19
ਸੀਨਾਈ ਪਹਾੜ ਤੇ
1ਇਸਰਾਏਲੀਆਂ ਦੇ ਮਿਸਰ ਛੱਡਣ ਤੋਂ ਬਾਅਦ ਤੀਜੇ ਮਹੀਨੇ ਦੇ ਪਹਿਲੇ ਦਿਨ, ਸੀਨਾਈ ਉਜਾੜ ਵਿੱਚ ਆਏ। 2ਰਫ਼ੀਦੀਮ ਤੋਂ ਕੂਚ ਕਰਨ ਤੋਂ ਬਾਅਦ, ਉਹ ਸੀਨਾਈ ਦੀ ਉਜਾੜ ਵਿੱਚ ਦਾਖਲ ਹੋਏ ਅਤੇ ਇਸਰਾਏਲ ਨੇ ਉੱਥੇ ਪਹਾੜ ਦੇ ਸਾਹਮਣੇ ਉਜਾੜ ਵਿੱਚ ਡੇਰਾ ਲਾਇਆ।
3ਫਿਰ ਮੋਸ਼ੇਹ ਪਰਮੇਸ਼ਵਰ ਕੋਲ ਗਿਆ ਅਤੇ ਯਾਹਵੇਹ ਨੇ ਪਹਾੜ ਤੋਂ ਉਸਨੂੰ ਬੁਲਾਇਆ ਅਤੇ ਆਖਿਆ, “ਇਹ ਹੈ ਜੋ ਤੂੰ ਯਾਕੋਬ ਦੇ ਉੱਤਰਾਧਿਕਾਰੀਆਂ ਨੂੰ ਆਖਣਾ ਹੈ ਅਤੇ ਜੋ ਤੂੰ ਇਸਰਾਏਲ ਦੇ ਲੋਕਾਂ ਨੂੰ ਦੱਸਣਾ ਹੈ। 4‘ਤੁਸੀਂ ਆਪ ਦੇਖਿਆ ਹੈ ਕਿ ਮੈਂ ਮਿਸਰ ਨਾਲ ਕੀ ਕੀਤਾ, ਅਤੇ ਕਿਵੇਂ ਮੈਂ ਤੁਹਾਨੂੰ ਉਕਾਬ ਦੇ ਖੰਭਾਂ ਉੱਤੇ ਚੁੱਕ ਕੇ ਆਪਣੇ ਕੋਲ ਲਿਆਇਆ। 5ਹੁਣ ਜੇ ਤੁਸੀਂ ਪੂਰੀ ਤਰ੍ਹਾਂ ਮੇਰਾ ਕਹਿਣਾ ਮੰਨੋਂਗੇ ਅਤੇ ਮੇਰੇ ਨੇਮ ਦੀ ਪਾਲਣਾ ਕਰੋਗੇ, ਤਾਂ ਸਾਰੀਆਂ ਕੌਮਾਂ ਵਿੱਚੋਂ ਤੁਸੀਂ ਮੇਰੀ ਕੀਮਤੀ ਜਾਇਦਾਦ ਹੋਵੋਗੇ। ਭਾਵੇਂ ਸਾਰੀ ਧਰਤੀ ਮੇਰੀ ਹੈ, 6ਤੂੰ ਮੇਰੇ ਲਈ ਜਾਜਕਾਂ ਦਾ ਰਾਜ ਅਤੇ ਇੱਕ ਪਵਿੱਤਰ ਕੌਮ ਹੋਵੇਂਗਾ।’ ਇਹ ਉਹ ਸ਼ਬਦ ਹਨ ਜੋ ਤੂੰ ਇਸਰਾਏਲੀਆਂ ਨੂੰ ਕਹਿਣੀਆਂ ਹਨ।”
7ਇਸ ਲਈ ਮੋਸ਼ੇਹ ਨੇ ਵਾਪਸ ਜਾ ਕੇ ਲੋਕਾਂ ਦੇ ਬਜ਼ੁਰਗਾਂ ਨੂੰ ਬੁਲਾਇਆ ਅਤੇ ਉਹਨਾਂ ਦੇ ਸਾਹਮਣੇ ਉਹ ਸਾਰੀਆਂ ਗੱਲਾਂ ਰੱਖੀਆਂ ਜੋ ਯਾਹਵੇਹ ਨੇ ਉਸਨੂੰ ਬੋਲਣ ਦਾ ਹੁਕਮ ਦਿੱਤਾ ਸੀ। 8ਲੋਕਾਂ ਨੇ ਮਿਲ ਕੇ ਜਵਾਬ ਦਿੱਤਾ, “ਅਸੀਂ ਉਹ ਸਭ ਕੁਝ ਕਰਾਂਗੇ ਜੋ ਯਾਹਵੇਹ ਨੇ ਕਿਹਾ ਹੈ।” ਇਸ ਲਈ ਮੋਸ਼ੇਹ ਨੇ ਉਹਨਾਂ ਦੀਆਂ ਗੱਲਾਂ ਯਾਹਵੇਹ ਅੱਗੇ ਰੱਖੀਆਂ।
9ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਮੈਂ ਇੱਕ ਸੰਘਣੇ ਬੱਦਲ ਵਿੱਚ ਤੇਰੇ ਕੋਲ ਆਵਾਂਗਾ, ਤਾਂ ਜੋ ਲੋਕ ਮੈਨੂੰ ਤੇਰੇ ਨਾਲ ਗੱਲਾਂ ਕਰਦਿਆਂ ਸੁਣਨਗੇ ਅਤੇ ਹਮੇਸ਼ਾ ਤੇਰੇ ਉੱਤੇ ਭਰੋਸਾ ਰੱਖਣਗੇ।” ਫਿਰ ਮੋਸ਼ੇਹ ਨੇ ਯਾਹਵੇਹ ਨੂੰ ਦੱਸਿਆ ਕਿ ਲੋਕਾਂ ਨੇ ਕੀ ਕਿਹਾ ਸੀ।
10ਅਤੇ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਲੋਕਾਂ ਕੋਲ ਜਾਹ ਅਤੇ ਉਹਨਾਂ ਨੂੰ ਅੱਜ ਅਤੇ ਕੱਲ੍ਹ ਪਵਿੱਤਰ ਕਰ, ਅਤੇ ਉਹ ਆਪਣੇ ਕੱਪੜੇ ਧੋਣ, 11ਅਤੇ ਤੀਜੇ ਦਿਨ ਲਈ ਤਿਆਰ ਹੋ ਜਾਣ, ਕਿਉਂਕਿ ਉਸ ਦਿਨ ਯਾਹਵੇਹ ਸੀਨਾਈ ਪਰਬਤ ਉੱਤੇ ਸਾਰੇ ਲੋਕਾਂ ਦੇ ਸਾਹਮਣੇ ਆਵੇਗਾ। 12ਪਹਾੜ ਦੇ ਆਲੇ-ਦੁਆਲੇ ਦੇ ਲੋਕਾਂ ਲਈ ਸੀਮਾਵਾਂ ਬਣਾਈ ਅਤੇ ਲੋਕਾਂ ਨੂੰ ਆਖਣਾ, ‘ਸਾਵਧਾਨ ਰਹੋ ਕਿ ਤੁਸੀਂ ਪਹਾੜ ਦੇ ਨੇੜੇ ਨਾ ਜਾਣਾ ਨਾ ਹੀ ਉਸ ਦੇ ਪੈਰਾਂ ਨੂੰ ਛੂਹਣਾ। ਜਿਹੜਾ ਵੀ ਪਹਾੜ ਨੂੰ ਛੂਹੇ ਉਹ ਜ਼ਰੂਰ ਮਾਰ ਦਿੱਤਾ ਜਾਵੇ। 13ਉਹਨਾਂ ਨੂੰ ਪੱਥਰਾਂ ਨਾਲ ਜਾਂ ਤੀਰਾਂ ਨਾਲ ਮਾਰਿਆ ਜਾਵੇ; ਉਹਨਾਂ ਨੂੰ ਹੱਥ ਨਾਲ ਨਾ ਛੂੰਹਣ। ਕਿਸੇ ਵੀ ਆਦਮੀ ਜਾਂ ਜਾਨਵਰ ਨੂੰ ਜਿਉਂਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।’ ਜਦੋਂ ਤੁਰੀ ਦੀ ਆਵਾਜ਼ ਆਵੇ ਤਾਂ ਉਹ ਪਹਾੜ ਦੇ ਉੱਤੇ ਚੜ੍ਹਨ।”
14ਜਦੋਂ ਮੋਸ਼ੇਹ ਪਹਾੜ ਤੋਂ ਲੋਕਾਂ ਕੋਲ ਗਿਆ, ਉਸਨੇ ਉਹਨਾਂ ਨੂੰ ਪਵਿੱਤਰ ਕੀਤਾ ਅਤੇ ਉਹਨਾਂ ਨੇ ਆਪਣੇ ਕੱਪੜੇ ਧੋਤੇ। 15ਫਿਰ ਉਸਨੇ ਲੋਕਾਂ ਨੂੰ ਆਖਿਆ, “ਤੀਜੇ ਦਿਨ ਲਈ ਤਿਆਰ ਰਹੋ। ਕੋਈ ਆਦਮੀ ਔਰਤ ਦੇ ਨੇੜੇ ਨਾ ਜਾਵੇ।”
16ਤੀਜੇ ਦਿਨ, ਸਵੇਰ ਹੁੰਦੇ ਹੀ, ਪਹਾੜ ਉੱਤੇ ਹਨੇਰਾ ਛਾ ਗਿਆ, ਬੱਦਲ ਗਰਜਨ ਲੱਗਾ ਅਤੇ ਬਿਜਲੀ ਚਮਕਣ ਲੱਗੀ, ਅਤੇ ਇੱਕ ਬਹੁਤ ਹੀ ਜ਼ੋਰਦਾਰ ਤੁਰ੍ਹੀ ਵੱਜੀ। ਡੇਰੇ ਵਿੱਚ ਹਰ ਕੋਈ ਕੰਬ ਗਿਆ। 17ਫਿਰ ਮੋਸ਼ੇਹ ਲੋਕਾਂ ਨੂੰ ਡੇਰੇ ਤੋਂ ਬਾਹਰ ਪਰਮੇਸ਼ਵਰ ਨੂੰ ਮਿਲਣ ਲਈ ਲਿਆਇਆ ਅਤੇ ਉਹ ਪਹਾੜ ਦੇ ਪੈਰਾਂ ਵਿੱਚ ਖਲੋ ਗਏ। 18ਸੀਨਾਈ ਪਰਬਤ ਧੂੰਏਂ ਨਾਲ ਢੱਕਿਆ ਹੋਇਆ ਸੀ, ਕਿਉਂਕਿ ਯਾਹਵੇਹ ਅੱਗ ਵਿੱਚ ਇਸ ਉੱਤੇ ਉਤਰਿਆ ਸੀ। ਉਸ ਵਿੱਚੋਂ ਧੂੰਆਂ ਭੱਠੀ ਦੇ ਧੂੰਏਂ ਵਾਂਗ ਉੱਠ ਰਿਹਾ ਸੀ, ਅਤੇ ਸਾਰਾ ਪਰਬਤ ਜ਼ੋਰ ਨਾਲ ਕੰਬ ਰਿਹਾ ਸੀ। 19ਜਿਵੇਂ-ਜਿਵੇਂ ਤੁਰ੍ਹੀ ਦੀ ਆਵਾਜ਼ ਉੱਚੀ ਅਤੇ ਉੱਚੀ ਹੁੰਦੀ ਗਈ, ਮੋਸ਼ੇਹ ਬੋਲਿਆ ਅਤੇ ਪਰਮੇਸ਼ਵਰ ਦੀ ਆਵਾਜ਼ ਨੇ ਉਸਨੂੰ ਉੱਤਰ ਦਿੱਤਾ।
20ਯਾਹਵੇਹ ਸੀਨਾਈ ਪਹਾੜ ਦੀ ਸਿਖਰ ਤੇ ਉਤਰਿਆ ਅਤੇ ਮੋਸ਼ੇਹ ਨੂੰ ਪਹਾੜ ਦੀ ਚੋਟੀ ਤੇ ਬੁਲਾਇਆ। ਇਸ ਲਈ ਮੋਸ਼ੇਹ ਉੱਪਰ ਗਿਆ 21ਅਤੇ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਹੇਠਾਂ ਜਾ ਅਤੇ ਲੋਕਾਂ ਨੂੰ ਚੇਤਾਵਨੀ ਦੇ, ਤਾਂ ਜੋ ਉਹ ਯਾਹਵੇਹ ਨੂੰ ਵੇਖਣ ਲਈ ਆਪਣੇ ਰਸਤੇ ਤੋਂ ਬਾਹਰ ਨਾ ਜਾਣ ਅਤੇ ਉਹਨਾਂ ਵਿੱਚੋਂ ਬਹੁਤ ਸਾਰੇ ਮਾਰੇ ਜਾਣ। 22ਇੱਥੋਂ ਤੱਕ ਕਿ ਜਾਜਕਾਂ ਨੂੰ ਵੀ, ਜੋ ਯਾਹਵੇਹ ਕੋਲ ਪਹੁੰਚਦੇ ਹਨ, ਆਪਣੇ ਆਪ ਨੂੰ ਪਵਿੱਤਰ ਕਰਨ, ਨਹੀਂ ਤਾਂ ਯਾਹਵੇਹ ਉਹਨਾਂ ਦੇ ਵਿਰੁੱਧ ਹੋ ਜਾਵੇਗਾ।”
23ਮੋਸ਼ੇਹ ਨੇ ਯਾਹਵੇਹ ਨੂੰ ਕਿਹਾ, “ਲੋਕ ਸੀਨਾਈ ਪਰਬਤ ਉੱਤੇ ਨਹੀਂ ਆ ਸਕਦੇ, ਕਿਉਂਕਿ ਤੂੰ ਆਪ ਸਾਨੂੰ ਚੇਤਾਵਨੀ ਦਿੱਤੀ ਸੀ, ‘ਪਹਾੜ ਦੇ ਆਲੇ-ਦੁਆਲੇ ਸੀਮਾ ਲਗਾਓ ਅਤੇ ਇਸਨੂੰ ਪਵਿੱਤਰ ਬਣਾਉ।’ ”
24ਯਾਹਵੇਹ ਨੇ ਜਵਾਬ ਦਿੱਤਾ, “ਹੇਠਾਂ ਜਾ ਅਤੇ ਹਾਰੋਨ ਨੂੰ ਆਪਣੇ ਨਾਲ ਉੱਪਰ ਲੈ ਜਾ। ਪਰ ਜਾਜਕਾਂ ਅਤੇ ਲੋਕਾਂ ਨੂੰ ਆਪਣੇ ਰਸਤੇ ਨੂੰ ਯਾਹਵੇਹ ਦੇ ਕੋਲ ਆਉਣ ਲਈ ਮਜਬੂਰ ਨਾਂ ਕਰੀ, ਨਹੀਂ ਤਾਂ ਉਹ ਉਹਨਾਂ ਦੇ ਵਿਰੁੱਧ ਹੋ ਜਾਵੇਗਾ।”
25ਇਸ ਲਈ ਮੋਸ਼ੇਹ ਲੋਕਾਂ ਕੋਲ ਗਿਆ ਅਤੇ ਉਹਨਾਂ ਨੂੰ ਦੱਸਿਆ।