ਗਿਣਤੀ 22
22
ਰਾਜਾ ਬਾਲਾਕ ਦੁਆਰਾ ਬਿਲਆਮ ਨੂੰ ਭੇਜਿਆ ਜਾਣਾ
1ਤਦ ਇਸਰਾਏਲੀਆਂ ਨੇ ਕੂਚ ਕਰ ਕੇ ਮੋਆਬ ਦੇ ਮੈਦਾਨ ਵਿੱਚ, ਯਰਦਨ ਦੇ ਪਾਰ ਯਰੀਹੋ ਦੇ ਕੋਲ ਡੇਰੇ ਲਾਏ।
2ਸਿੱਪੋਰ ਦੇ ਪੁੱਤਰ ਬਾਲਾਕ ਨੇ ਸਭ ਕੁਝ ਵੇਖਿਆ ਜੋ ਇਸਰਾਏਲੀਆਂ ਨੇ ਅਮੋਰੀਆਂ ਨਾਲ ਕੀਤਾ ਸੀ। 3ਇਸ ਲਈ ਮੋਆਬ ਉਸ ਪਰਜਾ ਤੋਂ ਬਹੁਤ ਡਰਿਆ ਕਿਉਂ ਜੋ ਉਹ ਗਿਣਤੀ ਵਿੱਚ ਵੱਧ ਸਨ, ਸੋ ਮੋਆਬ ਇਸਰਾਏਲੀਆਂ ਦੇ ਕਾਰਨ ਬਹੁਤ ਘਬਰਾਇਆ। 4ਤਦ ਮੋਆਬ ਨੇ ਮਿਦਯਾਨ ਦੇ ਬਜ਼ੁਰਗਾਂ ਨੂੰ ਆਖਿਆ ਕੀ ਹੁਣ ਇਹ ਦਲ ਸਾਡੇ ਆਲੇ-ਦੁਆਲੇ ਦਾ ਸਭ ਕੁਝ ਖ਼ਤਮ ਕਰ ਜਾਵੇਗਾ ਜਿਵੇਂ ਬਲ਼ਦ ਖੇਤ ਦਾ ਘਾਹ ਖ਼ਤਮ ਕਰ ਦਿੰਦਾ ਹੈ। ਸਿੱਪੋਰ ਦਾ ਪੁੱਤਰ ਬਾਲਾਕ ਉਸ ਸਮੇਂ ਮੋਆਬ ਦਾ ਰਾਜਾ ਸੀ। 5ਫੇਰ ਉਸ ਨੇ ਪਥੋਰ ਨਗਰ ਨੂੰ, ਜਿਹੜਾ ਵੱਡੇ ਦਰਿਆ ਉੱਤੇ ਹੈ ਆਪਣੀ ਉੱਮਤ ਦੇ ਅੰਸ ਦੇ ਦੇਸ ਵਿੱਚ ਬਓਰ ਦੇ ਪੁੱਤਰ ਬਿਲਆਮ ਕੋਲ, ਸੰਦੇਸ਼ਵਾਹਕ ਘੱਲੇ ਕਿ ਉਹ ਉਸ ਨੂੰ ਇਹ ਆਖ ਕੇ ਸੱਦੇ ਕਿ ਵੇਖੋ, ਇੱਕ ਦਲ ਮਿਸਰ ਤੋਂ ਨਿੱਕਲਿਆ ਹੈ ਅਤੇ ਵੇਖੋ, ਉਹਨਾਂ ਨੇ ਧਰਤੀ ਨੂੰ ਆਪਣੀ ਵੱਸੋਂ ਨਾਲ ਭਰ ਲਿਆ ਹੈ ਅਤੇ ਉਹ ਹੁਣ ਮੇਰੇ ਸਾਹਮਣੇ ਆ ਵੱਸੇ ਹਨ। 6ਹੁਣ ਤੂੰ ਆ ਕੇ ਇਸ ਦਲ ਨੂੰ ਮੇਰੇ ਲਈ ਸਰਾਪ ਦੇਵੀਂ ਕਿਉਂ ਜੋ ਉਹ ਮੇਰੇ ਨਾਲੋਂ ਅੱਤ ਬਲਵੰਤ ਹਨ। ਸ਼ਾਇਦ ਮੈਂ ਫਤਹ ਪਾਵਾਂ ਅਤੇ ਅਸੀਂ ਉਨ੍ਹਾਂ ਨੂੰ ਅਜਿਹਾ ਮਾਰੀਏ ਕਿ ਉਨ੍ਹਾਂ ਨੂੰ ਆਪਣੇ ਦੇਸ ਤੋਂ ਕੱਢ ਦੇਈਏ ਕਿਉਂ ਜੋ ਮੈਂ ਜਾਣਦਾ ਹਾਂ ਕਿ ਜਿਸ ਨੂੰ ਤੂੰ ਬਰਕਤ ਦੇਵੇਂ ਉਹ ਮੁਬਾਰਕ ਹੈ, ਅਤੇ ਜਿਸ ਨੂੰ ਤੂੰ ਸਰਾਪ ਦੇਵੇਂ ਉਹ ਸਰਾਪੀ ਹੈ।
7ਤਦ ਮੋਆਬ ਦੇ ਅਤੇ ਮਿਦਯਾਨ ਦੇ ਬਜ਼ੁਰਗ ਚੱਲ ਪਏ ਅਤੇ ਉਨ੍ਹਾਂ ਦੇ ਹੱਥਾਂ ਵਿੱਚ ਅਗੰਮ ਨੂੰ ਜਾਣਨ ਲਈ ਇਨਾਮ ਸਨ ਅਤੇ ਉਹ ਬਿਲਆਮ ਕੋਲ ਆ ਕੇ ਉਸ ਨੂੰ ਬਾਲਾਕ ਦੀਆਂ ਗੱਲਾਂ ਬਾਰੇ ਦੱਸਿਆ। 8ਉਸ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਅੱਜ ਦੀ ਰਾਤ ਇੱਥੇ ਠਹਿਰੋ ਅਤੇ ਜਿਵੇਂ ਯਹੋਵਾਹ ਮੈਨੂੰ ਬੋਲੇ ਮੈਂ ਤੁਹਾਡੇ ਕੋਲ ਮੁੜ ਖ਼ਬਰ ਲਿਆਵਾਂਗਾ। ਉਪਰੰਤ ਮੋਆਬ ਦੇ ਪ੍ਰਧਾਨ ਬਿਲਆਮ ਨਾਲ ਠਹਿਰੇ। 9ਪਰਮੇਸ਼ੁਰ ਨੇ ਬਿਲਆਮ ਨੂੰ ਪੁੱਛਿਆ ਕਿ ਇਹ ਮਨੁੱਖ ਤੇਰੇ ਨਾਲ ਕੌਣ ਹਨ? 10ਬਿਲਆਮ ਨੇ ਪਰਮੇਸ਼ੁਰ ਨੂੰ ਆਖਿਆ, ਸਿੱਪੋਰ ਦੇ ਪੁੱਤਰ ਬਾਲਾਕ ਮੋਆਬ ਦੇ ਰਾਜੇ ਨੇ ਉਨ੍ਹਾਂ ਨੂੰ ਮੇਰੇ ਕੋਲ ਇਹ ਆਖ ਕੇ ਭੇਜਿਆ। 11ਕਿ ਵੇਖੋ, ਇਹ ਦਲ ਜਿਹੜਾ ਮਿਸਰ ਤੋਂ ਆਇਆ ਹੈ ਉਸ ਨੇ ਧਰਤੀ ਨੂੰ ਆਪਣੀ ਵੱਸੋਂ ਨਾਲ ਭਰ ਦਿੱਤਾ ਹੈ। ਹੁਣ ਆ ਮੇਰੇ ਲਈ ਉਨ੍ਹਾਂ ਨੂੰ ਸਰਾਪ ਦੇ, ਸ਼ਾਇਦ ਅਜਿਹਾ ਹੋਵੇ ਜੋ ਮੈਂ ਉਨ੍ਹਾਂ ਨਾਲ ਲੜ ਸਕਾਂ ਅਤੇ ਉਹਨਾਂ ਨੂੰ ਕੱਢ ਦਿਆਂ। 12ਪਰ ਪਰਮੇਸ਼ੁਰ ਨੇ ਬਿਲਆਮ ਨੂੰ ਆਖਿਆ, ਇਹਨਾਂ ਨਾਲ ਨਾ ਜਾਵੀਂ, ਨਾ ਇਸ ਪਰਜਾ ਨੂੰ ਸਰਾਪ ਦੇਈਂ ਕਿਉਂ ਜੋ ਉਹ ਅਸੀਸ ਦੇ ਅਧਿਕਾਰੀ ਹਨ। 13ਬਿਲਆਮ ਨੇ ਸਵੇਰ ਨੂੰ ਉੱਠ ਕੇ ਬਾਲਾਕ ਦੇ ਹਾਕਮਾਂ ਨੂੰ ਆਖਿਆ, ਆਪਣੇ ਦੇਸ ਨੂੰ ਜਾਓ ਕਿਉਂ ਜੋ ਯਹੋਵਾਹ ਨੇ ਮੈਨੂੰ ਤੁਹਾਡੇ ਨਾਲ ਜਾਣ ਤੋਂ ਮਨ੍ਹਾ ਕੀਤਾ ਹੈ। 14ਤਦ ਮੋਆਬ ਦੇ ਪ੍ਰਧਾਨ ਉੱਠ ਕੇ ਬਾਲਾਕ ਕੋਲ ਆਏ ਅਤੇ ਉਨ੍ਹਾਂ ਨੇ ਆਖਿਆ, ਬਿਲਆਮ ਨੇ ਸਾਡੇ ਨਾਲ ਆਉਣ ਤੋਂ ਇਨਕਾਰ ਕੀਤਾ।
15ਤਦ ਬਾਲਾਕ ਨੇ ਇੱਕ ਵਾਰ ਹੋਰ ਪ੍ਰਧਾਨ ਘੱਲੇ ਜਿਹੜੇ ਇਹਨਾਂ ਤੋਂ ਜਿਆਦਾ ਅਤੇ ਪਤਵੰਤੇ ਸਨ। 16ਉਹ ਬਿਲਆਮ ਕੋਲ ਆਏ ਅਤੇ ਉਹ ਨੂੰ ਆਖਿਆ, ਸਿੱਪੋਰ ਦਾ ਪੁੱਤਰ ਬਾਲਾਕ ਇਹ ਆਖਦਾ ਹੈ ਕਿ ਮੇਰੇ ਕੋਲ ਆਉਣ ਤੋਂ ਨਾ ਰੁਕੋ। 17ਕਿਉਂ ਜੋ ਮੈਂ ਤੁਹਾਡਾ ਵੱਡਾ ਸਤਿਕਾਰ ਕਰਾਂਗਾ ਅਤੇ ਜੋ ਕੁਝ ਤੁਸੀਂ ਮੈਨੂੰ ਆਖੋ, ਮੈਂ ਕਰਾਂਗਾ ਪਰ ਜ਼ਰੂਰ ਆਓ, ਮੇਰੇ ਲਈ ਇਸ ਦਲ ਨੂੰ ਸਰਾਪ ਦਿਓ। 18ਅੱਗੋਂ ਬਿਲਆਮ ਨੇ ਬਾਲਾਕ ਦੇ ਸੇਵਕਾਂ ਨੂੰ ਉੱਤਰ ਦੇ ਕੇ ਆਖਿਆ, ਜੇਕਰ ਬਾਲਾਕ ਮੈਨੂੰ ਆਪਣਾ ਸੋਨੇ ਤੇ ਚਾਂਦੀ ਨਾਲ ਭਰਿਆ ਘਰ ਵੀ ਦੇ ਦੇਵੇ ਤਾਂ ਵੀ ਮੈਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮ ਦੀ ਉਲੰਘਣਾ ਨਹੀਂ ਕਰ ਸਕਦਾ ਕਿ ਉਸ ਨੂੰ ਘੱਟ ਜਾਂ ਵੱਧ ਜਾਣ ਕੇ ਮੰਨਾ। 19ਹੁਣ, ਤੁਸੀਂ ਅੱਜ ਦੀ ਰਾਤ ਇੱਥੇ ਹੀ ਠਹਿਰਨਾ, ਤਾਂ ਜੋ ਮੈਂ ਜਾਣ ਲਵਾਂ ਕਿ ਯਹੋਵਾਹ ਕਿਹੜੀ ਗੱਲ ਮੇਰੇ ਨਾਲ ਬੋਲੇਗਾ। 20ਪਰਮੇਸ਼ੁਰ ਬਿਲਆਮ ਕੋਲ ਰਾਤ ਨੂੰ ਆਇਆ ਅਤੇ ਉਸ ਨੂੰ ਆਖਿਆ, ਜਿਹੜੇ ਮਨੁੱਖ ਤੈਨੂੰ ਬੁਲਾਉਣ ਆਏ ਹਨ, ਉੱਠ ਕੇ ਇਹਨਾਂ ਨਾਲ ਚਲਾ ਜਾ, ਪਰ ਸਿਰਫ਼ ਉਹ ਗੱਲ ਜਿਹੜੀ ਮੈਂ ਤੈਨੂੰ ਆਖਾਂ, ਤੂੰ ਉਸੇ ਤਰ੍ਹਾਂ ਹੀ ਕਰੀਂ।
ਬਿਲਆਮ ਅਤੇ ਉਸ ਦੀ ਗਧੀ
21ਤਦ ਬਿਲਆਮ ਨੇ ਸਵੇਰ ਨੂੰ ਉੱਠ ਕੇ, ਆਪਣੀ ਗਧੀ ਉੱਤੇ ਕਾਠੀ ਬੰਨ੍ਹੀ ਅਤੇ ਮੋਆਬ ਦੇ ਹਾਕਮਾਂ ਨਾਲ ਤੁਰ ਪਿਆ। 22ਅਤੇ ਉਸ ਦੇ ਜਾਣ ਦੇ ਕਾਰਨ ਪਰਮੇਸ਼ੁਰ ਦਾ ਕ੍ਰੋਧ ਭੜਕ ਉੱਠਿਆ ਅਤੇ ਯਹੋਵਾਹ ਦਾ ਦੂਤ ਉਸ ਦਾ ਵਿਰੋਧ ਕਰਨ ਲਈ ਉਸ ਦੇ ਰਸਤੇ ਵਿੱਚ ਖੜ੍ਹਾ ਹੋਇਆ। ਉਹ ਆਪਣੀ ਗਧੀ ਉੱਤੇ ਸਵਾਰ ਹੋਇਆ ਅਤੇ ਉਸ ਦੇ ਦੋ ਨੌਕਰ ਉਸ ਦੇ ਨਾਲ ਸਨ। 23ਅਤੇ ਗਧੀ ਨੇ ਯਹੋਵਾਹ ਦੇ ਦੂਤ ਨੂੰ ਰਸਤੇ ਵਿੱਚ ਹੱਥ ਵਿੱਚ ਤਲਵਾਰ ਫੜ੍ਹੀ, ਖੜ੍ਹਾ ਵੇਖਿਆ। ਤਾਂ ਗਧੀ ਰਾਹ ਤੋਂ ਮੁੜ ਕੇ ਖੇਤ ਵਿੱਚ ਨੂੰ ਹੋ ਗਈ ਅਤੇ ਬਿਲਆਮ ਨੇ ਗਧੀ ਨੂੰ ਮਾਰਿਆ ਕਿਉਂ ਜੋ ਉਹ ਨੂੰ ਰਾਹ ਤੋਂ ਮੁੜ ਗਈ ਸੀ। 24ਤਦ ਯਹੋਵਾਹ ਦਾ ਦੂਤ ਅੰਗੂਰ ਦੇ ਬਾਗ਼ ਵਿੱਚ ਉਸ ਭੀੜੇ ਰਾਹ ਵਿੱਚ ਖੜ੍ਹਾ ਸੀ ਜਿੱਥੇ ਦੋਵੇਂ ਪਾਸੇ ਕੰਧ ਸੀ। 25ਜਦੋਂ ਗਧੀ ਨੇ ਯਹੋਵਾਹ ਦੇ ਦੂਤ ਨੂੰ ਦੇਖਿਆ ਤਾਂ ਉਹ ਕੰਧ ਨਾਲ ਜਾ ਲੱਗੀ ਅਤੇ ਬਿਲਆਮ ਦੇ ਪੈਰ ਨੂੰ ਕੰਧ ਨਾਲ ਦਬਾਇਆ, ਉਸ ਨੇ ਫੇਰ ਉਹ ਨੂੰ ਮਾਰਿਆ। 26ਯਹੋਵਾਹ ਦਾ ਦੂਤ ਫੇਰ ਇੱਕ ਵਾਰ ਅੱਗੇ ਜਾ ਕੇ ਇੱਕ ਭੀੜੀ ਥਾਂ ਵਿੱਚ ਖੜ੍ਹਾ ਹੋ ਗਿਆ ਜਿਸ ਤੋਂ ਸੱਜੇ ਖੱਬੇ ਮੁੜਨ ਨੂੰ ਕੋਈ ਰਾਹ ਨਹੀਂ ਸੀ। 27ਜਦ ਗਧੀ ਨੇ ਯਹੋਵਾਹ ਦੇ ਦੂਤ ਨੂੰ ਵੇਖਿਆ ਤਾਂ ਬਿਲਆਮ ਦੇ ਹੇਠ ਬੈਠ ਗਈ ਅਤੇ ਬਿਲਆਮ ਦਾ ਕ੍ਰੋਧ ਭੜਕ ਉੱਠਿਆ, ਫਿਰ ਓਸ ਆਪਣੀ ਲਾਠੀ ਨਾਲ ਗਧੀ ਨੂੰ ਮਾਰਿਆ। 28ਤਦ ਯਹੋਵਾਹ ਨੇ ਗਧੀ ਦੇ ਮੂੰਹ ਨੂੰ ਖੋਲ੍ਹਿਆ ਅਤੇ ਉਸ ਨੇ ਬਿਲਆਮ ਨੂੰ ਆਖਿਆ, ਮੈਂ ਤੇਰੇ ਨਾਲ ਕੀ ਕੀਤਾ ਕਿ ਤੂੰ ਮੈਨੂੰ ਤਿੰਨ ਵਾਰੀ ਮਾਰਿਆ? 29ਤਾਂ ਬਿਲਆਮ ਨੇ ਗਧੀ ਨੂੰ ਆਖਿਆ, ਇਸ ਲਈ ਕਿ ਤੂੰ ਮੇਰੀ ਗੱਲ ਨੂੰ ਨਹੀਂ ਮੰਨਿਆ। ਜੇ ਮੇਰੇ ਹੱਥ ਵਿੱਚ ਤਲਵਾਰ ਹੁੰਦੀ ਤਾਂ ਤੈਨੂੰ ਹੁਣੇ ਹੀ ਵੱਢ ਸੁੱਟਦਾ। 30ਅੱਗੋਂ ਗਧੀ ਨੇ ਬਿਲਆਮ ਨੂੰ ਆਖਿਆ, ਕੀ ਮੈਂ ਤੇਰੀ ਗਧੀ ਨਹੀਂ ਜਿਸ ਦੇ ਉੱਤੇ ਤੂੰ ਸਾਰੀ ਉਮਰ ਅੱਜ ਤੱਕ ਸਵਾਰੀ ਕੀਤੀ ਹੈ? ਕੀ ਕਦੀ ਪਹਿਲਾਂ ਵੀ ਮੈਂ ਤੇਰੇ ਨਾਲ ਅਜਿਹਾ ਕੀਤਾ ਹੈ? ਉਸ ਆਖਿਆ, ਨਹੀਂ। 31ਤਦ ਯਹੋਵਾਹ ਨੇ ਬਿਲਆਮ ਦੀਆਂ ਅੱਖਾਂ ਨੂੰ ਖੋਲ੍ਹੀਆਂ ਅਤੇ ਉਸ ਨੇ ਯਹੋਵਾਹ ਦੇ ਦੂਤ ਨੂੰ ਰਾਹ ਵਿੱਚ ਖੜ੍ਹੇ ਵੇਖਿਆ ਅਤੇ ਉਹ ਦੀ ਤਲਵਾਰ, ਉਹ ਦੇ ਹੱਥ ਵਿੱਚ ਸੀ ਤਾਂ ਉਹ ਆਪਣਾ ਸਿਰ ਨਿਵਾ ਕੇ ਉਸ ਦੇ ਅੱਗੇ ਝੁਕਿਆ। 32ਯਹੋਵਾਹ ਦੇ ਦੂਤ ਨੇ ਉਸ ਨੂੰ ਆਖਿਆ, ਤੂੰ ਕਿਉਂ ਆਪਣੀ ਗਧੀ ਨੂੰ ਤਿੰਨ ਵਾਰੀ ਮਾਰਿਆ ਹੈ? ਵੇਖ, ਮੈਂ ਅੱਜ ਤੈਨੂੰ ਰੋਕਣ ਕਈ ਆਇਆ ਹਾਂ ਕਿਉਂ ਜੋ ਤੇਰਾ ਰਾਹ ਮੇਰੇ ਅੱਗੇ ਸਹੀ ਨਹੀਂ ਹੈ। 33ਗਧੀ ਨੇ ਮੈਨੂੰ ਵੇਖਿਆ ਅਤੇ ਮੇਰੇ ਵੱਲੋਂ ਤਿੰਨ ਵਾਰੀ ਮੁੜੀ। ਜੇ ਉਹ ਮੇਰੀ ਵੱਲੋਂ ਨਾ ਮੁੜਦੀ ਤਾਂ ਹੁਣ ਮੈਂ ਤੈਨੂੰ ਵੀ ਵੱਢ ਸੁੱਟਦਾ ਪਰ ਉਹ ਨੂੰ ਜੀਉਂਦੀ ਰਹਿਣ ਦਿੰਦਾ। 34ਤਾਂ ਬਿਲਆਮ ਨੇ ਯਹੋਵਾਹ ਦੇ ਦੂਤ ਨੂੰ ਆਖਿਆ ਕਿ ਮੈਂ ਪਾਪ ਕੀਤਾ ਕਿਉਂ ਜੋ ਮੈਂ ਨਹੀਂ ਜਾਣਦਾ ਸੀ ਕਿ ਤੂੰ ਰਾਹ ਵਿੱਚ ਮੇਰੇ ਵਿਰੁੱਧ ਖੜ੍ਹਾ ਹੈਂ ਅਤੇ ਹੁਣ ਜੇ ਮੈਂ ਤੇਰੀ ਨਿਗਾਹ ਵਿੱਚ ਬੁਰਿਆਈ ਕੀਤੀ ਤਾਂ ਮੈਂ ਮੁੜ ਜਾਂਵਾਂਗਾ। 35ਫੇਰ ਯਹੋਵਾਹ ਦੇ ਦੂਤ ਨੇ ਬਿਲਆਮ ਨੂੰ ਆਖਿਆ ਕਿ ਇਨ੍ਹਾਂ ਮਨੁੱਖਾਂ ਨਾਲ ਜਾ ਪਰ ਜਿਹੜੀ ਗੱਲ ਮੈਂ ਤੇਰੇ ਨਾਲ ਬੋਲਾਂ ਉਹ ਹੀ ਗੱਲ ਤੂੰ ਬੋਲੀ ਤਦ ਬਿਲਆਮ ਬਾਲਾਕ ਦੇ ਹਾਕਮਾਂ ਨਾਲ ਚਲਿਆ ਗਿਆ।
ਬਾਲਾਕ ਦੁਆਰਾ ਬਿਲਆਮ ਦਾ ਸਵਾਗਤ
36ਜਦ ਬਾਲਾਕ ਨੇ ਸੁਣਿਆ ਕਿ ਬਿਲਆਮ ਆ ਗਿਆ ਹੈ ਤਾਂ ਉਸ ਦੇ ਮਿਲਣ ਲਈ ਮੋਆਬ ਦੇ ਸ਼ਹਿਰ ਨੂੰ ਬਾਹਰ ਗਿਆ ਜਿਹੜਾ ਅਰਨੋਨ ਦੀਆਂ ਹੱਦਾਂ ਉੱਤੇ ਹੀ ਸੀ। 37ਤਾਂ ਬਾਲਾਕ ਨੇ ਬਿਲਆਮ ਨੂੰ ਆਖਿਆ, ਕੀ ਮੈਂ ਤੈਨੂੰ ਵੱਡੀ ਜ਼ਰੂਰਤ ਵਿੱਚ ਨਹੀਂ ਬੁਲਾਇਆ? ਤੂੰ ਕਿਉਂ ਮੇਰੇ ਕੋਲ ਨਹੀਂ ਆਇਆ? ਕੀ ਮੈਂ ਤੈਨੂੰ ਇੱਕ ਵੱਡਾ ਇਨਾਮ ਨਹੀਂ ਸੀ ਦੇ ਸਕਦਾ? 38ਪਰ ਬਿਲਆਮ ਨੇ ਬਾਲਾਕ ਨੂੰ ਆਖਿਆ, ਵੇਖ, ਮੈਂ ਤੇਰੇ ਕੋਲ ਆ ਗਿਆ ਹਾਂ। ਕੀ ਮੈਂ ਆਪਣੀ ਸ਼ਕਤੀ ਨਾਲ ਕੋਈ ਵਾਕ ਬੋਲ ਸਕਦਾ ਹਾਂ? ਜਿਹੜਾ ਵਾਕ ਪਰਮੇਸ਼ੁਰ ਮੇਰੇ ਮੂੰਹ ਵਿੱਚ ਪਾਵੇ ਉਹੀ ਮੈਂ ਬੋਲਾਂਗਾ। 39ਫੇਰ ਬਿਲਆਮ ਬਾਲਾਕ ਨਾਲ ਚੱਲਿਆ ਗਿਆ ਅਤੇ ਉਹ ਕਿਰਯਤ-ਹਸੋਥ ਵਿੱਚ ਆਏ। 40ਬਾਲਾਕ ਨੇ ਵੱਗਾਂ ਅਤੇ ਇੱਜੜਾਂ ਦੀਆਂ ਬਲੀਆਂ ਚੜ੍ਹਾਈਆਂ ਅਤੇ ਉਹ ਨੇ ਬਿਲਆਮ ਅਤੇ ਉਨ੍ਹਾਂ ਹਾਕਮਾਂ ਲਈ ਜਿਹੜੇ ਉਸ ਦੇ ਨਾਲ ਸਨ ਕੁਝ ਭੇਜਿਆ। 41ਤਦ ਸਵੇਰ ਨੂੰ ਅਜਿਹਾ ਹੋਇਆ ਕਿ ਬਾਲਾਕ ਬਿਲਆਮ ਨੂੰ ਲੈ ਕੇ ਬਆਲ#22:41 ਬਾਮੋਥ ਬਆਲ ਦੀਆਂ ਉਚਿਆਈਆਂ ਉੱਤੇ ਉਸ ਨੂੰ ਲਿਆਇਆ ਜਿੱਥੋਂ ਉਸ ਨੇ ਪਰਜਾ ਦੀਆਂ ਸਰਹੱਦਾਂ ਨੂੰ ਵੇਖਿਆ।
Currently Selected:
ਗਿਣਤੀ 22: IRVPun
Highlight
Copy
Compare
Share
Want to have your highlights saved across all your devices? Sign up or sign in
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.