YouVersion Logo
Search Icon

ਜ਼ਕਰ 6

6
ਚਾਰ ਰੱਥਾਂ ਦੇ ਨਾਲ ਸੰਬੰਧਿਤ ਦਰਸ਼ਣ
1ਮੈਂ ਫਿਰ ਅੱਖਾਂ ਚੁੱਕ ਕੇ ਦੇਖਿਆ ਤਾਂ ਵੇਖੋ, ਦੋ ਪਹਾੜਾਂ ਦੇ ਵਿੱਚੋਂ ਚਾਰ ਰਥ ਬਾਹਰ ਨੂੰ ਨਿੱਕਲ ਰਹੇ ਸਨ ਅਤੇ ਉਹ ਪਰਬਤ ਪਿੱਤਲ ਦੇ ਪਰਬਤ ਸਨ। 2ਪਹਿਲੇ ਰਥ ਦੇ ਘੋੜੇ ਲਾਲ, ਦੂਜੇ ਰਥ ਦੇ ਘੋੜੇ ਕਾਲੇ, 3ਤੀਜੇ ਰਥ ਦੇ ਘੋੜੇ ਚਿੱਟੇ ਅਤੇ ਚੌਥੇ ਰਥ ਦੇ ਘੋੜੇ ਡੱਬੇ ਅਤੇ ਤੇਜ ਸਨ। 4ਫੇਰ ਮੈਂ ਉਸ ਦੂਤ ਨੂੰ ਜਿਹੜਾ ਮੇਰੇ ਨਾਲ ਗੱਲਾਂ ਕਰਦਾ ਸੀ, ਉੱਤਰ ਦੇ ਕੇ ਕਿਹਾ ਕਿ ਹੇ ਸੁਆਮੀ, ਇਹ ਕੀ ਹਨ? 5ਤਾਂ ਉਸ ਦੂਤ ਨੇ ਉੱਤਰ ਦੇ ਕੇ ਮੈਨੂੰ ਕਿਹਾ ਕਿ ਇਹ ਅਕਾਸ਼ ਦੀਆਂ ਚਾਰ ਆਤਮਾਵਾਂ ਹਨ ਜੋ ਨਿੱਕਲਦੀਆਂ ਹਨ, ਜਦ ਉਹ ਸਾਰੀ ਧਰਤੀ ਦੇ ਪ੍ਰਭੂ ਦੇ ਹਜ਼ੂਰ ਖੜੀਆਂ ਹੋਣ। 6ਜਿਹ ਦੇ ਵਿੱਚ ਕਾਲੇ ਘੋੜੇ ਹਨ ਉਹ ਉੱਤਰ ਦੇਸ ਨੂੰ ਨਿੱਕਲ ਕੇ ਜਾਂਦਾ ਹੈ, ਚਿੱਟੇ ਘੋੜਿਆਂ ਵਾਲਾ ਉਹ ਦੇ ਪਿੱਛੇ ਪੱਛਮ ਨੂੰ ਨਿੱਕਲ ਕੇ ਜਾਂਦਾ ਹੈ ਅਤੇ ਡੱਬੇ ਘੋੜਿਆਂ ਵਾਲਾ ਦੱਖਣ ਦੇਸ ਨੂੰ ਨਿੱਕਲ ਕੇ ਜਾਂਦਾ ਹੈ। 7ਜਦ ਇਹ ਤੇਜ ਘੋੜੇ ਨਿੱਕਲੇ, ਤਾਂ ਉਹਨਾਂ ਨੇ ਧਰਤੀ ਉੱਤੇ ਘੁੰਮਣ ਦੇ ਲਈ ਜਾਣਾ ਚਾਹਿਆ। ਉਸ ਨੇ ਕਿਹਾ, ਚੱਲੋ ਅਤੇ ਧਰਤੀ ਵਿੱਚ ਘੁੰਮੋ, ਸੋ ਉਹਨਾਂ ਨੇ ਧਰਤੀ ਵਿੱਚ ਦੌਰਾ ਕੀਤਾ। 8ਤਦ ਉਸ ਨੇ ਅਵਾਜ਼ ਮਾਰ ਕੇ ਮੈਨੂੰ ਕਿਹਾ, ਵੇਖ, ਜਿਹੜੇ ਉੱਤਰ ਦੇਸ ਨੂੰ ਜਾਂਦੇ ਹਨ, ਉਹਨਾਂ ਨੇ ਉੱਤਰ ਦੇਸ ਵਿੱਚ ਮੇਰੇ ਆਤਮਾ ਨੂੰ ਸ਼ਾਂਤ ਕੀਤਾ ਹੈ।
ਯਹੋਸ਼ੁਆ ਦਾ ਰਾਜ ਅਭਿਸ਼ੇਕ
9ਤਦ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ 10ਤੂੰ ਗੁਲਾਮਾਂ ਵਿੱਚੋਂ ਹਲਦਈ, ਤੋਬਿਆਹ ਅਤੇ ਯਦਾਯਾਹ ਨੂੰ ਲੈ ਅਤੇ ਤੂੰ ਅੱਜ ਦੇ ਹੀ ਦਿਨ ਆ ਕੇ ਸਫ਼ਨਯਾਹ ਦੇ ਪੁੱਤਰ ਯੋਸ਼ੀਯਾਹ ਦੇ ਘਰ ਜਾ, ਜਿੱਥੇ ਉਹ ਬਾਬਲ ਤੋਂ ਆਏ ਹਨ 11ਅਤੇ ਚਾਂਦੀ ਸੋਨਾ ਦੇ ਨਜ਼ਰਾਨੇ ਲੈ ਕੇ ਤਾਜ ਬਣਾ ਅਤੇ ਪ੍ਰਧਾਨ ਜਾਜਕ ਯਹੋਸਾਦਾਕ ਦੇ ਪੁੱਤਰ ਯਹੋਸ਼ੁਆ ਦੇ ਸਿਰ ਉੱਤੇ ਰੱਖ 12ਅਤੇ ਤੂੰ ਉਹ ਨੂੰ ਆਖ ਕਿ ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਕਹਿੰਦਾ ਹੈ ਕਿ ਦੇਖੋ, ਇੱਕ ਪੁਰਖ ਜਿਹ ਦਾ ਨਾਮ ਸ਼ਾਖ ਹੈ, ਉਹ ਆਪਣੇ ਥਾਂ ਤੋਂ ਸ਼ਾਖਾਂ ਦੇਵੇਗਾ ਅਤੇ ਯਹੋਵਾਹ ਦੀ ਹੈਕਲ ਨੂੰ ਬਣਾਵੇਗਾ। 13ਉਹੀ ਯਹੋਵਾਹ ਦੀ ਹੈਕਲ ਨੂੰ ਬਣਾਵੇਗਾ। ਉਹ ਸ਼ਾਨ ਵਾਲਾ ਹੋਵੇਗਾ ਅਤੇ ਉਹ ਆਪਣੇ ਸਿੰਘਾਸਣ ਉੱਤੇ ਬੈਠ ਕੇ ਹਕੂਮਤ ਕਰੇਗਾ। ਇੱਕ ਜਾਜਕ ਵੀ ਆਪਣੇ ਸਿੰਘਾਸਣ ਉੱਤੇ ਹੋਵੇਗਾ ਅਤੇ ਦੋਹਾਂ ਦੇ ਵਿੱਚ ਸ਼ਾਂਤੀ ਦੀਆਂ ਯੋਜਨਾਵਾਂ ਹੋਣਗੀਆਂ। 14ਉਹ ਤਾਜ ਹੇਲਮ ਲਈ, ਤੋਬਿਆਹ ਲਈ, ਯਦਾਯਾਹ ਲਈ ਅਤੇ ਸਫ਼ਨਯਾਹ ਦੇ ਪੁੱਤਰ ਹੇਨ ਲਈ ਯਹੋਵਾਹ ਦੀ ਹੈਕਲ ਵਿੱਚ ਯਾਦਗਿਰੀ ਲਈ ਹੋਵੇਗਾ। 15ਤਾਂ ਦੂਰ-ਦੂਰ ਦੇ ਲੋਕ ਆਉਣਗੇ ਅਤੇ ਯਹੋਵਾਹ ਦੀ ਹੈਕਲ ਨੂੰ ਬਣਾਉਣਗੇ। ਤਦ ਤੁਸੀਂ ਜਾਣੋਗੇ ਕਿ ਸੈਨਾਂ ਦੇ ਯਹੋਵਾਹ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ। ਜੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨੂੰ ਦਿਲ ਲਾ ਕੇ ਸੁਣੋਗੇ ਤਾਂ ਇਹ ਹੋ ਜਾਵੇਗਾ।

Currently Selected:

ਜ਼ਕਰ 6: IRVPun

Highlight

Copy

Compare

Share

None

Want to have your highlights saved across all your devices? Sign up or sign in