YouVersion Logo
Search Icon

ਗਿਣਤੀ 9

9
ਪਸਾਹ ਦਾ ਪਰਬ ਦੂਸਰੀ ਵਾਰ ਮਨਾਉਣਾ
1ਸੀਨਈ ਦੀ ਉਜਾੜ ਵਿੱਚ, ਦੂਜੇ ਸਾਲ ਦੇ ਪਹਿਲੇ ਮਹੀਨੇ ਇਸਰਾਏਲੀਆਂ ਦੇ ਮਿਸਰ ਦੇਸ ਵਿੱਚੋਂ ਨਿੱਕਲਣ ਤੋਂ ਬਾਅਦ ਯਹੋਵਾਹ ਮੂਸਾ ਨਾਲ ਬੋਲਿਆ, 2ਇਸਰਾਏਲੀ ਪਸਾਹ ਦੇ ਪਰਬ ਨੂੰ ਠਹਿਰਾਏ ਹੋਏ ਸਮੇਂ ਉੱਤੇ ਮਨਾਇਆ ਕਰਨ। 3ਇਸੇ ਮਹੀਨੇ ਦੀ ਚੌਧਵੀਂ ਤਾਰੀਖ਼ ਦੀ ਸ਼ਾਮ ਨੂੰ ਠਹਿਰਾਏ ਹੋਏ ਸਮੇਂ ਉੱਤੇ ਉਸ ਦੀਆਂ ਸਾਰੀਆਂ ਬਿਧੀਆਂ ਅਤੇ ਰੀਤਾਂ ਅਨੁਸਾਰ ਉਸ ਨੂੰ ਮਨਾਇਆ ਕਰੋ। 4ਇਸ ਲਈ ਮੂਸਾ ਨੇ ਇਸਰਾਏਲੀਆਂ ਨੂੰ ਪਸਾਹ ਮਨਾਉਣ ਲਈ ਆਖਿਆ। 5ਉਪਰੰਤ ਉਨ੍ਹਾਂ ਨੇ ਪਹਿਲੇ ਮਹੀਨੇ ਦੀ ਚੌਧਵੀਂ ਤਾਰੀਖ਼ ਦੀ ਸ਼ਾਮ ਨੂੰ ਸੀਨਈ ਦੀ ਉਜਾੜ ਵਿੱਚ ਪਸਾਹ ਨੂੰ ਮਨਾਇਆ, ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਉਸੇ ਤਰ੍ਹਾਂ ਹੀ ਇਸਰਾਏਲੀਆਂ ਨੇ ਕੀਤਾ। 6ਕਈ ਮਨੁੱਖ, ਜਿਹੜੇ ਕਿਸੇ ਆਦਮੀ ਦੀ ਲਾਸ਼ ਦੇ ਕਾਰਨ ਅਸ਼ੁੱਧ ਹੋ ਗਏ ਸਨ, ਉਹ ਪਸਾਹ ਦਾ ਪਰਬ ਨਾ ਮਨਾ ਸਕੇ ਤਦ ਉਹ ਮੂਸਾ ਅਤੇ ਹਾਰੂਨ ਦੇ ਕੋਲ ਆਏ, 7ਉਨ੍ਹਾਂ ਮਨੁੱਖਾਂ ਨੇ ਆਖਿਆ ਕਿ ਅਸੀਂ ਇੱਕ ਆਦਮੀ ਦੀ ਲਾਸ਼ ਦੇ ਕਾਰਨ ਅਸ਼ੁੱਧ ਹੋ ਗਏ ਹਾਂ, ਪਰ ਅਸੀਂ ਕਿਉਂ ਰੁਕੇ ਰਹੀਏ ਕਿ ਅਸੀਂ ਯਹੋਵਾਹ ਦਾ ਚੜ੍ਹਾਵਾ ਠਹਿਰਾਏ ਹੋਏ ਸਮੇਂ ਉੱਤੇ ਇਸਰਾਏਲੀਆਂ ਦੇ ਵਿੱਚ ਨਾ ਚੜ੍ਹਾਈਏ? 8ਮੂਸਾ ਨੇ ਉਨ੍ਹਾਂ ਨੂੰ ਆਖਿਆ, ਰੁਕੋ, ਮੈਂ ਸੁਣ ਲਵਾਂ ਕਿ ਯਹੋਵਾਹ ਤੁਹਾਡੇ ਵਿਖੇ ਕੀ ਆਗਿਆ ਦਿੰਦਾ ਹੈ।
9ਤਦ ਯਹੋਵਾਹ ਨੇ ਮੂਸਾ ਨੂੰ ਆਖਿਆ, 10ਇਸਰਾਏਲੀਆਂ ਨੂੰ ਆਖ ਕਿ ਜੇ ਕੋਈ ਮਨੁੱਖ ਕਿਸੇ ਦੀ ਲਾਸ਼ ਦੇ ਕਾਰਨ ਜਾਂ ਕਿਸੇ ਦੂਰ ਸਫ਼ਰ ਦੇ ਕਾਰਨ ਅਸ਼ੁੱਧ ਹੋ ਗਿਆ ਹੋਵੇ, ਭਾਵੇਂ ਤੁਹਾਡੇ ਵਿੱਚੋਂ, ਭਾਵੇਂ ਤੁਹਾਡੀ ਅੰਸ ਵਿੱਚੋਂ ਤਾਂ ਵੀ ਉਹ ਯਹੋਵਾਹ ਦੇ ਲਈ ਪਸਾਹ ਨੂੰ ਮਨਾਵੇ। 11ਉਹ ਦੂਜੇ ਮਹੀਨੇ ਦੀ ਚੌਧਵੀਂ ਤਾਰੀਖ਼ ਦੀ ਸ਼ਾਮ ਨੂੰ ਉਹ ਨੂੰ ਮਨਾਉਣ, ਉਹ ਪਸਾਹ ਦੀ ਪਤੀਰੀ ਰੋਟੀ ਅਤੇ ਸਾਗ ਪੱਤ ਨਾਲ ਉਸ ਨੂੰ ਖਾਣ। 12ਉਹ ਸਵੇਰ ਤੱਕ ਕੁਝ ਵੀ ਬਾਕੀ ਨਾ ਛੱਡਣ ਅਤੇ ਨਾ ਹੀ ਉਸ ਦੀ ਹੱਡੀ ਤੋੜਨ ਅਤੇ ਪਸਾਹ ਦੀ ਸਾਰੀ ਬਿਧੀ ਅਨੁਸਾਰ ਉਹ ਨੂੰ ਮਨਾਉਣ। 13ਪਰੰਤੂ ਜਿਹੜਾ ਮਨੁੱਖ ਸ਼ੁੱਧ ਹੋਵੇ ਅਤੇ ਸਫ਼ਰ ਵਿੱਚ ਵੀ ਨਾ ਹੋਵੇ ਅਤੇ ਜੇਕਰ ਉਹ ਪਸਾਹ ਮਨਾਉਣ ਤੋਂ ਇਨਕਾਰ ਕਰੇ ਤਾਂ ਉਹ ਮਨੁੱਖ ਆਪਣਿਆਂ ਲੋਕਾਂ ਵਿੱਚੋਂ ਕੱਢਿਆ ਜਾਵੇ ਕਿਉਂ ਜੋ ਉਸ ਨੇ ਯਹੋਵਾਹ ਦਾ ਚੜ੍ਹਾਵਾ ਠਹਿਰਾਏ ਹੋਏ ਸਮੇਂ ਉੱਤੇ ਨਹੀਂ ਚੜ੍ਹਾਇਆ, ਉਹ ਮਨੁੱਖ ਆਪਣਾ ਪਾਪ ਆਪ ਚੁੱਕੇਗਾ। 14ਜੇਕਰ ਤੁਹਾਡੇ ਵਿੱਚ ਕੋਈ ਪਰਦੇਸੀ ਰਹਿ ਰਿਹਾ ਹੋਵੇ ਅਤੇ ਉਹ ਯਹੋਵਾਹ ਲਈ ਪਸਾਹ ਮਨਾਉਣੀ ਚਾਹੇ ਤਾਂ ਉਹ ਪਸਾਹ ਦੀ ਬਿਧੀ ਅਤੇ ਉਹ ਦੀ ਰੀਤੀ ਅਨੁਸਾਰ ਮਨਾਵੇ। ਤੁਹਾਡੇ ਅਤੇ ਪਰਦੇਸੀ ਲਈ ਇੱਕੋ ਹੀ ਬਿਧੀ ਹੋਵੇ।
ਨਿਵਾਸ ਸਥਾਨ ਉੱਤੇ ਬੱਦਲ
ਕੂਚ 40:34-38
15ਜਿਸ ਦਿਨ ਡੇਰਾ ਖੜ੍ਹਾ ਕੀਤਾ ਗਿਆ ਤਾਂ ਬੱਦਲ ਨੇ ਡੇਰੇ ਨੂੰ ਸਾਖੀ ਦੇ ਤੰਬੂ ਤੱਕ ਢੱਕ ਲਿਆ ਅਤੇ ਸ਼ਾਮ ਨੂੰ ਡੇਰੇ ਉੱਤੇ ਸਵੇਰ ਤੱਕ ਅੱਗ ਜਿਹੀ ਦਿੱਸਦੀ ਰਹੀ। 16ਇਸ ਤਰ੍ਹਾਂ ਸਦਾ ਹੀ ਹੁੰਦਾ ਸੀ। ਬੱਦਲ ਉਹ ਨੂੰ ਢੱਕਦਾ ਹੁੰਦਾ ਸੀ ਅਤੇ ਰਾਤ ਨੂੰ ਅੱਗ ਦਿੱਸਦੀ ਹੁੰਦੀ ਸੀ। 17ਜਦੋਂ ਵੀ ਬੱਦਲ ਤੰਬੂ ਦੇ ਉੱਤੋਂ ਚੁੱਕਿਆ ਜਾਂਦਾ ਸੀ ਤਾਂ ਉਸ ਦੇ ਪਿੱਛੇ ਇਸਰਾਏਲੀ ਕੂਚ ਕਰਦੇ ਸਨ ਅਤੇ ਜਿਸ ਥਾਂ ਬੱਦਲ ਠਹਿਰਦਾ ਸੀ ਉੱਥੇ ਇਸਰਾਏਲੀ ਡੇਰੇ ਲਾਉਂਦੇ ਸਨ। 18ਯਹੋਵਾਹ ਦੇ ਹੁਕਮ ਉੱਤੇ ਇਸਰਾਏਲੀ ਕੂਚ ਕਰਦੇ ਸਨ ਅਤੇ ਯਹੋਵਾਹ ਦੇ ਹੁਕਮ ਨਾਲ ਡੇਰੇ ਲਾਉਂਦੇ ਸਨ। ਜਿਨ੍ਹਾਂ ਚਿਰ ਬੱਦਲ ਡੇਰੇ ਦੇ ਉੱਤੇ ਠਹਿਰਦਾ ਸੀ ਉਨ੍ਹੀਂ ਦੇਰ ਤੱਕ ਆਪਣੇ ਡੇਰੇ ਵਿੱਚ ਰਹਿੰਦੇ ਸਨ। 19ਜਦ ਬੱਦਲ ਡੇਰੇ ਉੱਤੇ ਬਹੁਤੇ ਦਿਨਾਂ ਤੱਕ ਠਹਿਰਿਆ ਰਹਿੰਦਾ ਸੀ ਤਾਂ ਇਸਰਾਏਲੀ ਯਹੋਵਾਹ ਦੇ ਹੁਕਮ ਨੂੰ ਮੰਨਦੇ ਹੋਏ ਕੂਚ ਨਹੀਂ ਕਰਦੇ ਸਨ। 20ਕਦੀ-ਕਦੀ ਬੱਦਲ ਥੋੜ੍ਹੇ ਦਿਨ ਡੇਰੇ ਦੇ ਉੱਤੇ ਰਹਿੰਦਾ ਸੀ ਤਦ ਯਹੋਵਾਹ ਦੇ ਹੁਕਮ ਅਨੁਸਾਰ ਉਹ ਡੇਰੇ ਵਿੱਚ ਹੀ ਰਹਿੰਦੇ ਸਨ ਅਤੇ ਫੇਰ ਯਹੋਵਾਹ ਦੇ ਹੁਕਮ ਅਨੁਸਾਰ ਕੂਚ ਕਰਦੇ ਸਨ। 21ਅਤੇ ਕਦੀ-ਕਦੀ ਬੱਦਲ ਸ਼ਾਮ ਤੋਂ ਸਵੇਰ ਤੱਕ ਹੁੰਦਾ ਸੀ ਤਾਂ ਜਦ ਸਵੇਰ ਨੂੰ ਬੱਦਲ ਚੁੱਕਿਆ ਜਾਂਦਾ ਸੀ ਤਾਂ ਉਹ ਕੂਚ ਕਰਦੇ ਸਨ। ਭਾਵੇਂ ਦਿਨ ਨੂੰ ਭਾਵੇਂ ਰਾਤ ਨੂੰ ਜਦ ਬੱਦਲ ਚੁੱਕਿਆ ਜਾਂਦਾ ਸੀ ਤਦ ਉਹ ਕੂਚ ਕਰਦੇ ਸਨ। 22ਭਾਵੇਂ ਦੋ ਦਿਨ, ਭਾਵੇਂ ਮਹੀਨਾ ਭਾਵੇਂ ਪੂਰਾ ਸਾਲ ਬੱਦਲ ਜਦ ਤੱਕ ਡੇਰੇ ਉੱਤੇ ਠਹਿਰਿਆ ਰਹਿੰਦਾ ਸੀ, ਉਦੋਂ ਤੱਕ ਇਸਰਾਏਲੀ ਆਪਣੇ ਡੇਰਿਆਂ ਵਿੱਚ ਰਹਿੰਦੇ ਹੁੰਦੇ ਸਨ ਅਤੇ ਕੂਚ ਨਹੀਂ ਕਰਦੇ ਸਨ ਪਰ ਜਦ ਬੱਦਲ ਚੁੱਕਿਆ ਜਾਂਦਾ ਸੀ, ਤਦ ਉਹ ਕੂਚ ਕਰਦੇ ਸਨ। 23ਯਹੋਵਾਹ ਦੇ ਹੁਕਮ ਨਾਲ ਉਹ ਡੇਰੇ ਲਾਉਂਦੇ ਸਨ ਅਤੇ ਯਹੋਵਾਹ ਦੇ ਹੁਕਮ ਨਾਲ ਉਹ ਕੂਚ ਕਰਦੇ ਸਨ। ਉਹ ਯਹੋਵਾਹ ਦੀ ਆਗਿਆ ਨੂੰ ਮੰਨਦੇ ਸਨ ਜਿਵੇਂ ਯਹੋਵਾਹ ਮੂਸਾ ਦੇ ਰਾਹੀਂ ਹੁਕਮ ਦਿੰਦਾ ਸੀ।

Currently Selected:

ਗਿਣਤੀ 9: IRVPun

Highlight

Copy

Compare

Share

None

Want to have your highlights saved across all your devices? Sign up or sign in