1
1ਪੌਲੁਸ, ਜਿਹੜਾ ਉਸ ਜੀਵਨ ਦੇ ਵਾਅਦੇ ਅਨੁਸਾਰ ਜੋ ਮਸੀਹ ਯਿਸ਼ੂ ਵਿੱਚ ਹੈ, ਪਰਮੇਸ਼ਵਰ ਦੀ ਇੱਛਾ ਨਾਲ ਯਿਸ਼ੂ ਮਸੀਹ ਦਾ ਇੱਕ ਰਸੂਲ ਹੈ,
2ਤਿਮੋਥਿਉਸ ਨੂੰ ਜਿਹੜਾ ਮੇਰਾ ਪਿਆਰਾ ਪੁੱਤਰ ਹੈ:
ਸਾਡੇ ਪਿਤਾ ਪਰਮੇਸ਼ਵਰ ਅਤੇ ਪ੍ਰਭੂ ਮਸੀਹ ਯਿਸ਼ੂ ਦੇ ਵੱਲੋਂ ਕਿਰਪਾ, ਦਯਾ ਅਤੇ ਸ਼ਾਂਤੀ ਮਿਲੇ।
ਧੰਨਵਾਦ ਦੀ ਪ੍ਰਾਰਥਨਾ
3ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦਾ ਹਾਂ, ਜਿਸਦੀ ਮੈਂ ਸੇਵਾ ਕਰਦਾ ਹਾਂ, ਜਿਵੇਂ ਕਿ ਮੇਰੇ ਪੁਰਖਿਆਂ ਨੇ ਵੀ ਇੱਕ ਸ਼ੁੱਧ ਜ਼ਮੀਰ ਨਾਲ ਕੀਤਾ ਸੀ, ਜਿਵੇਂ ਕਿ ਦਿਨ-ਰਾਤ ਮੈਂ ਆਪਣੀਆਂ ਪ੍ਰਾਰਥਨਾਵਾਂ ਵਿੱਚ ਤੁਹਾਨੂੰ ਯਾਦ ਕਰਦਾ ਹਾਂ। 4ਤੇਰਿਆਂ ਹੰਝੂਆਂ ਨੂੰ ਯਾਦ ਕਰਦਿਆਂ, ਮੈਂ ਤੈਨੂੰ ਵੇਖਣ ਨੂੰ ਤਰਸਦਾ ਹਾਂ, ਤਾਂ ਜੋ ਮੈ ਅਨੰਦ ਨਾਲ ਭਰ ਜਾਵਾਂ। 5ਮੈਨੂੰ ਤੇਰੇ ਨਿਸ਼ਕਪਟ ਵਿਸ਼ਵਾਸ ਦੀ ਯਾਦ ਆਉਂਦੀ ਹੈ, ਜੋ ਪਹਿਲਾਂ ਤੇਰੀ ਨਾਨੀ ਲੋਇਸ ਅਤੇ ਤੇਰੀ ਮਾਂ ਯੂਨਿਸ ਵਿੱਚ ਸੀ ਅਤੇ ਮੈਨੂੰ ਯਕੀਨ ਹੈ ਜੋ ਹੁਣ ਤੇਰੇ ਵਿੱਚ ਵੀ ਹੈ।
ਪੌਲੁਸ ਅਤੇ ਇੰਜੀਲ ਪ੍ਰਤੀ ਵਫ਼ਾਦਾਰੀ ਲਈ ਤਿਮੋਥਿਉਸ ਨੂੰ
6ਇਸ ਕਾਰਨ ਮੈਂ ਤੈਨੂੰ ਯਾਦ ਕਰਾਉਂਦਾ ਹਾਂ ਕਿ ਪਰਮੇਸ਼ਵਰ ਦੇ ਉਸ ਵਰਦਾਨ ਨੂੰ ਜੋ ਤੇਰੇ ਉੱਤੇ ਮੇਰੇ ਹੱਥ ਰੱਖਣ ਦੁਆਰਾ ਤੈਨੂੰ ਮਿਲਿਆ ਸੀ ਉਸ ਵਰਦਾਨ ਨੂੰ ਚਮਕਾ। 7ਕਿਉਂਕਿ ਪਰਮੇਸ਼ਵਰ ਨੇ ਸਾਨੂੰ ਡਰ ਦਾ ਆਤਮਾ ਨਹੀਂ, ਬਲਕਿ ਸ਼ਕਤੀ, ਪਿਆਰ ਅਤੇ ਸਵੈ-ਅਨੁਸ਼ਾਸਨ ਦਾ ਆਤਮਾ ਦਿੱਤਾ ਹੈ। 8ਇਸ ਲਈ ਸਾਡੇ ਪ੍ਰਭੂ ਦੀ ਗਵਾਹੀ ਬਾਰੇ ਜਾਂ ਮੇਰੇ ਬਾਰੇ ਜੋ ਮਸੀਹ ਦਾ ਕੈਦੀ ਹਾਂ ਦੱਸਣ ਤੋਂ ਸ਼ਰਮਿੰਦਾ ਨਾ ਹੋਵੀਂ। ਸਗੋਂ ਪਰਮੇਸ਼ਵਰ ਦੀ ਸ਼ਕਤੀ ਦੁਆਰਾ ਖੁਸ਼ਖ਼ਬਰੀ ਲਈ ਦੁੱਖਾਂ ਵਿੱਚ ਮੇਰੇ ਨਾਲ ਸਾਂਝੀ ਹੋਵੀਂ। 9ਪਰਮੇਸ਼ਵਰ ਨੇ ਸਾਨੂੰ ਬਚਾਇਆ ਹੈ ਅਤੇ ਸਾਨੂੰ ਇੱਕ ਪਵਿੱਤਰ ਜੀਵਨ ਲਈ ਬੁਲਾਇਆ ਹੈ, ਇਹ ਸਾਡੀ ਕਿਸੇ ਕਰਨੀ ਦੇ ਨਾਲ ਨਹੀਂ ਸਗੋਂ ਉਸ ਦੇ ਆਪਣੇ ਮਕਸਦ ਅਤੇ ਕਿਰਪਾ ਕਰਕੇ ਜਿਹੜੀ ਮਸੀਹ ਯਿਸ਼ੂ ਵਿੱਚ ਸਦੀਪਕ ਸਮਿਆਂ ਤੋਂ ਪਹਿਲਾਂ ਹੀ ਦਿੱਤੀ ਗਈ ਸੀ। 10ਪਰ ਹੁਣ ਇਹ ਸਾਡੇ ਮੁਕਤੀਦਾਤਾ, ਮਸੀਹ ਯਿਸ਼ੂ ਦੇ ਪ੍ਰਕਾਸ਼ ਹੋਣ ਦੁਆਰਾ ਪ੍ਰਗਟ ਹੋਇਆ ਹੈ, ਜਿਸ ਨੇ ਮੌਤ ਨੂੰ ਨਸ਼ਟ ਕਰ ਦਿੱਤਾ ਹੈ ਅਤੇ ਖੁਸ਼ਖ਼ਬਰੀ ਰਾਹੀਂ ਜੀਵਨ ਅਤੇ ਅਮਰਤਾ ਨੂੰ ਪ੍ਰਕਾਸ਼ ਕੀਤਾ ਹੈ। 11ਅਤੇ ਇਸ ਖੁਸ਼ਖ਼ਬਰੀ ਦਾ ਮੈਨੂੰ ਇੱਕ ਪ੍ਰਚਾਰਕ ਅਤੇ ਇੱਕ ਰਸੂਲ ਅਤੇ ਇੱਕ ਉਪਦੇਸ਼ਕ ਨਿਯੁਕਤ ਕੀਤਾ ਗਿਆ ਸੀ। 12ਇਹੀ ਕਾਰਨ ਹੈ ਕਿ ਮੈਂ ਜਿਵੇਂ ਦੁੱਖ ਝੱਲਦਾ ਹਾਂ। ਫਿਰ ਵੀ ਇਹ ਸ਼ਰਮਿੰਦਾ ਹੋਣ ਦਾ ਕਾਰਨ ਨਹੀਂ ਹੈ, ਕਿਉਂਕਿ ਮੈਂ ਜਾਣਦਾ ਹਾਂ ਕਿ ਮੈਂ ਕਿਸ ਉੱਤੇ ਵਿਸ਼ਵਾਸ ਕੀਤਾ ਹੈ ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਉਸ ਦਿਨ ਦੀ ਰੱਖਿਆ ਕਰ ਸਕਦਾ ਹੈ ਜੋ ਮੈਂ ਉਸ ਨੂੰ ਸੌਂਪਿਆ ਹੈ।
13ਜੋ ਤੂੰ ਮੇਰੇ ਕੋਲੋਂ ਸੁਣਿਆ ਹੈ, ਚੰਗੇ ਉਪਦੇਸ਼ ਦੇ ਨਮੂਨੇ ਵਜੋਂ ਆਪਣੇ ਆਪ ਨੂੰ ਮਸੀਹ ਯਿਸ਼ੂ ਵਿੱਚ ਵਿਸ਼ਵਾਸ ਅਤੇ ਪਿਆਰ ਨਾਲ ਫੜੀ ਰੱਖ। 14ਪਵਿੱਤਰ ਆਤਮਾ ਦੁਆਰਾ ਜੋ ਸਾਡੇ ਵਿੱਚ ਵੱਸਦਾ ਹੈ, ਉਸ ਚੰਗੀ ਅਮਾਨਤ ਦੀ ਰਾਖੀ ਕਰ ਜੋ ਤੈਨੂੰ ਸੌਂਪੀ ਗਈ ਹੈ।
ਬੇਵਫ਼ਾਈ ਅਤੇ ਵਫ਼ਾਦਾਰੀ ਦੀਆਂ ਉਦਾਹਰਣਾਂ
15ਤੁਸੀਂ ਜਾਣਦੇ ਹੋ ਕਿ ਏਸ਼ੀਆ ਪ੍ਰਦੇਸ਼ ਦੇ ਫਿਗੇਲਸ ਅਤੇ ਹਰਮੋਗੇਨੇਸ ਸਮੇਤ ਹਰ ਵਿਅਕਤੀ ਨੇ ਮੈਨੂੰ ਤਿਆਗ ਦਿੱਤਾ ਹੈ।
16ਪ੍ਰਭੂ ਓਨੇਸਿਫੋਰਸ ਦੇ ਘਰ ਵਾਲਿਆਂ ਤੇ ਮਿਹਰ ਕਰੇ, ਕਿਉਂਕਿ ਉਹ ਅਕਸਰ ਮੈਨੂੰ ਤਾਜ਼ਗੀ ਦਿੰਦਾ ਹੈ ਅਤੇ ਮੇਰੀ ਜੰਜ਼ੀਰਾਂ ਤੋਂ ਸ਼ਰਮਿੰਦਾ ਨਹੀਂ ਸੀ। 17ਇਸ ਦੇ ਉਲਟ, ਜਦੋਂ ਉਹ ਰੋਮ ਸ਼ਹਿਰ ਵਿੱਚ ਸੀ, ਉਸ ਨੇ ਮੇਰੀ ਸਖ਼ਤ ਤਲਾਸ਼ ਕੀਤੀ ਜਦੋਂ ਤੱਕ ਮੈਨੂੰ ਲੱਭ ਨਹੀਂ ਲਿਆ। 18ਪ੍ਰਭੂ ਬਖ਼ਸ਼ੇ ਕਿ ਉਸ ਦਿਨ ਪ੍ਰਭੂ ਦੀ ਮਿਹਰ ਉਸ ਉੱਤੇ ਹੋਏ! ਤੁਸੀਂ ਜਾਣਦੇ ਹੋ ਕਿ ਅਫ਼ਸੁਸ ਸ਼ਹਿਰ ਵਿੱਚ ਉਸ ਨੇ ਕਿੰਨੇ ਤਰੀਕਿਆਂ ਨਾਲ ਮੇਰੀ ਸਹਾਇਤਾ ਕੀਤੀ ਸੀ।