YouVersion Logo
Search Icon

ਰਸੂਲਾਂ 23

23
1ਪੌਲੁਸ ਨੇ ਮਹਾਂਸਭਾ ਵੱਲ ਸਿੱਧਾ ਵੇਖਿਆ ਅਤੇ ਕਿਹਾ, “ਮੇਰੇ ਭਰਾਵੋ, ਮੈਂ ਆਪਣੀ ਪੂਰੀ ਜ਼ਿੰਦਗੀ ਦੌਰਾਨ ਅੱਜ ਤੱਕ ਮੈਂ ਪਰਮੇਸ਼ਵਰ ਪ੍ਰਤੀ ਆਪਣੇ ਚੰਗੇ ਜ਼ਮੀਰ ਨਾਲ ਫ਼ਰਜ਼ ਨਿਭਾਇਆ ਹੈ।” 2ਇਸ ਤੇ ਮਹਾਂ ਜਾਜਕ ਹਨਾਨਿਯਾਹ ਨੇ ਪੌਲੁਸ ਦੇ ਕੋਲ ਖੜ੍ਹੇ ਲੋਕਾਂ ਨੂੰ ਉਸ ਦੇ ਮੂੰਹ ਤੇ ਵਾਰ ਕਰਨ ਦਾ ਹੁਕਮ ਦਿੱਤਾ। 3ਤਦ ਪੌਲੁਸ ਨੇ ਉਸ ਨੂੰ ਕਿਹਾ, “ਹੇ ਸਫ਼ੇਦ ਫੇਰੀ ਹੋਈ ਕੰਧ, ਪਰਮੇਸ਼ਵਰ ਤੈਨੂੰ ਮਾਰੇਗਾ! ਤੁਸੀਂ ਉੱਥੇ ਬਿਵਸਥਾ ਅਨੁਸਾਰ ਮੇਰਾ ਨਿਆਂ ਕਰਨ ਲਈ ਬੈਠੇ ਹੋ, ਪਰ ਤੁਸੀਂ ਖੁਦ ਇਹ ਹੁਕਮ ਦੇ ਕੇ ਕਾਨੂੰਨ ਦੀ ਉਲੰਘਣਾ ਕੀਤੀ ਕਿ ਮੈਨੂੰ ਮਾਰਿਆ ਜਾਵੇ!”
4ਜਿਹੜੇ ਲੋਕ ਪੌਲੁਸ ਦੇ ਨੇੜੇ ਖੜ੍ਹੇ ਸਨ, ਉਨ੍ਹਾਂ ਨੇ ਉਸ ਨੂੰ ਕਿਹਾ, “ਤੂੰ ਪਰਮੇਸ਼ਵਰ ਦੇ ਮਹਾਂ ਜਾਜਕ ਦੀ ਬੇਇੱਜ਼ਤੀ ਕਰਨ ਦੀ ਹਿੰਮਤ ਕਿਵੇਂ ਕੀਤੀ!”
5ਪੌਲੁਸ ਨੇ ਜਵਾਬ ਦਿੱਤਾ, “ਭਰਾਵੋ, ਮੈਨੂੰ ਇਹ ਪਤਾ ਨਹੀਂ ਸੀ ਜੋ ਇਹ ਮਹਾਂ ਜਾਜਕ ਹੈ; ਕਿਉਂ ਜੋ ਇਹ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ: ਤੂੰ ਆਪਣੇ ਲੋਕਾਂ ਦੇ ਹਾਕਮ ਬਾਰੇ ਬੁਰਾ ਨਾ ਬੋਲ#23:5 ਕੂਚ 22:28।”
6ਤਦ ਪੌਲੁਸ ਨੂੰ ਇਹ ਪਤਾ ਲੱਗਾ ਕਿ ਉਨ੍ਹਾਂ ਵਿੱਚੋਂ ਕੁਝ ਸਦੂਕੀ ਅਤੇ ਕਈ ਫ਼ਰੀਸੀ ਆਏ ਹਨ, ਜਿਨ੍ਹਾਂ ਨੂੰ ਮਹਾਂਸਭਾ ਵਿੱਚ ਬੁਲਾਇਆ ਗਿਆ ਤਾਂ ਪੌਲੁਸ ਬੋਲਿਆ, “ਹੇ ਮੇਰੇ ਭਰਾਵੋ, ਮੈਂ ਇੱਕ ਫ਼ਰੀਸੀ ਹਾਂ, ਫ਼ਰੀਸੀਆਂ ਦੀ ਵੰਸ਼ ਵਿਚੋਂ ਹਾਂ। ਮੈਂ ਮਰੇ ਹੋਏ ਲੋਕਾਂ ਦੇ ਪੁਨਰ-ਉਥਾਨ ਦੀ ਉਮੀਦ ਕਾਰਨ ਅਜ਼ਮਾਇਸ਼ ਤੇ ਖੜ੍ਹਾ ਹਾਂ।” 7ਜਦੋਂ ਉਸ ਨੇ ਇਹ ਕਿਹਾ ਤਾਂ ਫ਼ਰੀਸੀਆਂ ਅਤੇ ਸਦੂਕੀਆਂ ਵਿੱਚਕਾਰ ਝਗੜਾ ਹੋ ਗਿਆ ਅਤੇ ਸਭਾ ਵਿੱਚ ਫੁੱਟ ਪੈ ਗਈ। 8ਸਦੂਕੀ ਕਹਿੰਦੇ ਸਨ ਕਿ ਕੋਈ ਪੁਨਰ-ਉਥਾਨ ਨਹੀਂ ਹੈ ਅਤੇ ਨਾ ਤਾਂ ਸਵਰਗਦੂਤ ਹਨ ਅਤੇ ਨਾ ਹੀ ਆਤਮਾ ਹੈ, ਪਰ ਫ਼ਰੀਸੀ ਇਨ੍ਹਾਂ ਸਭ ਗੱਲਾਂ ਵਿੱਚ ਵਿਸ਼ਵਾਸ ਕਰਦੇ ਹਨ।
9ਫਿਰ ਬਹੁਤ ਹੰਗਾਮਾ ਹੋਇਆ, ਅਤੇ ਕੁਝ ਨੇਮ ਦੇ ਉਪਦੇਸ਼ਕ ਜਿਹੜੇ ਫ਼ਰੀਸੀ ਸਨ ਉਹ ਖੜ੍ਹੇ ਹੋ ਗਏ ਅਤੇ ਜ਼ੋਰ ਨਾਲ ਬਹਿਸ ਕਰਨ ਲੱਗ ਪਏ। ਉਨ੍ਹਾਂ ਨੇ ਕਿਹਾ, “ਸਾਨੂੰ ਇਸ ਆਦਮੀ ਵਿੱਚ ਕੋਈ ਗਲਤੀ ਨਹੀਂ ਲੱਭਦੀ ਹੈ ਫੇਰ ਕੀ ਹੋਇਆ ਜੇ ਕਿਸੇ ਆਤਮਾ ਜਾਂ ਸਵਰਗਦੂਤ ਨੇ ਉਸ ਨਾਲ ਗੱਲ ਕੀਤੀ ਹੈ?” 10ਵਿਵਾਦ ਇੰਨਾ ਹਿੰਸਕ ਹੋ ਗਿਆ ਅਤੇ ਸੈਨਾਪਤੀ ਨੂੰ ਡਰ ਸੀ ਕਿ ਕਿਤੇ ਲੋਕ ਪੌਲੁਸ ਦੇ ਟੁਕੜੇ ਨਾ ਕਰ ਦੇਣ। ਉਸ ਨੇ ਸਿਪਾਹੀਆਂ ਨੂੰ ਆਦੇਸ਼ ਦਿੱਤਾ ਕਿ ਉਹ ਹੇਠਾਂ ਜਾਣ ਅਤੇ ਉਸ ਨੂੰ ਜ਼ਬਰਦਸਤੀ ਉਨ੍ਹਾਂ ਤੋਂ ਦੂਰ ਕਰ ਦੇਣ ਅਤੇ ਉਸ ਨੂੰ ਸੈਨਿਕਾਂ ਦੀ ਛਾਉਣੀ ਅੰਦਰ ਲੈ ਜਾਓ।
11ਅਗਲੀ ਰਾਤ ਪ੍ਰਭੂ ਪੌਲੁਸ ਦੇ ਕੋਲ ਖਲੋ ਗਿਆ ਅਤੇ ਬੋਲਿਆ, “ਹੌਸਲਾ ਰੱਖ! ਜਿਵੇਂ ਤੂੰ ਯੇਰੂਸ਼ਲੇਮ ਵਿੱਚ ਮੇਰੇ ਬਾਰੇ ਗਵਾਹੀ ਦਿੱਤੀ ਹੈ, ਉਸੇ ਤਰ੍ਹਾਂ ਤੈਨੂੰ ਰੋਮ ਸ਼ਹਿਰ ਵਿੱਚ ਵੀ ਗਵਾਹੀ ਦੇਣੀ ਪਵੇਗੀ।”
ਪੌਲੁਸ ਨੂੰ ਮਾਰਨ ਦੀ ਸਾਜਿਸ਼
12ਅਗਲੀ ਸਵੇਰ ਕੁਝ ਯਹੂਦੀਆਂ ਨੇ ਇੱਕ ਸਾਜਿਸ਼ ਰਚੀ ਅਤੇ ਉਨ੍ਹਾਂ ਨੇ ਆਪਸ ਵਿੱਚ ਸਹੁੰ ਖਾਧੀ ਕਿ ਜਦ ਤੱਕ ਅਸੀਂ ਪੌਲੁਸ ਨੂੰ ਮਾਰ ਨਹੀਂ ਦਿੰਦੇ, ਉਦੋਂ ਤੱਕ ਨਾ ਕੁਝ ਖਾਵਾਂਗੇ ਤੇ ਨਾ ਕੁਝ ਪੀਵਾਂਗੇ। 13ਇਸ ਸਾਜਿਸ਼ ਵਿੱਚ ਚਾਲੀ ਤੋਂ ਵੱਧ ਆਦਮੀ ਸ਼ਾਮਲ ਸਨ। 14ਉਹ ਮੁੱਖ ਜਾਜਕਾਂ ਅਤੇ ਬਜ਼ੁਰਗਾਂ ਕੋਲ ਗਏ ਅਤੇ ਕਿਹਾ, “ਅਸੀਂ ਸਹੁੰ ਖਾਧੀ ਹੈ ਕਿ ਜਦ ਤੱਕ ਅਸੀਂ ਪੌਲੁਸ ਨੂੰ ਨਾ ਮਾਰ ਦੇਈਏ ਉਦੋਂ ਤੱਕ ਅਸੀਂ ਕੁਝ ਵੀ ਨਾ ਖਾਵਾਂਗੇ। 15ਤਾਂ ਹੁਣ, ਤੁਸੀਂ ਅਤੇ ਮਹਾਂਸਭਾ ਨੇ ਸੈਨਾਪਤੀ ਨੂੰ ਬੇਨਤੀ ਕੀਤੀ ਹੈ ਕਿ ਉਹ ਉਸ ਦੇ ਮੁਕੱਦਮੇ ਬਾਰੇ ਵਧੇਰੇ ਸਹੀ ਜਾਣਕਾਰੀ ਦੀ ਇੱਛਾ ਦੇ ਬਹਾਨੇ ਉਸ ਨੂੰ ਤੁਹਾਡੇ ਸਾਹਮਣੇ ਲਿਆਵੇ। ਉਸ ਦੇ ਇੱਥੇ ਆਉਣ ਤੋਂ ਪਹਿਲਾਂ ਅਸੀਂ ਉਸ ਨੂੰ ਮਾਰਨ ਲਈ ਤਿਆਰ ਹਾਂ।”
16ਪਰ ਜਦੋਂ ਪੌਲੁਸ ਦੀ ਭੈਣ ਦੇ ਪੁੱਤਰ ਨੇ ਇਸ ਸਾਜਿਸ਼ ਬਾਰੇ ਸੁਣਿਆ, ਤਾਂ ਉਹ ਸੈਨਿਕਾਂ ਦੀ ਛਾਉਣੀ ਵਿੱਚ ਗਿਆ ਅਤੇ ਪੌਲੁਸ ਨੂੰ ਦੱਸ ਦਿੱਤਾ।
17ਤਦ ਪੌਲੁਸ ਨੇ ਸੂਬੇਦਾਰਾਂ ਵਿੱਚੋਂ ਇੱਕ ਨੂੰ ਕੋਲ ਬੁਲਾਇਆ ਅਤੇ ਕਿਹਾ, “ਇਸ ਨੌਜਵਾਨ ਨੂੰ ਸੈਨਾਪਤੀ ਕੋਲ ਲੈ ਜਾਉ; ਉਸ ਦੇ ਕੋਲ ਕੁਝ ਦੱਸਣ ਲਈ ਹੈ।” 18ਇਸ ਲਈ ਉਹ ਉਸ ਨੂੰ ਸੈਨਾਪਤੀ ਕੋਲ ਲੈ ਗਏ।
ਸੂਬੇਦਾਰ ਨੇ ਕਿਹਾ, “ਪੌਲੁਸ, ਜੋ ਕੈਦੀ ਹੈ ਉਸ ਨੇ ਮੈਨੂੰ ਬੁਲਾਇਆ ਅਤੇ ਮੈਨੂੰ ਇਸ ਨੌਜਵਾਨ ਨੂੰ ਤੁਹਾਡੇ ਕੋਲ ਲਿਆਉਣ ਲਈ ਕਿਹਾ ਕਿਉਂਕਿ ਉਹ ਤੁਹਾਨੂੰ ਕੁਝ ਦੱਸਣਾ ਚਾਹੁੰਦਾ ਹੈ।”
19ਸੈਨਾਪਤੀ ਨੇ ਉਸ ਨੌਜਵਾਨ ਦਾ ਹੱਥ ਫੜ ਲਿਆ ਅਤੇ ਉਸ ਨੂੰ ਇੱਕ ਪਾਸੇ ਲੈ ਗਿਆ ਅਤੇ ਪੁੱਛਿਆ, “ਤੂੰ ਮੈਨੂੰ ਕੀ ਦੱਸਣਾ ਚਾਹੁੰਦਾ ਹੈ?”
20ਉਸ ਨੇ ਕਿਹਾ: “ਯਹੂਦੀਆਂ ਨੇ ਏਕਾ ਕੀਤਾ ਹੈ ਕਿ ਤੁਹਾਡੇ ਕੋਲ ਬੇਨਤੀ ਕਰਨ ਜੋ ਤੁਸੀਂ ਕੱਲ੍ਹ ਪੌਲੁਸ ਨੂੰ ਮਹਾਂਸਭਾ ਵਿੱਚ ਲਿਆਵੋ ਕਿ ਜਿਵੇਂ ਤੁਸੀਂ ਉਹ ਦੇ ਬਾਰੇ ਕੁਝ ਹੋਰ ਵੀ ਠੀਕ ਤਰ੍ਹਾਂ ਨਾਲ ਪੁੱਛਣਾਂ ਚਾਹੁੰਦੇ ਹੋ। 21ਤੁਸੀਂ ਪੌਲੁਸ ਨੂੰ ਉਨ੍ਹਾਂ ਦੇ ਹਵਾਲੇ ਨਾ ਕਰਨਾ, ਕਿਉਂਕਿ ਉਨ੍ਹਾਂ ਵਿੱਚੋਂ ਚਾਲੀ ਤੋਂ ਵੱਧ ਉਸ ਦੇ ਉੱਤੇ ਹਮਲਾ ਕਰਨ ਦੀ ਉਡੀਕ ਕਰ ਰਹੇ ਹਨ। ਉਹਨਾਂ ਨੇ ਸਹੁੰ ਖਾਧੀ ਹੈ ਕਿ ਜਦੋਂ ਤੱਕ ਉਹ ਨੂੰ ਮਾਰ ਨਾ ਲਈਏ ਅਸੀਂ ਨਾ ਕੁਝ ਖਾਵਾਂਗੇ ਨਾ ਹੀ ਕੁਝ ਪੀਵਾਂਗੇ। ਉਹ ਹੁਣ ਤਿਆਰ ਹਨ, ਉਨ੍ਹਾਂ ਦੀ ਬੇਨਤੀ ਹੈ ਕਿ ਤੁਹਾਡੀ ਸਹਿਮਤੀ ਦੀ ਜ਼ਰੂਰਤ ਹੈ।”
22ਫਿਰ ਸੈਨਾਪਤੀ ਨੇ ਉਸ ਨੌਜਵਾਨ ਨੂੰ ਇਸ ਚੇਤਾਵਨੀ ਦੇ ਕੇ ਵਿਦਿਆ ਕਰ ਦਿੱਤਾ ਅਤੇ ਕਿਹਾ, “ਇਹ ਗੱਲ ਕਿਸੇ ਹੋਰ ਨੂੰ ਨਾ ਪਤਾ ਲੱਗੇ ਕਿ ਤੂੰ ਇਹ ਗੱਲ ਮੈਨੂੰ ਦੱਸੀਂ ਹੈ।”
ਪੌਲੁਸ ਨੂੰ ਕੈਸਰਿਆ ਵਿੱਚ ਭੇਜਣਾ
23ਇਸ ਤੋਂ ਬਾਅਦ, ਉਸ ਨੇ ਆਪਣੇ ਦੋ ਸੂਬੇਦਾਰਾਂ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਆਦੇਸ਼ ਦਿੱਤਾ, “ਅੱਜ ਰਾਤ ਨੌਂ ਵਜੇ ਕੈਸਰਿਆ ਸ਼ਹਿਰ ਜਾਣ ਲਈ ਦੋ ਸੌ ਸਿਪਾਹੀ, ਸੱਤਰ ਘੋੜਸਵਾਰ ਅਤੇ ਦੋ ਸੌ ਬਰਛੇ ਚੁੱਕੀ ਸਿਪਾਹੀਆਂ ਨੂੰ ਤਿਆਰ ਕਰ ਰੱਖੋ। 24ਪੌਲੁਸ ਲਈ ਘੋੜੇ ਮੁਹੱਈਆ ਕਰਵਾਓ ਤਾਂ ਜੋ ਉਹ ਸੁਰੱਖਿਅਤ ਰਾਜਪਾਲ ਫੇਲਿਕ੍ਸ ਕੋਲ ਜਾ ਸਕਣ।”
25ਸੈਨਾਪਤੀ ਨੇ ਹੇਠ ਲਿਖੇ ਅਨੁਸਾਰ ਇੱਕ ਪੱਤਰ ਲਿਖਿਆ:
26ਕਲਾਉਡੀਅਸ ਲੁਸਿਯਸ ਦੇ ਮਹਾਨ
ਰਾਜਪਾਲ ਫੇਲਿਕ੍ਸ:
ਪਰਨਾਮ।
27ਇਸ ਆਦਮੀ ਨੂੰ ਜਦੋਂ ਕੁਝ ਯਹੂਦੀ ਲੋਕਾਂ ਨੇ ਫੜ੍ਹ ਕੇ ਮਾਰ ਸੁੱਟਣ ਉੱਤੇ ਲੱਕ ਬੰਨ੍ਹਿਆ, ਤਾਂ ਮੈਂ ਇਹ ਪਤਾ ਕੀਤਾ ਕਿ ਉਹ ਇੱਕ ਰੋਮੀ ਨਾਗਰਿਕ ਹੈ, ਫਿਰ ਮੈ ਸਿਪਾਹੀਆਂ ਦੇ ਨਾਲ ਜਾ ਕੇ ਇਹ ਨੂੰ ਛੁਡਾ ਲਿਆਇਆ। 28ਮੈਂ ਜਾਣਨਾ ਚਾਹੁੰਦਾ ਸੀ ਕਿ ਉਹ ਉਸ ਤੇ ਇਲਜ਼ਾਮ ਕਿਉਂ ਲਗਾ ਰਹੇ ਸਨ, ਇਸ ਲਈ ਮੈਂ ਉਸ ਨੂੰ ਉਨ੍ਹਾਂ ਦੀ ਮਹਾਂਸਭਾ ਵਿੱਚ ਲੈ ਆਇਆ। 29ਮੈਂ ਜਾਣਿਆ ਕਿ ਇਹ ਦੋਸ਼ ਉਨ੍ਹਾਂ ਦੇ ਕਾਨੂੰਨ ਬਾਰੇ ਪ੍ਰਸ਼ਨਾਂ ਨਾਲ ਜੁੜਿਆ ਹੋਇਆ ਸੀ, ਪਰ ਉਸ ਵਿਰੁੱਧ ਕੋਈ ਦੋਸ਼ ਨਹੀਂ ਸੀ ਜਿਹੜਾ ਉਹ ਦੇ ਮੌਤ ਜਾਂ ਕੈਦ ਵਿੱਚ ਪਾਉਣ ਦੇ ਲਾਇਕ ਹੋਵੇ। 30ਜਦੋਂ ਮੈਨੂੰ ਉਸ ਆਦਮੀ ਦੇ ਵਿਰੁੱਧ ਸਾਜਿਸ਼ ਰਚਣ ਦੀ ਖ਼ਬਰ ਮਿਲੀ, ਤਾਂ ਮੈਂ ਉਸ ਨੂੰ ਤੁਰੰਤ ਤੁਹਾਡੇ ਕੋਲ ਭੇਜ ਦਿੱਤਾ। ਮੈਂ ਉਸ ਦੇ ਦੋਸ਼ੀਆਂ ਨੂੰ ਉਸ ਦੇ ਵਿਰੁੱਧ ਆਪਣਾ ਮੁਕੱਦਮਾ ਤੁਹਾਡੇ ਅੱਗੇ ਪੇਸ਼ ਕਰਨ ਦੇ ਆਦੇਸ਼ ਵੀ ਦਿੱਤੇ ਹਨ।
31ਇਸ ਲਈ ਸਿਪਾਹੀ, ਉਨ੍ਹਾਂ ਦੇ ਆਦੇਸ਼ਾਂ ਨੂੰ ਮੰਨਦੇ ਹੋਏ, ਰਾਤ ਨੂੰ ਪੌਲੁਸ ਨੂੰ ਨਾਲ ਲੈ ਗਏ ਅਤੇ ਉਸ ਨੂੰ ਅੰਤਿਪਤ੍ਰਿਸ ਕਸਬੇ ਵਿੱਚ ਪਹੁੰਚਾਇਆ। 32ਅਗਲੇ ਦਿਨ ਉਨ੍ਹਾਂ ਨੇ ਘੋੜਸਵਾਰ ਨੂੰ ਉਸ ਨਾਲ ਜਾਣ ਦਿੱਤਾ, ਜਦਕਿ ਉਹ ਸੈਨਿਕਾਂ ਦੀ ਛਾਉਣੀ ਵਿੱਚ ਵਾਪਸ ਚਲੇ ਗਏ 33ਜਦੋਂ ਘੋੜਸਵਾਰ ਕੈਸਰਿਆ ਵਿੱਚ ਪਹੁੰਚੇ, ਉਨ੍ਹਾਂ ਨੇ ਰਾਜਪਾਲ ਨੂੰ ਪੱਤਰ ਸੌਂਪ ਦਿੱਤਾ ਅਤੇ ਪੌਲੁਸ ਨੂੰ ਉਸ ਦੇ ਹਵਾਲੇ ਕਰ ਦਿੱਤਾ। 34ਰਾਜਪਾਲ ਨੇ ਪੱਤਰ ਨੂੰ ਪੜ੍ਹਿਆ ਅਤੇ ਪੁੱਛਿਆ ਕਿ ਉਹ ਕਿਹੜੇ ਪ੍ਰਦੇਸ਼ ਦਾ ਹੈ। ਜਦੋਂ ਇਹ ਜਾਣਿਆ ਕਿ ਉਹ ਕਿਲਕਿਆ ਦਾ ਰਹਿਣ ਵਾਲਾ ਹੈ, 35ਰਾਜਪਾਲ ਨੇ ਪੌਲੁਸ ਨੂੰ ਕਿਹਾ, “ਜਦੋਂ ਤੁਹਾਡੇ ਦੋਸ਼ੀ ਇੱਥੇ ਆਉਣਗੇ ਤਾਂ ਮੈਂ ਤੁਹਾਡਾ ਮੁਕੱਦਮਾ ਸੁਣਾਂਗਾ।” ਤਦ ਉਸ ਨੇ ਹੁਕਮ ਦਿੱਤਾ ਕਿ ਪੌਲੁਸ ਨੂੰ ਹੇਰੋਦੇਸ ਦੇ ਮਹਿਲ ਵਿੱਚ ਨਿਗਰਾਨੀ ਹੇਠ ਰੱਖਿਆ ਜਾਵੇ।

Currently Selected:

ਰਸੂਲਾਂ 23: PCB

Highlight

Share

Copy

None

Want to have your highlights saved across all your devices? Sign up or sign in