20
ਬਾਗ਼ੀ ਇਸਰਾਏਲ ਨੂੰ ਸਾਫ਼ ਕੀਤਾ ਗਿਆ
1ਸੱਤਵੇਂ ਸਾਲ, ਪੰਜਵੇਂ ਮਹੀਨੇ ਦੇ ਦਸਵੇਂ ਦਿਨ, ਇਸਰਾਏਲ ਦੇ ਕੁਝ ਬਜ਼ੁਰਗ ਯਾਹਵੇਹ ਤੋਂ ਕੁਝ ਪੁੱਛਣ ਲਈ ਆਏ ਅਤੇ ਉਹ ਮੇਰੇ ਸਾਮ੍ਹਣੇ ਬੈਠ ਗਏ।
2ਤਦ ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: 3“ਹੇ ਮਨੁੱਖ ਦੇ ਪੁੱਤਰ, ਇਸਰਾਏਲ ਦੇ ਬਜ਼ੁਰਗਾਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ, ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਕੀ ਤੁਸੀਂ ਮੇਰੇ ਕੋਲੋ ਪੁੱਛਣ ਲਈ ਆਏ ਹੋ? ਜਿਵੇਂ ਕਿ ਮੈਂ ਜਿਉਂਦਾ ਹਾਂ, ਮੈਂ ਤੁਹਾਨੂੰ ਮੇਰੇ ਬਾਰੇ ਪੁੱਛਣ ਨਹੀਂ ਦਿਆਂਗਾ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।’
4“ਕੀ ਤੂੰ ਉਹਨਾਂ ਦਾ ਨਿਰਣਾ ਕਰੇਗਾ? ਕੀ ਤੂੰ ਉਹਨਾਂ ਦਾ ਨਿਆਂ ਕਰੇਗਾ, ਮਨੁੱਖ ਦੇ ਪੁੱਤਰ? ਉਹਨਾਂ ਦੇ ਪੁਰਖਿਆਂ ਦੇ ਘਿਣਾਉਣੇ ਕੰਮਾਂ ਦੇ ਬਾਰੇ ਉਹਨਾਂ ਨੂੰ ਦੱਸ। 5ਅਤੇ ਉਹਨਾਂ ਨੂੰ ਆਖੋ: ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਜਿਸ ਦਿਨ ਮੈਂ ਇਸਰਾਏਲ ਨੂੰ ਚੁਣਿਆ, ਮੈਂ ਯਾਕੋਬ ਦੇ ਉੱਤਰਾਧਿਕਾਰੀਆਂ ਨੂੰ ਹੱਥ ਚੁੱਕ ਕੇ ਸਹੁੰ ਖਾਧੀ। ਆਪਣੇ ਆਪ ਨੂੰ ਮਿਸਰ ਵਿੱਚ ਉਹਨਾਂ ਨੂੰ ਪ੍ਰਗਟ ਕੀਤਾ। ਉੱਪਰ ਚੁੱਕੇ ਹੱਥਾਂ ਨਾਲ ਮੈਂ ਉਹਨਾਂ ਨੂੰ ਕਿਹਾ, “ਮੈਂ ਤੁਹਾਡਾ ਪਰਮੇਸ਼ਵਰ ਹਾਂ।” 6ਉਸ ਦਿਨ ਮੈਂ ਉਹਨਾਂ ਨਾਲ ਸਹੁੰ ਖਾਧੀ ਸੀ ਕਿ ਮੈਂ ਉਹਨਾਂ ਨੂੰ ਮਿਸਰ ਤੋਂ ਉਸ ਦੇਸ ਵਿੱਚ ਲਿਆਵਾਂਗਾ, ਜਿਸ ਵਿੱਚ ਮੈਂ ਉਹਨਾਂ ਦੀ ਖੋਜ ਕੀਤੀ ਸੀ, ਇੱਕ ਦੇਸ਼ ਜਿੱਥੇ ਦੁੱਧ ਅਤੇ ਸ਼ਹਿਦ ਵਗਦਾ ਹੈ, ਸਾਰੀਆਂ ਜ਼ਮੀਨਾਂ ਵਿੱਚੋਂ ਸਭ ਤੋਂ ਸੁੰਦਰ ਹੈ। 7ਅਤੇ ਮੈਂ ਉਹਨਾਂ ਨੂੰ ਕਿਹਾ, “ਕਿ ਤੁਹਾਡੇ ਵਿੱਚੋਂ ਹਰ ਇੱਕ ਆਪਣੀਆਂ ਅੱਖਾਂ ਦੀਆਂ ਘਿਣਾਉਣੀਆਂ ਵਸਤੂਆਂ ਨੂੰ ਦੂਰ ਕਰ ਦੇਵੇ ਅਤੇ ਤੁਸੀਂ ਆਪਣੇ ਆਪ ਨੂੰ ਮਿਸਰ ਦੀਆਂ ਮੂਰਤੀਆਂ ਨਾਲ ਭਰਿਸ਼ਟ ਨਾ ਕਰੋ। ਮੈਂ ਤੁਹਾਡਾ ਯਾਹਵੇਹ ਪਰਮੇਸ਼ਵਰ ਹਾਂ।”
8“ ‘ਪਰ ਉਹਨਾਂ ਨੇ ਮੇਰੇ ਵਿਰੁੱਧ ਬਗਾਵਤ ਕੀਤੀ ਅਤੇ ਮੇਰੀ ਨਾ ਸੁਣੀ; ਉਹਨਾਂ ਨੇ ਉਹਨਾਂ ਘਿਣਾਉਂਣੀਆਂ ਮੂਰਤਾਂ ਤੋਂ ਛੁਟਕਾਰਾ ਨਹੀਂ ਪਾਇਆ ਜਿਨ੍ਹਾਂ ਉੱਤੇ ਉਹਨਾਂ ਨੇ ਆਪਣੀਆਂ ਨਜ਼ਰਾਂ ਟਿਕਾਈਆਂ ਸਨ, ਨਾ ਹੀ ਉਹਨਾਂ ਨੇ ਮਿਸਰ ਦੀਆਂ ਮੂਰਤੀਆਂ ਨੂੰ ਤਿਆਗਿਆ। ਇਸ ਲਈ ਮੈਂ ਆਖਿਆ ਕਿ ਮੈਂ ਆਪਣਾ ਕ੍ਰੋਧ ਉਹਨਾਂ ਉੱਤੇ ਡੋਲ੍ਹਾਂਗਾ ਅਤੇ ਮਿਸਰ ਵਿੱਚ ਉਹਨਾਂ ਉੱਤੇ ਆਪਣਾ ਗੁੱਸਾ ਕੱਢਾਂਗਾ। 9ਪਰ ਆਪਣੇ ਨਾਮ ਦੀ ਖ਼ਾਤਰ, ਮੈਂ ਉਹਨਾਂ ਨੂੰ ਮਿਸਰ ਵਿੱਚੋਂ ਬਾਹਰ ਲਿਆਇਆ। ਮੈਂ ਅਜਿਹਾ ਇਸ ਲਈ ਕੀਤਾ ਕਿ ਮੇਰਾ ਨਾਮ ਉਹਨਾਂ ਕੌਮਾਂ ਦੀ ਨਿਗਾਹ ਵਿੱਚ ਅਪਵਿੱਤਰ ਨਾ ਰਹੇ ਜਿਨ੍ਹਾਂ ਦੇ ਵਿੱਚ ਉਹ ਰਹਿੰਦੇ ਸਨ ਅਤੇ ਜਿਨ੍ਹਾਂ ਦੀ ਨਜ਼ਰ ਵਿੱਚ ਮੈਂ ਇਸਰਾਏਲੀਆਂ ਉੱਤੇ ਆਪਣੇ ਆਪ ਨੂੰ ਪ੍ਰਗਟ ਕੀਤਾ ਸੀ। 10ਇਸ ਲਈ ਮੈਂ ਉਹਨਾਂ ਨੂੰ ਮਿਸਰ ਵਿੱਚੋਂ ਕੱਢ ਕੇ ਉਜਾੜ ਵਿੱਚ ਲਿਆਇਆ। 11ਮੈਂ ਉਹਨਾਂ ਨੂੰ ਆਪਣੇ ਹੁਕਮ ਦਿੱਤੇ ਅਤੇ ਉਹਨਾਂ ਨੂੰ ਆਪਣੇ ਬਿਵਸਥਾ ਦੱਸੀਆਂ, ਤਾਂ ਕਿ ਮਨੁੱਖ ਉਹਨਾਂ ਨੂੰ ਮੰਨ ਕੇ ਜੀਉਂਦਾ ਰਹੇਗਾ। 12ਨਾਲੇ ਮੈਂ ਆਪਣੇ ਸਬਤ#20:12 ਸਬਤ ਅਰਥਾਤ ਹਫ਼ਤੇ ਦਾ ਸਤਵਾਂ ਦਿਨ ਜੋ ਅਰਾਮ ਕਰਨ ਦਾ ਪਵਿੱਤਰ ਦਿਨ ਹੈ ਵੀ ਉਹਨਾਂ ਨੂੰ ਦਿੱਤੇ, ਤਾਂ ਜੋ ਉਹ ਮੇਰੇ ਅਤੇ ਉਹਨਾਂ ਦੇ ਵਿਚਾਲੇ ਨਿਸ਼ਾਨ ਹੋਣ, ਤਾਂ ਜੋ ਉਹ ਜਾਣਨ ਕਿ ਮੈਂ ਯਾਹਵੇਹ ਉਹਨਾਂ ਨੂੰ ਪਵਿੱਤਰ ਕਰਨ ਵਾਲਾ ਹਾਂ।
13“ ‘ਫਿਰ ਵੀ ਇਸਰਾਏਲ ਦੇ ਲੋਕਾਂ ਨੇ ਉਜਾੜ ਵਿੱਚ ਮੇਰੇ ਵਿਰੁੱਧ ਬਗਾਵਤ ਕੀਤੀ। ਉਹਨਾਂ ਨੇ ਮੇਰੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਪਰ ਮੇਰੇ ਨਿਯਮਾਂ ਨੂੰ ਰੱਦ ਕਰ ਦਿੱਤਾ ਜਿਸ ਦੁਆਰਾ ਉਹਨਾਂ ਦੀ ਪਾਲਣਾ ਕਰਨ ਵਾਲਾ ਵਿਅਕਤੀ ਜਿਉਂਦਾ ਰਹੇਗਾ ਅਤੇ ਉਹਨਾਂ ਨੇ ਮੇਰੇ ਸਬਤਾਂ ਨੂੰ ਪੂਰੀ ਤਰ੍ਹਾਂ ਅਪਵਿੱਤਰ ਕੀਤਾ। ਇਸ ਲਈ ਮੈਂ ਕਿਹਾ ਕਿ ਮੈਂ ਉਹਨਾਂ ਉੱਤੇ ਆਪਣਾ ਕ੍ਰੋਧ ਪਾਵਾਂਗਾ ਅਤੇ ਉਹਨਾਂ ਨੂੰ ਉਜਾੜ ਵਿੱਚ ਤਬਾਹ ਕਰ ਦਿਆਂਗਾ। 14ਪਰ ਮੈਂ ਆਪਣੇ ਨਾਮ ਦੇ ਲਈ ਅਜਿਹਾ ਕੀਤਾ, ਤਾਂ ਜੋ ਮੇਰਾ ਨਾਮ ਉਹਨਾਂ ਕੌਮਾਂ ਦੀਆਂ ਨਜ਼ਰਾਂ ਵਿੱਚ ਪਲੀਤ ਨਾ ਹੋਵੇ, ਜਿਹਨਾਂ ਦੇ ਸਾਹਮਣੇ ਮੈਂ ਉਹਨਾਂ ਨੂੰ ਕੱਢ ਕੇ ਲਿਆਇਆ ਸੀ। 15ਨਾਲੇ ਮੈਂ ਉਜਾੜ ਵਿੱਚ ਉਹਨਾਂ ਨਾਲ ਸਹੁੰ ਚੁੱਕੀ ਕਿ ਮੈਂ ਉਹਨਾਂ ਨੂੰ ਉਸ ਦੇਸ਼ ਵਿੱਚ ਨਹੀਂ ਲਿਆਵਾਂਗਾ ਜੋ ਮੈਂ ਉਹਨਾਂ ਨੂੰ ਦਿੱਤਾ, ਜਿਸ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਸੀ ਅਤੇ ਜਿਹੜਾ ਸਾਰੇ ਦੇਸ਼ਾਂ ਦੀ ਸ਼ਾਨ ਹੈ 16ਕਿਉਂਕਿ ਉਹਨਾਂ ਨੇ ਮੇਰੇ ਕਾਨੂੰਨਾਂ ਨੂੰ ਰੱਦ ਕੀਤਾ ਅਤੇ ਮੇਰੀਆਂ ਬਿਧੀਆਂ ਦੀ ਪਾਲਣਾ ਨਾ ਕੀਤੀ ਅਤੇ ਮੇਰੇ ਸਬਤਾਂ ਨੂੰ ਪਲੀਤ ਕੀਤਾ। ਕਿਉਂਕਿ ਉਹਨਾਂ ਦੇ ਮਨ ਉਹਨਾਂ ਦੀਆਂ ਮੂਰਤੀਆਂ ਪ੍ਰਤੀ ਸਮਰਪਿਤ ਸਨ। 17ਫਿਰ ਵੀ ਮੈਂ ਉਹਨਾਂ ਉੱਤੇ ਤਰਸ ਨਾਲ ਵੇਖਿਆ ਅਤੇ ਉਹਨਾਂ ਨੂੰ ਨਾਸ ਨਾ ਕੀਤਾ ਅਤੇ ਨਾ ਹੀ ਉਹਨਾਂ ਨੂੰ ਉਜਾੜ ਵਿੱਚ ਖਤਮ ਕੀਤਾ। 18ਮੈਂ ਉਜਾੜ ਵਿੱਚ ਉਹਨਾਂ ਦੇ ਬੱਚਿਆਂ ਨੂੰ ਕਿਹਾ, “ਆਪਣੇ ਮਾਤਾ-ਪਿਤਾ ਦੀਆਂ ਬਿਧੀਆਂ ਅਨੁਸਾਰ ਨਾ ਚੱਲੋ ਨਾਂ ਉਹਨਾਂ ਦੇ ਕਾਨੂੰਨਾਂ ਦੀ ਪਾਲਣਾ ਕਰੋ ਨਾ ਉਹਨਾਂ ਦੀਆਂ ਮੂਰਤੀਆਂ ਨਾਲ ਆਪਣੇ ਆਪ ਨੂੰ ਭ੍ਰਿਸ਼ਟ ਕਰੋ। 19ਮੈਂ ਤੁਹਾਡਾ ਪਰਮੇਸ਼ਵਰ ਹਾਂ; ਮੇਰੇ ਹੁਕਮਾਂ ਦੀ ਪਾਲਣਾ ਕਰੋ ਅਤੇ ਮੇਰੀਆਂ ਬਿਧੀਆਂ ਦੇ ਅਨੁਸਾਰ ਚੱਲੋ। 20ਮੇਰੇ ਸਬਤਾਂ ਨੂੰ ਪਵਿੱਤਰ ਰੱਖੋ ਤਾਂ ਜੋ ਉਹ ਸਾਡੇ ਵਿਚਕਾਰ ਇੱਕ ਨਿਸ਼ਾਨ ਹੋਣ। ਫਿਰ ਤੁਸੀਂ ਜਾਣ ਜਾਵੋਂਗੇ ਕਿ ਮੈਂ ਹੀ ਤੁਹਾਡਾ ਪਰਮੇਸ਼ਵਰ ਹਾਂ।”
21“ ‘ਪਰ ਬੱਚਿਆਂ ਨੇ ਮੇਰੇ ਵਿਰੁੱਧ ਬਗਾਵਤ ਕੀਤੀ: ਨਾ ਮੇਰੇ ਹੁਕਮਾਂ ਦੀ ਪਾਲਣਾ ਕਰ ਕੇ ਅਮਲ ਕੀਤਾ, ਜਿਹਨਾਂ ਤੇ ਜੇਕਰ ਕੋਈ ਮਨੁੱਖ ਅਮਲ ਕਰੇ ਤਾਂ ਉਹਨਾਂ ਵਿੱਚ ਜੀਉਂਦਾ ਰਹੇਗਾ। ਉਹਨਾਂ ਨੇ ਮੇਰੇ ਸਬਤਾਂ ਨੂੰ ਪਲੀਤ ਕੀਤਾ, ਤਾਂ ਮੈਂ ਆਖਿਆ, ਮੈਂ ਆਪਣਾ ਕਹਿਰ ਉਹਨਾਂ ਉੱਤੇ ਵਹਾਵਾਂਗਾ ਜੋ ਉਜਾੜ ਵਿੱਚ ਉਹਨਾਂ ਉੱਤੇ ਆਪਣਾ ਗੁੱਸਾ ਪੂਰਾ ਕਰਾਂ। 22ਪਰ ਮੈਂ ਆਪਣਾ ਹੱਥ ਰੋਕ ਲਿਆ, ਅਤੇ ਆਪਣੇ ਨਾਮ ਦੀ ਖ਼ਾਤਰ ਮੈਂ ਅਜਿਹਾ ਕੀਤਾ ਜੋ ਉਹ ਕੌਮਾਂ ਦੀ ਨਿਗਾਹ ਵਿੱਚ ਅਪਵਿੱਤਰ ਹੋਣ ਤੋਂ ਰੋਕਦਾ ਸੀ ਜਿਨ੍ਹਾਂ ਦੀ ਨਜ਼ਰ ਵਿੱਚ ਮੈਂ ਉਹਨਾਂ ਨੂੰ ਬਾਹਰ ਲਿਆਇਆ ਸੀ। ਇਸ ਲਈ ਮੈਂ ਆਖਿਆ ਕਿ ਮੈਂ ਆਪਣਾ ਕ੍ਰੋਧ ਉਹਨਾਂ ਉੱਤੇ ਡੋਲ੍ਹਾਂਗਾ ਅਤੇ ਆਪਣਾ ਕ੍ਰੋਧ ਉਹਨਾਂ ਦੇ ਵਿਰੁੱਧ ਉਜਾੜ ਵਿੱਚ ਕੱਢਾਂਗਾ। 23ਨਾਲੇ ਮੈਂ ਉਜਾੜ ਵਿੱਚ ਉਹਨਾਂ ਨੂੰ ਹੱਥ ਚੁੱਕ ਕੇ ਸਹੁੰ ਖਾਧੀ ਕਿ ਮੈਂ ਉਹਨਾਂ ਨੂੰ ਕੌਮਾਂ ਵਿੱਚ ਖਿੰਡਾ ਦਿਆਂਗਾ ਅਤੇ ਦੇਸ਼ਾਂ ਵਿੱਚ ਖਿੰਡਾ ਦਿਆਂਗਾ, 24ਕਿਉਂ ਜੋ ਉਹਨਾਂ ਨੇ ਮੇਰੀਆਂ ਬਿਧੀਆਂ ਨੂੰ ਨਹੀਂ ਮੰਨਿਆ ਪਰ ਮੇਰੇ ਹੁਕਮਾਂ ਨੂੰ ਰੱਦ ਕੀਤਾ ਅਤੇ ਮੇਰੇ ਸਬਤਾਂ ਨੂੰ ਪਲੀਤ ਕੀਤਾ, ਅਤੇ ਉਹਨਾਂ ਦੀਆਂ ਅੱਖਾਂ ਆਪਣੇ ਮਾਪਿਆਂ ਦੀਆਂ ਮੂਰਤੀਆਂ ਦੇ ਪਿੱਛੇ ਲੱਗੀਆਂ ਹੋਈਆਂ ਸਨ। 25ਇਸ ਲਈ ਮੈਂ ਉਹਨਾਂ ਨੂੰ ਹੋਰ ਬਿਧੀਆਂ ਦਿੱਤੀਆਂ ਜਿਹੜੀਆਂ ਚੰਗੀਆਂ ਨਹੀਂ ਸਨ ਅਤੇ ਉਹ ਨਿਯਮ ਜਿਨ੍ਹਾਂ ਦੇ ਦੁਆਰਾ ਉਹ ਜਿਉਂਦੇ ਨਹੀਂ ਰਹਿ ਸਕਦੇ ਸਨ। 26ਮੈਂ ਉਹਨਾਂ ਨੂੰ ਉਹਨਾਂ ਦੇ ਹੀ ਤੋਹਫ਼ਿਆਂ ਵਿੱਚ ਅਰਥਾਤ ਉਹਨਾਂ ਦੇ ਸਾਰੇ ਕੁੱਖ ਦੇ ਖੋਲ੍ਹਣ ਵਾਲਿਆਂ ਨੂੰ ਅੱਗ ਵਿੱਚੋਂ ਦੀ ਲੰਘਾਉਣ ਦੇ ਕਾਰਨ ਭਰਿਸ਼ਟ ਕੀਤਾ, ਤਾਂ ਜੋ ਮੈਂ ਉਹਨਾਂ ਨੂੰ ਡਰਾਵਾਂ ਭਈ ਉਹ ਜਾਣਨ ਕਿ ਯਾਹਵੇਹ ਮੈਂ ਹਾਂ।’
27“ਇਸ ਲਈ, ਹੇ ਮਨੁੱਖ ਦੇ ਪੁੱਤਰ, ਇਸਰਾਏਲ ਦੇ ਲੋਕਾਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ, ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਇਸ ਵਿੱਚ ਵੀ ਤੁਹਾਡੇ ਪੁਰਖਿਆਂ ਨੇ ਮੇਰੇ ਨਾਲ ਬੇਵਫ਼ਾਈ ਕਰਕੇ ਮੇਰੀ ਨਿੰਦਿਆ ਕੀਤੀ: 28ਜਦੋਂ ਮੈਂ ਉਹਨਾਂ ਨੂੰ ਉਸ ਦੇਸ਼ ਵਿੱਚ ਲਿਆਇਆ ਜਿਸ ਦੀ ਮੈਂ ਉਹਨਾਂ ਨੂੰ ਦੇਣ ਦੀ ਸਹੁੰ ਖਾਧੀ ਸੀ ਤਾਂ ਉਹਨਾਂ ਨੇ ਜਿਸ ਉੱਚੇ ਪਰਬਤ ਅਤੇ ਜਿਸ ਸੰਘਣੇ ਰੁੱਖ ਨੂੰ ਵੇਖਿਆ, ਉੱਥੇ ਹੀ ਆਪਣੀਆਂ ਬਲੀਆਂ ਚੜ੍ਹਾਈਆਂ ਅਤੇ ਉੱਥੇ ਹੀ ਕ੍ਰੋਧ ਦਿਵਾਉਣ ਵਾਲੇ ਚੜ੍ਹਾਵੇ ਚੜ੍ਹਾਏ। ਉੱਥੇ ਹੀ ਆਪਣੀ ਸੁਗੰਧੀ ਧੂਪ ਧੁਖਾਈ ਅਤੇ ਉੱਥੇ ਆਪਣੀਆਂ ਪੀਣ ਦੀਆਂ ਭੇਟਾਂ ਡੋਲ੍ਹੀਆਂ। 29ਮੈਂ ਉਹਨਾਂ ਨੂੰ ਇਹ ਆਖਿਆ: ਕਿ ਇਹ ਕੀ ਉੱਚਾ ਸਥਾਨ ਹੈ ਜਿੱਥੇ ਤੁਸੀਂ ਜਾਂਦੇ ਹੋ?’ ” (ਉਹਨਾਂ ਨੇ ਉਸ ਦਾ ਨਾਮ ਬਾਮਾਹ ਰੱਖਿਆ ਜਿਹੜਾ ਅੱਜ ਤੱਕ ਹੈ।)
ਬਾਗ਼ੀ ਇਸਰਾਏਲ ਨੂੰ ਨਵਿਆਇਆ ਗਿਆ
30“ਇਸ ਲਈ ਇਸਰਾਏਲੀਆਂ ਨੂੰ ਆਖੋ: ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਕੀ ਤੁਸੀਂ ਆਪਣੇ ਆਪ ਨੂੰ ਉਸੇ ਤਰ੍ਹਾਂ ਭ੍ਰਿਸ਼ਟ ਕਰੋਗੇ ਜਿਵੇਂ ਤੁਹਾਡੇ ਪੁਰਖਿਆਂ ਨੇ ਕੀਤਾ ਸੀ ਅਤੇ ਉਹਨਾਂ ਦੀਆਂ ਘਟੀਆ ਮੂਰਤੀਆਂ ਦੀ ਕਾਮਨਾ ਕਰੋਗੇ? 31ਜਦੋਂ ਤੁਸੀਂ ਆਪਣੀਆਂ ਭੇਟਾਂ ਚੜ੍ਹਾਉਂਦੇ ਹੋ ਤਾਂ ਅੱਗ ਵਿੱਚ ਆਪਣੇ ਬੱਚਿਆਂ ਦੀ ਬਲੀ ਚੜ੍ਹਾਉਂਦੇ ਹੋ ਤੁਸੀਂ ਅੱਜ ਤੱਕ ਆਪਣੀਆਂ ਸਾਰੀਆਂ ਮੂਰਤੀਆਂ ਨਾਲ ਆਪਣੇ ਆਪ ਨੂੰ ਪਲੀਤ ਕਰਦੇ ਰਹਿੰਦੇ ਹੋ। ਹੇ ਇਸਰਾਏਲ ਦੇ ਘਰਾਣੇ, ਕੀ ਤੁਸੀਂ ਮੇਰੇ ਕੋਲੋਂ ਕੁਝ ਪੁੱਛ ਸਕਦੇ ਹੋ? ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ, ਮੈਨੂੰ ਆਪਣੀ ਜਾਨ ਦੀ ਸਹੁੰ, ਮੇਰੇ ਕੋਲੋਂ ਤੁਸੀਂ ਕੁਝ ਨਾ ਪੁੱਛ ਸਕੋਗੇ।
32“ ‘ਤੁਸੀਂ ਕਹਿੰਦੇ ਹੋ, “ਅਸੀਂ ਕੌਮਾਂ ਵਰਗੇ ਬਣਨਾ ਚਾਹੁੰਦੇ ਹਾਂ, ਸੰਸਾਰ ਦੇ ਲੋਕਾਂ ਵਾਂਗ, ਜੋ ਲੱਕੜ ਅਤੇ ਪੱਥਰ ਦੀ ਪੂਜਾ ਕਰਦੇ ਹਨ।” ਪਰ ਜੋ ਤੁਹਾਡੇ ਮਨ ਵਿੱਚ ਹੈ ਉਹ ਕਦੇ ਨਹੀਂ ਹੋਵੇਗਾ। 33ਜਿਵੇਂ ਕਿ ਮੈਨੂੰ ਆਪਣੀ ਜਿੰਦ ਦੀ ਸਹੁੰ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, ਮੈਂ ਇੱਕ ਸ਼ਕਤੀਸ਼ਾਲੀ ਹੱਥ ਅਤੇ ਫੈਲੀ ਹੋਈ ਬਾਂਹ ਅਤੇ ਡੋਲ੍ਹੇ ਹੋਏ ਕ੍ਰੋਧ ਨਾਲ ਤੁਹਾਡੇ ਉੱਤੇ ਰਾਜ ਕਰਾਂਗਾ। 34ਮੈਂ ਤੁਹਾਨੂੰ ਕੌਮਾਂ ਵਿੱਚੋਂ ਲਿਆਵਾਂਗਾ ਅਤੇ ਉਹਨਾਂ ਦੇਸ਼ਾਂ ਵਿੱਚੋਂ ਜਿੱਥੇ ਤੁਸੀਂ ਖਿੰਡੇ ਗਏ ਹੋ, ਇੱਕ ਬਲਵਾਨ ਹੱਥ ਅਤੇ ਫੈਲੀ ਹੋਈ ਬਾਂਹ ਨਾਲ ਅਤੇ ਕ੍ਰੋਧ ਨਾਲ ਤੁਹਾਨੂੰ ਇਕੱਠਾ ਕਰਾਂਗਾ। 35ਮੈਂ ਤੁਹਾਨੂੰ ਕੌਮਾਂ ਦੇ ਉਜਾੜ ਵਿੱਚ ਲਿਆਵਾਂਗਾ ਅਤੇ ਉੱਥੇ ਆਹਮੋ-ਸਾਹਮਣੇ, ਮੈਂ ਤੁਹਾਡੇ ਉੱਤੇ ਨਿਆਂ ਕਰਾਂਗਾ। 36ਜਿਵੇਂ ਮੈਂ ਮਿਸਰ ਦੀ ਧਰਤੀ ਦੇ ਉਜਾੜ ਵਿੱਚ ਤੁਹਾਡੇ ਪੁਰਖਿਆਂ ਦਾ ਨਿਆਂ ਕੀਤਾ ਸੀ, ਉਸੇ ਤਰ੍ਹਾਂ ਮੈਂ ਤੁਹਾਡਾ ਨਿਆਂ ਕਰਾਂਗਾ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ। 37ਜਦੋਂ ਤੁਸੀਂ ਮੇਰੇ ਡੰਡੇ ਦੇ ਹੇਠੋਂ ਲੰਘੋਂਗੇ ਤਾਂ ਮੈਂ ਤੁਹਾਨੂੰ ਯਾਦ ਕਰਾਂਗਾ ਅਤੇ ਮੈਂ ਤੁਹਾਨੂੰ ਨੇਮ ਦੇ ਬੰਧਨ ਵਿੱਚ ਲਿਆਵਾਂਗਾ। 38ਮੈਂ ਤੁਹਾਨੂੰ ਉਹਨਾਂ ਲੋਕਾਂ ਤੋਂ ਦੂਰ ਕਰ ਦਿਆਂਗਾ ਜਿਹੜੇ ਮੇਰੇ ਵਿਰੁੱਧ ਬਗਾਵਤ ਕਰਦੇ ਹਨ। ਭਾਵੇਂ ਮੈਂ ਉਹਨਾਂ ਨੂੰ ਉਸ ਧਰਤੀ ਤੋਂ ਬਾਹਰ ਲਿਆਵਾਂਗਾ ਜਿੱਥੇ ਉਹ ਰਹਿ ਰਹੇ ਹਨ, ਪਰ ਉਹ ਇਸਰਾਏਲ ਦੀ ਧਰਤੀ ਵਿੱਚ ਨਹੀਂ ਵੜਨਗੇ। ਤਦ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਹੀ ਯਾਹਵੇਹ ਹਾਂ।
39“ ‘ਜਿੱਥੋਂ ਤੱਕ ਤੁਹਾਡੇ ਲਈ, ਹੇ ਇਸਰਾਏਲ ਦੇ ਲੋਕੋ, ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਤੁਹਾਡੇ ਵਿੱਚੋਂ ਹਰ ਇੱਕ ਜਾ ਕੇ ਆਪਣੀਆਂ ਮੂਰਤੀਆਂ ਦੀ ਪੂਜਾ ਕਰੋ! ਪਰ ਇਸ ਤੋਂ ਬਾਅਦ ਤੁਸੀਂ ਮੇਰੀ ਗੱਲ ਜ਼ਰੂਰ ਸੁਣੋਂਗੇ ਅਤੇ ਆਪਣੇ ਤੋਹਫ਼ਿਆਂ ਅਤੇ ਮੂਰਤੀਆਂ ਨਾਲ ਮੇਰੇ ਪਵਿੱਤਰ ਨਾਮ ਨੂੰ ਅਪਵਿੱਤਰ ਨਹੀਂ ਕਰੋਗੇ। 40ਕਿਉਂਕਿ ਮੇਰੇ ਪਵਿੱਤਰ ਪਰਬਤ ਉੱਤੇ, ਇਸਰਾਏਲ ਦੇ ਉੱਚੇ ਪਰਬਤ ਉੱਤੇ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, ਉੱਥੇ ਦੇਸ ਵਿੱਚ ਇਸਰਾਏਲ ਦੇ ਸਾਰੇ ਲੋਕ ਮੇਰੀ ਉਪਾਸਨਾ ਕਰਨਗੇ, ਅਤੇ ਉੱਥੇ ਮੈਂ ਉਹਨਾਂ ਨੂੰ ਸਵੀਕਾਰ ਕਰਾਂਗਾ। ਉੱਥੇ ਮੈਂ ਤੁਹਾਡੀਆਂ ਸਾਰੀਆਂ ਪਵਿੱਤਰ ਬਲੀਆਂ ਸਮੇਤ ਤੁਹਾਡੀਆਂ ਭੇਟਾਂ ਅਤੇ ਤੁਹਾਡੇ ਚੁਣੇ ਹੋਏ ਉੱਤਮ ਉਪਹਾਰਾ#20:40 ਉੱਤਮ ਉਪਹਾਰਾ ਅਰਥਾਤ ਪਹਿਲਾ ਫਲ ਦੀ ਮੰਗ ਕਰਾਂਗਾ। 41ਮੈਂ ਤੁਹਾਨੂੰ ਸੁਗੰਧਿਤ ਧੂਪ ਵਾਂਗ ਕਬੂਲ ਕਰਾਂਗਾ ਜਦੋਂ ਮੈਂ ਤੁਹਾਨੂੰ ਕੌਮਾਂ ਵਿੱਚੋਂ ਕੱਢ ਕੇ ਲਿਆਵਾਂਗਾ ਅਤੇ ਉਹਨਾਂ ਦੇਸ਼ਾਂ ਵਿੱਚੋਂ ਜਿੱਥੇ ਤੁਸੀਂ ਖਿੰਡੇ ਗਏ ਹੋ ਤੁਹਾਨੂੰ ਇਕੱਠਾ ਕਰਾਂਗਾ, ਅਤੇ ਮੈਂ ਤੁਹਾਡੇ ਰਾਹੀਂ ਕੌਮਾਂ ਦੀਆਂ ਨਜ਼ਰਾਂ ਵਿੱਚ ਪਵਿੱਤਰ ਸਾਬਤ ਹੋਵਾਂਗਾ। 42ਫਿਰ ਤੁਸੀਂ ਜਾਣੋਂਗੇ ਕਿ ਮੈਂ ਯਾਹਵੇਹ ਹਾਂ, ਜਦੋਂ ਮੈਂ ਤੁਹਾਨੂੰ ਇਸਰਾਏਲ ਦੀ ਧਰਤੀ ਵਿੱਚ ਲਿਆਵਾਂਗਾ, ਉਹ ਧਰਤੀ ਜਿਹੜੀ ਮੈਂ ਤੁਹਾਡੇ ਪੁਰਖਿਆਂ ਨੂੰ ਦੇਣ ਲਈ ਹੱਥ ਚੁੱਕ ਕੇ ਸਹੁੰ ਖਾਧੀ ਸੀ। 43ਉੱਥੇ ਤੁਸੀਂ ਆਪਣੇ ਚਾਲ-ਚਲਣ ਅਤੇ ਉਹਨਾਂ ਸਾਰੇ ਕੰਮਾਂ ਨੂੰ ਚੇਤੇ ਕਰੋਗੇ ਜਿਨ੍ਹਾਂ ਨਾਲ ਤੁਸੀਂ ਆਪਣੇ ਆਪ ਨੂੰ ਪਲੀਤ ਕੀਤਾ ਹੈ, ਅਤੇ ਤੁਸੀਂ ਆਪਣੀ ਸਾਰੀ ਬੁਰਿਆਈ ਦੇ ਕਾਰਨ ਜੋ ਤੁਸੀਂ ਕੀਤੀ, ਆਪਣੀ ਹੀ ਨਜ਼ਰ ਵਿੱਚ ਘਿਣਾਉਣੇ ਹੋਵੋਗੇ। 44ਹੇ ਇਸਰਾਏਲ ਦੇ ਲੋਕੋ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, ਜਦੋਂ ਮੈਂ ਤੁਹਾਡੇ ਨਾਲ ਆਪਣੇ ਨਾਮ ਦੀ ਖ਼ਾਤਰ ਵਿਹਾਰ ਕਰਾਂਗਾ, ਨਾ ਕਿ ਤੁਹਾਡੇ ਭੈੜੇ ਚਾਲ-ਚਲਣ ਅਤੇ ਤੁਹਾਡੇ ਭ੍ਰਿਸ਼ਟ ਕੰਮਾਂ ਦੇ ਅਨੁਸਾਰ ਤੁਹਾਡੇ ਨਾਲ ਵਰਤਾਓ ਕਰਾਂਗਾ ਤਾਂ ਤੁਸੀਂ ਜਾਣੋਗੇ ਕਿ ਮੈਂ ਸਰਬਸ਼ਕਤੀਮਾਨ ਯਾਹਵੇਹ ਹਾਂ।’ ”
ਦੱਖਣ ਦੇ ਵਿਰੁੱਧ ਭਵਿੱਖਬਾਣੀ
45ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: 46“ਹੇ ਮਨੁੱਖ ਦੇ ਪੁੱਤਰ, ਆਪਣਾ ਮੂੰਹ ਦੱਖਣ ਵੱਲ ਕਰ; ਦੱਖਣ ਦੇ ਵਿਰੁੱਧ ਪ੍ਰਚਾਰ ਕਰ ਅਤੇ ਦੱਖਣ ਦੇ ਜੰਗਲ ਦੇ ਵਿਰੁੱਧ ਭਵਿੱਖਬਾਣੀ ਕਰ। 47ਦੱਖਣ ਦੇ ਜੰਗਲ ਨੂੰ ਆਖ: ‘ਯਾਹਵੇਹ ਦਾ ਬਚਨ ਸੁਣ। ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਤੇਰੇ ਵਿੱਚ ਅੱਗ ਭੜਕਾਵਾਂਗਾ ਅਤੇ ਉਹ ਹਰੇਕ ਸੁੱਕੇ ਤੇ ਹਰੇ ਰੁੱਖ ਨੂੰ ਭਸਮ ਕਰ ਦੇਵੇਗੀ। ਭੜਕਦਾ ਹੋਇਆ ਚਿੰਗਾੜਾ ਨਾ ਬੁਝੇਗਾ ਅਤੇ ਦੱਖਣ ਤੋਂ ਉਤਰ ਤੱਕ ਸਾਰਿਆਂ ਦੇ ਮੂੰਹ ਉਹ ਦੇ ਨਾਲ ਝੁਲਸੇ ਜਾਣਗੇ। 48ਹਰ ਕੋਈ ਇਹ ਵੇਖੇਗਾ ਕਿ ਸਰਬਸ਼ਕਤੀਮਾਨ ਯਾਹਵੇਹ ਨੇ ਇਸ ਨੂੰ ਲਗਾਇਆ ਹੈ; ਇਹ ਬੁਝਾਈ ਨਹੀਂ ਜਾਵੇਗੀ।’ ”
49ਫਿਰ ਮੈਂ ਕਿਹਾ, “ਸਰਬਸ਼ਕਤੀਮਾਨ ਯਾਹਵੇਹ, ਉਹ ਮੇਰੇ ਬਾਰੇ ਆਖਦੇ ਹਨ, ‘ਕੀ ਉਹ ਦ੍ਰਿਸ਼ਟਾਂਤ ਵਿੱਚ ਨਹੀਂ ਬੋਲਦਾ?’ ”