YouVersion Logo
Search Icon

ਰੋਮ 2

2
ਪਰਮੇਸ਼ਰ ਦਾ ਨਿਆਂ
1 # ਮੱਤੀ 7:1, ਲੂਕਾ 6:37 ਇਸ ਲਈ ਹੇ ਮਿੱਤਰ, ਤੂੰ ਜਿਹੜਾ ਦੂਜਿਆਂ ਉੱਤੇ ਦੋਸ਼ ਲਾਉਂਦਾ ਹੈਂ, ਭਾਵੇਂ ਤੂੰ ਕੋਈ ਵੀ ਕਿਉਂ ਨਾ ਹੋਵੇਂ, ਇਸ ਲਈ ਹੁਣ ਤੇਰੇ ਕੋਲ ਕੋਈ ਬਹਾਨਾ ਨਹੀਂ । ਕਿਉਂਕਿ ਤੂੰ ਆਪ ਵੀ ਉਹ ਹੀ ਕਰਦਾ ਹੈਂ, ਜੋ ਕੁਝ ਉਹ ਕਰਦੇ ਹਨ ਅਤੇ ਇਸ ਤਰ੍ਹਾਂ ਤੂੰ ਆਪਣੇ ਆਪ ਨੂੰ ਦੋਸ਼ੀ ਠਹਿਰਾਉਂਦਾ ਹੈਂ । 2ਇਹ ਸੱਚ ਹੈ ਕਿ ਅਜਿਹੇ ਕੰਮ ਕਰਨ ਵਾਲਿਆਂ ਨੂੰ ਪਰਮੇਸ਼ਰ ਦਾ ਸਜ਼ਾ ਦੇਣਾ ਠੀਕ ਹੀ ਹੈ । 3ਪਰ ਹੇ ਮਿੱਤਰ, ਕੀ ਤੂੰ ਜਿਹੜਾ ਅਜਿਹੇ ਕੰਮ ਕਰਨ ਵਾਲਿਆਂ ਉੱਤੇ ਦੋਸ਼ ਲਾਉਂਦਾ ਹੈਂ ਅਤੇ ਆਪ ਵੀ ਉਹੀ ਕੰਮ ਕਰਦਾ ਹੈਂ, ਕੀ ਤੂੰ ਪਰਮੇਸ਼ਰ ਦੀ ਸਜ਼ਾ ਤੋਂ ਬਚ ਜਾਵੇਂਗਾ ? 4ਜਾਂ ਕੀ ਤੂੰ ਉਸ ਦੀ ਕਿਰਪਾ, ਸਹਿਣਸ਼ੀਲਤਾ ਅਤੇ ਧੀਰਜ ਨੂੰ ਤੁੱਛ ਸਮਝਦਾ ਹੈਂ ? ਕੀ ਤੂੰ ਨਹੀਂ ਜਾਣਦਾ ਕਿ ਪਰਮੇਸ਼ਰ ਦੀ ਕਿਰਪਾ ਦਾ ਉਦੇਸ਼ ਇਹ ਹੈ ਕਿ ਤੂੰ ਤੋਬਾ ਕਰੇਂ ? 5ਪਰ ਤੂੰ ਆਪਣੇ ਕਠੋਰ ਅਤੇ ਜ਼ਿੱਦੀ ਦਿਲ ਦੇ ਦੁਆਰਾ ਆਪਣੇ ਲਈ ਅੰਤਮ ਸਜ਼ਾ ਵਾਲੇ ਦਿਨ ਦੇ ਲਈ ਸਜ਼ਾ ਇਕੱਠੀ ਕਰ ਰਿਹਾ ਹੈਂ, ਜਿਸ ਦਿਨ ਪਰਮੇਸ਼ਰ ਦਾ ਸੱਚਾ ਨਿਆਂ ਪ੍ਰਗਟ ਹੋਵੇਗਾ । 6#ਭਜਨ 62:12, ਕਹਾ 24:12ਪਰਮੇਸ਼ਰ ਹਰ ਇੱਕ ਮਨੁੱਖ ਨੂੰ ਉਸ ਦੇ ਕੀਤੇ ਅਨੁਸਾਰ ਫਲ ਦੇਣਗੇ । 7ਜਿਹੜੇ ਲੋਕ ਧੀਰਜ ਨਾਲ ਭਲੇ ਕੰਮ ਕਰਦੇ ਹੋਏ ਵਡਿਆਈ, ਆਦਰ ਅਤੇ ਅਮਰਤਾ ਦੀ ਖੋਜ ਵਿੱਚ ਹਨ, ਉਹਨਾਂ ਨੂੰ ਉਹ ਅਨੰਤ ਜੀਵਨ ਪ੍ਰਦਾਨ ਕਰਨਗੇ । 8ਪਰ ਜਿਹੜੇ ਆਪਣਾ ਮਤਲਬ ਕੱਢਦੇ ਅਤੇ ਸੱਚ ਨੂੰ ਨਾ ਮੰਨਦੇ ਹੋਏ ਬੁਰਾਈ ਦੇ ਪਿੱਛੇ ਚੱਲਦੇ ਹਨ, ਉਹਨਾਂ ਉੱਤੇ ਪਰਮੇਸ਼ਰ ਦੀ ਸਜ਼ਾ ਅਤੇ ਗੁੱਸਾ ਪ੍ਰਗਟ ਹੋਵੇਗਾ । 9ਉਹਨਾਂ ਸਾਰਿਆਂ ਉੱਤੇ ਜਿਹੜੇ ਬੁਰਾਈ ਕਰਦੇ ਹਨ, ਦੁੱਖ ਅਤੇ ਸੰਕਟ ਆਉਣਗੇ, ਪਹਿਲਾਂ ਯਹੂਦੀ ਅਤੇ ਫਿਰ ਪਰਾਈਆਂ ਕੌਮਾਂ ਉੱਤੇ । 10ਪਰ ਉਹ ਸਾਰੇ ਜਿਹੜੇ ਭਲੇ ਕੰਮ ਕਰਦੇ ਹਨ, ਪਰਮੇਸ਼ਰ ਉਹਨਾਂ ਨੂੰ ਵਡਿਆਈ, ਆਦਰ ਅਤੇ ਸ਼ਾਂਤੀ ਦੇਣਗੇ, ਪਹਿਲਾਂ ਯਹੂਦੀ ਅਤੇ ਫਿਰ ਪਰਾਈਆਂ ਕੌਮਾਂ ਨੂੰ 11#ਵਿਵ 10:17ਕਿਉਂਕਿ ਪਰਮੇਸ਼ਰ ਕਿਸੇ ਦਾ ਪੱਖਪਾਤ ਨਹੀਂ ਕਰਦੇ ।
12ਜਿਹਨਾਂ ਨੇ ਵਿਵਸਥਾ ਤੋਂ ਬਾਹਰ ਪਾਪ ਕੀਤਾ ਹੈ, ਉਹ ਵਿਵਸਥਾ ਤੋਂ ਬਾਹਰ ਹੀ ਨਾਸ਼ ਹੋਣਗੇ ਅਤੇ ਜਿਹਨਾਂ ਨੇ ਵਿਵਸਥਾ ਦੇ ਵਿੱਚ ਰਹਿ ਕੇ ਪਾਪ ਕੀਤਾ ਹੈ, ਉਹਨਾਂ ਨੂੰ ਵਿਵਸਥਾ ਦੇ ਅਨੁਸਾਰ ਸਜ਼ਾ ਮਿਲੇਗੀ । 13ਕਿਉਂਕਿ ਵਿਵਸਥਾ ਦੇ ਸੁਣਨ ਵਾਲੇ ਨਹੀਂ ਸਗੋਂ ਉਸ ਉੱਤੇ ਚੱਲਣ ਵਾਲੇ ਪਰਮੇਸ਼ਰ ਦੇ ਸਾਹਮਣੇ ਨੇਕ ਠਹਿਰਣਗੇ । 14ਜਦੋਂ ਪਰਾਈਆਂ ਕੌਮਾਂ ਦੇ ਕੋਲ ਵਿਵਸਥਾ ਨਾ ਹੁੰਦੇ ਹੋਏ ਵੀ ਉਹ ਕੁਦਰਤੀ ਤੌਰ ਤੇ ਉਹ ਹੀ ਕਰਦੀਆਂ ਹਨ, ਜੋ ਵਿਵਸਥਾ ਚਾਹੁੰਦੀ ਹੈ ਤਾਂ ਉਹ ਹੀ ਉਹਨਾਂ ਦੇ ਲਈ ਵਿਵਸਥਾ ਬਣ ਜਾਂਦੀ ਹੈ । 15ਇਸ ਤਰ੍ਹਾਂ ਉਹ ਆਪਣੇ ਆਚਰਣ ਰਾਹੀਂ ਪ੍ਰਗਟ ਕਰਦੇ ਹਨ ਕਿ ਜੋ ਕੁਝ ਵਿਵਸਥਾ ਚਾਹੁੰਦੀ ਹੈ, ਉਹ ਉਹਨਾਂ ਦੇ ਮਨਾਂ ਉੱਤੇ ਲਿਖਿਆ ਹੋਇਆ ਹੈ । ਉਹਨਾਂ ਦਾ ਅੰਤਹਕਰਨ ਵੀ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿਉਂਕਿ ਉਹਨਾਂ ਦੇ ਵਿਚਾਰ ਕਦੀ ਉਹਨਾਂ ਨੂੰ ਦੋਸ਼ੀ ਅਤੇ ਕਦੀ ਨਿਰਦੋਸ਼ ਠਹਿਰਾਉਂਦੇ ਹਨ । 16ਇਹ ਸਭ ਉਸ ਦਿਨ ਹੋਵੇਗਾ ਜਦੋਂ ਸ਼ੁਭ ਸਮਾਚਾਰ ਦੇ ਅਨੁਸਾਰ ਜਿਸ ਦਾ ਮੈਂ ਪ੍ਰਚਾਰ ਕਰ ਰਿਹਾ ਹਾਂ, ਪਰਮੇਸ਼ਰ, ਯਿਸੂ ਮਸੀਹ ਦੇ ਦੁਆਰਾ ਮਨੁੱਖਾਂ ਦੀਆਂ ਗੁਪਤ ਗੱਲਾਂ ਦਾ ਨਿਆਂ ਕਰਨਗੇ ।
ਯਹੂਦੀ ਅਤੇ ਵਿਵਸਥਾ
17ਹੁਣ ਤੂੰ ਜਿਹੜਾ ਆਪਣੇ ਆਪ ਨੂੰ ਯਹੂਦੀ ਕਹਿੰਦਾ, ਵਿਵਸਥਾ ਉੱਤੇ ਭਰੋਸਾ ਰੱਖਦਾ ਅਤੇ ਪਰਮੇਸ਼ਰ ਉੱਤੇ ਘਮੰਡ ਕਰਦਾ ਹੈਂ । 18ਤੂੰ ਪਰਮੇਸ਼ਰ ਦੀ ਇੱਛਾ ਨੂੰ ਜਾਣਦਾ ਹੈਂ ਅਤੇ ਸੱਚ ਦੀ ਪਛਾਣ ਕਰ ਸਕਦਾ ਹੈਂ ਕਿਉਂਕਿ ਤੂੰ ਵਿਵਸਥਾ ਦੀ ਸਿੱਖਿਆ ਲਈ ਹੈ । 19ਤੂੰ ਅੰਨ੍ਹਿਆਂ ਨੂੰ ਰਾਹ ਪਾਉਣ ਵਾਲਾ, ਹਨੇਰੇ ਵਿੱਚ ਰਹਿਣ ਵਾਲਿਆਂ ਲਈ ਚਾਨਣ, 20ਮੂਰਖਾਂ ਦਾ ਸਿੱਖਿਅਕ ਅਤੇ ਅਗਿਆਨੀਆਂ ਦਾ ਗੁਰੂ ਹੈਂ । ਤੂੰ ਸਮਝਦਾ ਹੈਂ ਕਿ ਵਿਵਸਥਾ ਵਿੱਚ ਤੈਨੂੰ ਗਿਆਨ ਅਤੇ ਸੱਚ ਦਾ ਪ੍ਰਤੱਖ ਰੂਪ ਪ੍ਰਾਪਤ ਹੋਇਆ ਹੈ । 21ਫਿਰ ਤੂੰ ਜਿਹੜਾ ਦੂਜਿਆਂ ਨੂੰ ਸਿੱਖਿਆ ਦਿੰਦਾ ਹੈਂ, ਕੀ ਤੂੰ ਆਪਣੇ ਆਪ ਨੂੰ ਸਿੱਖਿਆ ਨਹੀਂ ਦਿੰਦਾ ? ਤੂੰ ਪ੍ਰਚਾਰ ਕਰਦਾ ਹੈਂ, “ਚੋਰੀ ਨਾ ਕਰੋ” ਪਰ ਕੀ ਤੂੰ ਆਪ ਹੀ ਚੋਰੀ ਨਹੀਂ ਕਰਦਾ ? 22ਤੂੰ ਕਹਿੰਦਾ ਹੈਂ, “ਵਿਭਚਾਰ ਨਾ ਕਰੋ” ਪਰ ਕੀ ਤੂੰ ਆਪ ਵਿਭਚਾਰ ਨਹੀਂ ਕਰਦਾ ? ਤੂੰ ਮੂਰਤੀਆਂ ਨੂੰ ਨਫ਼ਰਤ ਕਰਦਾ ਹੈਂ ਪਰ ਕੀ ਤੂੰ ਆਪ ਹੀ ਮੰਦਰਾਂ ਨੂੰ ਨਹੀਂ ਲੁੱਟਦਾ ? 23ਤੂੰ ਵਿਵਸਥਾ ਉੱਤੇ ਘਮੰਡ ਕਰਦਾ ਹੈਂ ਪਰ ਕੀ ਤੂੰ ਆਪ ਉਸ ਦੀ ਉਲੰਘਣਾ ਕਰ ਕੇ ਪਰਮੇਸ਼ਰ ਦਾ ਅਪਮਾਨ ਨਹੀਂ ਕਰਦਾ ? 24#ਯਸਾ 52:5ਜਿਸ ਤਰ੍ਹਾਂ ਪਵਿੱਤਰ-ਗ੍ਰੰਥ ਵਿੱਚ ਲਿਖਿਆ ਹੈ, “ਤੁਹਾਡੇ ਕਾਰਨ ਪਰਾਈਆਂ ਕੌਮਾਂ ਵਿੱਚ ਪਰਮੇਸ਼ਰ ਦੇ ਨਾਮ ਦੀ ਨਿੰਦਾ ਹੁੰਦੀ ਹੈ ।”
25ਸੁੰਨਤ ਦਾ ਲਾਭ ਤਾਂ ਹੈ, ਜੇਕਰ ਤੂੰ ਵਿਵਸਥਾ ਉੱਤੇ ਚੱਲੇਂ ਪਰ ਜੇਕਰ ਤੂੰ ਵਿਵਸਥਾ ਦੀ ਉਲੰਘਣਾ ਕਰੇਂ ਤਾਂ ਤੇਰੀ ਸੁੰਨਤ ਨਾ ਹੋਣ ਦੇ ਬਰਾਬਰ ਹੈ । 26ਇਸੇ ਤਰ੍ਹਾਂ ਜੇਕਰ ਕੋਈ ਅਸੁੰਨਤੀ ਆਦਮੀ ਵਿਵਸਥਾ ਦੇ ਹੁਕਮਾਂ ਦੀ ਪਾਲਣਾ ਕਰੇ ਤਾਂ ਕੀ ਉਸ ਦਾ ਅਸੁੰਨਤੀ ਹੋਣਾ, ਸੁੰਨਤ ਹੋਣ ਦੇ ਬਰਾਬਰ ਨਹੀਂ ਗਿਣਿਆ ਜਾਵੇਗਾ ? 27ਉਹ ਜਿਹੜਾ ਸਰੀਰਕ ਤੌਰ ਤੇ ਅਸੁੰਨਤੀ ਹੋ ਕੇ ਵੀ ਵਿਵਸਥਾ ਦੀ ਪੂਰੀ ਪੂਰੀ ਪਾਲਣਾ ਕਰਦਾ ਹੈ, ਤੁਹਾਨੂੰ ਜਿਹਨਾਂ ਕੋਲ ਵਿਵਸਥਾ ਹੈ ਅਤੇ ਜਿਹੜੇ ਸੁੰਨਤੀ ਹੋ ਕੇ ਵੀ ਵਿਵਸਥਾ ਦੀ ਉਲੰਘਣਾ ਕਰਦੇ ਹੋ, ਦੋਸ਼ੀ ਠਹਿਰਾਏਗਾ । 28ਕਿਉਂਕਿ ਯਹੂਦੀ ਉਹ ਨਹੀਂ ਹੈ ਜਿਹੜਾ ਬਾਹਰੀ ਤੌਰ ਤੇ ਯਹੂਦੀ ਹੈ ਅਤੇ ਸੁੰਨਤ ਉਹ ਨਹੀਂ ਹੈ ਜਿਹੜੀ ਕੇਵਲ ਬਾਹਰੀ ਅਤੇ ਸਰੀਰਕ ਹੈ । 29#ਵਿਵ 30:6ਇਸ ਦੇ ਉਲਟ ਅਸਲੀ ਯਹੂਦੀ ਉਹ ਹੈ ਜਿਸ ਦਾ ਅੰਤਹਕਰਨ ਯਹੂਦੀ ਹੈ ਅਤੇ ਅਸਲੀ ਸੁੰਨਤ ਉਹ ਹੈ ਜਿਹੜੀ ਦਿਲ ਤੋਂ ਹੈ । ਇਹ ਵਿਵਸਥਾ ਉੱਤੇ ਨਿਰਭਰ ਨਹੀਂ ਸਗੋਂ ਪਰਮੇਸ਼ਰ ਦੇ ਆਤਮਾ ਉੱਤੇ ਹੈ । ਅਜਿਹੇ ਆਦਮੀ ਦੀ ਵਡਿਆਈ ਮਨੁੱਖ ਨਹੀਂ ਸਗੋਂ ਪਰਮੇਸ਼ਰ ਕਰਦੇ ਹਨ ।

Currently Selected:

ਰੋਮ 2: CL-NA

Highlight

Share

Copy

None

Want to have your highlights saved across all your devices? Sign up or sign in