YouVersion Logo
Search Icon

ਫਿਲਿੱਪੀਆਂ 1

1
1ਮਸੀਹ ਯਿਸੂ ਦੇ ਦਾਸ ਪੌਲੁਸ ਅਤੇ ਤਿਮੋਥਿਉਸ, ਅੱਗੇ ਯੋਗ ਫ਼ਿਲਿੱਪੈ ਦੇ ਵਿੱਚ ਜਿੰਨੇ ਮਸੀਹ ਯਿਸੂ ਵਿੱਚ ਸੰਤ ਹਨ ਉਨ੍ਹਾਂ ਸਭਨਾਂ ਨੂੰ ਕਲੀਸਿਯਾ ਦੇ ਨਿਗਾਹਬਾਨਾਂ ਅਤੇ ਸੇਵਕਾਂ ਸਣੇ। 2ਸਾਡੇ ਪਿਤਾ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲਦੀ ਰਹੇ।
ਪ੍ਰਾਰਥਨਾ ਅਤੇ ਧੰਨਵਾਦ
3ਮੈਂ ਜਦੋਂ ਤੁਹਾਨੂੰ ਯਾਦ ਕਰਦਾ ਹਾਂ ਤਦ ਆਪਣੇ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ। 4ਅਤੇ ਮੈਂ ਆਪਣੀ ਹਰੇਕ ਬੇਨਤੀ ਵਿੱਚ ਸਦਾ ਤੁਹਾਡੇ ਸਾਰਿਆਂ ਲਈ ਅਨੰਦ ਨਾਲ ਬੇਨਤੀ ਕਰਦਾ ਹਾਂ। 5ਇਸ ਲਈ ਜੋ ਤੁਸੀਂ ਪਹਿਲੇ ਦਿਨ ਤੋਂ ਹੁਣ ਤੱਕ ਖੁਸ਼ਖਬਰੀ ਦੇ ਫੈਲਾਉਣ ਵਿੱਚ ਮੇਰੇ ਸਾਂਝੀ ਰਹੇ। 6ਅਤੇ ਇਸ ਗੱਲ ਦੀ ਮੈਨੂੰ ਭਰੋਸਾ ਹੈ ਕਿ ਜਿਸ ਨੇ ਤੁਹਾਡੇ ਵਿੱਚ ਸ਼ੁਭ ਕੰਮ ਨੂੰ ਸ਼ੁਰੂ ਕੀਤਾ ਸੋ ਯਿਸੂ ਮਸੀਹ ਦੇ ਦਿਨ ਤੱਕ ਉਹ ਨੂੰ ਪੂਰਾ ਕਰੇਗਾ। 7ਇਸ ਲਈ ਤੁਹਾਡੇ ਸਾਰਿਆਂ ਦੇ ਲਈ ਮੈਨੂੰ ਇਹ ਮੰਨਣਾ ਉੱਚਿਤ ਹੈ ਕਿਉਂ ਜੋ ਤੁਸੀਂ ਮੇਰੇ ਦਿਲ ਵਿੱਚ ਹੋ, ਇਸ ਲਈ ਜੋ ਮੇਰੇ ਬੰਧਨਾਂ ਵਿੱਚ, ਨਾਲੇ ਖੁਸ਼ਖਬਰੀ ਦੇ ਨਮਿੱਤ ਉੱਤਰ ਅਤੇ ਪਰਮਾਣ ਦੇਣ ਵਿੱਚ ਤੁਸੀਂ ਸਾਰੇ ਮੇਰੇ ਨਾਲ ਕਿਰਪਾ ਦੇ ਸਾਂਝੀ ਹੋ। 8ਪਰਮੇਸ਼ੁਰ ਤਾਂ ਮੇਰਾ ਗਵਾਹ ਹੈ, ਜੋ ਮੈਂ ਮਸੀਹ ਯਿਸੂ ਜਿਹਾ ਪਿਆਰ ਕਰਕੇ ਤੁਸੀਂ ਸਭਨਾਂ ਨੂੰ ਕਿੰਨ੍ਹਾਂ ਹੀ ਲੋਚਦਾ ਹਾਂ। 9ਅਤੇ ਮੈਂ ਇਹ ਪ੍ਰਾਰਥਨਾ ਕਰਦਾ ਹਾਂ ਭਈ ਤੁਹਾਡਾ ਪਿਆਰ ਸਮਝ ਅਤੇ ਸਭ ਪਰਕਾਰ ਦੇ ਬਿਬੇਕ ਨਾਲ ਹੋਰ ਤੋਂ ਹੋਰ ਵਧਦਾ ਚੱਲਿਆ ਜਾਵੇ। 10ਤੁਸੀਂ ਚੰਗੀ ਚੰਗੇਰੀਆਂ ਗੱਲਾਂ ਨੂੰ ਪਸੰਦ ਕਰੋ ਤਾਂ ਜੋ ਮਸੀਹ ਦੇ ਦਿਨ ਤੱਕ ਨਿਸ਼ਕਪਟ ਅਤੇ ਨਿਰਦੋਸ਼ ਰਹੋ। 11ਅਤੇ ਧਾਰਮਿਕਤਾ ਦੇ ਫਲ ਨਾਲ ਜੋ ਯਿਸੂ ਮਸੀਹ ਦੇ ਵਸੀਲੇ ਕਰਕੇ ਹੁੰਦਾ ਹੈ, ਭਰਪੂਰ ਰਹੋ ਭਈ ਪਰਮੇਸ਼ੁਰ ਦੀ ਵਡਿਆਈ ਅਤੇ ਉਸਤਤ ਹੋਵੇ।
ਪੌਲੁਸ ਦੀ ਕੈਦ ਦੇ ਦੁਆਰਾ ਖੁਸ਼ ਖ਼ਬਰੀ ਦੀ ਉਨਤੀ
12ਹੇ ਭਰਾਵੋ, ਮੈਂ ਚਾਹੁੰਦਾ ਹਾਂ ਜੋ ਤੁਸੀਂ ਇਹ ਜਾਣੋ ਕਿ ਮੇਰੇ ਉੱਤੇ ਜੋ ਬੀਤਿਆ ਸੋ ਖੁਸ਼ਖਬਰੀ ਦੇ ਪ੍ਰਸਾਰ ਕਾਰਨ ਹੀ ਹੋਇਆ। 13ਇਥੋਂ ਤੱਕ ਜੋ ਪਾਤਸ਼ਾਹ ਦੀ ਸਾਰੀ ਪਲਟਣ ਅਤੇ ਹੋਰ ਸਭਨਾਂ ਉੱਤੇ ਉਜਾਗਰ ਹੋਇਆ ਭਈ ਮੇਰੇ ਬੰਧਨ ਮਸੀਹ ਦੇ ਲਈ ਹਨ। 14ਅਤੇ ਬਹੁਤੇ ਜੋ ਪ੍ਰਭੂ ਵਿੱਚ ਭਾਈ ਹਨ ਮੇਰੇ ਬੰਧਨਾਂ ਦੇ ਕਾਰਨ ਤਕੜੇ ਹੋ ਕੇ ਪਰਮੇਸ਼ੁਰ ਦਾ ਬਚਨ ਨਿਧੜਕ ਸੁਣਾਉਣ ਲਈ ਹੋਰ ਵੀ ਦਿਲੇਰ ਹੋ ਗਏ ਹਨ।
15ਕਈ ਤਾਂ ਖਾਰ ਅਤੇ ਝਗੜੇ ਨਾਲ ਅਤੇ ਕਈ ਭਲੀ ਮਨਸ਼ਾ ਨਾਲ ਵੀ ਮਸੀਹ ਦਾ ਪਰਚਾਰ ਕਰਦੇ ਹਨ। 16ਇਹ ਤਾਂ ਪਿਆਰ ਨਾਲ ਕਰਦੇ ਹਨ ਇਹ ਜਾਣ ਕੇ ਭਈ ਮੈਂ ਖੁਸ਼ਖਬਰੀ ਲਈ ਉੱਤਰ ਦੇਣ ਨੂੰ ਥਾਪਿਆ ਹੋਇਆ ਹਾਂ। 17ਪਰ ਓਹ ਨਿਸ਼ਕਪਟਤਾ ਨਾਲ ਨਹੀਂ ਸਗੋਂ ਧੜੇ ਬਾਜ਼ੀ ਨਾਲ ਮਸੀਹ ਦਾ ਪਰਚਾਰ ਕਰਦੇ ਹਨ, ਇਹ ਸਮਝ ਕੇ ਭਈ ਮੇਰੀਆਂ ਬੰਧਨਾਂ ਵਿੱਚ ਮੈਨੂੰ ਹੋਰ ਵੀ ਕਲੇਸ਼ ਪੁਚਾਉਣ। 18ਤਾਂ ਕੀ ਹੋਇਆ? ਭਾਵੇਂ ਬਹਾਨੇ ਭਾਵੇਂ ਸਚਿਆਈ ਨਾਲ ਹਰ ਤਰ੍ਹਾਂ ਮਸੀਹ ਦਾ ਪਰਚਾਰ ਹੁੰਦਾ ਹੈ ਅਤੇ ਮੈਂ ਇਸ ਕਾਰਨ ਖੁਸ਼ ਹਾਂ ਅਤੇ ਰਹਾਂਗਾ ਵੀ।
ਜਿਉਣਾ ਮਸੀਹ ਹੈ
19ਕਿਉਂ ਜੋ ਮੈਂ ਜਾਣਦਾ ਹਾਂ ਕਿ ਤੁਹਾਡੀ ਬੇਨਤੀ ਤੋਂ ਅਤੇ ਯਿਸੂ ਮਸੀਹ ਦੇ ਆਤਮਾ ਦੀ ਸਹਾਇਤਾ ਤੋਂ ਮੇਰਾ ਇਨਾਮ ਮੁਕਤੀ ਹੋਵੇਗਾ। 20ਮੇਰੀ ਵੱਡੀ ਤਾਂਘ ਅਤੇ ਆਸ ਦੇ ਅਨੁਸਾਰ ਕਿ ਮੈਂ ਕਿਸੇ ਗੱਲ ਵਿੱਚ ਸ਼ਰਮਿੰਦਾ ਨਹੀਂ ਹੋਵਾਂਗਾ, ਸਗੋਂ ਪੂਰੀ ਦਲੇਰੀ ਨਾਲ ਜਿਵੇਂ ਮੇਰੀ ਦੇਹ ਵਿੱਚ ਮਸੀਹ ਦੀ ਵਡਿਆਈ ਹੁੰਦੀ ਆਈ ਹੈ, ਹੁਣ ਉਵੇਂ ਹੀ ਹੁੰਦੀ ਰਹੇ, ਭਾਵੇਂ ਮੈਂ ਜਿਉਂਦਾ ਰਹਾ ਜਾਂ ਮਰ ਜਾਂਵਾਂ। 21ਕਿਉਂਕਿ ਜਿਉਣਾ ਮੇਰੇ ਲਈ ਮਸੀਹ ਹੈ ਅਤੇ ਮਰਨਾ ਲਾਭ ਹੈ। 22ਪਰ ਜੇ ਸਰੀਰ ਵਿੱਚ ਜਿਉਂਦਾ ਰਹਿਣਾ, ਜੇ ਇਸ ਤੋਂ ਮੈਨੂੰ ਮਿਹਨਤ ਦਾ ਫਲ ਪ੍ਰਾਪਤ ਹੋਵੇ ਤਾਂ ਮੈਂ ਨਹੀਂ ਜਾਣਦਾ ਜੋ ਮੈਂ ਕਿਸਨੂੰ ਚੁਣਾਂ। 23ਪਰ ਮੈਂ ਦੋਹਾਂ ਦੇ ਵਿਚਾਲੇ ਫਸਿਆ ਹੋਇਆ ਹਾਂ। ਮੈਂ ਚਾਹੁੰਦਾ ਹਾਂ ਭਈ ਛੁਟਕਾਰਾ ਪਾਵਾਂ ਅਤੇ ਮਸੀਹ ਦੇ ਕੋਲ ਜਾ ਰਹਾਂ ਕਿਉਂ ਜੋ ਇਹ ਬਹੁਤ ਹੀ ਉੱਤਮ ਹੈ। 24ਪਰ ਸਰੀਰ ਵਿੱਚ ਮੇਰਾ ਰਹਿਣਾ ਤੁਹਾਡੇ ਲਈ ਵਧੇਰੇ ਜ਼ਰੂਰੀ ਹੈ। 25ਅਤੇ ਇਸ ਗੱਲ ਦੀ ਪਰਤੀਤ ਹੋਣ ਕਰਕੇ ਮੈਂ ਜਾਣਦਾ ਹਾਂ ਜੋ ਮੈਂ ਜਿਉਂਦਾ ਰਹਾਂਗਾ ਅਤੇ ਤੁਸੀਂ ਸਭਨਾਂ ਦੇ ਨਾਲ ਠਹਿਰਾਂਗਾ ਜਿਸ ਕਰਕੇ ਵਿਸ਼ਵਾਸ ਵਿੱਚ ਤੁਹਾਡੀ ਉਨੱਤੀ ਅਤੇ ਅਨੰਦ ਹੋਵੇ। 26ਤਾਂ ਜੋ ਮਸੀਹ ਯਿਸੂ ਵਿੱਚ ਤੁਹਾਡਾ ਅਭਮਾਨ ਜੋ ਮੇਰੇ ਉੱਤੇ ਹੈ, ਉਹ ਤੁਹਾਡੇ ਕੋਲ ਮੇਰੇ ਫੇਰ ਆਉਣ ਕਰਕੇ ਵੱਧ ਜਾਵੇ।
ਖੁਸ਼ਖਬਰੀ ਦੇ ਯੋਗ ਜੀਵਨ
27ਸਿਰਫ਼ ਤੁਸੀਂ ਮਸੀਹ ਦੀ ਖੁਸ਼ਖਬਰੀ ਦੇ ਯੋਗ ਚਾਲ ਚੱਲੋ ਜੋ ਮੈਂ ਭਾਵੇਂ ਆਣ ਕੇ ਤੁਹਾਨੂੰ ਵੇਖਾਂ ਭਾਵੇਂ ਤੁਹਾਡੇ ਤੋਂ ਦੂਰ ਹੋਵਾਂ, ਪਰ ਤੁਹਾਡੇ ਬਾਰੇ ਇਹ ਸੁਣਾਂ ਕਿ ਤੁਸੀਂ ਇੱਕੋ ਆਤਮਾ ਵਿੱਚ ਦ੍ਰਿੜ੍ਹ ਅਤੇ ਇੱਕੋ ਮਨ ਹੋ ਕੇ ਖੁਸ਼ਖਬਰੀ ਦੇ ਵਿਸ਼ਵਾਸ ਲਈ ਮਿਹਨਤ ਕਰਦੇ ਹੋ। 28ਅਤੇ ਕਿਸੇ ਗੱਲ ਵਿੱਚ ਵਿਰੋਧੀਆਂ ਤੋਂ ਨਹੀਂ ਡਰਦੇ ਹੋ l ਜਿਹੜਾ ਉਹਨਾਂ ਲਈ ਨਾਸ ਦਾ ਪੱਕਾ ਨਿਸ਼ਾਨ ਹੈ, ਪਰ ਤੁਹਾਡੀ ਮੁਕਤੀ ਦਾ, ਅਤੇ ਇਹ ਪਰਮੇਸ਼ੁਰ ਦੀ ਵੱਲੋਂ ਹੈ। 29ਕਿਉਂ ਜੋ ਮਸੀਹ ਦੇ ਕਾਰਨ ਤੁਹਾਡੇ ਉੱਤੇ ਇਹ ਕਿਰਪਾ ਹੋਈ ਜੋ ਤੁਸੀਂ ਨਾ ਕੇਵਲ ਉਸ ਉੱਤੇ ਵਿਸ਼ਵਾਸ ਕਰੋ ਸਗੋਂ ਉਹ ਦੇ ਲਈ ਦੁੱਖ ਵੀ ਝੱਲੋ। 30ਅਤੇ ਤੁਸੀਂ ਇਹੋ ਜਿਹਾ ਜਤਨ ਕਰੋ ਜੋ ਤੁਸੀਂ ਮੈਨੂੰ ਕਰਦਿਆਂ ਡਿੱਠਾ ਅਤੇ ਹੁਣ ਵੀ ਸੁਣਦੇ ਹੋ।

Highlight

Share

Copy

None

Want to have your highlights saved across all your devices? Sign up or sign in