4
1ਮੈਂ ਪਰਮੇਸ਼ਵਰ ਅਤੇ ਮਸੀਹ ਯਿਸ਼ੂ ਦੀ ਹਜ਼ੂਰੀ ਵਿੱਚ ਹਾਂ, ਜਿਹੜਾ ਜੀਉਂਦੇ ਅਤੇ ਮੁਰਦਿਆਂ ਦਾ ਨਿਆਂ ਕਰੇਗਾ, ਅਤੇ ਉਸ ਦੇ ਪ੍ਰਗਟ ਹੋਣ ਅਤੇ ਉਸ ਦੇ ਰਾਜ ਦੇ ਕਾਰਣ, ਮੈਂ ਤੈਨੂੰ ਇਹ ਹੁਕਮ ਦਿੰਦਾ ਹਾਂ: 2ਬਚਨ ਦਾ ਪ੍ਰਚਾਰ ਕਰ; ਸਮੇਂ-ਅਸਮੇਂ ਤਿਆਰ ਰਹਿ; ਬਹੁਤ ਹੀ ਸਬਰ ਅਤੇ ਸਾਵਧਾਨੀ ਨਾਲ ਨਿਰਦੇਸ਼ ਦੇ ਕੇ ਸੁਧਾਰ, ਝਿੜਕ ਅਤੇ ਉਤਸ਼ਾਹਿਤ ਕਰ। 3ਉਹ ਸਮਾਂ ਆਵੇਗਾ ਜਦੋਂ ਲੋਕ ਸਹੀ ਸਿੱਖਿਆ ਨੂੰ ਨਾ ਸਹਿਣਗੇ। ਇਸ ਦੀ ਬਜਾਏ, ਆਪਣੀਆਂ ਇੱਛਾਵਾਂ ਦੇ ਅਨੁਸਾਰ ਹੋਣ ਲਈ, ਉਹ ਆਪਣੇ ਆਲੇ-ਦੁਆਲੇ ਬਹੁਤ ਸਾਰੇ ਸਿੱਖਿਅਕ ਇਕੱਠੇ ਕਰਨਗੇ ਕਿ ਜੋ ਉਹਨਾਂ ਦੇ ਕੰਨਾ ਨੂੰ ਸੁਣਨਾ ਚੰਗਾ ਲੱਗਦਾ ਹੈ ਅਜਿਹਾ ਉਪਦੇਸ਼ ਉਹਨਾਂ ਨੂੰ ਸੁਣਾਉਣ।#4:3 1 ਤਿਮੋ 4:1-2; 2 ਤਿਮੋ 3:1-5 4ਉਹ ਆਪਣੇ ਕੰਨ ਨੂੰ ਸੱਚਾਈ ਤੋਂ ਹਟਾ ਕੇ ਅਤੇ ਕਲਪਿਤ ਕਥਾਵਾਂ ਵੱਲ ਆਪਣਾ ਮਨ ਲਗਾਉਣਗੇ। 5ਪਰ ਤੂੰ, ਸਾਰੀਆਂ ਗੱਲਾਂ ਵਿੱਚ ਸੁਚੇਤ ਰਹੀਂ, ਦੁੱਖ ਸਹਿਣ ਕਰੀ, ਪ੍ਰਚਾਰਕ ਦਾ ਕੰਮ ਕਰੀਂ, ਆਪਣੀ ਸੇਵਕਾਈ ਦੇ ਸਾਰੇ ਫਰਜ਼ ਨਿਭਾਈਂ।
6ਕਿਉਂਕਿ ਮੈਂ ਪਹਿਲਾਂ ਹੀ ਇੱਕ ਪਿਆਲੇ ਦੀ ਭੇਟ ਵਾਂਗ ਡੋਲ੍ਹਿਆ ਗਿਆ ਹਾਂ,#4:6 ਗਿਣ 28:7 ਅਤੇ ਮੇਰੇ ਜਾਣ ਦਾ ਸਮਾਂ ਨੇੜੇ ਹੈ। 7ਮੈਂ ਚੰਗੀ ਲੜਾਈ ਲੜੀ ਹੈ, ਮੈਂ ਦੌੜ ਖ਼ਤਮ ਕਰ ਲਈ ਹੈ, ਮੈਂ ਵਿਸ਼ਵਾਸ ਨੂੰ ਕਾਇਮ ਰੱਖਿਆ ਹੈ।#4:7 ਰਸੂ 20:24 8ਮੇਰੇ ਲਈ ਧਾਰਮਿਕਤਾ ਦਾ ਤਾਜ ਰੱਖਿਆ ਹੋਇਆ ਹੈ, ਜਿਹੜਾ ਕਿ ਧਰਮੀ ਨਿਆਂਕਾਰ, ਪ੍ਰਭੂ ਉਸ ਦਿਨ ਮੈਨੂੰ ਦੇਵੇਗਾ ਅਤੇ ਕੇਵਲ ਮੈਨੂੰ ਹੀ ਨਹੀਂ, ਬਲਕਿ ਉਹਨਾਂ ਸਾਰਿਆਂ ਨੂੰ ਵੀ, ਜੋ ਉਨ੍ਹਾਂ ਦੇ ਦੁਬਾਰਾ ਆਗਮਨ ਦੀ ਬਹੁਤ ਉਮੀਦ ਕਰਦੇ ਹਨ।
ਨਿੱਜੀ ਟਿੱਪਣੀ
9ਮੇਰੇ ਕੋਲ ਜਲਦੀ ਆਉਣ ਦੀ ਪੂਰੀ ਕੋਸ਼ਿਸ਼ ਕਰ, 10ਦੇਮਾਸ ਲਈ, ਕਿਉਂਕਿ ਉਹ ਇਸ ਦੁਨੀਆਂ ਨੂੰ ਪਿਆਰ ਕਰਦਾ ਸੀ, ਮੈਨੂੰ ਛੱਡ ਕੇ ਥੱਸਲੁਨੀਕਾ ਸ਼ਹਿਰ ਚਲਾ ਗਿਆ ਹੈ। ਕ੍ਰੇਸੈਂਸ ਗਲਾਤੀਆਂ ਦੇ ਇਲਾਕੇ ਨੂੰ, ਅਤੇ ਤੀਤੁਸ ਡਾਲਮਤੀਆ ਨਗਰ ਵਿੱਚ ਚਲਾ ਗਿਆ। 11ਕੇਵਲ ਲੂਕਸ ਹੀ ਮੇਰੇ ਨਾਲ ਹੈ। ਮਾਰਕਸ ਨੂੰ ਆਪਣੇ ਨਾਲ ਲੈ ਕੇ ਆਵੀਂ, ਕਿਉਂਕਿ ਉਹ ਮੇਰੀ ਸੇਵਕਾਈ ਵਿੱਚ ਮੇਰੇ ਲਈ ਮਦਦਗਾਰ ਹੈ। 12ਮੈਂ ਤੁਖਿਕੁਸ ਨੂੰ ਅਫ਼ਸੁਸ ਸ਼ਹਿਰ ਭੇਜਿਆ। 13ਜਦੋਂ ਤੁਸੀਂ ਆਉਂਦੇ ਹੋ, ਤਾਂ ਉਹ ਚੋਲਾ ਜੋ ਮੈਂ ਕਾਰਪੁਸ ਨਾਲ ਤ੍ਰੋਆਸ ਸ਼ਹਿਰ ਵਿੱਚ ਛੱਡਿਆ ਸੀ, ਅਤੇ ਮੇਰੀਆਂ ਪੋਥੀਆਂ, ਖ਼ਾਸ ਕਰਕੇ ਉਹ ਚਮੜੇ ਦੇ ਪੱਤਰਾਂ ਤੂੰ ਨਾਲ ਲੈ ਕੇ ਆਵੀਂ।
14ਅਲੇਕਜ਼ੈਂਡਰ ਠਠੇਰੇ ਨੇ ਮੈਨੂੰ ਬਹੁਤ ਨੁਕਸਾਨ ਪਹੁੰਚਾਇਆ। ਪ੍ਰਭੂ ਉਸ ਨੂੰ ਉਸ ਦੇ ਕੀਤੇ ਕੰਮਾਂ ਦਾ ਫ਼ਲ ਦੇਵੇਗਾ। 15ਤੁਹਾਨੂੰ ਵੀ ਉਸ ਦੇ ਵਿਰੁੱਧ ਸਾਵਧਾਨ ਰਹਿਣਾ ਚਾਹੀਦਾ ਹੈ, ਕਿਉਂਕਿ ਉਸ ਨੇ ਸਾਡੇ ਸੰਦੇਸ਼ ਦਾ ਸਖ਼ਤ ਵਿਰੋਧ ਕੀਤਾ ਸੀ।
16ਮੇਰੀ ਪਹਿਲੀ ਪੇਸ਼ੀ ਦੇ ਵੇਲੇ, ਕੋਈ ਵੀ ਮੇਰੇ ਨਾਲ ਨਹੀਂ ਸੀ, ਪਰ ਸਾਰਿਆਂ ਨੇ ਮੈਨੂੰ ਛੱਡ ਦਿੱਤਾ। ਕਿਤੇ ਇਹ ਲੇਖਾ ਉਹਨਾਂ ਨੂੰ ਨਾ ਦੇਣਾ ਪਵੇ। 17ਪਰ ਪਰਮੇਸ਼ਵਰ ਮੇਰੇ ਨਾਲ ਖੜ੍ਹਾਂ ਸੀ ਅਤੇ ਮੈਨੂੰ ਤਾਕਤ ਦਿੱਤੀ, ਤਾਂ ਜੋ ਮੇਰੇ ਰਾਹੀਂ ਪ੍ਰਚਾਰ ਦਾ ਕੰਮ ਪੂਰਾ ਹੋ ਸਕੇ ਅਤੇ ਪਰਾਈਆਂ ਕੌਮਾਂ ਇਸ ਨੂੰ ਸੁਣ ਸਕਣ। ਅਤੇ ਮੈ ਸ਼ੇਰ ਦੇ ਮੂੰਹ ਤੋਂ ਛੁਡਾਇਆ ਗਿਆ ਸੀ। 18ਪਰਮੇਸ਼ਵਰ ਮੈਨੂੰ ਹਰ ਬੁਰੇ ਹਮਲੇ ਤੋਂ ਬਚਾਵੇਗਾ ਅਤੇ ਮੈਨੂੰ ਉਸ ਦੇ ਸਵਰਗੀ ਰਾਜ ਵਿੱਚ ਸੁਰੱਖਿਅਕ ਢੰਗ ਨਾਲ ਲੈ ਜਾਵੇਗਾ। ਉਸ ਦੀ ਮਹਿਮਾ ਸਦਾ ਅਤੇ ਸਦਾ ਲਈ ਹੋਵੇ। ਆਮੀਨ।
ਆਖਰੀ ਨਮਸਕਾਰ
19ਪਰਿਸਕਾ ਅਤੇ ਅਕੂਲਾ ਅਤੇ ਓਨੇਸਿਫੋਰਸ ਦੇ ਘਰ ਨੂੰ ਸਲਾਮ।
20ਇਰਾਸਤੁਸ ਕੁਰਿੰਥੁਸ ਸ਼ਹਿਰ ਵਿੱਚ ਰਿਹਾ ਅਤੇ ਮੈਂ ਟ੍ਰੋਫਿਮਸ ਨੂੰ ਮਿਲੇਤੁਸ ਸ਼ਹਿਰ ਵਿੱਚ ਬਿਮਾਰ ਛੱਡ ਆਇਆ। 21ਸਰਦੀਆਂ ਤੋਂ ਪਹਿਲਾਂ ਇੱਥੇ ਪਹੁੰਚਣ ਦੀ ਪੂਰੀ ਕੋਸ਼ਿਸ਼ ਕਰ।
ਯੂਬੁਲਸ ਤੈਨੂੰ ਸ਼ੁਭਕਾਮਨਾਵਾਂ ਦਿੰਦਾ ਹੈ, ਅਤੇ ਇਸੇ ਤਰ੍ਹਾਂ ਪੁਦੇਂਸ, ਲੀਨੋਸ, ਕਲੌਦਿਆ ਅਤੇ ਨਾਲੇ ਸਾਰੇ ਭੈਣ-ਭਰਾਵਾਂ।
22ਪਰਮੇਸ਼ਵਰ ਤੁਹਾਡੀ ਆਤਮਾ ਦੇ ਨਾਲ ਹੋਵੇ। ਕਿਰਪਾ ਤੁਹਾਡੇ ਸਾਰਿਆਂ ਨਾਲ ਹੋਵੇ।