YouVersion Logo
Search Icon

ਹਿਜ਼ਕੀਏਲ 11

11
ਯੇਰੂਸ਼ਲੇਮ ਉੱਤੇ ਪਰਮੇਸ਼ਵਰ ਦਾ ਨਿਸ਼ਚਿਤ ਨਿਰਣਾ
1ਤਦ ਆਤਮਾ ਨੇ ਮੈਨੂੰ ਉੱਪਰ ਚੁੱਕ ਲਿਆ ਅਤੇ ਮੈਨੂੰ ਯਾਹਵੇਹ ਦੇ ਘਰ ਦੇ ਦਰਵਾਜ਼ੇ ਕੋਲ ਲੈ ਗਿਆ ਜਿਸ ਦਾ ਮੂੰਹ ਪੂਰਬ ਵੱਲ ਹੈ। ਉੱਥੇ ਫਾਟਕ ਦੇ ਦਰਵਾਜ਼ੇ ਉੱਤੇ ਪੱਚੀ ਆਦਮੀ ਸਨ ਅਤੇ ਮੈਂ ਉਹਨਾਂ ਵਿੱਚੋਂ ਅੱਜ਼ੂਰ ਦੇ ਪੁੱਤਰ ਯਅਜ਼ਨਯਾਹ ਅਤੇ ਬਨਾਯਾਹ ਦੇ ਪੁੱਤਰ ਪਲਟਯਾਹ ਨੂੰ ਵੇਖਿਆ ਜੋ ਲੋਕਾਂ ਦੇ ਆਗੂ ਸਨ। 2ਯਾਹਵੇਹ ਨੇ ਮੈਨੂੰ ਕਿਹਾ, “ਹੇ ਮਨੁੱਖ ਦੇ ਪੁੱਤਰ, ਇਹ ਉਹ ਆਦਮੀ ਹਨ ਜਿਹੜੇ ਇਸ ਸ਼ਹਿਰ ਵਿੱਚ ਬਦੀ ਦੀ ਯੋਜਨਾ ਬਣਾਉਂਦੇ ਅਤੇ ਬੁਰੀ ਸਲਾਹ ਦਿੰਦੇ ਹਨ। 3ਉਹ ਕਹਿੰਦੇ ਹਨ, ‘ਕੀ ਸਾਡੇ ਘਰ ਹਾਲ ਹੀ ਵਿੱਚ ਦੁਬਾਰਾ ਨਹੀਂ ਬਣਾਏ ਗਏ ਹਨ? ਇਹ ਸ਼ਹਿਰ ਇੱਕ ਘੜਾ ਹੈ ਅਤੇ ਅਸੀਂ ਇਸ ਵਿੱਚ ਮਾਸ ਹਾਂ।’ 4ਇਸ ਲਈ ਉਹਨਾਂ ਦੇ ਵਿਰੁੱਧ ਭਵਿੱਖਬਾਣੀ ਕਰ; ਹੇ ਮਨੁੱਖ ਦੇ ਪੁੱਤਰ, ਭਵਿੱਖਬਾਣੀ ਕਰ।”
5ਤਦ ਯਾਹਵੇਹ ਦਾ ਆਤਮਾ ਮੇਰੇ ਉੱਤੇ ਆਇਆ, ਅਤੇ ਉਸਨੇ ਮੈਨੂੰ ਇਹ ਕਹਿਣ ਲਈ ਕਿਹਾ: “ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ: ਹੇ ਇਸਰਾਏਲ ਦੇ ਆਗੂਓ, ਤੁਸੀਂ ਅਜਿਹਾ ਸੋਚਿਆ ਹੈ, ਪਰ ਮੈਂ ਤੁਹਾਡੇ ਮਨ ਦੇ ਵਿਚਾਰਾਂ ਨੂੰ ਜਾਣਦਾ ਹਾਂ। 6ਤੁਸੀਂ ਇਸ ਸ਼ਹਿਰ ਵਿੱਚ ਬਹੁਤ ਸਾਰੇ ਲੋਕਾਂ ਨੂੰ ਮਾਰਿਆ ਹੈ ਅਤੇ ਇਸ ਦੀਆਂ ਗਲੀਆਂ ਲਾਸ਼ਾਂ ਨਾਲ ਭਰ ਦਿੱਤੀਆਂ ਹਨ।
7“ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਜੋ ਲਾਸ਼ਾਂ ਤੁਸੀਂ ਉੱਥੇ ਸੁੱਟੀਆਂ ਹਨ ਉਹ ਮਾਸ ਹਨ ਅਤੇ ਇਹ ਸ਼ਹਿਰ ਇੱਕ ਘੜਾ ਹੈ, ਪਰ ਮੈਂ ਤੁਹਾਨੂੰ ਇਸ ਵਿੱਚੋਂ ਕੱਢ ਦਿਆਂਗਾ। 8ਤੁਸੀਂ ਤਲਵਾਰ ਤੋਂ ਡਰਦੇ ਹੋ, ਅਤੇ ਤਲਵਾਰ ਉਹ ਹੈ ਜੋ ਮੈਂ ਤੁਹਾਡੇ ਵਿਰੁੱਧ ਲਿਆਵਾਂਗਾ, ਯਾਹਵੇਹ ਦਾ ਵਾਕ ਹੈ। 9ਮੈਂ ਤੁਹਾਨੂੰ ਸ਼ਹਿਰ ਵਿੱਚੋਂ ਬਾਹਰ ਕੱਢ ਦਿਆਂਗਾ ਅਤੇ ਤੁਹਾਨੂੰ ਪਰਦੇਸੀਆਂ ਦੇ ਹੱਥਾਂ ਵਿੱਚ ਸੌਂਪ ਦਿਆਂਗਾ ਅਤੇ ਤੁਹਾਨੂੰ ਸਜ਼ਾ ਦਿਆਂਗਾ। 10ਤੂੰ ਤਲਵਾਰ ਨਾਲ ਡਿੱਗ ਜਾਵੇਂਗਾ, ਅਤੇ ਮੈਂ ਇਸਰਾਏਲ ਦੀਆਂ ਹੱਦਾਂ ਉੱਤੇ ਤੁਹਾਡਾ ਨਿਆਂ ਕਰਾਂਗਾ। ਤਦ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਹੀ ਯਾਹਵੇਹ ਹਾਂ। 11ਇਹ ਸ਼ਹਿਰ ਤੁਹਾਡੇ ਲਈ ਘੜਾ ਨਹੀਂ ਹੋਵੇਗਾ, ਨਾ ਹੀ ਤੁਸੀਂ ਇਸ ਵਿੱਚ ਮਾਸ ਹੋਵੋਗੇ; ਸਗੋਂ ਮੈਂ ਇਸਰਾਏਲ ਦੀਆਂ ਹੱਦਾਂ ਉੱਤੇ ਤੁਹਾਡਾ ਨਿਆਂ ਕਰਾਂਗਾ। 12ਅਤੇ ਤੁਸੀਂ ਜਾਣ ਜਾਵੋਗੇ ਕਿ ਮੈਂ ਯਾਹਵੇਹ ਹਾਂ, ਕਿਉਂਕਿ ਤੁਸੀਂ ਮੇਰੇ ਫ਼ਰਮਾਨਾਂ ਦੀ ਪਾਲਣਾ ਨਹੀਂ ਕੀਤੀ ਜਾਂ ਮੇਰੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਪਰ ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਦੇ ਮਿਆਰਾਂ ਦੇ ਅਨੁਸਾਰ ਚੱਲਿਆ ਹੈ।”
13ਹੁਣ ਜਦੋਂ ਮੈਂ ਭਵਿੱਖਬਾਣੀ ਕਰ ਰਿਹਾ ਸੀ ਤਾਂ ਬਨਾਯਾਹ ਦਾ ਪੁੱਤਰ ਪਲਟਯਾਹ ਮਰ ਗਿਆ। ਫਿਰ ਮੈਂ ਹੇਠਾਂ ਡਿੱਗ ਪਿਆ ਅਤੇ ਉੱਚੀ ਆਵਾਜ਼ ਵਿੱਚ ਚੀਕਿਆ, “ਹਾਏ, ਸਰਬਸ਼ਕਤੀਮਾਨ ਯਾਹਵੇਹ! ਕੀ ਤੂੰ ਇਸਰਾਏਲ ਦੇ ਬਕੀਏ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਵੇਗਾ?”
ਇਸਰਾਏਲ ਦੀ ਵਾਪਸੀ ਦਾ ਵਾਅਦਾ
14ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: 15“ਹੇ ਮਨੁੱਖ ਦੇ ਪੁੱਤਰ, ਯੇਰੂਸ਼ਲੇਮ ਦੇ ਲੋਕਾਂ ਨੇ ਤੇਰੇ ਸਾਥੀ ਗ਼ੁਲਾਮਾਂ ਅਤੇ ਹੋਰ ਸਾਰੇ ਇਸਰਾਏਲੀਆਂ ਬਾਰੇ ਕਿਹਾ ਹੈ, ‘ਉਹ ਯਾਹਵੇਹ ਤੋਂ ਬਹੁਤ ਦੂਰ ਹਨ; ਇਹ ਜ਼ਮੀਨ ਸਾਨੂੰ ਸਾਡੇ ਕਬਜ਼ੇ ਵਜੋਂ ਦਿੱਤੀ ਗਈ ਸੀ।’
16“ਇਸ ਲਈ ਤੂੰ ਆਖ: ‘ਕਿ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਕਿ ਭਾਵੇਂ ਮੈਂ ਉਹਨਾਂ ਨੂੰ ਕੌਮਾਂ ਦੇ ਵਿੱਚ ਭੇਜ ਦਿੱਤਾ ਹੈ ਅਤੇ ਦੂਜੇ ਦੇਸ਼ਾਂ ਵਿੱਚ ਖਿਲਾਰ ਦਿੱਤਾ ਹੈ, ਪਰ ਮੈਂ ਉਹਨਾਂ ਲਈ ਉਹਨਾਂ ਦੇਸ਼ਾਂ ਵਿੱਚ ਜਿੱਥੇ-ਜਿੱਥੇ ਉਹ ਗਏ ਹਨ, ਥੋੜੇ ਸਮੇਂ ਲਈ ਇੱਕ ਪਵਿੱਤਰ ਸਥਾਨ ਹੋਵਾਂਗਾ।’
17“ਇਸ ਲਈ ਤੂੰ ਆਖ: ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਤੁਹਾਨੂੰ ਕੌਮਾਂ ਵਿੱਚੋਂ ਇਕੱਠਾ ਕਰਾਂਗਾ ਅਤੇ ਤੁਹਾਨੂੰ ਉਹਨਾਂ ਦੇਸ਼ਾਂ ਵਿੱਚੋਂ ਵਾਪਸ ਲਿਆਵਾਂਗਾ ਜਿੱਥੇ ਤੁਸੀਂ ਖਿੱਲਰ ਗਏ ਹੋ, ਅਤੇ ਮੈਂ ਤੁਹਾਨੂੰ ਇਸਰਾਏਲ ਦੀ ਧਰਤੀ ਵਾਪਸ ਦੇ ਦਿਆਂਗਾ।’
18“ਉਹ ਉਸ ਕੋਲ ਵਾਪਸ ਆਉਣਗੇ ਅਤੇ ਇਸ ਦੀਆਂ ਸਾਰੀਆਂ ਘਟੀਆ ਮੂਰਤੀਆਂ ਅਤੇ ਘਿਣਾਉਣੀਆਂ ਮੂਰਤੀਆਂ ਨੂੰ ਹਟਾ ਦੇਣਗੇ। 19ਮੈਂ ਉਹਨਾਂ ਨੂੰ ਇੱਕ ਦਿਲ ਦਿਆਂਗਾ ਅਤੇ ਨਵਾਂ ਆਤਮਾ ਤੁਹਾਡੇ ਅੰਦਰ ਪਾਵਾਂਗਾ। ਮੈਂ ਪੱਥਰ ਦਾ ਦਿਲ ਉਹਨਾਂ ਦੇ ਸਰੀਰ ਵਿੱਚੋਂ ਕੱਢ ਦਿਆਂਗਾ ਅਤੇ ਉਹਨਾਂ ਨੂੰ ਇੱਕ ਮਾਸ ਦਾ ਦਿਲ ਦਿਆਂਗਾ। 20ਫਿਰ ਉਹ ਮੇਰੇ ਹੁਕਮਾਂ ਦੀ ਪਾਲਣਾ ਕਰਨਗੇ ਅਤੇ ਮੇਰੇ ਕਾਨੂੰਨਾਂ ਦੀ ਪਾਲਣਾ ਕਰਨ ਲਈ ਸਾਵਧਾਨ ਰਹਿਣਗੇ। ਉਹ ਮੇਰੇ ਲੋਕ ਹੋਣਗੇ, ਅਤੇ ਮੈਂ ਉਹਨਾਂ ਦਾ ਪਰਮੇਸ਼ਵਰ ਹੋਵਾਂਗਾ। 21ਪਰ ਜਿਹਨਾਂ ਦਾ ਮਨ ਆਪਣੀਆਂ ਘਿਣਾਉਣੀਆਂ ਅਤੇ ਅਸ਼ੁੱਧ ਚੀਜ਼ਾਂ ਦੇ ਮਗਰ ਲੱਗਿਆ ਹੋਇਆ ਹੈ, ਮੈਂ ਉਹਨਾਂ ਦੇ ਆਪਣੇ ਸਿਰਾਂ ਉੱਤੇ ਲਿਆਵਾਂਗਾ ਜੋ ਉਹਨਾਂ ਨੇ ਕੀਤਾ ਹੈ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।”
22ਤਦ ਕਰੂਬੀਆਂ ਨੇ ਆਪਣੇ-ਆਪਣੇ ਖੰਭ ਚੁੱਕੇ, ਪਹੀਏ ਉਹਨਾਂ ਦੇ ਨਾਲ-ਨਾਲ ਚਲੇ ਅਤੇ ਇਸਰਾਏਲ ਦੇ ਪਰਮੇਸ਼ਵਰ ਦੀ ਮਹਿਮਾ ਉਹਨਾਂ ਦੇ ਉੱਪਰ ਸੀ। 23ਯਾਹਵੇਹ ਦੀ ਮਹਿਮਾ ਸ਼ਹਿਰ ਦੇ ਵਿੱਚੋਂ ਉਤਾਹਾਂ ਚੜ੍ਹ ਗਈ ਅਤੇ ਇਸ ਦੇ ਪੂਰਬ ਵੱਲ ਪਹਾੜ ਦੇ ਉੱਪਰ ਠਹਿਰ ਗਈ। 24ਆਤਮਾ ਨੇ ਮੈਨੂੰ ਉੱਚਾ ਚੁੱਕਿਆ ਅਤੇ ਪਰਮੇਸ਼ਵਰ ਦੇ ਆਤਮਾ ਦੁਆਰਾ ਦਿੱਤੇ ਦਰਸ਼ਣ ਵਿੱਚ ਮੈਨੂੰ ਕਸਦੀਆਂ ਦੇ ਗ਼ੁਲਾਮਾਂ ਵਿੱਚ ਲਿਆਇਆ।
ਤਦ ਜੋ ਦਰਸ਼ਣ ਮੈਂ ਦੇਖਿਆ ਸੀ ਉਹ ਮੇਰੇ ਕੋਲੋਂ ਓਹਲੇ ਹੋ ਗਿਆ, 25ਅਤੇ ਮੈਂ ਗ਼ੁਲਾਮਾਂ ਨੂੰ ਉਹ ਸਭ ਕੁਝ ਦੱਸ ਦਿੱਤਾ ਜੋ ਯਾਹਵੇਹ ਨੇ ਮੈਨੂੰ ਵਿਖਾਇਆ ਸੀ।

Highlight

Copy

Compare

Share

None

Want to have your highlights saved across all your devices? Sign up or sign in