4
ਪਰਮੇਸ਼ਵਰ ਲਈ ਜ਼ਿੰਦਗੀ ਨੂੰ ਜੀਣਾ
1ਇਸ ਲਈ, ਕਿਉਂਕਿ ਮਸੀਹ ਨੇ ਸਰੀਰ ਵਿੱਚ ਦੁੱਖ ਝੱਲਿਆ, ਇਸ ਲਈ ਤੁਹਾਨੂੰ ਵੀ ਉਸੇ ਮਨ ਨੂੰ ਹਥਿਆਰ ਵਾਂਗ ਧਾਰਣਾ ਚਾਹੀਦਾ ਹੈ, ਕਿਉਂਕਿ ਜਿਹੜਾ ਵੀ ਸਰੀਰ ਵਿੱਚ ਦੁੱਖ ਝੱਲਦਾ ਹੈ ਉਹ ਪਾਪ ਤੋਂ ਮੁਕਤ ਹੁੰਦਾ ਹੈ, 2ਤਾਂ ਜੋ ਤੁਸੀਂ ਅਗਾਹਾਂ ਨੂੰ ਆਪਣੀ ਬਾਕੀ ਦੀ ਸਰੀਰਕ ਜ਼ਿੰਦਗੀ ਮਨੁੱਖਾਂ ਦੀਆਂ ਬੁਰੀਆਂ ਇੱਛਾਵਾਂ ਦੇ ਅਨੁਸਾਰ ਨਹੀਂ ਬਲਕਿ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਬਤੀਤ ਕਰੀਏ। 3ਕਿਉਂਕਿ ਤੁਸੀਂ ਪਿਛਲੇ ਸਮੇਂ ਵਿੱਚ ਉਹ ਸਾਰਾ ਕੁਝ ਕੀਤਾ, ਜੋ ਪਰਾਈਆਂ ਕੌਮਾਂ ਨੇ ਕਰਨਾ ਪਸੰਦ ਕੀਤਾ ਬੇਵਕੂਫ਼ੀ, ਵਾਸਨਾ, ਸ਼ਰਾਬ ਪੀਣਾ, ਨਸ਼ਾ, ਰੰਗ-ਰਲੀਆਂ ਅਤੇ ਘ੍ਰਿਣਾਯੋਗ ਮੂਰਤੀ ਪੂਜਕਾਂ ਵਿੱਚ ਚੱਲਦੇ ਸੀ। 4ਤੁਹਾਡੇ ਪਿਛਲੀਆਂ ਕੌਮਾਂ ਵਿੱਚੋਂ ਦੋਸਤ ਹੈਰਾਨ ਹਨ ਕਿ ਤੁਸੀਂ ਉਨ੍ਹਾਂ ਦੀ ਬਦਚਲਣੀ ਵਿੱਚ ਸ਼ਾਮਲ ਨਹੀਂ ਹੁੰਦੇ, ਅਤੇ ਇਸੇ ਕਰਕੇ ਉਹ ਤੁਹਾਡੀ ਨਿੰਦਾ ਕਰਦੇ ਹਨ। 5ਪਰ ਉਨ੍ਹਾਂ ਲੋਕਾਂ ਨੂੰ ਪਰਮੇਸ਼ਵਰ ਨੂੰ ਲੇਖਾ ਦੇਣਾ ਪਏਗਾ ਜਿਹੜਾ ਜੀਉਂਦਿਆਂ ਅਤੇ ਮੁਰਦਿਆਂ ਦਾ ਨਿਆਂ ਕਰਨ ਲਈ ਤਿਆਰ ਹੈ#4:5 1 ਤਿਮੋ 4:1 6ਇਹੀ ਕਾਰਣ ਹੈ ਕਿ ਖੁਸ਼ਖ਼ਬਰੀ ਦਾ ਪ੍ਰਚਾਰ ਉਨ੍ਹਾਂ ਲੋਕਾਂ ਨੂੰ ਵੀ ਸੁਣਾਇਆ ਗਿਆ ਸੀ ਜਿਹੜੇ ਮਰ ਚੁੱਕੇ ਸਨ, ਤਾਂ ਜੋ ਉਨ੍ਹਾਂ ਦਾ ਸਰੀਰ ਦੇ ਸੰਬੰਧ ਵਿੱਚ ਮਨੁੱਖੀ ਮਾਪਦੰਡ ਅਨੁਸਾਰ ਨਿਆਂ ਕੀਤਾ ਜਾ ਸਕੇ, ਪਰ ਆਤਮਾ ਦੇ ਸੰਬੰਧ ਵਿੱਚ ਪਰਮੇਸ਼ਵਰ ਦੇ ਅਨੁਸਾਰ ਜਿਉਂਦੇ ਰਹਿਣ।
7ਸਾਰੀਆਂ ਵਸਤਾਂ ਦਾ ਅੰਤ ਨੇੜੇ ਹੈ। ਇਸ ਲਈ ਸੁਚੇਤ ਅਤੇ ਸੰਜਮੀ ਮਨ ਬਣੋ ਤਾਂ ਜੋ ਤੁਸੀਂ ਪ੍ਰਾਰਥਨਾ ਕਰ ਸਕੋ।#4:7 ਯਾਕੂ 5:8; ਅਫ਼ 6:18 8ਸਭ ਤੋਂ ਵੱਡੀ ਗੱਲ, ਇੱਕ-ਦੂਜੇ ਨਾਲ ਗੂੜ੍ਹਾ ਪਿਆਰ ਕਰੋ, ਕਿਉਂਕਿ ਪਿਆਰ ਬਹੁਤ ਸਾਰੇ ਪਾਪਾਂ ਨੂੰ ਢੱਕ ਦਿੰਦਾ ਹੈ।#4:8 ਕਹਾ 10:12 9ਇੱਕ-ਦੂਜੇ ਨੂੰ ਬੁੜ-ਬੁੜ ਕੀਤੇ ਬਗੈਰ ਪ੍ਰਾਹੁਣਚਾਰੀ ਕਰੋ। 10ਤੁਹਾਡੇ ਵਿੱਚੋਂ ਹਰੇਕ ਨੂੰ ਦੂਜਿਆਂ ਦੀ ਸੇਵਾ ਕਰਨ ਲਈ ਜੋ ਵੀ ਉਪਹਾਰ ਪ੍ਰਾਪਤ ਹੋਇਆ ਹੈ, ਉਸ ਦੀ ਵਰਤੋਂ ਕਰਨੀ ਚਾਹੀਦੀ ਹੈ, ਜਿਵੇਂ ਕਿ ਪਰਮੇਸ਼ਵਰ ਦੀ ਕਿਰਪਾ ਦੇ ਵਫ਼ਾਦਾਰ ਸੇਵਕ ਨੂੰ ਵੱਖ-ਵੱਖ ਰੂਪਾਂ ਵਿੱਚ ਉੱਚਿਤ ਹੈ 11ਜੇ ਕੋਈ ਗੱਲ ਕਰੇ ਤਾਂ ਉਹ ਪਰਮੇਸ਼ਵਰ ਦੇ ਬਚਨ ਅਨੁਸਾਰ ਕਰੇ, ਜੇ ਕੋਈ ਟਹਿਲ ਸੇਵਾ ਕਰੇ ਤਾਂ ਉਹ ਸਮਰੱਥਾ ਦੇ ਅਨੁਸਾਰ ਕਰੇ ਜੋ ਪਰਮੇਸ਼ਵਰ ਦਿੰਦਾ ਹੈ, ਤਾਂ ਜੋ ਸਾਰੀਆਂ ਗੱਲਾਂ ਵਿੱਚ ਯਿਸ਼ੂ ਮਸੀਹ ਰਾਹੀਂ ਪਰਮੇਸ਼ਵਰ ਦੀ ਉਸਤਤ ਕੀਤੀ ਜਾ ਸਕੇ। ਜਿਸ ਦੀ ਮਹਿਮਾ ਅਤੇ ਸ਼ਕਤੀ ਸਦਾ ਅਤੇ ਸਦਾ ਲਈ ਹੈ। ਆਮੀਨ।
ਇੱਕ ਮਸੀਹ ਹੋਣ ਖ਼ਾਤਰ ਦੁੱਖਾਂ ਵਿੱਚ ਸਾਂਝੀ ਹੋਣਾ
12ਹੇ ਪਿਆਰੇ ਮਿੱਤਰੋ, ਜਿਹੜਾ ਬਿਪਤਾ ਦਾ ਲਾਂਬੂ ਤੁਹਾਨੂੰ ਪਰਖ ਕਰਨ ਲਈ ਤੁਹਾਡੇ ਉੱਤੇ ਪਿਆ ਹੈ ਉਸ ਤੋਂ ਹੈਰਾਨ ਨਾ ਹੋਵੋ, ਜਿਵੇਂ ਕਿ ਤੁਹਾਡੇ ਨਾਲ ਕੁਝ ਅਜੀਬ ਵਾਪਰ ਰਿਹਾ ਹੈ। 13ਪਰ ਜਿੰਨਾ ਤੁਸੀਂ ਮਸੀਹ ਦੇ ਦੁੱਖਾਂ ਵਿੱਚ ਹਿੱਸਾ ਲੈਂਦੇ ਹੋ ਉਸ ਵਿੱਚ ਆਨੰਦ ਹੋਵੋ, ਤਾਂ ਜੋ ਉਸ ਦੀ ਮਹਿਮਾ ਪ੍ਰਗਟ ਹੋਣ ਤੇ ਤੁਸੀਂ ਬਹੁਤ ਖੁਸ਼ ਹੋਵੋ। 14ਜੇ ਮਸੀਹ ਦੇ ਨਾਮ ਦੇ ਕਾਰਨ ਤੁਹਾਡੀ ਬੇਇੱਜ਼ਤੀ ਕੀਤੀ ਜਾਂਦੀ ਹੈ, ਤਾਂ ਤੁਸੀਂ ਧੰਨ ਹੋ, ਕਿਉਂਕਿ ਮਹਿਮਾ ਅਤੇ ਪਰਮੇਸ਼ਵਰ ਦਾ ਆਤਮਾ ਤੁਹਾਡੇ ਉੱਤੇ ਟਿਕਿਆਂ ਹੋਇਆ ਹੈ।#4:14 ਮੱਤੀ 5:11-12 15ਪਰ ਇਸ ਤਰ੍ਹਾਂ ਨਾ ਹੋਵੇ ਜੋ ਤੁਹਾਡੇ ਵਿੱਚੋਂ ਕੋਈ ਕਾਤਲ ਜਾਂ ਚੋਰ ਜਾਂ ਕਿਸੇ ਹੋਰ ਕਿਸਮ ਦੇ ਅਪਰਾਧ ਜਾਂ ਹੋਰਨਾਂ ਦੇ ਕੰਮਾਂ ਵਿੱਚ ਲੱਤ ਫਸਾਉਣ ਵਾਲਾ ਹੋ ਕੇ ਦੁੱਖ ਪਾਵੇ 16ਹਾਲਾਂਕਿ, ਜੇ ਤੁਸੀਂ ਇੱਕ ਮਸੀਹ ਹੋਣ ਦੇ ਕਾਰਨ ਦੁੱਖ ਝੱਲ ਰਹੇ ਹੋ, ਤਾਂ ਸ਼ਰਮਿੰਦਾ ਨਾ ਹੋਵੋ, ਪਰ ਇਸ ਨਾਮ ਦੇ ਕਾਰਨ ਪਰਮੇਸ਼ਵਰ ਦੀ ਉਸਤਤ ਕਰੋ। 17ਕਿਉਂਕਿ ਜੋ ਸਮਾਂ ਆ ਪਹੁੰਚਿਆ ਕਿ ਪਰਮੇਸ਼ਵਰ ਦੇ ਘਰਾਣੇ ਤੋਂ ਨਿਆਂ ਸ਼ੁਰੂ ਹੋਵੇ; ਅਤੇ ਜੇ ਇਹ ਸਾਡੇ ਤੋਂ ਸ਼ੁਰੂ ਹੁੰਦਾ ਹੈ, ਤਾਂ ਉਹਨਾਂ ਦਾ ਅੰਤ ਕੀ ਹੋਵੇਗਾ ਜੋ ਪਰਮੇਸ਼ਵਰ ਦੀ ਖੁਸ਼ਖ਼ਬਰੀ ਨੂੰ ਨਹੀਂ ਮੰਨਦੇ?#4:17 ਇਬ 12:24-25; ਯਿਰ 25:29; ਹਿਜ਼ 9:6 18ਅਤੇ ਜਿਵੇਂ ਕਿ ਪਵਿੱਤਰ ਸ਼ਾਸਤਰ ਕਹਿੰਦਾ ਹੈ:
“ਜੇ ਧਰਮੀ ਲਈ ਬਚਣਾ ਮੁਸ਼ਕਿਲ ਹੈ,
ਤਾਂ ਅਧਰਮੀ ਅਤੇ ਪਾਪੀ ਦਾ ਕੀ ਬਣੇਗਾ?”#4:18 ਕਹਾ 11:31 (ਸੈਪਟੁਜਿੰਟ ਦੇਖੋ)
19ਇਸ ਲਈ ਫਿਰ, ਜਿਹੜੇ ਲੋਕ ਪਰਮੇਸ਼ਵਰ ਦੇ ਅਨੁਸਾਰ ਦੁੱਖ ਝੱਲਦੇ ਹਨ ਉਨ੍ਹਾਂ ਨੂੰ ਆਪਣੇ ਵਫ਼ਾਦਾਰ ਸਿਰਜਣਹਾਰ ਦੇ ਪ੍ਰਤੀ ਸਮਰਪਣ ਕਰਨਾ ਚਾਹੀਦਾ ਹੈ ਅਤੇ ਚੰਗੇ ਕੰਮ ਕਰਦੇ ਰਹਿਣਾ ਚਾਹੀਦਾ ਹੈ।