YouVersion Logo
Search Icon

ਰਸੂਲਾਂ ਦੇ ਕੰਮ 25

25
ਪੌਲੁਸ ਵੱਲੋਂ ਸਮਰਾਟ ਨੂੰ ਅਪੀਲ
1ਆਪਣੇ ਪ੍ਰਾਂਤ ਵਿੱਚ ਪਹੁੰਚਣ ਦੇ ਤਿੰਨ ਦਿਨਾਂ ਬਾਅਦ ਫ਼ੇਸਤੁਸ ਕੈਸਰਿਯਾ ਤੋਂ ਯਰੂਸ਼ਲਮ ਨੂੰ ਗਿਆ । 2ਉੱਥੇ ਮਹਾਂ-ਪੁਰੋਹਿਤਾਂ ਅਤੇ ਯਹੂਦੀ ਆਗੂਆਂ ਨੇ ਪੌਲੁਸ ਦਾ ਮੁਕੱਦਮਾ ਉਸ ਅੱਗੇ ਰੱਖਿਆ ਅਤੇ ਬੇਨਤੀ ਕੀਤੀ, 3“ਤੁਸੀਂ ਉਸ ਨੂੰ ਯਰੂਸ਼ਲਮ ਵਾਪਸ ਲੈ ਆਓ ਤਾਂ ਤੁਹਾਡੀ ਬਹੁਤ ਕਿਰਪਾ ਹੋਵੇਗੀ ।” ਕਿਉਂਕਿ ਉਹਨਾਂ ਲੋਕਾਂ ਨੇ ਪੌਲੁਸ ਨੂੰ ਰਾਹ ਵਿੱਚ ਹੀ ਕਤਲ ਕਰਨ ਦੀ ਵਿਓਂਤ ਬਣਾਈ ਸੀ । 4ਪਰ ਫ਼ੇਸਤੁਸ ਨੇ ਉੱਤਰ ਦਿੱਤਾ, “ਪੌਲੁਸ ਕੈਸਰਿਯਾ ਵਿੱਚ ਕੈਦ ਹੈ ਅਤੇ ਮੈਂ ਉੱਥੇ ਛੇਤੀ ਹੀ ਜਾਣ ਵਾਲਾ ਹਾਂ । 5ਇਸ ਲਈ ਤੁਹਾਡੇ ਵਿੱਚੋਂ ਜਿਹੜੇ ਆਗੂ ਹਨ, ਉਹ ਮੇਰੇ ਨਾਲ ਚੱਲਣ ਅਤੇ ਜੇਕਰ ਉਹ ਦੋਸ਼ੀ ਹੈ ਤਾਂ ਉਸ ਉੱਤੇ ਮੁਕੱਦਮਾ ਚਲਾਉਣ ।”
6 ਫ਼ੇਸਤੁਸ ਉਹਨਾਂ ਨਾਲ ਕੋਈ ਅੱਠ ਜਾਂ ਦਸ ਦਿਨ ਰਿਹਾ ਅਤੇ ਫਿਰ ਕੈਸਰਿਯਾ ਨੂੰ ਚਲਾ ਗਿਆ । ਦੂਜੇ ਦਿਨ ਉਸ ਨੇ ਨਿਆਂ ਗੱਦੀ ਉੱਤੇ ਬੈਠ ਕੇ ਪੌਲੁਸ ਨੂੰ ਪੇਸ਼ ਕਰਨ ਦਾ ਹੁਕਮ ਦਿੱਤਾ । 7ਜਦੋਂ ਪੌਲੁਸ ਉੱਥੇ ਆ ਗਿਆ ਤਾਂ ਯਰੂਸ਼ਲਮ ਤੋਂ ਆਏ ਹੋਏ ਯਹੂਦੀਆਂ ਨੇ ਉਸ ਨੂੰ ਘੇਰ ਲਿਆ ਅਤੇ ਉਸ ਉੱਤੇ ਬਹੁਤ ਗੰਭੀਰ ਦੋਸ਼ ਲਾਉਣ ਲੱਗੇ ਜਿਹਨਾਂ ਨੂੰ ਉਹ ਸੱਚਾ ਸਿੱਧ ਨਾ ਕਰ ਸਕੇ । 8ਪੌਲੁਸ ਨੇ ਆਪਣੀ ਸਫ਼ਾਈ ਵਿੱਚ ਕਿਹਾ, “ਮੈਂ ਨਾਂ ਤਾਂ ਯਹੂਦੀਆਂ ਦੀ ਵਿਵਸਥਾ, ਨਾ ਹੈਕਲ ਅਤੇ ਨਾ ਸਮਰਾਟ ਦੇ ਵਿਰੁੱਧ ਕੋਈ ਅਪਰਾਧ ਕੀਤਾ ਹੈ ।” 9ਫ਼ੇਸਤੁਸ ਨੇ ਯਹੂਦੀਆਂ ਨੂੰ ਖ਼ੁਸ਼ ਕਰਨ ਦੇ ਲਈ ਪੌਲੁਸ ਨੂੰ ਕਿਹਾ, “ਕੀ ਤੂੰ ਯਰੂਸ਼ਲਮ ਜਾਣਾ ਚਾਹੁੰਦਾ ਹੈਂ ਕਿ ਉੱਥੇ ਮੇਰੇ ਸਾਹਮਣੇ ਇਹਨਾਂ ਗੱਲਾਂ ਦੇ ਸੰਬੰਧ ਵਿੱਚ ਤੇਰਾ ਨਿਆਂ ਕੀਤਾ ਜਾਵੇ ?” 10ਪੌਲੁਸ ਨੇ ਉੱਤਰ ਦਿੱਤਾ, “ਮੈਂ ਸਮਰਾਟ ਦੀ ਨਿਆਂ ਗੱਦੀ ਦੇ ਸਾਹਮਣੇ ਖੜ੍ਹਾ ਹਾਂ, ਮੇਰਾ ਨਿਆਂ ਇੱਥੇ ਹੀ ਹੋਣਾ ਚਾਹੀਦਾ ਹੈ । ਮੈਂ ਯਹੂਦੀਆਂ ਦਾ ਕੋਈ ਨੁਕਸਾਨ ਨਹੀਂ ਕੀਤਾ ਜਿਸ ਨੂੰ ਤੁਸੀਂ ਆਪ ਚੰਗੀ ਤਰ੍ਹਾਂ ਜਾਣਦੇ ਹੋ । 11ਪਰ ਜੇਕਰ ਮੈਂ ਅਪਰਾਧ ਕੀਤਾ ਹੈ ਅਤੇ ਮੈਂ ਮੌਤ ਦੀ ਸਜ਼ਾ ਦੇ ਯੋਗ ਕੋਈ ਕੰਮ ਕੀਤਾ ਹੈ ਤਾਂ ਮੈਂ ਮਰਨ ਤੋਂ ਨਹੀਂ ਡਰਦਾ । ਪਰ ਜੇਕਰ ਇਹਨਾਂ ਦੁਆਰਾ ਮੇਰੇ ਉੱਤੇ ਲਾਏ ਹੋਏ ਦੋਸ਼ ਝੂਠੇ ਹਨ ਤਾਂ ਮੈਨੂੰ ਕੋਈ ਉਹਨਾਂ ਦੇ ਹੱਥਾਂ ਵਿੱਚ ਨਹੀਂ ਸੌਂਪ ਸਕਦਾ । ਮੈਂ ਸਮਰਾਟ ਅੱਗੇ ਅਪੀਲ ਕਰਦਾ ਹਾਂ ।” 12ਫਿਰ ਫ਼ੇਸਤੁਸ ਨੇ ਆਪਣੇ ਸਲਾਹਕਾਰਾਂ ਨਾਲ ਸਲਾਹ ਕਰ ਕੇ ਉੱਤਰ ਦਿੱਤਾ, “ਤੂੰ ਸਮਰਾਟ ਅੱਗੇ ਅਪੀਲ ਕੀਤੀ ਹੈ, ਇਸ ਲਈ ਤੂੰ ਸਮਰਾਟ ਦੇ ਕੋਲ ਹੀ ਜਾਵੇਂਗਾ ।”
ਪੌਲੁਸ ਰਾਜਾ ਅਗ੍ਰਿੱਪਾ ਅਤੇ ਬਰਨੀਕੇ ਦੇ ਸਾਹਮਣੇ
13ਕੁਝ ਦਿਨਾਂ ਦੇ ਬਾਅਦ ਰਾਜਾ ਅਗ੍ਰਿੱਪਾ ਅਤੇ ਬਰਨੀਕੇ, ਫ਼ੇਸਤੁਸ ਦਾ ਸੁਆਗਤ ਕਰਨ ਲਈ ਕੈਸਰਿਯਾ ਆਏ । 14ਉਹ ਕਈ ਦਿਨਾਂ ਤੱਕ ਉੱਥੇ ਠਹਿਰੇ । ਫ਼ੇਸਤੁਸ ਨੇ ਰਾਜਾ ਨੂੰ ਪੌਲੁਸ ਦੇ ਬਾਰੇ ਦੱਸਿਆ ਅਤੇ ਕਿਹਾ, “ਫ਼ੇਲਿਕਸ ਇੱਕ ਆਦਮੀ ਨੂੰ ਕੈਦ ਵਿੱਚ ਛੱਡ ਗਿਆ ਹੈ । 15ਜਦੋਂ ਮੈਂ ਯਰੂਸ਼ਲਮ ਨੂੰ ਗਿਆ ਤਾਂ ਉੱਥੇ ਯਹੂਦੀਆਂ ਦੇ ਮਹਾਂ-ਪੁਰੋਹਿਤਾਂ ਅਤੇ ਬਜ਼ੁਰਗ ਆਗੂਆਂ ਨੇ ਮੈਨੂੰ ਉਸ ਦੇ ਬਾਰੇ ਦੱਸਿਆ ਅਤੇ ਮੈਨੂੰ ਕਿਹਾ ਕਿ ਉਸ ਨੂੰ ਸਜ਼ਾ ਦੇਵਾਂ । 16ਪਰ ਮੈਂ ਉਹਨਾਂ ਨੂੰ ਉੱਤਰ ਦਿੱਤਾ ਕਿ ਰੋਮੀਆਂ ਦੀ ਇਹ ਰੀਤ ਨਹੀਂ ਹੈ ਕਿ ਅਪਰਾਧੀ ਨੂੰ ਦੋਸ਼ ਲਾਉਣ ਵਾਲਿਆਂ ਦੇ ਆਹਮੋ ਸਾਹਮਣੇ ਹੋਣ ਤੋਂ ਪਹਿਲਾਂ ਸਜ਼ਾ ਦਿੱਤੀ ਜਾਵੇ ਅਤੇ ਆਪਣੇ ਅਪਰਾਧ ਦੀ ਸਫ਼ਾਈ ਪੇਸ਼ ਕਰਨ ਦਾ ਮੌਕਾ ਨਾ ਦਿੱਤਾ ਜਾਵੇ । 17ਜਦੋਂ ਉਹ ਸਾਰੇ ਇੱਥੇ ਆਏ ਤਾਂ ਮੈਂ ਬਿਨਾਂ ਦੇਰ ਕੀਤੇ ਅਗਲੇ ਹੀ ਦਿਨ ਨਿਆਂ ਗੱਦੀ ਉੱਤੇ ਬੈਠ ਗਿਆ ਅਤੇ ਉਸ ਆਦਮੀ ਨੂੰ ਪੇਸ਼ ਕਰਨ ਦਾ ਹੁਕਮ ਦਿੱਤਾ । 18ਪਰ ਜਦੋਂ ਉਸ ਦੇ ਦੋਸ਼ ਲਾਉਣ ਵਾਲੇ ਖੜ੍ਹੇ ਹੋਏ ਤਾਂ ਉਹਨਾਂ ਨੇ ਉਸ ਉੱਤੇ ਕੋਈ ਗੰਭੀਰ ਦੋਸ਼ ਨਾ ਲਾਏ ਜਿਹੜੇ ਮੈਂ ਸੋਚ ਰਿਹਾ ਸੀ । 19ਉਹਨਾਂ ਦਾ ਝਗੜਾ ਆਪਣੇ ਧਰਮ ਬਾਰੇ ਅਤੇ ਯਿਸੂ ਨਾਮ ਦੇ ਇੱਕ ਆਦਮੀ ਬਾਰੇ ਸੀ ਜਿਹੜਾ ਮਰ ਚੁੱਕਾ ਸੀ ਪਰ ਪੌਲੁਸ ਦਾ ਦਾਅਵਾ ਹੈ ਕਿ ਉਹ ਜਿਊਂਦਾ ਹੈ । 20ਇਹ ਮੇਰੀ ਸਮਝ ਵਿੱਚ ਨਾ ਆਇਆ ਕਿ ਇਹਨਾਂ ਗੱਲਾਂ ਦੀ ਜਾਂਚ ਪੜਤਾਲ ਕਿਸ ਤਰ੍ਹਾਂ ਕੀਤੀ ਜਾਵੇ, ਇਸ ਲਈ ਮੈਂ ਪੌਲੁਸ ਤੋਂ ਪੁੱਛਿਆ ਕਿ ਕੀ ਤੂੰ ਯਰੂਸ਼ਲਮ ਨੂੰ ਜਾਣਾ ਚਾਹੇਂਗਾ ਕਿ ਉੱਥੇ ਇਸ ਬਾਰੇ ਤੇਰਾ ਨਿਆਂ ਕੀਤਾ ਜਾਵੇ । 21ਪਰ ਜਦੋਂ ਪੌਲੁਸ ਨੇ ਅਪੀਲ ਕੀਤੀ ਕਿ ਉਸ ਨੂੰ ਪਹਿਰੇ ਹੇਠ ਰੱਖਿਆ ਜਾਵੇ ਅਤੇ ਸਮਰਾਟ ਨੂੰ ਉਸ ਦਾ ਫ਼ੈਸਲਾ ਕਰਨ ਦਿੱਤਾ ਜਾਵੇ । ਇਸ ਲਈ ਮੈਂ ਹੁਕਮ ਦਿੱਤਾ ਕਿ ਜਦੋਂ ਤੱਕ ਮੈਂ ਉਸ ਨੂੰ ਸਮਰਾਟ ਦੇ ਕੋਲ ਨਹੀਂ ਭੇਜਦਾ, ਉਹ ਪਹਿਰੇ ਹੇਠ ਰਹੇ ।”
22ਤਦ ਰਾਜਾ ਅਗ੍ਰਿੱਪਾ ਨੇ ਕਿਹਾ, “ਮੈਂ ਵੀ ਉਸ ਆਦਮੀ ਕੋਲੋਂ ਸੁਣਨਾ ਚਾਹੁੰਦਾ ਹਾਂ ।” ਫ਼ੇਸਤੁਸ ਨੇ ਕਿਹਾ, “ਕੱਲ੍ਹ ਤੁਸੀਂ ਉਸ ਨੂੰ ਸੁਣ ਸਕਦੇ ਹੋ ।”
23ਇਸ ਲਈ ਦੂਜੇ ਦਿਨ ਅਗ੍ਰਿੱਪਾ ਅਤੇ ਬਰਨੀਕੇ ਬੜੇ ਠਾਠ-ਬਾਠ ਨਾਲ ਆਏ ਅਤੇ ਸੈਨਾਪਤੀਆਂ, ਸ਼ਹਿਰ ਦੇ ਪ੍ਰਮੁੱਖ ਆਦਮੀਆਂ ਨਾਲ ਸਭਾ ਭਵਨ ਵਿੱਚ ਪ੍ਰਵੇਸ਼ ਕੀਤਾ । ਫਿਰ ਫ਼ੇਸਤੁਸ ਨੇ ਹੁਕਮ ਦਿੱਤਾ ਅਤੇ ਪੌਲੁਸ ਨੂੰ ਪੇਸ਼ ਕੀਤਾ ਗਿਆ । 24ਤਦ ਫ਼ੇਸਤੁਸ ਨੇ ਕਿਹਾ, “ਰਾਜਾ ਅਗ੍ਰਿੱਪਾ ਅਤੇ ਸਾਰੇ ਮੌਜੂਦ ਸੱਜਣੋ, ਇਸ ਆਦਮੀ ਨੂੰ ਦੇਖੋ, ਜਿਸ ਦੇ ਵਿਰੁੱਧ ਸਾਰੇ ਯਹੂਦੀਆਂ ਨੇ ਇੱਥੇ ਅਤੇ ਯਰੂਸ਼ਲਮ ਵਿੱਚ ਮੇਰੇ ਕੋਲ ਬੇਨਤੀਆਂ ਕੀਤੀਆਂ ਹਨ । ਇਹ ਰੌਲਾ ਪਾਉਂਦੇ ਹਨ ਕਿ ਇਹ ਜਿਊਂਦਾ ਰਹਿਣ ਦੇ ਯੋਗ ਨਹੀਂ ਹੈ । 25ਪਰ ਮੈਨੂੰ ਇਸ ਵਿੱਚ ਮੌਤ ਦੀ ਸਜ਼ਾ ਦੇ ਯੋਗ ਕੁਝ ਅਜਿਹਾ ਨਹੀਂ ਲੱਭਿਆ ਜੋ ਇਸ ਨੇ ਕੀਤਾ ਹੋਵੇ । ਪਰ ਜਦੋਂ ਇਸ ਨੇ ਆਪ ਹੀ ਸਮਰਾਟ ਅੱਗੇ ਜਾਣ ਦੀ ਅਪੀਲ ਕੀਤੀ ਹੈ ਤਾਂ ਮੈਂ ਇਸ ਨੂੰ ਭੇਜਣ ਦਾ ਫ਼ੈਸਲਾ ਕੀਤਾ ਹੈ । 26ਮੇਰੇ ਕੋਲ ਇਸ ਦੇ ਬਾਰੇ ਸਮਰਾਟ ਨੂੰ ਲਿਖਣ ਲਈ ਕੋਈ ਠੋਸ ਗੱਲ ਨਹੀਂ ਹੈ । ਰਾਜਾ ਅਗ੍ਰਿੱਪਾ, ਇਸ ਲਈ ਮੈਂ ਤੁਹਾਡੇ ਸਾਹਮਣੇ ਇਸ ਆਦਮੀ ਨੂੰ ਪੇਸ਼ ਕੀਤਾ ਹੈ ਕਿ ਇਸ ਦੀ ਜਾਂਚ ਪੜਤਾਲ ਕਰਨ ਦੇ ਬਾਅਦ ਮੈਨੂੰ ਕੁਝ ਲਿਖਣ ਦੇ ਲਈ ਮਿਲ ਜਾਵੇ । 27ਕਿਉਂਕਿ ਮੈਨੂੰ ਇਹ ਗੱਲ ਠੀਕ ਨਹੀਂ ਲੱਗਦੀ ਕਿ ਕਿਸੇ ਕੈਦੀ ਨੂੰ ਉਸ ਦੇ ਵਿਰੁੱਧ ਦੋਸ਼ਾਂ ਨੂੰ ਦੱਸੇ ਬਿਨਾਂ ਭੇਜਿਆ ਜਾਵੇ ।”

Highlight

Share

Copy

None

Want to have your highlights saved across all your devices? Sign up or sign in