YouVersion Logo
Search Icon

ਫਿਲਿੱਪੀਆਂ 4

4
1ਹੇ ਮੇਰੇ ਪਿਆਰੇ ਭਰਾਵੋ, ਜਿੰਨ੍ਹਾ ਨੂੰ ਮੈਂ ਬਹੁਤ ਲੋਚਦਾ ਹਾਂ ਜੋ ਮੇਰਾ ਅਨੰਦ ਅਤੇ ਮੁਕਟ ਹੋ, ਤੁਸੀਂ ਇਸੇ ਤਰ੍ਹਾਂ ਹੇ ਪਿਆਰਿਓ, ਪ੍ਰਭੂ ਵਿੱਚ ਦ੍ਰਿੜ੍ਹ ਰਹੋ।
ਵਿਵਹਾਰਿਕ ਨਿਰਦੇਸ਼
2ਮੈਂ ਯੂਓਦਿਆ ਦੇ ਅੱਗੇ ਬੇਨਤੀ ਕਰਦਾ ਅਤੇ ਸੁੰਤੁਖੇ ਦੇ ਅੱਗੇ ਵੀ ਕਿ ਉਹ ਪ੍ਰਭੂ ਵਿੱਚ ਇੱਕ ਮਨ ਹੋਣ। 3ਹਾਂ, ਤੇਰੇ ਅੱਗੇ ਵੀ, ਹੇ ਸੱਚੇ ਸਹਿਕਰਮੀ, ਮੈਂ ਬੇਨਤੀ ਕਰਦਾ ਹਾਂ ਜੋ ਤੂੰ ਉਹਨਾਂ ਤੀਵੀਆਂ ਦੀ ਸਹਾਇਤਾ ਕਰ, ਜਿੰਨ੍ਹਾ ਨੇ ਕਲੇਮੰਸ ਅਤੇ ਹੋਰਨਾਂ ਸਹਿਕਰਮੀਆਂ ਸਣੇ ਖੁਸ਼ਖਬਰੀ ਦੀ ਸੇਵਾ ਵਿੱਚ ਮੇਰੇ ਨਾਲ ਯਤਨ ਕੀਤਾ ਸੀ, ਜਿਨ੍ਹਾਂ ਦੇ ਨਾਮ ਜੀਵਨ ਦੇ ਪੁਸਤਕ ਵਿੱਚ ਲਿਖੇ ਹੋਏ ਹਨ।
4ਪ੍ਰਭੂ ਵਿੱਚ ਸਦਾ ਅਨੰਦ ਕਰੋ। ਫੇਰ ਕਹਿੰਦਾ ਹਾਂ, ਅਨੰਦ ਕਰੋ। 5ਤੁਹਾਡਾ ਕੋਮਲਤਾ ਦਾ ਸੁਭਾਅ ਸਭਨਾਂ ਮਨੁੱਖਾਂ ਉੱਤੇ ਪਰਗਟ ਹੋਵੇ। ਪ੍ਰਭੂ ਨੇੜੇ ਹੈ। 6ਕਿਸੇ ਗੱਲ ਦੀ ਚਿੰਤਾ ਨਾ ਕਰੋ ਸਗੋਂ ਹਰ ਗੱਲ ਵਿੱਚ ਤੁਹਾਡੀਆਂ ਅਰਦਾਸਾਂ ਪ੍ਰਾਰਥਨਾ ਅਤੇ ਬੇਨਤੀ ਨਾਲ ਧੰਨਵਾਦ ਸਣੇ ਪਰਮੇਸ਼ੁਰ ਦੇ ਅੱਗੇ ਕੀਤੀਆਂ ਜਾਣ। 7ਅਤੇ ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿੱਚ ਤੁਹਾਡੀਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ।
8ਮੁਕਦੀ ਗੱਲ, ਹੇ ਭਰਾਵੋ, ਜਿਹੜੀਆਂ ਗੱਲਾਂ ਸੱਚੀਆਂ ਹਨ, ਜਿਹੜੀਆਂ ਆਦਰਯੋਗ ਹਨ, ਜਿਹੜੀਆਂ ਜਥਾਰਥ ਹਨ, ਜਿਹੜੀਆਂ ਸ਼ੁੱਧ ਹਨ, ਜਿਹੜੀਆਂ ਸੁਹਾਉਣੀਆਂ ਹਨ, ਜਿਹੜੀਆਂ ਨੇਕਨਾਮੀ ਦੀਆਂ ਹਨ, ਜੇ ਕੁਝ ਗੁਣ ਹੈ ਅਤੇ ਜੇ ਕੁਝ ਸੋਭਾ ਹੈ ਤਾਂ ਇੰਨ੍ਹਾਂ ਗੱਲਾਂ ਦੀ ਵਿਚਾਰ ਕਰੋ। 9ਜੋ ਕੁਝ ਤੁਸੀਂ ਸਿੱਖਿਆ ਅਤੇ ਮੰਨ ਲਿਆ ਅਤੇ ਸੁਣਿਆ ਅਤੇ ਮੇਰੇ ਵਿੱਚ ਡਿੱਠਾ ਉਹੀ ਕਰੋ ਤਾਂ ਸ਼ਾਂਤੀ ਦਾਤਾ ਪਰਮੇਸ਼ੁਰ ਤੁਹਾਡੇ ਅੰਗ-ਸੰਗ ਹੋਵੇਗਾ।
ਦਾਨ ਦੇ ਲਈ ਧੰਨਵਾਦ
10ਪਰ ਮੈਂ ਪ੍ਰਭੂ ਵਿੱਚ ਇਸ ਗੱਲ ਤੋਂ ਬਹੁਤ ਅਨੰਦ ਹਾਂ ਜੋ ਹੁਣ ਐਨੇ ਚਿਰ ਪਿੱਛੋਂ ਤੁਸੀਂ ਮੁੜ ਮੇਰੀ ਚਿੰਤਾ ਕੀਤੀ। ਤੁਸੀਂ ਤਾਂ ਅੱਗੇ ਵੀ ਮੇਰੇ ਲਈ ਚਿੰਤਾ ਕੀਤੀ ਸੀ ਪਰ ਤੁਹਾਨੂੰ ਸਮਾਂ ਨਾ ਮਿਲਿਆ। 11ਇਹ ਨਹੀਂ ਜੋ ਮੈਂ ਤੰਗੀ ਦੇ ਕਾਰਨ ਆਖਦਾ ਹਾਂ ਕਿਉਂ ਜੋ ਮੈਂ ਇਹ ਸਿੱਖ ਲਿਆ ਹੈ ਭਈ ਜਿਸ ਹਾਲ ਵਿੱਚ ਹੋਵਾਂ ਓਸੇ ਵਿੱਚ ਸੰਤੋਖ ਰੱਖਾਂ। 12ਮੈਂ ਘਟਣਾ ਜਾਣਦਾ ਹਾਂ, ਨਾਲੇ ਵੱਧਣਾ ਵੀ ਜਾਣਦਾ ਹਾਂ। ਹਰੇਕ ਗੱਲ ਵਿੱਚ, ਕੀ ਰੱਜਣਾ ਕੀ ਭੁੱਖਾ ਰਹਿਣਾ, ਕੀ ਵੱਧਣਾ ਕੀ ਥੁੜਨਾ, ਮੈਂ ਸਾਰੀਆਂ ਗੱਲਾਂ ਦਾ ਭੇਤ ਪਾਇਆ ਹੈ। 13ਉਹ ਦੇ ਵਿੱਚ ਜੋ ਮੈਨੂੰ ਬਲ ਦਿੰਦਾ ਹੈ ਮੈਂ ਸੱਭੋ ਕੁਝ ਕਰ ਸਕਦਾ ਹਾਂ। 14ਤਾਂ ਵੀ ਤੁਸੀਂ ਭਲਾ ਕੀਤਾ ਜੋ ਇਸ ਬਿਪਤਾ ਵਿੱਚ ਮੇਰੇ ਸਾਂਝੀ ਹੋਏ। 15ਹੇ ਫਿਲਿੱਪੀਓ, ਤੁਸੀਂ ਆਪ ਵੀ ਜਾਣਦੇ ਹੋ ਭਈ ਜਾਂ ਮੈਂ ਖੁਸ਼ਖਬਰੀ ਪਹਿਲਾਂ ਸੁਣਾਉਣ ਲੱਗਾ ਜਦ ਮੈਂ ਮਕਦੂਨਿਯਾ ਤੋਂ ਨਿੱਕਲ ਆਇਆ ਤਾਂ ਕਿਸੇ ਕਲੀਸਿਯਾ ਨੇ ਲੈਣ-ਦੇਣ ਦੀ ਗੱਲ ਵਿੱਚ ਮੇਰਾ ਸਾਥ ਨਾ ਦਿੱਤਾ ਪਰ ਕੇਵਲ ਤੁਸੀਂ 16ਕਿਉਂ ਜੋ ਥਸਲੁਨੀਕੇ ਵਿੱਚ ਵੀ ਤੁਸੀਂ ਮੇਰੀ ਲੋੜ ਪੂਰੀ ਕਰਨ ਲਈ ਇੱਕ ਵਾਰ ਨਹੀਂ ਸਗੋਂ ਕਈ ਵਾਰ ਕੁਝ ਭੇਜਿਆ। 17ਇਹ ਨਹੀਂ ਜੋ ਮੈਂ ਦਾਨ ਚਾਹੁੰਦਾ ਹਾਂ ਪਰ ਮੈਂ ਉਹ ਫਲ ਚਾਹੁੰਦਾ ਹਾਂ ਜੋ ਤੁਹਾਡੇ ਲੇਖੇ ਵਿੱਚ ਵਧਦਾ ਜਾਂਦਾ ਹੈ। 18ਅਤੇ ਮੈਨੂੰ ਸੱਭੋ ਕੁਝ ਮਿਲ ਗਿਆ ਹੈ, ਸਗੋਂ ਵਾਧੂ ਹੈ। ਮੈਂ ਭਰਪੂਰ ਹਾਂ ਕਿਉਂ ਜੇ ਮੈਨੂੰ ਤੁਹਾਡੇ ਭੇਜੇ ਹੋਏ ਪਦਾਰਥ ਇਪਾਫ਼ਰੋਦੀਤੁਸ ਦੇ ਹੱਥੋਂ ਮਿਲੇ ਜੋ ਸੁੱਖਦਾਇਕ ਸੁਗੰਧ ਅਤੇ ਇਹੋ ਜਿਹਾ ਪਰਵਾਨ ਬਲੀਦਾਨ ਹੈ ਜੋ ਪਰਮੇਸ਼ੁਰ ਨੂੰ ਭਾਉਂਦਾ ਹੈ। 19ਅਤੇ ਮੇਰਾ ਪਰਮੇਸ਼ੁਰ ਤੇਜ ਵਿੱਚ ਆਪਣੇ ਧਨ ਦੇ ਅਨੁਸਾਰ ਤੁਹਾਡੀ ਹਰੇਕ ਥੁੜ ਨੂੰ ਮਸੀਹ ਯਿਸੂ ਵਿੱਚ ਸੰਪੂਰਨ ਕਰੇਗਾ। 20ਹੁਣ ਸਾਡੇ ਪਰਮੇਸ਼ੁਰ ਅਤੇ ਪਿਤਾ ਦੀ ਵਡਿਆਈ ਜੁੱਗੋ-ਜੁੱਗ ਹੋਵੇ। ਆਮੀਨ।
ਆਖਰੀ ਨਮਸਕਾਰ
21ਮਸੀਹ ਯਿਸੂ ਵਿੱਚ ਹਰੇਕ ਸੰਤ ਨੂੰ ਸੁੱਖ-ਸਾਂਦ ਆਖਣਾ। ਮੇਰੇ ਨਾਲ ਜਿਹੜੇ ਭਾਈ ਹਨ ਤੁਹਾਨੂੰ ਸੁੱਖ-ਸਾਂਦ ਆਖਦੇ ਹਨ। 22ਸਾਰੇ ਸੰਤ ਪਰ ਖ਼ਾਸ ਕਰਕੇ ਓਹ ਜੋ ਕੈਸਰ ਦੇ ਘਰ ਵਿੱਚੋਂ ਹਨ ਤੁਹਾਨੂੰ ਸੁੱਖ-ਸਾਂਦ ਆਖਦੇ ਹਨ।
23ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਆਤਮਾ ਉੱਤੇ ਹੁੰਦੀ ਰਹੇ।

Highlight

Share

Copy

None

Want to have your highlights saved across all your devices? Sign up or sign in