5
ਪਰਮੇਸ਼ਵਰ ਦੇ ਅਵਤਾਰ ਪੁੱਤਰ ਵਿੱਚ ਵਿਸ਼ਵਾਸ
1ਹਰ ਕੋਈ ਜੋ ਵਿਸ਼ਵਾਸ ਕਰਦਾ ਹੈ ਕਿ ਯਿਸ਼ੂ ਹੀ ਮਸੀਹ ਹੈ ਉਹ ਪਰਮੇਸ਼ਵਰ ਤੋਂ ਪੈਦਾ ਹੋਇਆ ਹੈ, ਅਤੇ ਹਰ ਕੋਈ ਜੋ ਪਿਤਾ ਨੂੰ ਪਿਆਰ ਕਰਦਾ ਹੈ ਆਪਣੇ ਬੱਚੇ ਨੂੰ ਵੀ ਪਿਆਰ ਕਰਦਾ ਹੈ। 2ਜਦੋਂ ਅਸੀਂ ਪਰਮੇਸ਼ਵਰ ਨੂੰ ਪਿਆਰ ਕਰਦੇ ਅਤੇ ਉਹ ਦੇ ਹੁਕਮਾਂ ਉੱਤੇ ਚੱਲਦੇ ਹਾਂ, ਤਾਂ ਇਸ ਤੋਂ ਜਾਣਦੇ ਹਾਂ ਕਿ ਅਸੀਂ ਪਰਮੇਸ਼ਵਰ ਦੇ ਬੱਚਿਆਂ ਨੂੰ ਪਿਆਰ ਕਰਦੇ ਹਾਂ। 3ਦਰਅਸਲ, ਉਸ ਦੇ ਆਦੇਸ਼ਾਂ ਨੂੰ ਮੰਨਣਾ ਹੀ ਪਰਮੇਸ਼ਵਰ ਲਈ ਪਿਆਰ ਹੈ। ਅਤੇ ਉਸ ਦੇ ਆਦੇਸ਼ ਬੋਝ ਨਹੀਂ ਹਨ,#5:3 ਮੱਤੀ 11:30 4ਕਿਉਂਕਿ ਪਰਮੇਸ਼ਵਰ ਤੋਂ ਪੈਦਾ ਹੋਇਆ ਹਰ ਇੱਕ ਜਨ ਸੰਸਾਰ ਨੂੰ ਜਿੱਤ ਲੈਂਦਾ ਹੈ। ਇਹ ਉਹ ਜਿੱਤ ਹੈ ਜਿਸ ਨੇ ਸੰਸਾਰ ਉੱਤੇ ਜਿੱਤ ਪਾਈ ਅਰਥਾਤ ਸਾਡਾ ਵਿਸ਼ਵਾਸ। 5ਕੌਣ ਹੈ ਉਹ ਜੋ ਸੰਸਾਰ ਉੱਤੇ ਜਿੱਤ ਪਾਉਂਦਾ ਹੈ? ਕੇਵਲ ਉਹੀ ਹੈ ਜੋ ਵਿਸ਼ਵਾਸ ਕਰਦਾ ਹੈ ਕਿ ਯਿਸ਼ੂ ਪਰਮੇਸ਼ਵਰ ਦਾ ਪੁੱਤਰ ਹੈ।
6ਇਹ ਉਹੀ ਹੈ ਜੋ ਪਾਣੀ ਅਤੇ ਖੂਨ ਦੁਆਰਾ ਆਇਆ ਅਰਥਾਤ ਯਿਸ਼ੂ ਮਸੀਹ। ਉਹ ਸਿਰਫ ਪਾਣੀ ਨਾਲ ਨਹੀਂ ਆਇਆ, ਬਲਕਿ ਪਾਣੀ ਅਤੇ ਖੂਨ ਦੁਆਰਾ ਆਇਆ ਸੀ। ਅਤੇ ਇਹ ਪਵਿੱਤਰ ਆਤਮਾ ਹੈ ਜੋ ਗਵਾਹੀ ਦਿੰਦਾ ਹੈ, ਕਿਉਂਕਿ ਪਵਿੱਤਰ ਆਤਮਾ ਸੱਚ ਹੈ। 7ਕਿਉਂਕਿ ਇੱਥੇ ਤਿੰਨ ਹਨ ਜੋ ਗਵਾਹੀ ਦਿੰਦੇ ਹਨ: 8ਆਤਮਾ, ਪਾਣੀ ਅਤੇ ਖੂਨ; ਅਤੇ ਇਹ ਤਿੰਨੇ ਸਹਿਮਤੀ ਵਿੱਚ ਹਨ। 9ਜਦੋਂ ਅਸੀਂ ਮਨੁੱਖ ਦੀ ਗਵਾਹੀ ਨੂੰ ਮੰਨ ਲੈਂਦੇ ਹਾਂ, ਪਰ ਪਰਮੇਸ਼ਵਰ ਦੀ ਗਵਾਹੀ ਉਸ ਨਾਲੋਂ ਵੱਡੀ ਹੈ ਕਿਉਂਕਿ ਇਹ ਪਰਮੇਸ਼ਵਰ ਦੀ ਗਵਾਹੀ ਹੈ, ਜੋ ਉਸ ਨੇ ਆਪਣੇ ਪੁੱਤਰ ਬਾਰੇ ਦਿੱਤੀ ਹੈ। 10ਜੋ ਕੋਈ ਵੀ ਪਰਮੇਸ਼ਵਰ ਦੇ ਪੁੱਤਰ ਵਿੱਚ ਵਿਸ਼ਵਾਸ ਕਰਦਾ ਹੈ ਉਹ ਇਸ ਗਵਾਹੀ ਨੂੰ ਸਵੀਕਾਰ ਕਰਦਾ ਹੈ। ਜਿਹੜਾ ਵੀ ਪਰਮੇਸ਼ਵਰ ਨੂੰ ਨਹੀਂ ਮੰਨਦਾ ਉਸ ਨੇ ਪਰਮੇਸ਼ਵਰ ਨੂੰ ਝੂਠਾ ਬਣਾ ਦਿੱਤਾ ਹੈ, ਕਿਉਂਕਿ ਉਹਨਾਂ ਨੇ ਵਿਸ਼ਵਾਸ ਨਹੀਂ ਕੀਤਾ ਕਿ ਪਰਮੇਸ਼ਵਰ ਨੇ ਆਪਣੇ ਪੁੱਤਰ ਬਾਰੇ ਗਵਾਹੀ ਦਿੱਤੀ। 11ਅਤੇ ਇਹ ਗਵਾਹੀ ਹੈ: ਪਰਮੇਸ਼ਵਰ ਨੇ ਸਾਨੂੰ ਸਦੀਪਕ ਜੀਵਨ ਦਿੱਤਾ ਹੈ ਅਤੇ ਇਹ ਜੀਵਨ ਉਸ ਦੇ ਪੁੱਤਰ ਵਿੱਚ ਹੈ। 12ਜਿਸ ਕੋਲ ਪੁੱਤਰ ਹੈ ਉਸ ਕੋਲ ਜੀਵਨ ਹੈ; ਜਿਸ ਕੋਲ ਪਰਮੇਸ਼ਵਰ ਦਾ ਪੁੱਤਰ ਨਹੀਂ ਹੈ ਉਸ ਕੋਲ ਜੀਵਨ ਵੀ ਨਹੀਂ ਹੈ।
ਸਮਾਪਤੀ ਪੁਸ਼ਟੀਕਰਨ
13ਮੈਂ ਇਹ ਗੱਲਾਂ ਤੁਹਾਡੇ ਲਈ ਇਸ ਕਰਕੇ ਲਿਖ ਰਿਹਾ ਹਾਂ ਤਾਂ ਜੋ ਤੁਸੀਂ ਜਿਹੜੇ ਪਰਮੇਸ਼ਵਰ ਦੇ ਪੁੱਤਰ ਦੇ ਨਾਮ ਤੇ ਵਿਸ਼ਵਾਸ ਕਰਦੇ ਹੋ ਜਾਣ ਸਕੋ ਕਿ ਸਦੀਪਕ ਜੀਵਨ ਤੁਹਾਨੂੰ ਮਿਲਿਆ ਹੈ। 14ਇਹੀ ਭਰੋਸਾ ਹੈ ਕਿ ਅਸੀਂ ਪਰਮੇਸ਼ਵਰ ਦੇ ਨੇੜੇ ਆਉਂਦੇ ਹਾਂ: ਜੇ ਅਸੀਂ ਉਸ ਦੀ ਇੱਛਾ ਅਨੁਸਾਰ ਕੁਝ ਮੰਗਦੇ ਹਾਂ, ਤਾਂ ਉਹ ਸਾਡੀ ਸੁਣਦਾ ਹੈ। 15ਅਤੇ ਜੇ ਅਸੀਂ ਜਾਣਦੇ ਹਾਂ ਕਿ ਜੋ ਕੁਝ ਅਸੀਂ ਮੰਗਦੇ ਹਾਂ ਪਰਮੇਸ਼ਵਰ ਸਾਡੀ ਸੁਣਦਾ ਹੈ, ਤਾਂ ਇਹ ਵੀ ਅਸੀਂ ਜਾਣਦੇ ਹਾਂ ਕਿ ਮੰਗੀਆਂ ਹੋਈਆਂ ਵਸਤਾਂ ਜਿਹੜੀਆਂ ਅਸੀਂ ਉਸ ਤੋਂ ਮੰਗੀਆਂ ਹਨ, ਉਹ ਸਾਨੂੰ ਪ੍ਰਾਪਤ ਹੋ ਜਾਂਦੀਆਂ ਹਨ।
16ਜੇ ਤੁਸੀਂ ਕਿਸੇ ਭਰਾ ਜਾਂ ਭੈਣ ਨੂੰ ਅਜਿਹਾ ਪਾਪ ਕਰਦੇ ਵੇਖੋ ਜਿਸ ਨਾਲ ਮੌਤ ਨਹੀਂ ਹੁੰਦੀ, ਤਾਂ ਤੁਹਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਤੇ ਪਰਮੇਸ਼ਵਰ ਉਹਨਾਂ ਨੂੰ ਜੀਵਨ ਦੇਵੇਗਾ। ਮੈਂ ਉਹਨਾਂ ਦਾ ਹਵਾਲਾ ਦਿੰਦਾ ਹਾਂ ਜਿਨ੍ਹਾਂ ਦੇ ਪਾਪ ਕਾਰਨ ਮੌਤ ਨਹੀਂ ਹੁੰਦੀ। ਇੱਕ ਪਾਪ ਹੈ ਜੋ ਮੌਤ ਵੱਲ ਲੈ ਜਾਂਦਾ ਹੈ। ਮੈਂ ਇਹ ਨਹੀਂ ਕਹਿ ਰਿਹਾ ਕਿ ਤੁਹਾਨੂੰ ਇਸ ਬਾਰੇ ਪਰਮੇਸ਼ਵਰ ਤੋਂ ਪ੍ਰਾਰਥਨਾ ਕਰਨੀ ਚਾਹੀਦੀ ਹੈ। 17ਸਾਰੇ ਗਲਤ ਕੰਮ ਪਾਪ ਹਨ, ਅਤੇ ਅਜਿਹਾ ਪਾਪ ਹੈ ਜਿਸ ਨਾਲ ਮੌਤ ਨਹੀਂ ਹੁੰਦੀ।
18ਅਸੀਂ ਜਾਣਦੇ ਹਾਂ ਕਿ ਜਿਹੜਾ ਵੀ ਪਰਮੇਸ਼ਵਰ ਤੋਂ ਪੈਦਾ ਹੋਇਆ ਹੈ, ਉਹ ਪਾਪ ਨਹੀਂ ਕਰਦਾ; ਸਗੋਂ ਜਿਹੜਾ ਪਰਮੇਸ਼ਵਰ ਤੋਂ ਪੈਦਾ ਹੋਇਆ ਉਹ ਉਹਨਾਂ ਨੂੰ ਸੁਰੱਖਿਅਤ ਰੱਖਦਾ ਹੈ, ਅਤੇ ਦੁਸ਼ਟ#5:18 ਜਾਂ ਸ਼ੈਤਾਨ ਉਹਨਾਂ ਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ। 19ਅਸੀਂ ਜਾਣਦੇ ਹਾਂ ਕਿ ਅਸੀਂ ਪਰਮੇਸ਼ਵਰ ਦੇ ਬੱਚੇ ਹਾਂ, ਅਤੇ ਇਹ ਕਿ ਸਾਰਾ ਸੰਸਾਰ ਦੁਸ਼ਟ ਦੇ ਅਧੀਨ ਹੈ। 20ਅਸੀਂ ਇਹ ਵੀ ਜਾਣਦੇ ਹਾਂ ਕਿ ਪਰਮੇਸ਼ਵਰ ਦਾ ਪੁੱਤਰ ਆਇਆ ਹੈ ਅਤੇ ਸਾਨੂੰ ਸਮਝ ਦਿੱਤੀ ਹੈ, ਤਾਂ ਜੋ ਅਸੀਂ ਉਸ ਨੂੰ ਜਾਣ ਸਕੀਏ ਜੋ ਸੱਚਾ ਹੈ। ਅਤੇ ਅਸੀਂ ਉਸ ਵਿੱਚ ਹਾਂ ਜੋ ਉਸ ਦੇ ਪੁੱਤਰ ਯਿਸ਼ੂ ਮਸੀਹ ਵਿੱਚ ਹੋਣ ਦੁਆਰਾ ਸੱਚਾ ਹੈ। ਉਹ ਸੱਚਾ ਪਰਮੇਸ਼ਵਰ ਅਤੇ ਸਦੀਪਕ ਜੀਵਨ ਹੈ।
21ਹੇ ਪਿਆਰੇ ਬੱਚਿਓ, ਆਪਣੇ ਆਪ ਨੂੰ ਮੂਰਤੀਆਂ ਦੀ ਉਪਾਸਨਾ ਤੋਂ ਦੂਰ ਰੱਖੋ।