ਗਿਣਤੀ 3
3
ਹਾਰੂਨ ਦੇ ਪੁੱਤਰ
1ਇਹ ਹਾਰੂਨ ਅਤੇ ਮੂਸਾ ਦੀ ਵੰਸ਼ਾਵਲੀ ਹੈ, ਜਿਸ ਦਿਨ ਯਹੋਵਾਹ ਸੀਨਈ ਪਰਬਤ ਉੱਤੇ ਮੂਸਾ ਨਾਲ ਬੋਲਿਆ। 2ਹਾਰੂਨ ਦੇ ਪੁੱਤਰਾਂ ਦੇ ਨਾਮ ਇਹ ਹਨ, ਪਹਿਲੌਠਾ ਨਾਦਾਬ, ਫ਼ੇਰ ਅਬੀਹੂ, ਅਲਆਜ਼ਾਰ ਅਤੇ ਈਥਾਮਾਰ। 3ਇਹ ਹਾਰੂਨ ਦੇ ਪੁੱਤਰਾਂ ਦੇ ਨਾਮ ਹਨ, ਉਹ ਜਾਜਕ ਜਿਹੜੇ ਮਸਹ ਕੀਤੇ ਗਏ ਅਤੇ ਜਿਨ੍ਹਾਂ ਨੂੰ ਉਸ ਨੇ ਜਾਜਕਾਈ ਲਈ ਥਾਪਿਆ। 4ਨਾਦਾਬ ਅਤੇ ਅਬੀਹੂ ਯਹੋਵਾਹ ਦੇ ਸਨਮੁਖ ਮਰ ਗਏ ਜਦ ਉਹ ਸੀਨਈ ਦੀ ਉਜਾੜ ਵਿੱਚ ਯਹੋਵਾਹ ਦੇ ਸਨਮੁਖ ਅਯੋਗ ਅੱਗ ਲਿਆਏ ਅਤੇ ਉਨ੍ਹਾਂ ਦੇ ਪੁੱਤਰ ਨਹੀਂ ਸਨ ਇਸ ਲਈ ਅਲਆਜ਼ਾਰ ਅਤੇ ਈਥਾਮਾਰ ਆਪਣੇ ਪਿਤਾ ਹਾਰੂਨ ਦੇ ਅੱਗੇ ਜਾਜਕਾਈ ਦਾ ਕੰਮ ਕਰਦੇ ਸਨ।
ਜਾਜਕਾਂ ਦੀ ਸੇਵਾ ਦੇ ਲਈ ਲੇਵੀ
5ਯਹੋਵਾਹ ਨੇ ਮੂਸਾ ਨੂੰ ਆਖਿਆ 6ਕਿ ਲੇਵੀ ਦੇ ਗੋਤ ਨੂੰ ਨੇੜੇ ਲਿਆ ਅਤੇ ਉਨ੍ਹਾਂ ਨੂੰ ਹਾਰੂਨ ਜਾਜਕ ਦੇ ਅੱਗੇ ਖੜ੍ਹਾ ਕਰ ਤਾਂ ਜੋ ਉਹ ਉਸ ਦੀ ਸੇਵਾ ਕਰਨ। 7ਅਤੇ ਉਹ ਉਸਦਾ ਫ਼ਰਜ਼ ਅਤੇ ਸਾਰੀ ਮੰਡਲੀ ਦਾ ਫ਼ਰਜ਼ ਮਿਲਾਪ ਵਾਲੇ ਤੰਬੂ ਦੇ ਅੱਗੇ ਪੂਰਾ ਕਰਨ, ਜੋ ਉਹ ਡੇਰੇ ਦੀ ਟਹਿਲ ਸੇਵਾ ਕਰਨ। 8ਉਹ ਮਿਲਾਪ ਵਾਲੇ ਤੰਬੂ ਦੇ ਸਾਰੇ ਸਮਾਨ ਨਾਲੇ ਇਸਰਾਏਲੀਆਂ ਦਾ ਫ਼ਰਜ਼ ਪੂਰਾ ਕਰਨ ਅਤੇ ਰਖਵਾਲੀ ਕਰਨ, ਇਸ ਤਰ੍ਹਾਂ ਉਹ ਡੇਰੇ ਦੀ ਟਹਿਲ ਸੇਵਾ ਕਰਨ। 9ਤੂੰ ਲੇਵੀਆਂ ਨੂੰ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਦੇਈਂ। ਇਹ ਇਸਰਾਏਲੀਆਂ ਦੀ ਵੱਲੋਂ ਹਾਰੂਨ ਨੂੰ ਪੂਰੀ ਰੀਤੀ ਨਾਲ ਸਮਰਪਣ ਹੋਣ। 10ਤੂੰ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਜਾਜਕਾਈ ਲਈ ਠਹਿਰਾਈਂ ਤਾਂ ਜੋ ਉਹ ਆਪਣੀ ਜਾਜਕਾਈ ਨੂੰ ਸਾਂਭਣ ਅਤੇ ਜੇ ਕੋਈ ਅਜਨਬੀ ਨੇੜੇ ਆਵੇ ਉਹ ਮਾਰਿਆ ਜਾਵੇ।
11ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ, 12ਵੇਖ, ਮੈਂ ਲੇਵੀਆਂ ਨੂੰ ਇਸਰਾਏਲੀਆਂ ਵਿੱਚੋਂ ਸਾਰੇ ਪਹਿਲੌਠਿਆਂ ਦੇ ਥਾਂ ਜਿਹੜੇ ਇਸਰਾਏਲ ਵਿੱਚ ਹਨ, ਲੈ ਲਿਆ ਹੈ ਇਸ ਤਰ੍ਹਾਂ ਲੇਵੀ ਮੇਰੇ ਹੋਣਗੇ। 13ਕਿਉਂ ਜੋ ਹਰ ਇੱਕ ਪਹਿਲੌਠਾ ਮੇਰਾ ਹੈ ਜਿਸ ਦਿਨ ਤੋਂ ਮੈਂ ਮਿਸਰ ਦੇਸ ਵਿੱਚ ਹਰ ਇੱਕ ਪਹਿਲੌਠਾ ਮਾਰਿਆ। ਮੈਂ ਆਪਣੇ ਲਈ ਹਰ ਇੱਕ ਪਹਿਲੌਠਾ ਇਸਰਾਏਲ ਵਿੱਚ ਆਦਮੀ ਤੋਂ ਲੈ ਕੇ ਡੰਗਰ ਤੱਕ ਪਵਿੱਤਰ ਕੀਤਾ, ਉਹ ਮੇਰੇ ਹੋਣਗੇ। ਮੈਂ ਯਹੋਵਾਹ ਹਾਂ।
ਲੇਵੀਆਂ ਦੀ ਮਰਦਸ਼ੁਮਾਰੀ
14ਫੇਰ ਯਹੋਵਾਹ ਮੂਸਾ ਨਾਲ ਸੀਨਈ ਦੀ ਉਜਾੜ ਵਿੱਚ ਬੋਲਿਆ, 15ਲੇਵੀਆਂ ਵਿੱਚੋਂ ਜਿਹੜੇ ਇੱਕ ਮਹੀਨੇ ਜਾਂ ਇਸ ਤੋਂ ਵੱਧ ਉਮਰ ਦੇ ਹੋਣ ਉਹਨਾਂ ਨੂੰ ਉਨ੍ਹਾਂ ਦੇ ਪੁਰਖਿਆਂ ਦੇ ਘਰਾਣਿਆਂ ਅਤੇ ਉਨ੍ਹਾਂ ਦੇ ਟੱਬਰਾਂ ਅਨੁਸਾਰ ਗਿਣ। 16ਤਦ ਮੂਸਾ ਨੇ ਜਿਵੇਂ ਉਹ ਨੂੰ ਹੁਕਮ ਮਿਲਿਆ ਉਨ੍ਹਾਂ ਨੂੰ ਯਹੋਵਾਹ ਦੇ ਕਹੇ ਅਨੁਸਾਰ ਗਿਣਿਆ। 17ਇਹ ਲੇਵੀ ਦੇ ਪੁੱਤਰਾਂ ਦੇ ਨਾਮ ਸਨ, ਗੇਰਸ਼ੋਨ, ਕਹਾਥ ਅਤੇ ਮਰਾਰੀ। 18ਇਹ ਗੇਰਸ਼ੋਨ ਦੇ ਪੁੱਤਰਾਂ ਦੇ ਨਾਮ ਹਨ, ਉਨ੍ਹਾਂ ਦੇ ਟੱਬਰਾਂ ਅਨੁਸਾਰ, ਲਿਬਨੀ ਅਤੇ ਸ਼ਿਮਈ। 19ਕਹਾਥ ਦੇ ਪੁੱਤਰ, ਉਨ੍ਹਾਂ ਦੇ ਟੱਬਰਾਂ ਅਨੁਸਾਰ, ਅਮਰਾਮ, ਯਿਸਹਾਰ, ਹਬਰੋਨ ਅਤੇ ਉੱਜ਼ੀਏਲ। 20ਮਰਾਰੀ ਦੇ ਪੁੱਤਰ ਉਨ੍ਹਾਂ ਦੇ ਟੱਬਰਾਂ ਅਨੁਸਾਰ, ਮਹਲੀ ਅਤੇ ਮੂਸ਼ੀ। ਇਹ ਲੇਵੀ ਦੇ ਪਰਿਵਾਰ ਉਨ੍ਹਾਂ ਦੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਹਨ।
21ਲਿਬਨੀਆਂ ਦਾ ਪਰਿਵਾਰ ਅਤੇ ਸ਼ਿਮਈਆਂ ਦਾ ਪਰਿਵਾਰ, ਗੇਰਸ਼ੋਨ ਦੇ ਹਨ। ਇਹ ਗੇਰਸ਼ੋਨੀਆਂ ਦੇ ਪਰਿਵਾਰ ਹਨ। 22ਅਤੇ ਪੁਰਖ ਜਿਹੜੇ ਗਿਣਤੀ ਵਿੱਚ ਆਏ ਇੱਕ ਮਹੀਨੇ ਤੋਂ ਉੱਪਰ ਦੇ ਸੱਤ ਹਜ਼ਾਰ ਪੰਜ ਸੌ ਗਿਣੇ ਗਏ। 23ਗੇਰਸ਼ੋਨੀਆਂ ਦੇ ਪਰਿਵਾਰ ਡੇਰੇ ਦੇ ਮਗਰ ਪੱਛਮ ਵਾਲੇ ਪਾਸੇ ਡੇਰਾ ਲਾਉਣ। 24ਅਤੇ ਗੇਰਸ਼ੋਨੀਆਂ ਦੇ ਪੁਰਖਿਆਂ ਦੇ ਪਰਿਵਾਰ ਦਾ ਪ੍ਰਧਾਨ ਲਾਏਲ ਦਾ ਪੁੱਤਰ ਅਲਯਾਸਾਫ਼ ਹੋਵੇ। 25ਗੇਰਸ਼ੋਨੀਆਂ ਦੀ ਜ਼ਿੰਮੇਵਾਰੀ ਵਿੱਚ, ਮਿਲਾਪ ਵਾਲੇ ਤੰਬੂ ਵਿੱਚ ਡੇਰਾ ਅਤੇ ਤੰਬੂ, ਉਹ ਦਾ ਪਰਦਾ ਅਤੇ ਮੰਡਲੀ ਦੇ ਦਰਵਾਜ਼ੇ ਦਾ ਪਰਦਾ ਹੋਣ। 26ਨਾਲ ਹੀ ਵਿਹੜੇ ਦੀ ਕਨਾਤ ਅਤੇ ਵਿਹੜੇ ਦੇ ਦਰਵਾਜ਼ੇ ਦਾ ਪਰਦਾ ਜਿਹੜਾ ਡੇਰੇ ਦੇ ਕੋਲ ਅਤੇ ਜਗਵੇਦੀ ਦੇ ਕੋਲ ਅਤੇ ਆਲੇ-ਦੁਆਲੇ ਅਤੇ ਉਹ ਦੀਆਂ ਡੋਰੀਆਂ ਜੋ ਉਸ ਦੇ ਕੰਮ ਆਉਂਦੀਆਂ ਸਨ।
27ਕਹਾਥ ਵਿੱਚੋਂ ਅਮਰਾਮੀਆਂ ਦਾ ਪਰਿਵਾਰ ਅਤੇ ਯਿਸਹਾਰੀਆਂ ਦਾ ਪਰਿਵਾਰ ਅਤੇ ਹਬਰੋਨੀਆਂ ਦਾ ਪਰਿਵਾਰ ਅਤੇ ਉੱਜ਼ੀਏਲੀਆਂ ਦਾ ਪਰਿਵਾਰ ਸੀ। ਇਹ ਕਹਾਥ ਦੇ ਸਨ। 28ਸਾਰੇ ਪੁਰਖਾਂ ਦੀ ਗਿਣਤੀ ਜਿਹੜੇ ਇੱਕ ਮਹੀਨੇ ਅਤੇ ਇਸ ਤੋਂ ਉੱਪਰ ਦੇ ਸਨ, ਅੱਠ ਹਜ਼ਾਰ ਛੇ ਸੌ ਸੀ ਜਿਹੜੇ ਪਵਿੱਤਰ ਸਥਾਨ ਦੇ ਜ਼ਿੰਮੇਵਾਰ ਸਨ। 29ਕਹਾਥੀਆਂ ਦੇ ਪਰਿਵਾਰ ਡੇਰੇ ਦੇ ਦੱਖਣ ਵੱਲ ਆਪਣਾ ਡੇਰਾ ਲਾਉਣ। 30ਕਹਾਥੀਆਂ ਦੇ ਟੱਬਰਾਂ ਅਨੁਸਾਰ ਪੁਰਖਿਆਂ ਦੇ ਪਰਿਵਾਰ ਦਾ ਪ੍ਰਧਾਨ ਉੱਜ਼ੀਏਲ ਦਾ ਪੁੱਤਰ ਅਲੀਸਾਫ਼ਾਨ ਹੋਵੇ। 31ਅਤੇ ਜਿਹਨਾਂ ਵਸਤਾਂ ਦੀ ਜ਼ਿੰਮੇਵਾਰੀ ਉਨ੍ਹਾਂ ਨੂੰ ਦਿੱਤੀ ਗਈ ਅਰਥਾਤ ਸੰਦੂਕ, ਮੇਜ਼, ਸ਼ਮਾਦਾਨ, ਜਗਵੇਦੀਆਂ ਅਤੇ ਪਵਿੱਤਰ ਸਥਾਨ ਦਾ ਸਮਾਨ ਜਿਨ੍ਹਾਂ ਨਾਲ ਉਹ ਸੇਵਾ ਟਹਿਲ ਕਰਦੇ ਸਨ ਅਤੇ ਪਰਦਾ ਅਤੇ ਪਵਿੱਤਰ ਸਥਾਨ ਵਿੱਚ ਕੰਮ ਆਉਣ ਵਾਲਾ ਸਾਰਾ ਸਮਾਨ ਸ਼ਾਮਿਲ ਸੀ। 32ਅਤੇ ਲੇਵੀਆਂ ਦੇ ਹਾਕਮਾਂ ਦਾ ਪ੍ਰਧਾਨ ਹਾਰੂਨ ਜਾਜਕ ਦਾ ਪੁੱਤਰ ਅਲਆਜ਼ਾਰ ਹੋਵੇ ਅਤੇ ਉਹ ਪਵਿੱਤਰ ਸਥਾਨ ਦੇ ਰਖਵਾਲਿਆਂ ਦਾ ਮੁਖੀਆ ਹੋਵੇ।
33ਮਹਲੀਆਂ ਦਾ ਪਰਿਵਾਰ ਅਤੇ ਮੂਸ਼ੀਆਂ ਦਾ ਪਰਿਵਾਰ, ਮਰਾਰੀ ਦੇ ਵਿੱਚੋਂ ਸਨ। ਇਹ ਮਰਾਰੀ ਦੇ ਪਰਿਵਾਰ ਸਨ। 34ਸਾਰੇ ਪੁਰਖਾਂ ਦੀ ਗਿਣਤੀ ਜੋ ਇੱਕ ਮਹੀਨੇ ਜਾਂ ਇੱਕ ਮਹੀਨੇ ਤੋਂ ਉੱਪਰ ਦੇ ਸੀ, ਛੇ ਹਜ਼ਾਰ ਦੋ ਸੌ ਸਨ। 35ਮਰਾਰੀ ਦੇ ਟੱਬਰਾਂ ਅਨੁਸਾਰ ਉਨ੍ਹਾਂ ਦੇ ਪੁਰਖਿਆਂ ਦੇ ਪਰਿਵਾਰ ਦਾ ਪ੍ਰਧਾਨ ਅਬੀਹੈਲ ਦਾ ਪੁੱਤਰ ਸੂਰੀਏਲ ਹੋਵੇ। ਡੇਰੇ ਦੇ ਉੱਤਰ ਵੱਲ ਉਹ ਆਪਣਾ ਡੇਰਾ ਲਾਉਣ। 36ਅਤੇ ਜੋ ਵਸਤਾਂ ਮਰਾਰੀਆਂ ਨੂੰ ਦੇਖਭਾਲ ਲਈ ਦਿੱਤੀਆਂ ਗਈਆਂ ਉਹਨਾਂ ਦੀ ਰਖਵਾਲੀ ਕਰਨ, ਡੇਰੇ ਦੀਆਂ ਫੱਟੀਆਂ, ਉਸ ਦੇ ਕੁੰਡੇ ਉਸ ਦੀਆਂ ਥੰਮ੍ਹੀਆਂ, ਉਸ ਦੇ ਕਬਜ਼ੇ ਅਤੇ ਉਸ ਦਾ ਸਾਰਾ ਸਮਾਨ ਅਤੇ ਉਸ ਦੀ ਸਾਰੀ ਸੇਵਾ ਹੋਣ। 37ਨਾਲ ਹੀ ਵਿਹੜੇ ਦੇ ਆਲੇ-ਦੁਆਲੇ ਦੀਆਂ ਥੰਮ੍ਹੀਆਂ ਅਤੇ ਉਹਨਾਂ ਦੇ ਕਬਜ਼ੇ ਅਤੇ ਉਨ੍ਹਾਂ ਦੀਆਂ ਕੀਲੀਆਂ ਅਤੇ ਉਨ੍ਹਾਂ ਦੀਆਂ ਰੱਸੀਆਂ।
38ਜਿਹੜੇ ਡੇਰੇ ਦੇ ਸਾਹਮਣੇ ਪੂਰਬ ਵੱਲ ਮਿਲਾਪ ਵਾਲੇ ਤੰਬੂ ਅੱਗੇ ਚੜ੍ਹਦੇ ਪਾਸੇ ਆਪਣੇ ਤੰਬੂ ਲਾਉਣ, ਉਹ ਮੂਸਾ, ਹਾਰੂਨ ਅਤੇ ਉਹ ਦੇ ਪੁੱਤਰ ਹੋਣ। ਉਹ ਪਵਿੱਤਰ ਸਥਾਨ ਦੀ ਉਸ ਜ਼ਿੰਮੇਵਾਰੀ ਦੀ ਸੰਭਾਲ ਕਰਨ ਵਾਲੇ ਹੋਣ ਜਿਹੜੀ ਇਸਰਾਏਲੀਆਂ ਲਈ ਜ਼ਿੰਮੇਵਾਰੀ ਹੈ। ਪਰ ਜੇ ਕੋਈ ਅਜਨਬੀ ਨੇੜੇ ਆਵੇ ਤਾਂ ਉਹ ਮਾਰਿਆ ਜਾਵੇ। 39ਲੇਵੀਆਂ ਦੀ ਸਾਰੀ ਗਿਣਤੀ ਜਿਹੜੀ ਮੂਸਾ ਅਤੇ ਹਾਰੂਨ ਨੇ ਯਹੋਵਾਹ ਦੇ ਹੁਕਮ ਤੇ ਕੀਤੀ, ਉਨ੍ਹਾਂ ਦੇ ਟੱਬਰਾਂ ਅਨੁਸਾਰ ਅਰਥਾਤ ਸਾਰੇ ਪੁਰਖ ਜਿਹੜੇ ਇੱਕ ਮਹੀਨੇ ਜਾਂ ਇਸ ਤੋਂ ਉੱਪਰ ਦੇ ਸਨ ਬਾਈ ਹਜ਼ਾਰ ਸੀ।
ਪਹਿਲੌਠਿਆਂ ਨੂੰ ਛੁਡਾਉਣਾ
40ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ ਕਿ ਇਸਰਾਏਲੀਆਂ ਦੇ ਸਾਰੇ ਪਹਿਲੌਠੇ ਪੁਰਖ ਗਿਣ, ਜਿਹੜੇ ਇੱਕ ਮਹੀਨੇ ਜਾਂ ਇਸ ਤੋਂ ਉੱਪਰ ਦੇ ਹਨ ਅਤੇ ਉਨ੍ਹਾਂ ਦੇ ਨਾਮਾਂ ਦੀ ਗਿਣਤੀ ਕਰ। 41ਤੂੰ ਮੇਰੇ ਲਈ ਸਾਰੇ ਇਸਰਾਏਲੀਆਂ ਦੇ ਸਾਰੇ ਪਹਿਲੌਠਿਆਂ ਦੇ ਥਾਂ ਲੇਵੀਆਂ ਨੂੰ, ਇਸਰਾਏਲੀਆਂ ਦੇ ਡੰਗਰਾਂ ਦੇ ਪਹਿਲੌਠਿਆਂ ਦੀ ਥਾਂ ਲੇਵੀਆਂ ਦੇ ਡੰਗਰਾਂ ਨੂੰ ਲੈ ਲਈਂ। ਮੈਂ ਯਹੋਵਾਹ ਹਾਂ। 42ਜਿਵੇਂ ਯਹੋਵਾਹ ਨੇ ਉਹ ਨੂੰ ਹੁਕਮ ਦਿੱਤਾ ਸੀ ਮੂਸਾ ਨੇ ਇਸਰਾਏਲੀਆਂ ਦੇ ਸਾਰੇ ਪਹਿਲੌਠੇ ਗਿਣੇ। 43ਅਤੇ ਸਾਰੇ ਪੁਰਖ ਪਹਿਲੌਠਿਆਂ ਦੇ ਨਾਮ ਦੀ ਗਿਣਤੀ ਜਿਹੜੇ ਇੱਕ ਮਹੀਨੇ ਜਾਂ ਇਸ ਤੋਂ ਉੱਪਰ ਦੇ ਸਨ, ਬਾਈ ਹਜ਼ਾਰ ਦੋ ਸੌ ਤਿਹੱਤਰ ਸੀ।
44ਯਹੋਵਾਹ ਨੇ ਮੂਸਾ ਨੂੰ ਆਖਿਆ, 45ਇਸ ਤਰ੍ਹਾਂ ਲੇਵੀਆਂ ਨੂੰ ਇਸਰਾਏਲੀਆਂ ਦੇ ਸਾਰੇ ਪਹਿਲੌਠਿਆਂ ਦੇ ਥਾਂ ਅਤੇ ਲੇਵੀਆਂ ਦੇ ਡੰਗਰਾਂ ਨੂੰ ਉਨ੍ਹਾਂ ਦੇ ਡੰਗਰਾਂ ਦੇ ਥਾਂ ਲੈ ਲਈਂ ਅਤੇ ਇਸ ਤਰ੍ਹਾਂ ਲੇਵੀ ਮੇਰੇ ਲਈ ਹੋਣਗੇ। ਮੈਂ ਯਹੋਵਾਹ ਹਾਂ। 46ਅਤੇ ਉਨ੍ਹਾਂ ਦੋ ਸੌ ਤਿਹੱਤਰ ਇਸਰਾਏਲੀ ਪਹਿਲੌਠਿਆਂ ਦੇ ਛੁਟਕਾਰੇ ਲਈ ਜਿਹੜੇ ਲੇਵੀਆਂ ਤੋਂ ਵਧੀਕ ਹਨ, 47ਤੂੰ ਪੰਜ-ਪੰਜ ਰੁਪਏ ਹਰੇਕ ਪੁਰਖ ਦੇ ਲਈ ਪਵਿੱਤਰ ਸਥਾਨ ਦੇ ਸ਼ਕੇਲ ਅਨੁਸਾਰ ਲਵੀਂ (ਅਰਥਾਤ ਇੱਕ ਸ਼ਕੇਲ ਵੀਹ ਗੇਰਾਹ ਦਾ ਹੋਵੇ) 48ਤੂੰ ਉਹ ਚਾਂਦੀ ਹਾਰੂਨ ਅਤੇ ਉਹ ਦੇ ਪੁੱਤਰਾਂ ਨੂੰ ਦੇਈਂ। ਉਹ ਉਨ੍ਹਾਂ ਦੇ ਛੁਟਕਾਰੇ ਲਈ ਹੋਵੇ ਜਿਹੜੇ ਉਨ੍ਹਾਂ ਤੋਂ ਵਧੀਕ ਹਨ। 49ਉਪਰੰਤ ਮੂਸਾ ਨੇ ਛੁਟਕਾਰੇ ਦੀ ਚਾਂਦੀ ਉਨ੍ਹਾਂ ਤੋਂ ਲਈ, ਜਿਹੜੇ ਲੇਵੀਆਂ ਦੇ ਛੁਡਾਏ ਹੋਇਆਂ ਤੋਂ ਵਧੀਕ ਸਨ। 50ਇਸਰਾਏਲ ਦੇ ਪਹਿਲੌਠਿਆਂ ਤੋਂ ਉਸ ਨੇ ਇਹ ਚਾਂਦੀ ਲਈ, ਇੱਕ ਹਜ਼ਾਰ ਤਿੰਨ ਸੌ ਪੈਂਹਠ ਰੁਪਏ ਪਵਿੱਤਰ ਸਥਾਨ ਦੇ ਸ਼ਕੇਲ ਅਨੁਸਾਰ ਵਸੂਲ ਕੀਤੇ। 51ਮੂਸਾ ਨੇ ਛੁਡਾਏ ਹੋਇਆਂ ਦੀ ਚਾਂਦੀ, ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਯਹੋਵਾਹ ਦੇ ਆਖੇ ਅਨੁਸਾਰ ਦਿੱਤੀ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
Currently Selected:
ਗਿਣਤੀ 3: IRVPun
Highlight
Copy
Compare
Share
Want to have your highlights saved across all your devices? Sign up or sign in
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.