YouVersion Logo
Search Icon

ਹਿਜ਼ਕੀਏਲ 23

23
ਦੋ ਵਿਭਚਾਰੀ ਭੈਣਾਂ
1ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: 2“ਹੇ ਮਨੁੱਖ ਦੇ ਪੁੱਤਰ, ਦੋ ਔਰਤਾਂ ਸਨ, ਇੱਕੋ ਮਾਂ ਦੀਆਂ ਧੀਆਂ। 3ਉਹਨਾਂ ਨੇ ਮਿਸਰ ਵਿੱਚ ਵਿਭਚਾਰ ਕੀਤਾ। ਉਹ ਆਪਣੀ ਜੁਆਨੀ ਵਿੱਚ ਵਿਭਚਾਰਨਾਂ ਬਣੀਆਂ। ਉੱਥੇ ਉਹਨਾਂ ਦੀਆਂ ਛਾਤੀਆਂ ਪੁੱਟੀਆਂ ਗਈਆਂ ਅਤੇ ਉੱਥੇ ਹੀ ਉਹਨਾਂ ਦੇ ਕੁਆਰਪੁਣੇ ਦੀਆਂ ਦੁੱਧੀਆਂ ਖਿੱਚੀਆਂ ਗਈਆਂ। 4ਵੱਡੀ ਦਾ ਨਾਮ ਆਹਾਲਾਹ ਸੀ ਅਤੇ ਉਸਦੀ ਭੈਣ ਦਾ ਨਾਮ ਆਹਾਲੀਬਾਹ ਸੀ। ਉਹ ਮੇਰੀਆਂ ਸਨ ਅਤੇ ਪੁੱਤਰ ਅਤੇ ਧੀਆਂ ਨੂੰ ਜਨਮ ਦਿੱਤਾ। ਆਹਾਲਾਹ ਸਾਮਰਿਯਾ ਹੈ ਅਤੇ ਆਹਾਲੀਬਾਹ ਯੇਰੂਸ਼ਲੇਮ ਹੈ।
5“ਆਹਾਲਾਹ ਜਦੋਂ ਕਿ ਮੇਰੀ ਸੀ ਵਿਭਚਾਰ ਕਰਨ ਲੱਗੀ ਅਤੇ ਉਹ ਆਪਣੇ ਗੁਆਂਢੀ ਯਾਰਾਂ ਅਰਥਾਤ ਅੱਸ਼ੂਰੀਆਂ ਤੇ ਮੋਹਿਤ ਹੋ ਗਈ। 6ਉਹ ਸੂਬੇਦਾਰ, ਸ਼ਰੀਫ ਅਤੇ ਸਾਰੇ ਦੇ ਸਾਰੇ ਚੁਣਵੇਂ ਅਤੇ ਸੋਹਣੇ ਗੱਭਰੂ ਸਨ, ਜੋ ਘੋੜਿਆਂ ਤੇ ਸਵਾਰ ਹੁੰਦੇ ਅਤੇ ਬੈਂਗਣੀ ਕੱਪੜੇ ਪਹਿਨਦੇ ਸਨ। 7ਉਸ ਨੇ ਆਪਣੇ ਆਪ ਨੂੰ ਉਹਨਾਂ ਸਾਰਿਆਂ ਦੇ ਨਾਲ ਜਿਹੜੇ ਅੱਸ਼ੂਰੀਆਂ ਦੇ ਚੁਣਵੇਂ ਜੁਆਨ ਸਨ, ਵਿਭਚਾਰ ਕੀਤਾ ਅਤੇ ਜਿਹਨਾਂ ਉੱਤੇ ਉਹ ਮੋਹਿਤ ਸੀ ਉਹਨਾਂ ਦੀਆਂ ਮੂਰਤੀਆਂ ਦੇ ਨਾਲ ਉਹ ਭਰਿਸ਼ਟ ਹੋਈ। 8ਉਸਨੇ ਉਹ ਵਿਭਚਾਰ ਨਾ ਛੱਡਿਆ ਜਿਸਦੀ ਸ਼ੁਰੂਆਤ ਉਸਨੇ ਮਿਸਰ ਵਿੱਚ ਕੀਤੀ ਸੀ, ਜਦੋਂ ਉਸਦੀ ਜਵਾਨੀ ਵਿੱਚ ਮਰਦ ਉਸਦੇ ਨਾਲ ਸੌਂਦੇ ਸਨ, ਉਸਦੀ ਕੁਆਰੀ ਛਾਤੀ ਨੂੰ ਸਹਾਰਾ ਦਿੰਦੇ ਸਨ ਅਤੇ ਉਸਦੀ ਕਾਮਨਾ ਉਸਦੇ ਉੱਤੇ ਡੋਲ੍ਹਦੇ ਸਨ।
9“ਇਸ ਲਈ ਮੈਂ ਉਸਨੂੰ ਉਸਦੇ ਪ੍ਰੇਮੀਆਂ, ਅੱਸ਼ੂਰੀਆਂ ਦੇ ਹੱਥਾਂ ਵਿੱਚ ਸੌਂਪ ਦਿੱਤਾ, ਜਿਨ੍ਹਾਂ ਲਈ ਉਹ ਲਾਲਸਾ ਕਰਦੀ ਸੀ। 10ਉਹਨਾਂ ਨੇ ਉਸਨੂੰ ਨੰਗਾ ਕਰ ਦਿੱਤਾ, ਉਸਦੇ ਪੁੱਤਰਾਂ ਅਤੇ ਧੀਆਂ ਨੂੰ ਖੋਹ ਲਿਆ ਅਤੇ ਉਸਨੂੰ ਤਲਵਾਰ ਨਾਲ ਮਾਰ ਦਿੱਤਾ। ਸੋ ਉਹ ਸਾਰੀਆਂ ਔਰਤਾਂ ਵਿੱਚ ਪ੍ਰਸਿੱਧ ਹੋ ਗਈ, ਕਿਉਂ ਜੋ ਉਹਨਾਂ ਉਹ ਦੇ ਉੱਤੇ ਸਜ਼ਾ ਲਿਆਈ।
11“ਉਸਦੀ ਭੈਣ ਆਹਾਲੀਬਾਹ ਨੇ ਇਹ ਵੇਖਿਆ, ਪਰ ਆਪਣੀ ਕਾਮਨਾ ਅਤੇ ਵਿਭਚਾਰ ਵਿੱਚ ਉਹ ਆਪਣੀ ਭੈਣ ਨਾਲੋਂ ਵੀ ਵੱਧ ਭੈੜੀ ਸੀ। 12ਉਹ ਅੱਸ਼ੂਰੀਆਂ ਤੇ ਮੋਹਿਤ ਹੋਈ ਜਿਹੜੇ ਸੂਬੇਦਾਰ ਅਤੇ ਸ਼ਰੀਫ ਗੁਆਂਢੀ ਸਨ, ਜਿਹੜੇ ਸੁੰਦਰ ਕੱਪੜੇ ਪਹਿਨਦੇ ਅਤੇ ਘੋੜਿਆਂ ਤੇ ਸਵਾਰ ਹੁੰਦੇ ਅਤੇ ਸਾਰਿਆਂ ਦੇ ਸਾਰੇ ਸੋਹਣੇ ਗੱਭਰੂ ਸਨ। 13ਮੈਂ ਦੇਖਿਆ ਕਿ ਉਸਨੇ ਵੀ ਆਪਣੇ ਆਪ ਨੂੰ ਪਲੀਤ ਕੀਤਾ; ਉਹ ਦੋਵੇਂ ਉਸੇ ਰਾਹ ਤੁਰ ਪਏ।
14“ਪਰ ਉਹ ਵਿਭਚਾਰ ਵਿੱਚ ਵੱਧ ਗਈ। ਨਾਲੇ ਉਹ ਨੇ ਕੰਧ ਉੱਤੇ ਮਨੁੱਖਾਂ ਦੀਆਂ ਮੂਰਤਾਂ ਅਰਥਾਤ ਕਸਦੀਆਂ ਦੀਆਂ ਮੂਰਤਾਂ ਵੇਖੀਆਂ ਜਿਹੜੀਆਂ ਸ਼ਿੰਗਰਫ ਨਾਲ ਖਿੱਚੀਆਂ ਹੋਈਆਂ ਸਨ, 15ਉਹਨਾਂ ਦੇ ਕਮਰ ਦੁਆਲੇ ਪੱਟੀਆਂ ਅਤੇ ਉਹਨਾਂ ਦੇ ਸਿਰਾਂ ਤੇ ਪੱਗਾਂ ਬੰਨ੍ਹੀਆਂ ਹੋਈਆਂ ਸਨ; ਅਤੇ ਸਾਰੇ ਦੇ ਸਾਰੇ ਵੇਖਣ ਵਿੱਚ ਬਾਬਲੀਆਂ ਦੇ ਕਪਤਾਨਾਂ ਵਰਗੇ ਸਨ, ਜਿਹਨਾਂ ਦੀ ਜਨਮ ਭੂਮੀ ਕਸਦੀਮ ਹੈ। 16ਜਿਵੇਂ ਹੀ ਉਸਨੇ ਉਹਨਾਂ ਨੂੰ ਵੇਖਿਆ, ਉਹ ਉਹਨਾਂ ਤੇ ਮੋਹਿਤ ਹੋ ਗਈ ਅਤੇ ਕਸਦੀਆ ਵਿੱਚ ਉਹਨਾਂ ਕੋਲ ਸੰਦੇਸ਼ਵਾਹਕ ਭੇਜੇ। 17ਤਦ ਬਾਬੇਲ ਦੇ ਲੋਕ ਉਸ ਦੇ ਕੋਲ, ਪਿਆਰ ਦੇ ਲਈ ਬਿਸਤਰੇ ਉੱਤੇ ਆਏ, ਅਤੇ ਉਹਨਾਂ ਨੇ ਆਪਣੀ ਵਿਭਚਾਰ ਨਾਲ ਉਸ ਨੂੰ ਪਲੀਤ ਕੀਤਾ। ਜਦੋਂ ਉਹ ਉਹਨਾਂ ਦੁਆਰਾ ਪਲੀਤ ਹੋ ਗਈ ਸੀ, ਤਾਂ ਉਹ ਘ੍ਰਿਣਾ ਵਿੱਚ ਉਹਨਾਂ ਤੋਂ ਦੂਰ ਹੋ ਗਈ। 18ਜਦੋਂ ਉਸਨੇ ਆਪਣੀ ਵਿਭਚਾਰ ਨੂੰ ਖੁੱਲ੍ਹੇਆਮ ਕੀਤਾ ਅਤੇ ਆਪਣੇ ਨੰਗੇ ਸਰੀਰ ਦਾ ਪਰਦਾਫਾਸ਼ ਕੀਤਾ, ਤਾਂ ਮੈਂ ਨਫ਼ਰਤ ਨਾਲ ਉਸ ਤੋਂ ਦੂਰ ਹੋ ਗਿਆ, ਜਿਵੇਂ ਮੈਂ ਉਸਦੀ ਭੈਣ ਤੋਂ ਦੂਰ ਹੋ ਗਿਆ ਸੀ। 19ਫਿਰ ਵੀ ਉਸ ਨੇ ਆਪਣੇ ਵਿਭਚਾਰ ਨੂੰ ਵਧਾਇਆ, ਆਪਣੀ ਜੁਆਨੀ ਦੇ ਦਿਨਾਂ ਨੂੰ ਚੇਤੇ ਕਰ ਕੇ, ਜਿਵੇਂ ਉਸ ਨੇ ਮਿਸਰ ਦੇਸ ਵਿੱਚ ਵਿਭਚਾਰ ਕੀਤਾ ਸੀ। 20ਉੱਥੇ ਉਹ ਆਪਣੇ ਪ੍ਰੇਮੀਆਂ ਨਾਲ ਮੋਹਿਤ ਹੋਈ, ਜਿਨ੍ਹਾਂ ਦੇ ਜਣਨ ਅੰਗ ਖੋਤਿਆਂ ਵਰਗੇ ਸਨ ਅਤੇ ਜਿਨ੍ਹਾਂ ਦਾ ਨਿਕਾਸ ਘੋੜਿਆਂ ਵਰਗਾ ਸੀ। 21ਇਸ ਲਈ ਤੂੰ ਆਪਣੀ ਜੁਆਨੀ ਦੀ ਲੁੱਚਪੁਣਾ ਨੂੰ ਲੋਚਦੇ ਸੀ, ਜਦੋਂ ਮਿਸਰ ਵਿੱਚ ਤੇਰੀ ਛਾਤੀ ਨੂੰ ਪਿਆਰ ਕੀਤਾ ਗਿਆ ਸੀ ਅਤੇ ਤੇਰੀਆਂ ਜਵਾਨ ਛਾਤੀਆਂ ਨੂੰ ਪਿਆਰ ਕੀਤਾ ਗਿਆ ਸੀ।
22“ਇਸ ਲਈ, ਆਹਾਲੀਬਾਹ, ਸਰਬਸ਼ਕਤੀਮਾਨ ਯਾਹਵੇਹ ਇਹ ਗੱਲਾਂ ਆਖਦਾ ਹੈ: ਮੈਂ ਤੇਰੇ ਪ੍ਰੇਮੀਆਂ ਨੂੰ ਤੇਰੇ ਵਿਰੁੱਧ ਭੜਕਾਵਾਂਗਾ, ਜਿਨ੍ਹਾਂ ਤੋਂ ਤੂੰ ਨਫ਼ਰਤ ਨਾਲ ਮੂੰਹ ਮੋੜ ਲਿਆ ਹੈ, ਅਤੇ ਮੈਂ ਉਹਨਾਂ ਨੂੰ ਹਰ ਪਾਸਿਓਂ ਤੇਰੇ ਵਿਰੁੱਧ ਲਿਆਵਾਂਗਾ, 23ਬਾਬੇਲ ਦੇ ਸਾਰੇ ਵਾਸੀ ਅਤੇ ਸਾਰੇ ਕਸਦੀਆਂ, ਪਕੌਦ ਅਤੇ ਸ਼ੋਆ ਅਤੇ ਕੋਆ ਦੇ ਲੋਕ ਅਤੇ ਉਹਨਾਂ ਦੇ ਨਾਲ ਸਾਰੇ ਅੱਸ਼ੂਰੀ, ਸੁੰਦਰ ਜੁਆਨ, ਉਹ ਸਾਰੇ ਹਾਕਮ ਅਤੇ ਸੈਨਾਪਤੀ, ਰਥ ਦੇ ਅਧਿਕਾਰੀ ਅਤੇ ਉੱਚੇ ਦਰਜੇ ਦੇ ਆਦਮੀ, ਸਾਰੇ ਘੋੜਿਆਂ ਉੱਤੇ ਸਵਾਰ ਸਨ। 24ਅਤੇ ਉਹ ਜੰਗੀ ਸ਼ਸਤਰਾਂ, ਰਥਾਂ, ਛਕੜਿਆਂ ਅਤੇ ਲੋਕਾਂ ਦੀ ਸਭਾ ਨਾਲ ਤੇਰੇ ਉੱਤੇ ਚੜ੍ਹਾਈ ਕਰਨਗੇ ਅਤੇ ਢਾਲ਼, ਸੀਨਾ ਬੰਦ ਅਤੇ ਲੋਹੇ ਦਾ ਟੋਪ ਪਾ ਕੇ ਚਾਰੇ ਪਾਸਿਓਂ ਤੈਨੂੰ ਘੇਰ ਲੈਣਗੇ। ਮੈਂ ਨਿਆਂ ਉਹਨਾਂ ਨੂੰ ਸੌਂਪਾਂਗਾ ਅਤੇ ਉਹ ਆਪਣੇ ਨਿਆਂ ਅਨੁਸਾਰ ਤੇਰਾ ਨਿਆਂ ਕਰਨਗੇ। 25ਮੈਂ ਆਪਣੇ ਈਰਖਾਲੂ ਕ੍ਰੋਧ ਨੂੰ ਤੁਹਾਡੇ ਵਿਰੁੱਧ ਭੇਜਾਂਗਾ, ਅਤੇ ਉਹ ਤੁਹਾਡੇ ਨਾਲ ਕ੍ਰੋਧ ਨਾਲ ਪੇਸ਼ ਆਉਣਗੇ। ਉਹ ਤੁਹਾਡੇ ਨੱਕ ਅਤੇ ਤੁਹਾਡੇ ਕੰਨ ਵੱਢ ਦੇਣਗੇ, ਅਤੇ ਤੁਹਾਡੇ ਵਿੱਚੋਂ ਜਿਹੜੇ ਬਚ ਜਾਣਗੇ ਉਹ ਤਲਵਾਰ ਨਾਲ ਮਾਰੇ ਜਾਣਗੇ। ਉਹ ਤੁਹਾਡੇ ਪੁੱਤਰਾਂ ਅਤੇ ਧੀਆਂ ਨੂੰ ਲੈ ਜਾਣਗੇ, ਅਤੇ ਤੁਹਾਡੇ ਵਿੱਚੋਂ ਜਿਹੜੇ ਬਚੇ ਹੋਏ ਹਨ, ਅੱਗ ਦੁਆਰਾ ਭਸਮ ਹੋ ਜਾਣਗੇ। 26ਉਹ ਤੁਹਾਡੇ ਕੱਪੜੇ ਵੀ ਲਾਹ ਦੇਣਗੇ ਅਤੇ ਤੁਹਾਡੇ ਵਧੀਆ ਗਹਿਣੇ ਵੀ ਲੈ ਜਾਣਗੇ। 27ਇਸ ਲਈ ਮੈਂ ਤੇਰੇ ਲੁੱਚਪੁਣੇ ਅਤੇ ਤੇਰੇ ਵਿਭਚਾਰ ਨੂੰ ਜੋ ਤੂੰ ਮਿਸਰ ਵਿੱਚੋਂ ਲਿਆਈ, ਮੁਕਾ ਦਿਆਂਗਾ, ਤਾਂ ਜੋ ਤੂੰ ਮੁੜ ਕੇ ਉਹਨਾਂ ਵੱਲ ਆਪਣੀ ਅੱਖ ਨਾ ਚੁੱਕੇਂਗੀ, ਨਾ ਫੇਰ ਮਿਸਰ ਨੂੰ ਚੇਤੇ ਕਰੇਂਗੀ।
28“ਕਿਉਂਕਿ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਤੁਹਾਨੂੰ ਉਹਨਾਂ ਲੋਕਾਂ ਦੇ ਹੱਥਾਂ ਵਿੱਚ ਸੌਂਪਣ ਵਾਲਾ ਹਾਂ ਜਿਨ੍ਹਾਂ ਤੋਂ ਤੁਸੀਂ ਨਫ਼ਰਤ ਕਰਦੇ ਹੋ, ਜਿਨ੍ਹਾਂ ਤੋਂ ਤੁਸੀਂ ਨਫ਼ਰਤ ਨਾਲ ਮੂੰਹ ਮੋੜ ਲਿਆ ਸੀ। 29ਉਹ ਤੁਹਾਡੇ ਨਾਲ ਨਫ਼ਰਤ ਨਾਲ ਪੇਸ਼ ਆਉਣਗੇ ਅਤੇ ਉਹ ਸਭ ਕੁਝ ਖੋਹ ਲੈਣਗੇ ਜਿਸ ਲਈ ਤੁਸੀਂ ਕੰਮ ਕੀਤਾ ਹੈ। ਉਹ ਤੈਨੂੰ ਪੂਰੀ ਤਰ੍ਹਾਂ ਨੰਗਾ ਛੱਡ ਦੇਣਗੇ, ਇੱਥੋਂ ਤੱਕ ਕਿ ਤੇਰੇ ਵਿਭਚਾਰ ਦਾ ਨੰਗੇਜ਼ ਖੁੱਲ੍ਹ ਜਾਵੇਗਾ ਅਤੇ ਤੇਰਾ ਲੁੱਚਪੁਣਾ ਤੇ ਤੇਰੀ ਵਿਭਚਾਰੀ ਵੀ 30ਇਹ ਸਾਰੀਆਂ ਗੱਲਾਂ ਤੇਰੇ ਨਾਲ ਇਸ ਲਈ ਹੋਣਗੀਆਂ ਕਿ ਤੂੰ ਵਿਭਚਾਰ ਲਈ ਦੂਜੀਆਂ ਕੌਮਾਂ ਦੇ ਮਗਰ ਪਈ ਅਤੇ ਉਹਨਾਂ ਦੀਆਂ ਮੂਰਤਾਂ ਨਾਲ ਆਪਣੇ ਆਪ ਨੂੰ ਭਰਿਸ਼ਟ ਕੀਤਾ। 31ਤੁਸੀਂ ਆਪਣੀ ਭੈਣ ਦੇ ਰਾਹ ਤੁਰ ਪਏ ਹੋ; ਇਸ ਲਈ ਮੈਂ ਉਸਦਾ ਪਿਆਲਾ ਤੇਰੇ ਹੱਥ ਵਿੱਚ ਪਾਵਾਂਗਾ।
32“ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ:
“ਤੂੰ ਆਪਣੀ ਭੈਣ ਦਾ ਪਿਆਲਾ ਪੀਵੇਂਗੀ,
ਇੱਕ ਡੂੰਘਾ ਅਤੇ ਵੱਡਾ ਪਿਆਲਾ;
ਇਹ ਘਿਣਾਉਣਾ ਅਤੇ ਮਜ਼ਾਕ ਲਿਆਵੇਗਾ,
ਕਿਉਂਕਿ ਇਸ ਵਿੱਚ ਬਹੁਤ ਕੁਝ ਹੈ।
33ਤੂੰ ਮਤਵਾਲੀ ਅਤੇ ਉਦਾਸੀ ਨਾਲ ਭਰ ਜਾਵੇਂਗੀ,
ਬਰਬਾਦੀ ਅਤੇ ਉਜਾੜ ਦਾ ਪਿਆਲਾ,
ਤੇਰੀ ਭੈਣ ਸਾਮਰਿਯਾ ਦਾ ਪਿਆਲਾ।
34ਤੂੰ ਉਹ ਨੂੰ ਪੀਵੇਂਗੀ ਅਤੇ ਉਹ ਨੂੰ ਨਿਚੋੜੇਂਗੀ,
ਅਤੇ ਉਸਦੀਆਂ ਠੀਕਰੀਆਂ ਵੀ ਚਬਾ ਜਾਵੇਗੀ,
ਅਤੇ ਆਪਣੀਆਂ ਛਾਤੀਆਂ ਪੁੱਟੇਂਗੀ।
ਮੈਂ ਬੋਲਿਆ ਹੈ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।
35“ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਕਿਉਂਕਿ ਤੁਸੀਂ ਮੈਨੂੰ ਭੁੱਲ ਗਏ ਹੋ ਅਤੇ ਮੇਰੇ ਤੋਂ ਮੂੰਹ ਮੋੜ ਲਿਆ ਹੈ, ਇਸ ਲਈ ਤੈਨੂੰ ਆਪਣੀ ਲੁੱਚਪੁਣਾ ਅਤੇ ਵਿਭਚਾਰ ਦੇ ਨਤੀਜੇ ਭੁਗਤਣੇ ਪੈਣਗੇ।”
36ਯਾਹਵੇਹ ਨੇ ਮੈਨੂੰ ਕਿਹਾ: “ਹੇ ਮਨੁੱਖ ਦੇ ਪੁੱਤਰ, ਕੀ ਤੂੰ ਆਹਾਲਾਹ ਅਤੇ ਆਹਾਲੀਬਾਹ ਦਾ ਨਿਆਂ ਕਰੇਗਾ? ਤੂੰ ਉਹਨਾਂ ਦੇ ਘਿਣਾਉਣੇ ਕੰਮ ਉਹਨਾਂ ਨੂੰ ਦੱਸ, 37ਕਿਉਂ ਜੋ ਉਹਨਾਂ ਨੇ ਵਿਭਚਾਰ ਕੀਤਾ ਅਤੇ ਉਹਨਾਂ ਦੇ ਹੱਥ ਲਹੂ ਨਾਲ ਭਰੇ ਹਨ। ਉਹਨਾਂ ਨੇ ਆਪਣੀ ਮੂਰਤੀਆਂ ਨਾਲ ਵਿਭਚਾਰ ਕੀਤਾ; ਉਹਨਾਂ ਨੇ ਆਪਣੇ ਬੱਚਿਆਂ ਨੂੰ, ਜਿਨ੍ਹਾਂ ਨੂੰ ਉਹਨਾਂ ਨੇ ਮੇਰੇ ਲਈ ਜਨਮ ਦਿੱਤਾ, ਉਹਨਾਂ ਦਾ ਬਲੀਦਾਨ ਚੜਾਇਆ ਤਾਂ ਜੋ ਉਹ ਮੂਰਤੀਆਂ ਦਾ ਭੋਜਨ ਹੋਣ। 38ਉਹਨਾਂ ਨੇ ਮੇਰੇ ਨਾਲ ਇਹ ਵੀ ਕੀਤਾ ਹੈ: ਉਸੇ ਸਮੇਂ ਉਹਨਾਂ ਨੇ ਮੇਰੇ ਪਵਿੱਤਰ ਸਥਾਨ ਨੂੰ ਭ੍ਰਿਸ਼ਟ ਕੀਤਾ ਅਤੇ ਮੇਰੇ ਸਬਤਾਂ ਨੂੰ ਪਲੀਤ ਕੀਤਾ। 39ਕਿਉਂ ਜੋ ਜਦ ਉਹ ਆਪਣੇ ਪੁੱਤਰਾਂ ਨੂੰ ਆਪਣੀਆਂ ਮੂਰਤੀਆਂ ਦੇ ਲਈ ਵੱਢ ਚੁੱਕੇ, ਤਾਂ ਉਸੇ ਦਿਨ ਮੇਰੇ ਪਵਿੱਤਰ ਸਥਾਨ ਵਿੱਚ ਆ ਵੜੇ, ਤਾਂ ਜੋ ਉਹ ਨੂੰ ਪਲੀਤ ਕਰਨ ਅਤੇ ਵੇਖ, ਉਹਨਾਂ ਨੇ ਮੇਰੇ ਭਵਨ ਵਿੱਚ ਅਜਿਹਾ ਕੰਮ ਕੀਤਾ।
40“ਸਗੋਂ ਉਹਨਾਂ ਨੇ ਦੂਰ ਆਏ ਬੰਦਿਆਂ ਲਈ ਸੰਦੇਸ਼ਵਾਹਕ ਵੀ ਭੇਜੇ, ਅਤੇ ਜਦੋਂ ਉਹ ਆਏ ਤਾਂ ਤੂੰ ਉਹਨਾਂ ਲਈ ਨ੍ਹਾਤੀ-ਧੋਤੀ, ਅੱਖਾਂ ਵਿੱਚ ਕੱਜਲ ਪਾਇਆ ਅਤੇ ਆਪਣੇ ਆਪ ਨੂੰ ਗਹਿਣਿਆਂ ਨਾਲ ਸ਼ਿੰਗਾਰਿਆ। 41ਤੂੰ ਸਜਾਏ ਹੋਏ ਪਲੰਘ ਤੇ ਬੈਠੀ ਅਤੇ ਉਹ ਦੇ ਅੱਗੇ ਮੇਜ਼ ਤਿਆਰ ਕੀਤੀ ਅਤੇ ਉਸ ਉੱਤੇ ਤੂੰ ਮੇਰਾ ਧੂਫ਼ ਅਤੇ ਤੇਲ ਰੱਖਿਆ।
42“ਉਸਦੇ ਆਲੇ-ਦੁਆਲੇ ਬੇਪਰਵਾਹ ਲੋਕਾਂ ਦੀ ਭੀੜ ਦਾ ਰੌਲਾ ਸੀ; ਆਮ ਮਨੁੱਖਾਂ ਤੋਂ ਬਿਨਾਂ ਜੰਗਲ ਵਿੱਚੋਂ ਸ਼ਰਾਬੀ ਆਦਮੀਆਂ ਨੂੰ ਲਿਆਏ ਅਤੇ ਉਹਨਾਂ ਨੇ ਉਹਨਾਂ ਦੇ ਹੱਥ ਵਿੱਚ ਕੜੇ ਅਤੇ ਸਿਰਾਂ ਉੱਤੇ ਸੁੰਦਰ ਤਾਜ ਪਹਿਨਾਏ। 43ਫਿਰ ਮੈਂ ਉਸ ਵਿਭਚਾਰੀ ਦੇ ਬਾਰੇ ਕਿਹਾ, ‘ਹੁਣ ਉਹ ਉਸ ਨੂੰ ਵੇਸਵਾ ਵਾਂਗ ਵਰਤਣ, ਕਿਉਂਕਿ ਉਹ ਸਿਰਫ ਉਹ ਹੀ ਹੈ।’ 44ਅਤੇ ਉਹ ਉਸ ਦੇ ਨਾਲ ਸੌਂ ਗਏ। ਜਿਵੇਂ ਆਦਮੀ ਵੇਸਵਾ ਨਾਲ ਸੌਂਦੇ ਹਨ, ਉਸੇ ਤਰ੍ਹਾਂ ਉਹ ਉਹਨਾਂ ਗੰਦੀਆਂ ਔਰਤਾਂ, ਆਹਾਲਾਹ ਅਤੇ ਆਹਾਲੀਬਾਹ ਨਾਲ ਸੌਂਦੇ ਹਨ। 45ਪਰ ਧਰਮੀ ਨਿਆਂਕਾਰ ਉਹਨਾਂ ਨੂੰ ਉਹਨਾਂ ਔਰਤਾਂ ਦੀ ਸਜ਼ਾ ਦੇਣਗੇ ਜੋ ਵਿਭਚਾਰ ਕਰਦੀਆਂ ਹਨ ਅਤੇ ਖੂਨ ਵਹਾਉਂਦੀਆਂ ਹਨ, ਕਿਉਂਕਿ ਉਹ ਵਿਭਚਾਰਨੀਆਂ ਹਨ ਅਤੇ ਉਹਨਾਂ ਦੇ ਹੱਥ ਖੂਨ ਨਾਲ ਭਰੇ ਹਨ।
46“ਸਰਬਸ਼ਕਤੀਮਾਨ ਯਾਹਵੇਹ ਇਹੀ ਆਖਦਾ ਹੈ: ਮੈਂ ਉਹਨਾਂ ਉੱਤੇ ਇੱਕ ਦਲ ਚੜ੍ਹਾ ਲਿਆਵਾਂਗਾ ਅਤੇ ਉਹਨਾਂ ਨੂੰ ਹੌਲ ਅਤੇ ਲੁੱਟ ਜ਼ਰੂਰ ਬਣਾਵਾਂਗਾ। 47ਅਤੇ ਉਹ ਦਲ ਉਹਨਾਂ ਨੂੰ ਪੱਥਰਾਂ ਨਾਲ ਮਾਰ ਦੇਵੇਗਾ ਅਤੇ ਆਪਣੀਆਂ ਤਲਵਾਰਾਂ ਨਾਲ ਉਹਨਾਂ ਨੂੰ ਵੱਢੇਗਾ, ਉਹਨਾਂ ਦੇ ਪੁੱਤਰਾਂ ਧੀਆਂ ਨੂੰ ਮਾਰ ਦੇਵੇਗਾ ਅਤੇ ਉਹਨਾਂ ਦੇ ਘਰਾਂ ਨੂੰ ਅੱਗ ਨਾਲ ਫੂਕ ਸੁੱਟੇਗਾ।
48“ਇਸ ਲਈ ਮੈਂ ਦੇਸ਼ ਵਿੱਚ ਅਸ਼ਲੀਲਤਾ ਨੂੰ ਖਤਮ ਕਰ ਦਿਆਂਗਾ, ਤਾਂ ਜੋ ਸਾਰੀਆਂ ਔਰਤਾਂ ਚੇਤਾਵਨੀ ਲੈਣ ਅਤੇ ਤੁਹਾਡੀ ਰੀਸ ਨਾ ਕਰਨ। 49ਅਤੇ ਉਹ ਤੁਹਾਡੇ ਲੁੱਚਪੁਣੇ ਦਾ ਬਦਲਾ ਤੁਹਾਨੂੰ ਦੇਣਗੇ ਅਤੇ ਤੁਸੀਂ ਆਪਣੀਆਂ ਮੂਰਤੀਆਂ ਦੇ ਪਾਪਾਂ ਦੀ ਸਜ਼ਾ ਭੋਗੋਗੀਆਂ, ਤਾਂ ਜੋ ਤੁਸੀਂ ਜਾਣੋ ਕਿ ਮੈਂ ਹੀ ਹਾਂ ਸਰਬਸ਼ਕਤੀਮਾਨ ਯਾਹਵੇਹ ਹਾਂ।”

Highlight

Share

Copy

None

Want to have your highlights saved across all your devices? Sign up or sign in