3
ਪ੍ਰਭੂ ਦਾ ਦਿਨ
1ਹੇ ਮੇਰੇ ਪਿਆਰੇ ਮਿੱਤਰੋ, ਇਹ ਹੁਣ ਤੁਹਾਡੇ ਲਈ ਮੇਰੀ ਦੂਜੀ ਚਿੱਠੀ ਹੈ। ਮੈਂ ਉਨ੍ਹਾਂ ਦੋਹਾਂ ਵਿੱਚ ਤੁਹਾਨੂੰ ਸਿਹਤਮੰਦ ਸੋਚ ਲਈ ਉਤਸ਼ਾਹਿਤ ਕਰਨ ਲਈ ਯਾਦ ਪੱਤਰ ਵਜੋਂ ਲਿਖਿਆ ਹੈ। 2ਮੈਂ ਚਾਹੁੰਦਾ ਹਾਂ ਕਿ ਤੁਸੀਂ ਪਵਿੱਤਰ ਨਬੀਆਂ ਦੁਆਰਾ ਪਿਛਲੇ ਸਮੇਂ ਵਿੱਚ ਬੋਲੇ ਗਏ ਸ਼ਬਦਾਂ ਅਤੇ ਸਾਡੇ ਪ੍ਰਭੂ ਅਤੇ ਮੁਕਤੀਦਾਤੇ ਦੀ ਆਗਿਆ ਨੂੰ ਜਿਹੜੀ ਤੁਹਾਡੇ ਰਸੂਲਾਂ ਦੇ ਰਾਹੀਂ ਦਿੱਤੀਆਂ ਗਈਆ ਹਨ, ਯਾਦ ਰੱਖੋ।
3ਸਭ ਤੋਂ ਵੱਧ, ਤੁਹਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਆਖਰੀ ਦਿਨਾਂ ਵਿੱਚ ਮਖੌਲ ਉਡਾਉਣ ਵਾਲੇ ਆਉਣਗੇ, ਜਿਹੜੇ ਆਪਣੀਆਂ ਬੁਰੀਆਂ ਇੱਛਾਵਾਂ ਦੇ ਅਨੁਸਾਰ ਚੱਲਣਗੇ। 4ਉਹ ਕਹਿਣਗੇ, “ਕਿ ਉਹ ਦੇ ਆਉਣ ਦਾ ਵਾਇਦਾ ਕਿੱਥੇ ਹੈ ਜੋ ਉਸ ਨੇ ਕੀਤਾ ਸੀ? ਜਦੋਂ ਤੋਂ ਸਾਡੇ ਪੁਰਖਿਆਂ ਦੀ ਮੌਤ ਹੋਈ ਹੈ, ਸਭ ਕੁਝ ਉਸੇ ਤਰ੍ਹਾਂ ਚਲਦਾ ਆ ਰਿਹਾ ਹੈ ਜਿਵੇਂ ਸ੍ਰਿਸ਼ਟੀ ਦੇ ਅਰੰਭ ਤੋਂ ਹੈ।” 5ਪਰ ਉਹ ਜਾਣ ਬੁੱਝ ਕੇ ਭੁੱਲ ਜਾਂਦੇ ਹਨ ਕਿ ਬਹੁਤ ਸਮਾਂ ਪਹਿਲਾਂ ਪਰਮੇਸ਼ਵਰ ਦੇ ਬਚਨ ਦੁਆਰਾ ਅਕਾਸ਼ ਰਚੇ ਗਏ ਅਤੇ ਧਰਤੀ ਪਾਣੀ ਤੋਂ ਬਾਹਰ ਅਤੇ ਪਾਣੀ ਦੇ ਵਿੱਚ ਸਥਿਰ ਹੈ।#3:5 ਉਤ 1:6-9 6ਇਨ੍ਹਾਂ ਪਾਣੀਆਂ ਦੁਆਰਾ ਉਸ ਸਮੇਂ ਦਾ ਸੰਸਾਰ ਪਾਣੀ ਵਿੱਚ ਡੁੱਬ ਕੇ ਨਾਸ਼ ਹੋ ਗਿਆ ਸੀ। 7ਉਸੇ ਸ਼ਬਦ ਦੁਆਰਾ ਵਰਤਮਾਨ ਅਕਾਸ਼ ਅਤੇ ਧਰਤੀ ਅੱਗ ਲਈ ਰੱਖੇ ਗਏ ਹਨ, ਅਤੇ ਨਿਆਂ ਦੇ ਦਿਨ ਅਤੇ ਅਧਰਮੀਆਂ ਦੇ ਵਿਨਾਸ਼ ਲਈ ਰੱਖੇ ਗਏ ਹਨ।#3:7 ਉਤ 7:11-21
8ਪਰ ਇਸ ਇੱਕ ਗੱਲ ਨੂੰ ਨਾ ਭੁੱਲੋ, ਹੇ ਮੇਰੇ ਪਿਆਰੇ ਮਿੱਤਰੋ: ਪ੍ਰਭੂ ਦੇ ਅੱਗੇ ਇੱਕ ਦਿਨ ਇੱਕ ਹਜ਼ਾਰ ਸਾਲ ਵਰਗਾ ਹੈ, ਅਤੇ ਇੱਕ ਹਜ਼ਾਰ ਸਾਲ ਇੱਕ ਦਿਨ ਵਰਗਾ ਹੈ।#3:8 ਜ਼ਬੂ 90:4 9ਪ੍ਰਭੂ ਆਪਣੇ ਵਾਅਦੇ ਨੂੰ ਨਿਭਾਉਣ ਵਿੱਚ ਢਿੱਲਾ ਨਹੀਂ ਹੈ, ਜਿਵੇਂ ਕਿ ਕੁਝ ਲੋਕ ਉਸ ਦੇ ਢਿੱਲਾ ਹੋਣ ਦਾ ਭਰਮ ਕਰਦੇ ਹਨ। ਇਸ ਦੀ ਬਜਾਏ ਉਹ ਤੁਹਾਡੇ ਨਾਲ ਧੀਰਜ ਰੱਖਦਾ ਹੈ, ਨਹੀਂ ਚਾਹੁੰਦਾ ਕਿ ਕਿਸੇ ਦਾ ਨਾਸ਼ ਹੋਵੇ, ਪਰ ਹਰ ਕੋਈ ਤੋਬਾ ਕਰੇ।#3:9 ਇਬ 2:3-4
10ਪਰ ਪ੍ਰਭੂ ਦਾ ਵਾਪਸ ਆਉਣ ਦਾ ਦਿਨ ਚੋਰ ਵਾਂਗ ਆਵੇਗਾ। ਜਿਸ ਦੇ ਵਿੱਚ ਅਕਾਸ਼ ਵੱਡੀ ਗਰਜ ਨਾਲ ਜਾਂਦੇ ਰਹਿਣਗੇ; ਹਰੇਕ ਤੱਤ ਅੱਗ ਦੁਆਰਾ ਨਸ਼ਟ ਹੋ ਜਾਵੇਗਾ, ਅਤੇ ਧਰਤੀ ਅਤੇ ਇਸ ਵਿੱਚ ਜੋ ਕੀਤਾ ਗਿਆ ਹਰ ਚੀਜ਼ ਦੇ ਨਾਲ ਭਸਮ ਹੋ ਜਾਵੇਗੀ।
11ਕਿਉਂਕਿ ਹਰ ਚੀਜ਼ ਇਸ ਤਰੀਕੇ ਨਾਲ ਤਬਾਹ ਹੋ ਜਾਵੇਗੀ, ਤਾਂ ਤੁਹਾਨੂੰ ਕਿਸ ਤਰ੍ਹਾਂ ਦੇ ਲੋਕ ਹੋਣਾ ਚਾਹੀਦਾ ਹੈ? ਤੁਹਾਨੂੰ ਪਵਿੱਤਰ ਅਤੇ ਈਸ਼ਵਰੀ ਜੀਵਨ ਬਤੀਤ ਕਰਨਾ ਚਾਹੀਦਾ ਹੈ। 12ਜਿਵੇਂ ਕਿ ਤੁਸੀਂ ਪਰਮੇਸ਼ਵਰ ਦੇ ਨਿਆਂ ਦੇ ਦਿਨ ਦੀ ਉਡੀਕ ਕਰਦੇ ਅਤੇ ਲੋਚਦੇ ਹੋ, ਉਹ ਦਿਨ ਅੱਗ ਦੁਆਰਾ ਅਕਾਸ਼ ਦਾ ਵਿਨਾਸ਼ ਲਿਆਏਗਾ, ਅਤੇ ਤੱਤ ਵੱਡੀ ਤਪਸ਼ ਨਾਲ ਪਿਘਲ ਜਾਣਗੇ 13ਪਰ ਉਸ ਦੇ ਵਾਅਦੇ ਨੂੰ ਪੂਰਾ ਕਰਦੇ ਹੋਏ ਅਸੀਂ ਇੱਕ ਨਵੇਂ ਸਵਰਗ ਅਤੇ ਇੱਕ ਨਵੀਂ ਧਰਤੀ ਦੀ ਉਡੀਕ ਕਰ ਰਹੇ ਹਾਂ, ਜਿੱਥੇ ਧਾਰਮਿਕਤਾ ਵੱਸਦੀ ਹੈ।#3:13 ਯਸ਼ਾ 60:21; 65:17; 66:22; ਪ੍ਰਕਾ 21:1-27
14ਇਸ ਲਈ ਫਿਰ, ਹੇ ਮੇਰੇ ਪਿਆਰੇ ਮਿੱਤਰੋ, ਕਿਉਂਕਿ ਤੁਸੀਂ ਇਸ ਦੀ ਉਡੀਕ ਕਰ ਰਹੇ ਹੋ, ਤਾਂ ਕੋਸ਼ਿਸ਼ ਕਰੋ ਕਿ ਤੁਸੀਂ ਸ਼ਾਂਤੀ ਨਾਲ ਉਹ ਦੇ ਅੱਗੇ ਨਿਰਮਲ ਅਤੇ ਨਿਰਦੋਸ਼ ਠਹਿਰੋ। 15ਯਾਦ ਰੱਖੋ ਕਿ ਸਾਡੇ ਪ੍ਰਭੂ ਦੇ ਧੀਰਜ ਦਾ ਮਤਲਬ ਮੁਕਤੀ ਹੈ, ਜਿਵੇਂ ਸਾਡੇ ਪਿਆਰੇ ਭਰਾ ਪੌਲੁਸ ਨੇ ਵੀ ਤੁਹਾਨੂੰ ਉਸ ਸਿਆਣਪ ਨਾਲ ਆਪਣੇ ਪੱਤਰ ਵਿੱਚ ਲਿਖਿਆ ਸੀ ਜੋ ਪਰਮੇਸ਼ਵਰ ਨੇ ਉਸ ਨੂੰ ਦਿੱਤਾ ਸੀ। 16ਜਿਵੇਂ ਉਸ ਨੇ ਆਪਣੀਆਂ ਸਾਰੀਆਂ ਪੱਤ੍ਰੀਆਂ ਵਿੱਚ ਉਨ੍ਹਾਂ ਦੇ ਵਿਖੇ ਲਿਖਿਆ ਹੈ ਅਤੇ ਉਨ੍ਹਾਂ ਵਿੱਚ ਕਈਆਂ ਗੱਲਾਂ ਦਾ ਸਮਝਣਾ ਔਖਾ ਹੈ, ਜਿਨ੍ਹਾਂ ਨੂੰ ਅਗਿਆਨੀ ਅਤੇ ਡੋਲਣ ਵਾਲੇ ਲੋਕ ਆਪਣੀ ਬਰਬਾਦੀ ਲਈ ਮਰੋੜ ਦੇ ਹਨ, ਜਿਵੇਂ ਉਹ ਹੋਰਨਾਂ ਪਵਿੱਤਰ ਸ਼ਾਸਤਰਾਂ ਦੀ ਲਿਖਤਾਂ ਨੂੰ ਵੀ ਕਰਦੇ ਹਨ।
17ਇਸ ਲਈ, ਹੇ ਮੇਰੇ ਪਿਆਰੇ ਮਿੱਤਰੋ, ਕਿਉਂਕਿ ਤੁਹਾਨੂੰ ਪਹਿਲਾਂ ਹੀ ਚੇਤਾਵਨੀ ਦਿੱਤੀ ਗਈ ਹੈ, ਤਾਂ ਜੋ ਤੁਸੀਂ ਆਪਣੀ ਚੌਕਸੀ ਕਰੋ ਜੋ ਕਿਤੇ ਇਹ ਨਾ ਹੋਵੇ ਜੋ ਦੁਸ਼ਟਾਂ ਦੀ ਭੁੱਲ ਨਾਲ ਧੋਖਾ ਖਾ ਕੇ ਆਪਣੀ ਦ੍ਰਿੜ੍ਹਤਾ ਤੋਂ ਡਿੱਗ ਪਓ। 18ਪਰ ਸਾਡੇ ਪ੍ਰਭੂ ਅਤੇ ਮੁਕਤੀਦਾਤਾ ਯਿਸ਼ੂ ਮਸੀਹ ਦੀ ਕਿਰਪਾ ਅਤੇ ਗਿਆਨ ਵਿੱਚ ਵਧਦੇ ਜਾਓ।
ਉਸ ਦੀ ਮਹਿਮਾ ਹੁਣ ਤੋਂ ਲੈ ਕੇ ਸਦਾ ਤੱਕ ਹੁੰਦੀ ਰਹੇ! ਆਮੀਨ।