੇਤਾਵਨੀ ਵੱਲ ਧਿਆਨ ਨਹੀਂ ਦਿੱਤਾ, ਉਹਨਾਂ ਦਾ ਖੂਨ ਉਹਨਾਂ ਦੇ ਆਪਣੇ ਸਿਰ ਉੱਤੇ ਹੋਵੇਗਾ। ਜੇਕਰ ਉਹਨਾਂ ਨੇ ਚੇਤਾਵਨੀ ਵੱਲ ਧਿਆਨ ਦਿੱਤਾ ਹੁੰਦਾ, ਤਾਂ ਉਹ ਆਪਣੇ ਆਪ ਨੂੰ ਬਚਾ ਲੈਂਦੇ। 6ਪਰ ਜੇ ਪਹਿਰੇਦਾਰ ਤਲਵਾਰ ਨੂੰ ਆਉਂਦਾ ਵੇਖਦਾ ਹੈ ਅਤੇ ਲੋਕਾਂ ਨੂੰ ਚੇਤਾਵਨੀ ਦੇਣ ਲਈ ਤੁਰ੍ਹੀ ਨਹੀਂ ਵਜਾਉਂਦਾ ਹੈ ਅਤੇ ਤਲਵਾਰ ਆ ਕੇ ਕਿਸੇ ਦੀ ਜਾਨ ਲੈ ਲੈਂਦੀ ਹੈ, ਤਾਂ ਉਸ ਵਿਅਕਤੀ ਦੀ ਜਾਨ ਉਸ ਦੇ ਪਾਪ ਦੇ ਕਾਰਨ ਲੈ ਲਈ ਜਾਵੇਗੀ, ਪਰ ਮੈਂ ਚੌਕੀਦਾਰ ਨੂੰ ਉਹਨਾਂ ਦੇ ਖੂਨ ਦਾ ਲੇਖਾ ਲਵਾਂਗਾ।’
7“ਹੇ ਮਨੁੱਖ ਦੇ ਪੁੱਤਰ, ਮੈਂ ਤੈਨੂੰ ਇਸਰਾਏਲ ਦੇ ਲੋਕਾਂ ਲਈ ਚੌਕੀਦਾਰ ਬਣਾਇਆ ਹੈ। ਇਸ ਲਈ ਉਹ ਸ਼ਬਦ ਸੁਣ ਜੋ ਮੈਂ ਬੋਲਦਾ ਹਾਂ ਅਤੇ ਉਹਨਾਂ ਨੂੰ ਮੇਰੇ ਵੱਲੋਂ ਚੇਤਾਵਨੀ ਦਿਓ। 8ਜਦੋਂ ਮੈਂ ਦੁਸ਼ਟ ਨੂੰ ਆਖਾਂ, ‘ਹੇ ਦੁਸ਼ਟ ਵਿਅਕਤੀ, ਤੂੰ ਜ਼ਰੂਰ ਹੀ ਮਰੇਗਾ,’ ਅਤੇ ਤੂੰ ਉਹਨਾਂ ਨੂੰ ਉਹਨਾਂ ਦੇ ਰਾਹਾਂ ਤੋਂ ਰੋਕਣ ਲਈ ਨਹੀਂ ਬੋਲਦਾ, ਤਾਂ ਉਹ ਦੁਸ਼ਟ ਵਿਅਕਤੀ ਉਸ ਦੇ ਪਾਪ ਲਈ ਮਰ ਜਾਵੇਗਾ, ਅਤੇ ਮੈਂ ਤੈਨੂੰ ਉਸ ਦੇ ਖੂਨ ਲਈ ਜਵਾਬਦੇਹ ਠਹਿਰਾਵਾਂਗਾ। 9ਪਰ ਜੇ ਤੂੰ ਦੁਸ਼ਟ ਵਿਅਕਤੀ ਨੂੰ ਆਪਣੇ ਰਾਹਾਂ ਤੋਂ ਮੁੜਨ ਲਈ ਚੇਤਾਵਨੀ ਦੇਵੇ ਅਤੇ ਉਹ ਅਜਿਹਾ ਨਹੀਂ ਕਰਦੇ, ਤਾਂ ਉਹ ਆਪਣੇ ਪਾਪ ਲਈ ਮਰ ਜਾਣਗੇ, ਭਾਵੇਂ ਤੁਸੀਂ ਖੁਦ ਬਚ ਜਾਵੋਂਗੇ।
10“ਹੇ ਮਨੁੱਖ ਦੇ ਪੁੱਤਰ, ਇਸਰਾਏਲੀਆਂ ਨੂੰ ਆਖ, ‘ਤੁਸੀਂ ਇਹ ਕਹਿ ਰਹੇ ਹੋ: “ਸਾਡਿਆਂ ਗੁਨਾਹਾਂ ਅਤੇ ਪਾਪ ਸਾਡੇ ਉੱਤੇ ਭਾਰੂ ਹਨ, ਅਤੇ ਅਸੀਂ ਉਹਨਾਂ ਦੇ ਕਾਰਨ ਬਰਬਾਦ ਹੋ ਰਹੇ ਹਾਂ। ਫਿਰ ਅਸੀਂ ਕਿਵੇਂ ਜੀ ਸਕਦੇ ਹਾਂ?” ’ 11ਉਹਨਾਂ ਨੂੰ ਆਖ, ‘ਜਿਵੇਂ ਕਿ ਮੈਂ ਜਿਉਂਦਾ ਹਾਂ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, ਮੈਂ ਦੁਸ਼ਟ ਦੀ ਮੌਤ ਤੋਂ ਪ੍ਰਸੰਨ ਨਹੀਂ ਹਾਂ, ਸਗੋਂ ਇਹ ਕਿ ਉਹ ਆਪਣੇ ਰਾਹਾਂ ਤੋਂ ਮੁੜਨ ਅਤੇ ਜਿਉਂਦੇ ਰਹਿਣ। ਵਾਰੀ! ਆਪਣੇ ਬੁਰੇ ਰਾਹਾਂ ਤੋਂ ਮੁੜੋ! ਇਸਰਾਏਲ ਦੇ ਲੋਕੋ, ਤੁਸੀਂ ਕਿਉਂ ਮਰੋਗੇ?’
12“ਹੇ ਮਨੁੱਖ ਦੇ ਪੁੱਤਰ, ਤੂੰ ਆਪਣੇ ਲੋਕਾਂ ਦੀ ਸੰਤਾਨ ਨੂੰ ਆਖ, ‘ਕਿ ਧਰਮੀ ਦਾ ਧਰਮ ਉਸ ਦੇ ਅਪਰਾਧ ਦੇ ਦਿਨ ਉਹ ਨੂੰ ਨਾ ਛੁਡਾਵੇਗਾ ਅਤੇ ਦੁਸ਼ਟ ਦੀ ਦੁਸ਼ਟਤਾ, ਜਿਸ ਦਿਨ ਉਹ ਦੁਸ਼ਟਤਾ ਤੋਂ ਮੁੜ ਆਵੇ ਤਾਂ ਉਹ ਦੇ ਵਿੱਚ ਨਹੀਂ ਡਿੱਗੇਗਾ ਅਤੇ ਧਰਮੀ ਜਦੋਂ ਪਾਪ ਕਰੇ, ਤਾਂ ਉਹ ਦੇ ਕਾਰਨ ਜੀਉਂਦਾ ਨਾ ਰਹਿ ਸਕੇਗਾ।’ 13ਜੇ ਮੈਂ ਕਿਸੇ ਧਰਮੀ ਨੂੰ ਕਹਾਂ ਕਿ ਉਹ ਜ਼ਰੂਰ ਜੀਉਂਦਾ ਰਹੇਗਾ, ਪਰ ਫਿਰ ਉਹ ਆਪਣੀ ਧਾਰਮਿਕਤਾ ਉੱਤੇ ਭਰੋਸਾ ਰੱਖ ਕੇ ਬੁਰਾਈ ਕਰਦਾ ਹੈ, ਤਾਂ ਉਸ ਵਿਅਕਤੀ ਦੁਆਰਾ ਕੀਤੇ ਗਏ ਧਰਮੀ ਕੰਮਾਂ ਵਿੱਚੋਂ ਕੋਈ ਵੀ ਯਾਦ ਨਹੀਂ ਕੀਤਾ ਜਾਵੇਗਾ; ਉਹ ਉਸ ਬੁਰਿਆਈ ਲਈ ਮਰ ਜਾਣਗੇ ਜੋ ਉਹਨਾਂ ਨੇ ਕੀਤਾ ਹਨ। 14ਅਤੇ ਜੇ ਮੈਂ ਕਿਸੇ ਦੁਸ਼ਟ ਵਿਅਕਤੀ ਨੂੰ ਕਹਾਂ, ‘ਤੂੰ ਜ਼ਰੂਰ ਮਰੇਂਗਾ,’ ਪਰ ਉਹ ਆਪਣੇ ਪਾਪ ਤੋਂ ਮੁੜੇ ਅਤੇ ਉਹੀ ਕਰੇ ਜੋ ਸਹੀ ਅਤੇ ਨਿਆਂ ਹੈ 15ਜੇਕਰ ਉਹ ਦੁਸ਼ਟ ਗਿਰਵੀ ਰੱਖੀ ਹੋਈ ਚੀਜ਼ ਮੋੜ ਦੇਵੇ ਅਤੇ ਲੁੱਟ ਜੋ ਉਸ ਲੁੱਟੀ ਹੈ, ਵਾਪਸ ਦੇਵੇ ਅਤੇ ਜੀਵਨ ਦੀਆਂ ਬਿਧੀਆਂ ਵਿੱਚ ਤੁਰੇ। ਫਿਰ ਬਦੀ ਨਾ ਕਰੇ, ਤਾਂ ਉਹ ਵਿਅਕਤੀ ਜ਼ਰੂਰ ਜਿਉਂਦਾ ਰਹੇਗਾ, ਉਹ ਨਹੀਂ ਮਰੇਗਾ। 16ਉਸ ਵਿਅਕਤੀ ਦੇ ਕੀਤੇ ਹੋਏ ਪਾਪਾਂ ਵਿੱਚੋਂ ਕੋਈ ਵੀ ਉਸ ਦੇ ਵਿਰੁੱਧ ਯਾਦ ਨਹੀਂ ਕੀਤਾ ਜਾਵੇਗਾ। ਉਸ ਨੇ ਉਹੀ ਕੀਤਾ ਜੋ ਨਿਆਂ ਅਤੇ ਧਰਮ ਹੈ, ਉਹ ਜ਼ਰੂਰ ਜੀਉਂਦਾ ਰਹੇਗਾ।
17“ਫਿਰ ਵੀ ਤੁਹਾਡੇ ਲੋਕ ਆਖਦੇ ਹਨ, ‘ਯਾਹਵੇਹ ਦਾ ਰਾਹ ਧਰਮੀ ਨਹੀਂ ਹੈ।’ ਪਰ ਇਹ ਉਹਨਾਂ ਦਾ ਰਾਹ ਹੈ ਜੋ ਨਿਆਂ ਦਾ ਨਹੀਂ ਹੈ। 18ਜੇਕਰ ਕੋਈ ਧਰਮੀ ਮਨੁੱਖ ਆਪਣੀ ਧਾਰਮਿਕਤਾ ਤੋਂ ਮੁੜੇ ਅਤੇ ਬੁਰਿਆਈ ਕਰੇ ਤਾਂ ਉਹ ਉਸ ਦੇ ਕਾਰਨ ਮਰ ਜਾਵੇਗਾ। 19ਅਤੇ ਜੇ ਕੋਈ ਦੁਸ਼ਟ ਆਪਣੇ ਦੁਸ਼ਟਤਾ ਤੋਂ ਮੁੜੇ ਅਤੇ ਉਹੀ ਕਰੇ ਜੋ ਨਿਆਂ ਅਤੇ ਧਰਮ ਹੈ, ਤਾਂ ਉਸ ਦੇ ਕਾਰਨ ਜੀਉਂਦਾ ਰਹੇਗਾ। 20ਫੇਰ ਵੀ ਤੁਸੀਂ ਆਖਦੇ ਹੋ ਕਿ ਯਾਹਵੇਹ ਦਾ ਰਾਹ ਇੱਕੋ ਜਿਹਾ ਨਹੀਂ ਹੈ! ਹੇ ਇਸਰਾਏਲ ਦੇ ਘਰਾਣੇ, ਮੈਂ ਤੁਹਾਡੇ ਵਿੱਚੋਂ ਹਰੇਕ ਦੇ ਚਾਲ-ਚੱਲਣ ਅਨੁਸਾਰ ਤੁਹਾਡਾ ਨਿਆਂ ਕਰਾਂਗਾ।”
ਯੇਰੂਸ਼ਲੇਮ ਦੇ ਪਤਨ ਦੀ ਵਿਆਖਿਆ ਕੀਤੀ ਗਈ
21ਸਾਡੀ ਗ਼ੁਲਾਮੀ ਦੇ ਬਾਰ੍ਹਵੇਂ ਸਾਲ, ਦਸਵੇਂ ਮਹੀਨੇ ਦੇ ਪੰਜਵੇਂ ਦਿਨ, ਇੱਕ ਆਦਮੀ ਜੋ ਯੇਰੂਸ਼ਲੇਮ ਤੋਂ ਭੱਜ ਗਿਆ ਸੀ ਮੇਰੇ ਕੋਲ ਆਇਆ ਅਤੇ ਕਿਹਾ, “ਸ਼ਹਿਰ ਡਿੱਗ ਗਿਆ ਹੈ!” 22ਹੁਣ ਸ਼ਾਮ ਨੂੰ ਉਸ ਆਦਮੀ ਦੇ ਆਉਣ ਤੋਂ ਪਹਿਲਾਂ, ਯਾਹਵੇਹ ਦਾ ਹੱਥ ਮੇਰੇ ਉੱਤੇ ਸੀ, ਅਤੇ ਉਸ ਆਦਮੀ ਨੇ ਸਵੇਰ ਨੂੰ ਮੇਰੇ ਕੋਲ ਆਉਣ ਤੋਂ ਪਹਿਲਾਂ ਹੀ ਮੇਰਾ ਮੂੰਹ ਖੋਲ੍ਹਿਆ। ਇਸ ਲਈ ਮੇਰਾ ਮੂੰਹ ਖੁੱਲ੍ਹ ਗਿਆ ਅਤੇ ਮੈਂ ਹੁਣ ਚੁੱਪ ਨਹੀਂ ਰਿਹਾ।
23ਤਦ ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: 24“ਹੇ ਮਨੁੱਖ ਦੇ ਪੁੱਤਰ, ਇਸਰਾਏਲ ਦੀ ਧਰਤੀ ਵਿੱਚ ਉਹਨਾਂ ਖੰਡਰਾਂ ਵਿੱਚ ਰਹਿਣ ਵਾਲੇ ਲੋਕ ਆਖ ਰਹੇ ਹਨ, ‘ਅਬਰਾਹਾਮ ਸਿਰਫ ਇੱਕ ਹੀ ਮਨੁੱਖ ਸੀ, ਫਿਰ ਵੀ ਉਹ ਧਰਤੀ ਦਾ ਮਾਲਕ ਸੀ। ਪਰ ਅਸੀਂ ਬਹੁਤ ਸਾਰੇ ਹਾਂ; ਯਕੀਨਨ ਜ਼ਮੀਨ ਸਾਨੂੰ ਸਾਡੇ ਕਬਜ਼ੇ ਵਜੋਂ ਦਿੱਤੀ ਗਈ ਹੈ।’ 25ਇਸ ਲਈ ਉਹਨਾਂ ਨੂੰ ਆਖ, ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਤੁਸੀਂ ਲਹੂ ਸਮੇਤ ਮਾਸ ਖਾਂਦੇ, ਆਪਣੀਆਂ ਅੱਖਾਂ ਮੂਰਤੀਆਂ ਵੱਲ ਚੁੱਕਦੇ ਹੋ ਅਤੇ ਲਹੂ ਵਗਾਉਂਦੇ ਹੋ! ਕੀ ਤੁਸੀਂ ਦੇਸ ਤੇ ਕਬਜ਼ਾ ਕਰੋਗੇ? 26ਤੁਸੀਂ ਆਪਣੀ ਤਲਵਾਰ ਉੱਤੇ ਭਰੋਸਾ ਰੱਖਦੇ ਹੋ, ਤੁਸੀਂ ਘਿਣਾਉਣੇ ਕੰਮ ਕਰਦੇ ਹੋ, ਅਤੇ ਤੁਹਾਡੇ ਵਿੱਚੋਂ ਹਰੇਕ ਆਪਣੇ ਗੁਆਂਢੀ ਦੀ ਪਤਨੀ ਨੂੰ ਭ੍ਰਿਸ਼ਟ ਕਰਦਾ ਹੈ। ਤਾਂ ਕੀ ਤੁਸੀਂ ਦੇਸ ਉੱਤੇ ਕਬਜ਼ਾ ਕਰੋਗੇ?’
27“ਉਹਨਾਂ ਨੂੰ ਇਹ ਆਖ: ‘ਸਰਬਸ਼ਕਤੀਮਾਨ ਯਾਹਵੇਹ ਇਹ ਗੱਲਾਂ ਆਖਦਾ ਹੈ: ਮੈਨੂੰ ਆਪਣੀ ਜਾਨ ਦੀ ਸਹੁੰ, ਉਹ ਜਿਹੜੇ ਉਜਾੜਾਂ ਵਿੱਚ ਹਨ ਤਲਵਾਰ ਨਾਲ ਡਿੱਗ ਪੈਣਗੇ ਅਤੇ ਉਹ ਜਿਹੜਾ ਖੁੱਲ੍ਹੇ ਖੇਤ ਵਿੱਚ ਹੈ, ਦਰਿੰਦਿਆਂ ਦੇ ਖਾਣ ਨੂੰ ਦਿੱਤਾ ਜਾਵੇਗਾ ਅਤੇ ਜਿਹੜੇ ਗੜ੍ਹਾਂ ਅਤੇ ਗੁਫਾਂ ਵਿੱਚ ਹਨ, ਬਵਾ ਨਾਲ ਮਰਨਗੇ। 28ਮੈਂ ਦੇਸ ਨੂੰ ਉਜਾੜ ਬਣਾ ਦਿਆਂਗਾ, ਅਤੇ ਉਸ ਦੀ ਘਮੰਡੀ ਤਾਕਤ ਖ਼ਤਮ ਹੋ ਜਾਵੇਗੀ, ਅਤੇ ਇਸਰਾਏਲ ਦੇ ਪਹਾੜ ਵਿਰਾਨ ਹੋ ਜਾਣਗੇ ਤਾਂ ਜੋ ਕੋਈ ਉਹਨਾਂ ਨੂੰ ਪਾਰ ਨਾ ਕਰੇ। 29ਤਦ ਉਹ ਜਾਣ ਲੈਣਗੇ ਕਿ ਮੈਂ ਯਾਹਵੇਹ ਹਾਂ, ਜਦੋਂ ਮੈਂ ਉਹਨਾਂ ਦੇ ਕੀਤੇ ਸਾਰੇ ਘਿਣਾਉਣੇ ਕੰਮਾਂ ਦੇ ਕਾਰਨ ਧਰਤੀ ਨੂੰ ਉਜਾੜ ਬਣਾ ਦਿਆਂਗਾ।’
30“ਪਰ ਤੂੰ ਹੇ ਮਨੁੱਖ ਦੇ ਪੁੱਤਰ, ਤੇਰੇ ਲੋਕਾਂ ਦੀ ਸੰਤਾਨ ਕੰਧਾਂ ਦੇ ਨੇੜੇ ਅਤੇ ਘਰਾਂ ਦੇ ਬੂਹਿਆਂ ਵਿੱਚ ਤੇਰੇ ਬਾਰੇ ਗੱਲਾਂ ਕਰਦੀ ਹੈ। ਇੱਕ-ਦੂਜੇ ਨੂੰ ਬੋਲਦੇ ਹਨ, ਹਾਂ, ਹਰ ਇੱਕ ਆਪਣੇ ਭਰਾਵਾਂ ਨੂੰ ਇਹ ਆਖਦਾ ਹੈ, ‘ਚੱਲੋ, ਉਹ ਵਾਕ ਸੁਣੀਏ ਜੋ ਯਾਹਵੇਹ ਵੱਲੋਂ ਆਉਂਦਾ ਹੈ।’ 31ਜਿਵੇਂ ਲੋਕ ਆਉਂਦੇ ਹਨ, ਉਹ ਤੇਰੇ ਕੋਲ ਆਉਂਦੇ ਅਤੇ ਮੇਰੇ ਲੋਕਾਂ ਵਾਂਗੂੰ ਤੇਰੇ ਅੱਗੇ ਬਹਿੰਦੇ ਅਤੇ ਤੇਰੀਆਂ ਗੱਲਾਂ ਸੁਣਦੇ ਹਨ, ਪਰ ਉਹਨਾਂ ਉੱਤੇ ਚੱਲਦੇ ਨਹੀਂ, ਕਿਉਂ ਜੋ ਉਹ ਆਪਣੇ ਮੂੰਹ ਤੋਂ ਤਾਂ ਬਹੁਤ ਪਿਆਰ ਦੱਸਦੇ ਹਨ, ਪਰ ਉਹਨਾਂ ਦਾ ਮਨ ਲੋਭ ਵੱਲ ਭੱਜਦਾ ਹੈ। 32ਅਸਲ ਵਿੱਚ, ਉਹਨਾਂ ਲਈ ਤੁਸੀਂ ਇੱਕ ਤੋਂ ਵੱਧ ਕੁਝ ਨਹੀਂ ਹੋ ਜੋ ਇੱਕ ਸੁੰਦਰ ਆਵਾਜ਼ ਵਿੱਚ ਪਿਆਰ ਦੇ ਗੀਤ ਗਾਉਂਦੇ ਹਨ ਅਤੇ ਇੱਕ ਵਧੀਆ ਸਾਜ਼ ਵਜਾਉਂਦੇ ਹਨ, ਕਿਉਂਕਿ ਉਹ ਤੇਰੀਆਂ ਗੱਲਾਂ ਸੁਣਦੇ ਹਨ ਪਰ ਅਮਲ ਨਹੀਂ ਕਰਦੇ।
33“ਜਦੋਂ ਇਹ ਸਭ ਕੁਝ ਸੱਚ ਹੋ ਜਾਵੇਗਾ ਅਤੇ ਇਹ ਨਿਸ਼ਚਤ ਤੌਰ ਤੇ ਹੋਵੇਗਾ ਤਦ ਉਹ ਜਾਣ ਲੈਣਗੇ ਕਿ ਉਹਨਾਂ ਵਿੱਚ ਇੱਕ ਨਬੀ ਆਇਆ ਹੈ।”