YouVersion Logo
Search Icon

ਰਸੂਲਾਂ 28

28
ਮਾਲਟਾ ਦੀਪ ਵਿੱਚ ਪੌਲੁਸ
1ਜਦੋਂ ਅਸੀਂ ਸੁਰੱਖਿਅਤ ਕਿਨਾਰੇ ਤੇ ਪਹੁੰਚੇ, ਸਾਨੂੰ ਪਤਾ ਲੱਗਾ ਕਿ ਇਸ ਟਾਪੂ ਦਾ ਨਾਮ ਮਾਲਟਾ ਹੈ। 2ਉੱਥੋਂ ਦੇ ਵਾਸੀਆਂ ਨੇ ਸਾਡੇ ਉੱਤੇ ਵਿਸ਼ੇਸ਼ ਦਯਾ ਕੀਤੀ। ਉਸ ਵੇਲੇ ਉਨ੍ਹਾਂ ਅੱਗ ਬਾਲੀ ਸਾਡਾ ਸਾਰਿਆਂ ਦਾ ਸਵਾਗਤ ਕੀਤਾ ਕਿਉਂਕਿ ਮੀਂਹ ਦੀ ਝੜੀ ਦੇ ਕਾਰਨ ਠੰਡ ਸੀ। 3ਅਤੇ ਜਦੋਂ ਪੌਲੁਸ ਨੇ ਬਹੁਤ ਸਾਰੀਆਂ ਲੱਕੜੀਆਂ ਇਕੱਠੀਆਂ ਕਰਕੇ ਅੱਗ ਉੱਤੇ ਪਾਈਆਂ, ਤਾਂ ਇੱਕ ਸੱਪ ਅੱਗ ਦੇ ਸੇਕ ਕਰਕੇ ਬਾਹਰ ਨਿੱਕਲ ਆਇਆ ਅਤੇ ਉਹ ਦੇ ਹੱਥ ਨੂੰ ਚਿੰਬੜ ਗਿਆ। 4ਜਦੋਂ ਟਾਪੂ ਦੇ ਲੋਕਾਂ ਨੇ ਸੱਪ ਨੂੰ ਉਸ ਦੇ ਹੱਥ ਨਾਲ ਲਟਕਦਾ ਵੇਖਿਆ, ਤਾਂ ਉਹ ਇੱਕ-ਦੂਜੇ ਨੂੰ ਕਹਿਣ ਲੱਗੇ, “ਇਹ ਆਦਮੀ ਇੱਕ ਕਾਤਲ ਹੈ; ਹਾਲਾਂਕਿ ਉਹ ਸਮੁੰਦਰ ਤੋਂ ਬਚ ਨਿੱਕਲਿਆ, ਪਰ ਨਿਆਂ ਇਹ ਨੂੰ ਜਿਉਂਦਾ ਨਹੀਂ ਛੱਡਦਾ।” 5ਪਰ ਪੌਲੁਸ ਨੇ ਸੱਪ ਨੂੰ ਅੱਗ ਵਿੱਚ ਸੁੱਟ ਦਿੱਤਾ ਅਤੇ ਕੁਝ ਨੁਕਸਾਨ ਨਾ ਹੋਇਆ। 6ਉਨ੍ਹਾਂ ਲੋਕਾਂ ਨੇ ਉਮੀਦ ਕੀਤੀ ਕਿ ਉਹ ਸੁੱਜ ਜਾਵੇਗਾ ਜਾਂ ਅਚਾਨਕ ਮਰ ਜਾਵੇਗਾ; ਪਰ ਲੰਬੇ ਸਮੇਂ ਤੱਕ ਇੰਤਜ਼ਾਰ ਕਰਨ ਤੋਂ ਬਾਅਦ ਵੇਖਿਆ ਜੋ ਉਹ ਦਾ ਕੁਝ ਨਹੀਂ ਵਿਗੜਿਆ, ਉਨ੍ਹਾਂ ਨੇ ਆਪਣਾ ਮਨ ਬਦਲ ਲਿਆ ਅਤੇ ਕਿਹਾ ਕਿ ਉਹ ਇੱਕ ਦੇਵਤਾ ਸੀ।
7ਉਸ ਥਾਂ ਦੇ ਨੇੜੇ, ਉਸ ਟਾਪੂ ਦੇ ਮੁੱਖ ਅਧਿਕਾਰੀ ਪਬਲੀਅਸ ਦੀ ਜ਼ਮੀਨ ਸੀ। ਉਸ ਨੇ ਆਪਣੇ ਘਰ ਵਿੱਚ ਸਾਡਾ ਸਵਾਗਤ ਕੀਤਾ ਅਤੇ ਤਿੰਨ ਦਿਨਾਂ ਤੱਕ ਸਾਡੀ ਖੁੱਲ੍ਹੇ ਦਿਲ ਨਾਲ ਪਰਾਹੁਣਚਾਰੀ ਕੀਤੀ। 8ਤਾਂ ਇਸ ਤਰ੍ਹਾਂ ਹੋਇਆ ਜੋ ਪਬਲੀਅਸ ਦਾ ਪਿਤਾ ਬੁਖ਼ਾਰ ਅਤੇ ਦਸਤ ਲੱਗਣ ਕਾਰਨ ਬਿਮਾਰ ਪਿਆ ਸੀ, ਪੌਲੁਸ ਨੇ ਉਸ ਕੋਲ ਅੰਦਰ ਜਾ ਕੇ ਪ੍ਰਾਰਥਨਾ ਕੀਤੀ, ਅਤੇ ਉਸ ਉੱਤੇ ਹੱਥ ਰੱਖ ਕੇ ਉਸ ਨੂੰ ਚੰਗਾ ਕਰ ਦਿੱਤਾ। 9ਜਦੋਂ ਇਹ ਹੋਇਆ, ਤਾਂ ਜਿਹੜੇ ਉਸ ਟਾਪੂ ਉੱਤੇ ਰਹਿੰਦੇ ਬਾਕੀ ਦੇ ਲੋਕ ਜੋ ਬਿਮਾਰ ਸਨ ਆਏ ਅਤੇ ਚੰਗੇ ਕੀਤੇ ਗਏ। 10ਉਸ ਟਾਪੂ ਦੇ ਲੋਕਾਂ ਨੇ ਬਹੁਤ ਸਾਰੇ ਤਰੀਕਿਆਂ ਨਾਲ ਸਾਡਾ ਸਨਮਾਨ ਕੀਤਾ; ਅਤੇ ਜਦੋਂ ਅਸੀਂ ਸਫ਼ਰ ਕਰਨ ਲਈ ਤਿਆਰ ਹੋਏ, ਉਨ੍ਹਾਂ ਨੇ ਸਾਨੂੰ ਲੋੜੀਂਦੀਆਂ ਚੀਜ਼ਾਂ ਪ੍ਰਦਾਨ ਕੀਤੀਆਂ।
ਰੋਮ ਵਿਖੇ ਪੌਲੁਸ ਦਾ ਆਗਮਨ
11ਤਿੰਨ ਮਹੀਨਿਆਂ ਬਾਅਦ ਅਸੀਂ ਇੱਕ ਸਮੁੰਦਰੀ ਜਹਾਜ਼ ਵਿੱਚ ਚੜ੍ਹ ਕੇ ਰਵਾਨਾ ਹੋਏ ਅਤੇ ਉਸ ਟਾਪੂ ਵਿੱਚ ਸਰਦੀ ਸੀ, ਇਹ ਇੱਕ ਸਿਕੰਦਰੀਆ#28:11 ਇੱਕ ਜਹਾਜ਼ ਜੋ ਸਿਕੰਦਰੀਆ ਸ਼ਹਿਰ ਤੋਂ ਆ ਰਿਹਾ ਸੀ। ਸਮੁੰਦਰੀ ਜਹਾਜ਼ ਸੀ ਜੋ ਕਿ ਦੋਵਾਂ ਦੇਵਤਿਆਂ, ਕੈਸਟਰ ਅਤੇ ਪੋਲੈਕਸ ਦੇ ਬੁੱਤ ਵਾਲਾ ਸੀ। 12ਅਸੀਂ ਸੈਰਾਕੁਸ ਸ਼ਹਿਰ ਵਿੱਚ ਉਤਰ ਕੇ, ਉੱਥੇ ਤਿੰਨ ਦਿਨ ਰਹੇ। 13ਅਸੀਂ ਉੱਥੋਂ ਜਹਾਜ਼ ਤੇ ਚੜ੍ਹੇ ਅਤੇ ਰੈਗਿਯਮ ਟਾਪੂ ਪਹੁੰਚੇ। ਅਗਲੇ ਦਿਨ ਦੱਖਣੀ ਹਵਾ ਚੱਲੀ ਅਤੇ ਦੂਜੇ ਦਿਨ ਅਸੀਂ ਪੇਟੋਲੀ ਸ਼ਹਿਰ ਪਹੁੰਚੇ। 14ਉੱਥੇ ਅਸੀਂ ਕੁਝ ਵਿਸ਼ਵਾਸੀਆ ਨੂੰ ਮਿਲੇ ਜਿਨ੍ਹਾਂ ਨੇ ਸਾਨੂੰ ਉਨ੍ਹਾਂ ਨਾਲ ਇੱਕ ਹਫ਼ਤਾ ਬਿਤਾਉਣ ਲਈ ਸੱਦਾ ਦਿੱਤਾ ਸੀ। ਅਤੇ ਇਸੇ ਤਰ੍ਹਾਂ ਅਸੀਂ ਰੋਮ ਸ਼ਹਿਰ ਆ ਪਹੁੰਚੇ। 15ਉੱਥੋਂ ਦੇ ਵਿਸ਼ਵਾਸੀਆ ਨੇ ਸੁਣਿਆ ਸੀ ਕਿ ਅਸੀਂ ਆ ਰਹੇ ਹਾਂ, ਅਤੇ ਉਹ ਸਾਡੇ ਨਾਲ ਮਿਲਣ ਲਈ ਅੱਪੀਫੋਰੁਮ ਦੇ ਬਜ਼ਾਰ ਅਤੇ ਤਿੰਨ ਸਰਾਵਾਂ ਤੱਕ ਸਫ਼ਰ ਕਰਕੇ ਆਏ। ਇਨ੍ਹਾਂ ਲੋਕਾਂ ਦੀ ਨਜ਼ਰ ਵਿੱਚ ਪੌਲੁਸ ਨੇ ਪਰਮੇਸ਼ਵਰ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦਾ ਹੌਸਲਾ ਵਧਿਆ। 16ਜਦੋਂ ਅਸੀਂ ਰੋਮ ਵਿੱਚ ਪਹੁੰਚੇ ਤਾਂ ਪੌਲੁਸ ਨੂੰ ਉਸ ਸਿਪਾਹੀ ਨਾਲ ਜਿਹੜਾ ਉਸ ਦੀ ਰਾਖੀ ਕਰਦਾ ਸੀ ਅਲੱਗ ਰਹਿਣ ਦੀ ਆਗਿਆ ਹੋਈ।
ਪਹਿਰੇਦਾਰਾ ਦੀ ਅਧੀਨਗੀ ਵਿੱਚ ਪੌਲੁਸ ਦਾ ਰੋਮ ਵਿੱਚ ਪ੍ਰਚਾਰ ਕਰਨਾ
17ਪੌਲੁਸ ਦੇ ਆਉਣ ਤੋਂ ਤਿੰਨ ਦਿਨ ਬਾਅਦ, ਉਸ ਨੇ ਯਹੂਦੀ ਆਗੂਆਂ ਨੂੰ ਇਕੱਠਿਆਂ ਕੀਤਾ। ਜਦੋਂ ਉਹ ਇਕੱਠੇ ਹੋਏ, ਪੌਲੁਸ ਨੇ ਉਨ੍ਹਾਂ ਨੂੰ ਕਿਹਾ: “ਹੇ ਮੇਰੇ ਭਰਾਵੋ, ਹਾਲਾਂਕਿ ਮੈਂ ਆਪਣੇ ਲੋਕਾਂ ਜਾਂ ਆਪਣੇ ਪੂਰਵਜਾਂ ਦੇ ਰਿਵਾਜ ਦੇ ਵਿਰੁੱਧ ਕੁਝ ਗਲਤ ਨਹੀਂ ਕੀਤਾ, ਪਰ ਮੈਨੂੰ ਯੇਰੂਸ਼ਲੇਮ ਤੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਰੋਮ ਸਰਕਾਰ ਦੇ ਹਵਾਲੇ ਕਰ ਦਿੱਤਾ ਗਿਆ। 18ਉਨ੍ਹਾਂ ਨੇ ਮੇਰੀ ਜਾਂਚ ਕੀਤੀ ਅਤੇ ਮੈਨੂੰ ਰਿਹਾ ਕਰਨਾ ਚਾਹੁੰਦੇ ਸਨ, ਕਿਉਂਕਿ ਮੈਂ ਮੌਤ ਦੇ ਯੋਗ ਕਿਸੇ ਵੀ ਅਪਰਾਧ ਲਈ ਦੋਸ਼ੀ ਨਹੀਂ ਸੀ। 19ਯਹੂਦੀ ਆਗੂਆਂ ਨੇ ਇਤਰਾਜ਼ ਜਤਾਇਆ, ਇਸ ਲਈ ਮੈਨੂੰ ਰੋਮੀ ਪਾਤਸ਼ਾਹ ਕੈਸਰ ਨੂੰ ਅਪੀਲ ਕਰਨ ਲਈ ਮਜ਼ਬੂਰ ਕੀਤਾ ਗਿਆ। ਮੈਂ ਨਿਸ਼ਚਤ ਤੌਰ ਤੇ ਆਪਣੇ ਲੋਕਾਂ ਵਿਰੁੱਧ ਕੋਈ ਦੋਸ਼ ਲਾਉਣ ਦਾ ਇਰਾਦਾ ਨਹੀਂ ਕੀਤਾ ਸੀ। 20ਇਸੇ ਕਰਕੇ ਮੈਂ ਤੁਹਾਡੀ ਮਿੰਨਤ ਕੀਤੀ ਜੋ ਮੈਨੂੰ ਮਿਲੋ ਅਤੇ ਗੱਲਬਾਤ ਕਰੋ, ਇਸਰਾਏਲ ਦੀ ਉਮੀਦ ਸਦਕਾ ਹੀ ਮੈਂ ਇਸ ਸੰਗਲ ਨਾਲ ਬੰਨ੍ਹਿਆ ਹੋਇਆ ਹਾਂ।”
21ਉਨ੍ਹਾਂ ਉਸ ਨੂੰ ਆਖਿਆ, “ਕਿ ਨਾ ਸਾਨੂੰ ਯਹੂਦਿਯਾ ਤੋਂ ਤੇਰੇ ਬਾਰੇ ਕੋਈ ਪੱਤਰ ਮਿਲਿਆ, ਨਾ ਹੀ ਭਰਾਵਾਂ ਵਿੱਚੋਂ ਕਿਸੇ ਨੇ ਆ ਕੇ ਤੇਰੀ ਖ਼ਬਰ ਦਿੱਤੀ ਅਤੇ ਨਾ ਤੇਰੀ ਕੁਝ ਬੁਰਾਈ ਦੱਸੀਂ। 22ਪਰ ਅਸੀਂ ਸੁਣਨਾ ਚਾਹੁੰਦੇ ਹਾਂ ਕਿ ਤੇਰੇ ਵਿਚਾਰ ਕੀ ਹਨ, ਕਿਉਂਕਿ ਅਸੀਂ ਜਾਣਦੇ ਹਾਂ ਕਿ ਹਰ ਜਗ੍ਹਾ ਲੋਕ ਇਸ ਸੰਪਰਦਾ ਦੇ ਵਿਰੁੱਧ ਗੱਲਾਂ ਕਰ ਰਹੇ ਹਨ।”
23ਉਨ੍ਹਾਂ ਨੇ ਇੱਕ ਖਾਸ ਦਿਨ ਪੌਲੁਸ ਨੂੰ ਮਿਲਣ ਨੂੰ ਠਹਿਰਾਇਆ, ਅਤੇ ਉਹ ਵੱਡੀ ਗਿਣਤੀ ਵਿੱਚ ਉਸ ਜਗ੍ਹਾ ਪਹੁੰਚੇ ਜਿੱਥੇ ਉਹ ਠਹਿਰ ਰਿਹਾ ਸੀ। ਉਸ ਨੇ ਉਨ੍ਹਾਂ ਨੂੰ ਸਵੇਰ ਤੋਂ ਸ਼ਾਮ ਤੱਕ ਪਰਮੇਸ਼ਵਰ ਦੇ ਰਾਜ ਬਾਰੇ ਗਵਾਹੀ ਦੇ ਕੇ ਅਤੇ ਮੋਸ਼ੇਹ ਦੀ ਬਿਵਸਥਾ ਅਤੇ ਨਬੀਆਂ ਤੋਂ ਵੀ ਸਮਝਾਉਂਦੇ ਹੋਏ ਯਿਸ਼ੂ ਬਾਰੇ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰਦਾ ਰਿਹਾ। 24ਕੁਝ ਲੋਕਾਂ ਨੇ ਉਸ ਦੀਆਂ ਗੱਲਾਂ ਤੇ ਯਕੀਨ ਕੀਤਾ, ਪਰ ਦੂਸਰਿਆ ਨੇ ਵਿਸ਼ਵਾਸ ਨਾ ਕੀਤਾ। 25ਉਹ ਆਪਸ ਵਿੱਚ ਅਸਹਿਮਤ ਹੋਏ ਅਤੇ ਪੌਲੁਸ ਦੁਆਰਾ ਇਹ ਅੰਤਿਮ ਬਿਆਨ ਦੇਣ ਤੋਂ ਬਾਅਦ ਚਲੇ ਜਾਣ ਲੱਗੇ: “ਕਿ ਪਵਿੱਤਰ ਆਤਮਾ ਤੁਹਾਡੇ ਪੂਰਵਜਾਂ ਨੂੰ ਸੱਚ ਬੋਲਿਆ ਜਦੋਂ ਉਸ ਨੇ ਯਸ਼ਾਯਾਹ ਨਬੀ ਰਾਹੀਂ ਕਿਹਾ:
26“ ‘ਇਨ੍ਹਾਂ ਲੋਕਾਂ ਦੇ ਕੋਲ ਜਾ ਅਤੇ ਆਖ,
“ਤੁਸੀਂ ਹਮੇਸ਼ਾ ਕੰਨਾਂ ਨਾਲ ਸੁਣੋਗੇ ਪਰ ਨਾ ਸਮਝੋਗੇ;
ਤੁਸੀਂ ਹਮੇਸ਼ਾ ਵੇਖਦੇ ਹੋਏ ਵੇਖੋਗੇ ਪਰ ਬੁਝੋਗੇ ਨਹੀਂ।”
27ਕਿਉਂ ਜੋ ਇਸ ਪਰਜਾ ਦੇ ਲੋਕਾਂ ਦਾ ਦਿਲ ਕਠੋਰ ਹੋ ਗਿਆ ਹੈ;
ਅਤੇ ਉਹ ਮੁਸ਼ਕਿਲ ਨਾਲ ਆਪਣੇ ਕੰਨਾਂ ਨਾਲ ਸੁਣਦੇ ਹਨ,
ਅਤੇ ਉਨ੍ਹਾਂ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਹਨ।
ਨਹੀਂ ਤਾਂ ਉਹ ਆਪਣੀਆਂ ਅੱਖਾਂ ਨਾਲ ਦੇਖਦੇ,
ਅਤੇ ਆਪਣੇ ਕੰਨਾਂ ਨਾਲ ਸੁਣਦੇ,
ਉਹ ਦਿਲ ਨਾਲ ਸਮਝਦੇ
ਅਤੇ ਮੁੜ ਆਉਣ, ਤਾਂ ਮੈਂ ਉਨ੍ਹਾਂ ਨੂੰ ਚੰਗਾ ਕਰਾਂਗਾ।’#28:27 ਯਸ਼ਾ 6:9,10 (ਸੈਪਟੁਜਿੰਟ ਦੇਖੋ)
28“ਇਸ ਲਈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਪਰਮੇਸ਼ਵਰ ਦੀ ਮੁਕਤੀ ਗ਼ੈਰ-ਯਹੂਦੀਆਂ ਨੂੰ ਭੇਜੀ ਗਈ ਹੈ, ਅਤੇ ਉਹ ਸੁਣਨਗੇ!” 29ਜਦੋਂ ਉਸ ਨੇ ਇਹ ਆਖਿਆ ਤਾਂ ਯਹੂਦੀ ਲੋਕ ਆਪਸ ਵਿੱਚ ਵਾਦ-ਵਿਵਾਦ ਕਰਨ ਲੱਗੇ, ਅਤੇ ਉਸ ਜਗਾ ਤੋਂ ਚਲੇ ਗਏ।#28:29 ਕੁਝ ਖਰੜੇ ਇਸ ਵਿੱਚ ਸ਼ਾਮਲ ਹਨ।
30ਪੌਲੁਸ ਉੱਥੇ ਪੂਰੇ ਦੋ ਸਾਲ ਆਪਣੇ ਕਿਰਾਏ ਦੇ ਮਕਾਨ ਵਿੱਚ ਰਿਹਾ। ਉਸ ਨੇ ਪੂਰੇ ਦਿਲ ਨਾਲ ਉਨ੍ਹਾਂ ਸਭਨਾਂ ਦਾ ਨਿੱਘਾ ਸਵਾਗਤ ਕਰਦਾ ਜੋ ਉਸ ਨੂੰ ਮਿਲਣ ਲਈ ਆਉਂਦੇ ਸਨ। 31ਉਸ ਨੇ ਪਰਮੇਸ਼ਵਰ ਦੇ ਰਾਜ ਦਾ ਪ੍ਰਚਾਰ ਕੀਤਾ ਅਤੇ ਪ੍ਰਭੂ ਯਿਸ਼ੂ ਮਸੀਹ ਦੇ ਬਾਰੇ ਬਿਨਾਂ ਕਿਸੇ ਰੁਕਾਵਟ ਦੇ ਪੂਰੀ ਦਲੇਰੀ ਨਾਲ ਸਿਖਾਉਂਦਾ।

Currently Selected:

ਰਸੂਲਾਂ 28: PCB

Highlight

Share

Copy

None

Want to have your highlights saved across all your devices? Sign up or sign in