YouVersion Logo
Search Icon

ਰੋਮੀਆਂ 2

2
ਪਰਮੇਸ਼ੁਰ ਦਾ ਨਿਆਂ
1ਸੋ ਹੇ ਦੋਸ਼ ਲਾਉਣ ਵਾਲੇ ਮਨੁੱਖ, ਤੂੰ ਭਾਵੇਂ ਕੋਈ ਵੀ ਹੋਵੇਂ ਤੇਰੇ ਕੋਲ ਕੋਈ ਉੱਤਰ ਨਹੀਂ, ਕਿਉਂਕਿ ਜਿਹੜੀ ਗੱਲ ਵਿੱਚ ਤੂੰ ਦੂਜੇ ਉੱਤੇ ਦੋਸ਼ ਲਾਉਂਦਾ ਹੈਂ ਉਸੇ ਵਿੱਚ ਆਪਣੇ ਆਪ ਨੂੰ ਦੋਸ਼ੀ ਠਹਿਰਾਉਂਦਾ ਹੈਂ, ਇਸ ਲਈ ਕਿ ਤੂੰ ਜਿਹੜਾ ਦੋਸ਼ ਲਾਉਂਦਾ ਹੈ ਆਪ ਵੀ ਉਹ ਹੀ ਕੰਮ ਕਰਦਾ ਹੈਂ। 2ਅਸੀਂ ਜਾਣਦੇ ਹਾਂ ਜੋ ਇਹੋ ਜਿਹੇ ਕੰਮ ਕਰਨ ਵਾਲਿਆਂ ਉੱਤੇ ਪਰਮੇਸ਼ੁਰ ਵੱਲੋਂ ਸਜ਼ਾ ਦਾ ਹੁਕਮ ਅਟੱਲ ਹੈ। 3ਫੇਰ ਹੇ ਮਨੁੱਖ, ਤੂੰ ਜੋ ਇਹੋ ਜਿਹੇ ਕੰਮ ਕਰਨ ਵਾਲਿਆਂ ਉੱਤੇ ਦੋਸ਼ ਲਾਉਂਦਾ ਅਤੇ ਆਪ ਉਹੀ ਕੰਮ ਕਰਦਾ ਹੈਂ, ਭਲਾ, ਤੂੰ ਇਹ ਸਮਝਦਾ ਹੈਂ ਜੋ ਪਰਮੇਸ਼ੁਰ ਦੀ ਸਜ਼ਾ ਤੋਂ ਬਚ ਨਿੱਕਲੇਗਾ? 4ਕੀ ਤੂੰ ਉਹ ਦੀ ਕਿਰਪਾ ਅਤੇ ਮਾਫ਼ੀ ਅਤੇ ਸਬਰ ਦੀ ਦੌਲਤ ਨੂੰ ਤੁੱਛ ਸਮਝਦਾ ਹੈਂ ਅਤੇ ਇਹ ਨਹੀਂ ਜਾਣਦਾ ਜੋ ਪਰਮੇਸ਼ੁਰ ਦੀ ਕਿਰਪਾ ਤੈਨੂੰ ਪਛਤਾਵੇ ਦੇ ਰਾਹ ਪਾਉਂਦੀ ਹੈ। 5ਸਗੋਂ ਆਪਣੀ ਕਠੋਰਤਾਈ ਅਤੇ ਪਛਤਾਵੇ ਤੋਂ ਰਹਿਤ ਮਨ ਦੇ ਅਨੁਸਾਰ ਉਸ ਦਿਨ ਵਿੱਚ ਜਦੋਂ ਪਰਮੇਸ਼ੁਰ ਦਾ ਕ੍ਰੋਧ ਅਤੇ ਸੱਚਾ ਨਿਆਂ ਪਰਗਟ ਹੋਵੇਗਾ, ਤੂੰ ਆਪਣੇ ਆਪ ਲਈ ਕ੍ਰੋਧ ਕਮਾ ਰਿਹਾ ਹੈਂ। 6ਉਹ ਹਰੇਕ ਨੂੰ ਉਹ ਦੇ ਕੰਮਾਂ ਦੇ ਅਨੁਸਾਰ ਫਲ ਦੇਵੇਗਾ। 7ਜਿਹੜੇ ਭਲੇ ਕੰਮਾਂ ਵਿੱਚ ਦ੍ਰਿੜ੍ਹ ਹੋ ਕੇ ਮਹਿਮਾ, ਆਦਰ ਅਤੇ ਅਮਰਤਾ ਦੀ ਖੋਜ ਵਿੱਚ ਹਨ, ਉਹ ਉਨ੍ਹਾਂ ਨੂੰ ਸਦੀਪਕ ਜੀਵਨ ਦੇਵੇਗਾ। 8ਪਰ ਜਿਹੜੇ ਵਿਦ੍ਰੋਹੀ ਹਨ ਅਤੇ ਸੱਚ ਨੂੰ ਨਹੀਂ ਮੰਨਦੇ ਸਗੋਂ ਝੂਠ ਨੂੰ ਮੰਨਦੇ ਹਨ, ਉਨ੍ਹਾਂ ਉੱਤੇ ਗੁੱਸਾ ਅਤੇ ਕ੍ਰੋਧ ਹੋਵੇਗਾ। 9ਬਿਪਤਾ ਅਤੇ ਕਸ਼ਟ ਹਰੇਕ ਮਨੁੱਖ ਦੀ ਜਾਨ ਉੱਤੇ ਹੋਵੇਗਾ, ਜਿਹੜਾ ਬੁਰਿਆਈ ਕਰਦਾ ਹੈ, ਪਹਿਲਾਂ ਯਹੂਦੀ ਅਤੇ ਫੇਰ ਯੂਨਾਨੀ ਉੱਤੇ। 10ਪਰ ਹਰੇਕ ਨੂੰ ਜਿਹੜਾ ਭਲਿਆਈ ਕਰਦਾ ਹੈ ਮਹਿਮਾ, ਆਦਰ ਅਤੇ ਸ਼ਾਂਤੀ ਪ੍ਰਾਪਤ ਹੋਵੇਗੀ, ਪਹਿਲਾਂ ਯਹੂਦੀ ਅਤੇ ਫੇਰ ਯੂਨਾਨੀ ਨੂੰ। 11ਪਰਮੇਸ਼ੁਰ ਦੀ ਹਜ਼ੂਰੀ ਵਿੱਚ ਕਿਸੇ ਦਾ ਪੱਖਪਾਤ ਨਹੀਂ ਹੁੰਦਾ। 12ਕਿਉਂਕਿ ਜਿੰਨਿਆਂ ਨੇ ਬਿਨ੍ਹਾਂ ਬਿਵਸਥਾ ਦੇ ਪਾਪ ਕੀਤੇ ਸੋ ਬਿਨ੍ਹਾਂ ਬਿਵਸਥਾ ਦੇ ਨਾਸ ਵੀ ਹੋਣਗੇ ਅਤੇ ਜਿੰਨੀਆਂ ਨੇ ਬਿਵਸਥਾ ਦੇ ਹੁੰਦਿਆਂ ਹੋਇਆ ਪਾਪ ਕੀਤੇ ਸੋ ਬਿਵਸਥਾ ਦੇ ਅਨੁਸਾਰ ਹੀ ਉਨ੍ਹਾਂ ਦਾ ਨਿਆਂ ਹੋਵੇਗਾ। 13ਇਸ ਲਈ ਜੋ ਬਿਵਸਥਾ ਦੇ ਸੁਣਨ ਵਾਲੇ ਪਰਮੇਸ਼ੁਰ ਦੇ ਭਾਣੇ ਧਰਮੀ ਨਹੀਂ ਹੁੰਦੇ, ਪਰ ਬਿਵਸਥਾ ਤੇ ਚੱਲਣ ਵਾਲੇ ਧਰਮੀ ਠਹਿਰਾਏ ਜਾਣਗੇ। 14ਜਦ ਕਿ ਪਰਾਈਆਂ ਕੌਮਾਂ ਦੇ ਕੋਲ ਬਿਵਸਥਾ ਨਹੀਂ ਹੈ, ਪਰ ਉਹ ਆਪਣੇ ਸੁਭਾਓ ਤੋਂ ਹੀ ਬਿਵਸਥਾ ਦੇ ਕੰਮ ਕਰਦੀਆਂ ਹਨ, ਤਾਂ ਬਿਵਸਥਾ ਦੇ ਨਾ ਹੁੰਦਿਆਂ ਉਹ ਆਪਣੇ ਲਈ ਆਪ ਹੀ ਬਿਵਸਥਾ ਹਨ। 15ਸੋ ਉਹ ਬਿਵਸਥਾ ਦੇ ਕੰਮ ਆਪਣੇ ਹਿਰਦਿਆਂ ਵਿੱਚ ਲਿਖਿਆ ਹੋਇਆ ਵਿਖਾਉਂਦੀਆ ਹਨ, ਨਾਲੇ ਉਨ੍ਹਾਂ ਦਾ ਵਿਵੇਕ ਇਸ ਦੀ ਗਵਾਹੀ ਦਿੰਦਾ ਹੈ ਅਤੇ ਉਨ੍ਹਾਂ ਦੇ ਖ਼ਿਆਲ ਉਨ੍ਹਾਂ ਨੂੰ ਆਪੋ ਵਿੱਚੀ ਦੋਸ਼ੀ ਤੇ ਨਿਰਦੋਸ਼ੀ ਠਹਿਰਾਉਂਦੇ ਹਨ। 16ਉਸ ਦਿਨ ਵਿੱਚ ਪਰਮੇਸ਼ੁਰ ਮੇਰੀ ਖੁਸ਼ਖਬਰੀ ਦੇ ਅਨੁਸਾਰ ਯਿਸੂ ਮਸੀਹ ਦੇ ਰਾਹੀਂ ਮਨੁੱਖਾਂ ਦੀਆਂ ਗੁਪਤ ਗੱਲਾਂ ਦਾ ਨਿਆਂ ਕਰੇਗਾ।
ਯਹੂਦੀ ਅਤੇ ਬਿਵਸਥਾ
17ਪਰ ਜੇਕਰ ਤੂੰ ਯਹੂਦੀ ਅਖਵਾਉਂਦਾ ਅਤੇ ਬਿਵਸਥਾ ਉੱਤੇ ਆਸਰਾ ਰੱਖਦਾ ਅਤੇ ਪਰਮੇਸ਼ੁਰ ਉੱਤੇ ਘਮੰਡ ਕਰਦਾ 18ਅਤੇ ਉਹ ਦੀ ਇੱਛਾ ਨੂੰ ਜਾਣਦਾ ਹੈਂ, ਅਤੇ ਬਿਵਸਥਾ ਦੀ ਸਿੱਖਿਆ ਲੈ ਕੇ ਚੰਗੀਆਂ-ਚੰਗੀਆਂ ਗੱਲਾਂ ਨੂੰ ਪਸੰਦ ਕਰਦਾ ਹੈਂ। 19ਅਤੇ ਤੈਨੂੰ ਵਿਸ਼ਵਾਸ ਹੈ ਕਿ ਮੈਂ ਅੰਨ੍ਹਿਆਂ ਨੂੰ ਰਾਹ ਦੱਸਣ ਵਾਲਾ ਅਤੇ ਜਿਹੜੇ ਹਨ੍ਹੇਰੇ ਵਿੱਚ ਹਨ ਉਹਨਾਂ ਦਾ ਚਾਨਣ ਹਾਂ 20ਅਤੇ ਨਦਾਨਾਂ ਨੂੰ ਸਿੱਖਿਆ ਦੇਣ ਵਾਲਾ ਅਤੇ ਬਾਲਕਾਂ ਦਾ ਉਸਤਾਦ ਹਾਂ ਅਤੇ ਗਿਆਨ ਅਤੇ ਸੱਚ ਦਾ ਸਰੂਪ ਜੋ ਬਿਵਸਥਾ ਵਿੱਚ ਹੈ ਮੇਰੇ ਕੋਲ ਹੈ। 21ਤਾਂ ਫੇਰ ਤੂੰ ਜੋ ਦੂਜੇ ਨੂੰ ਸਿਖਾਉਂਦਾ ਹੈਂ, ਕੀ ਉਹ ਆਪਣੇ ਆਪ ਨੂੰ ਨਹੀਂ ਸਿਖਾਉਂਦਾ? ਤੂੰ ਜੋ ਉਪਦੇਸ਼ ਕਰਦਾ ਹੈਂ ਕਿ ਚੋਰੀ ਨਾ ਕਰ, ਫਿਰ ਤੂੰ ਆਪ ਕਿਉਂ ਚੋਰੀ ਕਰਦਾ ਹੈਂ? 22ਤੂੰ ਜੋ ਆਖਦਾ ਹੈਂ ਕਿ, ਵਿਭਚਾਰ ਨਾ ਕਰਨਾ, ਫਿਰ ਤੂੰ ਆਪ ਕਿਉਂ ਵਿਭਚਾਰ ਕਰਦਾ ਹੈਂ? ਤੂੰ ਜੋ ਮੂਰਤੀਆਂ ਤੋਂ ਨਫ਼ਰਤ ਕਰਦਾ ਹੈਂ, ਫਿਰ ਤੂੰ ਆਪ ਕਿਉਂ ਹੈਕਲਾਂ ਨੂੰ ਲੁੱਟਦਾ ਹੈਂ? 23ਤੂੰ ਜੋ ਬਿਵਸਥਾ ਉੱਤੇ ਘਮੰਡ ਕਰਦਾ ਹੈਂ, ਫਿਰ ਤੂੰ ਕਿਉਂ ਬਿਵਸਥਾ ਦੀ ਉਲੰਘਣਾ ਕਰ ਕੇ ਪਰਮੇਸ਼ੁਰ ਦਾ ਅਪਮਾਨ ਕਰਦਾ ਹੈਂ? 24ਜਿਵੇਂ ਲਿਖਿਆ ਹੋਇਆ ਹੈ ਕਿ ਪਰਾਈਆਂ ਕੌਮਾਂ ਦੇ ਵਿੱਚ ਤੁਹਾਡੇ ਕਾਰਨ ਪਰਮੇਸ਼ੁਰ ਦੇ ਨਾਮ ਦੀ ਨਿੰਦਿਆ ਹੁੰਦੀ ਹੈ। 25ਸੁੰਨਤ ਤੋਂ ਤਾਂ ਲਾਭ ਹੈ, ਜੇ ਤੂੰ ਬਿਵਸਥਾ ਦੀ ਪਾਲਨਾ ਕਰੇਂ ਜੇ ਤੂੰ ਬਿਵਸਥਾ ਦੀ ਉਲੰਘਣਾ ਕਰਨ ਵਾਲਾ ਹੋਵੇਂ ਤਾਂ ਤੇਰੀ ਸੁੰਨਤ ਤੋਂ ਕੀ ਲਾਭ। 26ਉਪਰੰਤ ਜੇ ਅਸੁੰਨਤੀ ਲੋਕ ਬਿਵਸਥਾ ਦੀਆਂ ਬਿਧੀਆਂ ਦੀ ਪਾਲਨਾ ਕਰਨ, ਤਾਂ ਕੀ ਉਨ੍ਹਾਂ ਦੀ ਅਸੁੰਨਤ ਸੁੰਨਤ ਨਾ ਗਿਣੀ ਜਾਵੇਗੀ। 27ਅਤੇ ਜਿਹੜੇ ਸੁਭਾਓ ਤੋਂ ਅਸੁੰਨਤੀ ਹਨ ਜੇ ਉਹ ਬਿਵਸਥਾ ਨੂੰ ਪੂਰੀ ਕਰਨ ਤਾਂ ਕੀ ਉਹ ਤੈਨੂੰ ਜਿਹੜਾ ਲਿਖਤਾਂ ਅਤੇ ਸੁੰਨਤ ਦੇ ਹੁੰਦੇ ਹੋਇਆ ਬਿਵਸਥਾ ਦੀ ਉਲੰਘਣਾ ਕਰਨ ਵਾਲਾ ਹੈਂ, ਦੋਸ਼ੀ ਨਾ ਠਹਿਰਾਉਣਗੇ? 28ਕਿਉਂ ਜੋ ਉਹ ਯਹੂਦੀ ਨਹੀਂ ਜਿਹੜਾ ਲੋਕ ਦਿਖਾਵੇ ਲਈ ਹੈ, ਅਤੇ ਨਾ ਉਹ ਸੁੰਨਤ ਹੈ, ਜਿਹੜੀ ਮਾਸ ਦੀ ਵਿਖਾਵੇ ਲਈ ਹੈ। 29ਸਗੋਂ ਯਹੂਦੀ ਉਹੋ ਹੈ ਜਿਹੜਾ ਅੰਦਰੋਂ ਹੋਵੇ ਅਤੇ ਸੁੰਨਤ ਉਹੋ ਹੈ ਜਿਹੜੀ ਮਨ ਦੀ ਹੋਵੇ ਅਰਥਾਤ ਆਤਮਾ ਵਿੱਚ, ਨਾ ਲਿਖਤ ਵਿੱਚ ਜਿਸ ਦੀ ਸ਼ੋਭਾ ਮਨੁੱਖਾਂ ਵੱਲੋਂ ਨਹੀਂ ਸਗੋਂ ਪਰਮੇਸ਼ੁਰ ਵੱਲੋਂ ਹੁੰਦੀ ਹੈ।

Currently Selected:

ਰੋਮੀਆਂ 2: IRVPun

Highlight

Copy

Compare

Share

None

Want to have your highlights saved across all your devices? Sign up or sign in