YouVersion Logo
Search Icon

ਮੱਤੀ 26

26
ਯਿਸੂ ਦੇ ਵਿਰੁੱਧ ਸਾਜਿਸ਼
ਮਰਕੁਸ 14:1, 2; ਲੂਕਾ 22:1, 2; ਯੂਹੰਨਾ 11:45-53
1ਇਸ ਤਰ੍ਹਾਂ ਹੋਇਆ ਕਿ ਜਦ ਯਿਸੂ ਇਹ ਸਾਰੀਆਂ ਗੱਲਾਂ ਕਰ ਹਟਿਆ ਤਾਂ ਆਪਣੇ ਚੇਲਿਆਂ ਨੂੰ ਆਖਿਆ, 2ਤੁਸੀਂ ਜਾਣਦੇ ਹੋ ਜੋ ਦੋ ਦਿਨਾਂ ਦੇ ਬਾਅਦ ਪਸਾਹ ਦਾ ਤਿਉਹਾਰ ਹੋਵੇਗਾ ਅਤੇ ਮਨੁੱਖ ਦਾ ਪੁੱਤਰ ਸਲੀਬ ਦਿੱਤੇ ਜਾਣ ਲਈ ਫੜਵਾਇਆ ਜਾਵੇਗਾ। 3ਤਦ ਮੁੱਖ ਜਾਜਕ ਅਤੇ ਲੋਕਾਂ ਦੇ ਬਜ਼ੁਰਗ ਕਯਾਫ਼ਾ ਨਾਮ ਦੇ ਪ੍ਰਧਾਨ ਜਾਜਕ ਦੇ ਵਿਹੜੇ ਵਿੱਚ ਇਕੱਠੇ ਹੋਏ। 4ਅਤੇ ਯੋਜਨਾ ਬਣਾਈ ਜੋ ਯਿਸੂ ਨੂੰ ਧੋਖੇ ਨਾਲ ਫੜ੍ਹ ਕੇ ਮਾਰ ਸੁੱਟੀਏ। 5ਪਰ ਉਨ੍ਹਾਂ ਆਖਿਆ ਜੋ ਤਿਉਹਾਰ ਦੇ ਦਿਨ ਨਹੀਂ, ਕਿਤੇ ਲੋਕਾਂ ਵਿੱਚ ਹੰਗਾਮਾ ਨਾ ਹੋ ਜਾਵੇ।
ਬੈਤਅਨੀਆ ਵਿੱਚ ਯਿਸੂ ਦਾ ਮਸਹ
ਮਰਕੁਸ 14:3-9; ਯੂਹੰਨਾ 12:1-8
6ਅਤੇ ਜਦ ਯਿਸੂ ਬੈਤਅਨੀਆ ਵਿੱਚ ਸ਼ਮਊਨ ਕੋੜ੍ਹੀ ਦੇ ਘਰ ਸੀ। 7ਤਾਂ ਇੱਕ ਔਰਤ ਮਹਿੰਗੇ ਮੁੱਲ ਦਾ ਅਤਰ ਸ਼ੀਸ਼ੀ ਵਿੱਚ ਉਹ ਦੇ ਕੋਲ ਲਿਆਈ ਅਤੇ ਜਿਸ ਵੇਲੇ ਉਹ ਰੋਟੀ ਖਾਣ ਬੈਠਾ ਹੋਇਆ ਸੀ ਉਹ ਦੇ ਸਿਰ ਉੱਤੇ ਡੋਲ੍ਹ ਦਿੱਤਾ। 8ਪਰ ਚੇਲੇ ਇਹ ਵੇਖ ਕੇ ਖਿਝ ਗਏ ਅਤੇ ਬੋਲੇ, ਇਹ ਨੁਕਸਾਨ ਕਿਉਂ ਹੋਇਆ? 9ਕਿਉਂਕਿ ਹੋ ਸਕਦਾ ਸੀ ਜੋ ਇਹ ਵੱਡੇ ਮੁੱਲ ਵਿਕਦਾ ਅਤੇ ਕੰਗਾਲਾਂ ਨੂੰ ਦਿੱਤਾ ਜਾਂਦਾ। 10ਪਰ ਯਿਸੂ ਨੇ ਇਹ ਜਾਣ ਕੇ ਉਨ੍ਹਾਂ ਨੂੰ ਆਖਿਆ, ਇਸ ਔਰਤ ਨੂੰ ਕਿਉਂ ਪਰੇਸ਼ਾਨ ਕਰਦੇ ਹੋ? ਕਿਉਂ ਜੋ ਉਹ ਨੇ ਮੇਰੇ ਨਾਲ ਚੰਗਾ ਵਰਤਾਵਾ ਕੀਤਾ ਹੈ। 11ਕੰਗਾਲ ਤਾਂ ਸਦਾ ਤੁਹਾਡੇ ਨਾਲ ਹਨ, ਪਰ ਮੈਂ ਸਦਾ ਤੁਹਾਡੇ ਨਾਲ ਨਹੀਂ ਹਾਂ। 12ਇਹ ਅਤਰ ਜੋ ਉਸ ਨੇ ਮੇਰੀ ਦੇਹੀ ਉੱਤੇ ਪਾਇਆ ਸੋ ਮੇਰੇ ਦਫ਼ਨਾਉਣ ਲਈ ਕੀਤਾ ਹੈ। 13ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਸਾਰੇ ਸੰਸਾਰ ਵਿੱਚ ਜਿੱਥੇ ਵੀ ਇਸ ਖੁਸ਼ਖਬਰੀ ਦਾ ਪਰਚਾਰ ਹੋਵੇਗਾ, ਉੱਥੇ ਉਹ ਦੀ ਯਾਦਗਾਰੀ ਲਈ ਜੋ ਉਸ ਨੇ ਕੀਤਾ ਹੈ, ਉਹ ਆਖਿਆ ਜਾਵੇਗਾ।
ਯਹੂਦਾ ਇਸਕਰਿਯੋਤੀ ਦਾ ਵਿਸ਼ਵਾਸਘਾਤ
ਮਰਕੁਸ 14:10, 11; ਲੂਕਾ 22:3-6
14ਤਦ ਉਨ੍ਹਾਂ ਬਾਰਾਂ ਵਿੱਚੋਂ ਇੱਕ ਨੇ ਜਿਸ ਦਾ ਨਾਮ ਯਹੂਦਾ ਇਸਕਰਿਯੋਤੀ ਸੀ, ਮੁੱਖ ਜਾਜਕਾਂ ਕੋਲ ਜਾ ਕੇ ਆਖਿਆ 15ਜੇ ਮੈਂ ਉਹ ਨੂੰ ਤੁਹਾਡੇ ਹੱਥ ਫੜਵਾ ਦਿਆਂ ਤਾਂ ਮੈਨੂੰ ਕੀ ਦਿਓਗੇ? ਤਦ ਉਨ੍ਹਾਂ ਉਸ ਨੂੰ ਤੀਹ ਚਾਂਦੀ ਦੇ ਸਿੱਕੇ ਤੋਲ ਦਿੱਤੇ। 16ਅਤੇ ਉਹ ਉਸੇ ਸਮੇਂ ਤੋਂ ਉਸ ਨੂੰ ਫੜਵਾਉਣ ਦਾ ਮੌਕਾ ਲੱਭਣ ਲੱਗਾ।
ਚੇਲਿਆਂ ਦੇ ਨਾਲ ਪਸਾਹ ਦਾ ਆਖਰੀ ਭੋਜ
ਮਰਕੁਸ 14:12-21; ਲੂਕਾ 22:7-13; 21-23; ਯੂਹੰਨਾ 13:21-30
17ਅਖ਼ਮੀਰੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ ਚੇਲਿਆਂ ਨੇ ਯਿਸੂ ਕੋਲ ਆ ਕੇ ਆਖਿਆ, ਤੂੰ ਕਿੱਥੇ ਚਾਹੁੰਦਾ ਹੈਂ, ਜੋ ਅਸੀਂ ਤੇਰੇ ਖਾਣ ਲਈ ਪਸਾਹ ਤਿਆਰ ਕਰੀਏ? 18ਤਦ ਉਹ ਨੇ ਕਿਹਾ, ਸ਼ਹਿਰ ਵਿੱਚ ਫਲ਼ਾਣੇ ਕੋਲ ਜਾ ਕੇ ਉਹ ਨੂੰ ਆਖੋ ਕਿ ਗੁਰੂ ਆਖਦਾ ਹੈ, ਮੇਰਾ ਸਮਾਂ ਨੇੜੇ ਆ ਗਿਆ। ਮੈਂ ਆਪਣੇ ਚੇਲਿਆਂ ਨਾਲ ਤੇਰੇ ਘਰ ਪਸਾਹ ਦਾ ਤਿਉਹਾਰ ਮਨਾਵਾਂਗਾ। 19ਚੇਲਿਆਂ ਨੇ ਜਿਸ ਤਰ੍ਹਾਂ ਯਿਸੂ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਸੀ, ਉਸੇ ਤਰ੍ਹਾਂ ਕੀਤਾ ਅਤੇ ਪਸਾਹ ਤਿਆਰ ਕੀਤਾ। 20ਜਦ ਸ਼ਾਮ ਹੋਈ ਤਾਂ ਉਹ ਬਾਰਾਂ ਚੇਲਿਆਂ ਨਾਲ ਬੈਠਾ ਖਾਂਦਾ ਸੀ। 21ਅਤੇ ਜਦ ਉਹ ਖਾ ਰਹੇ ਸਨ ਉਸ ਨੇ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਤੁਹਾਡੇ ਵਿੱਚੋਂ ਇੱਕ ਮੈਨੂੰ ਫੜਵਾਏਗਾ। 22ਤਾਂ ਉਹ ਬਹੁਤ ਉਦਾਸ ਹੋਏ ਅਤੇ ਹਰੇਕ ਉਹ ਨੂੰ ਆਖਣ ਲੱਗਾ, ਪ੍ਰਭੂ ਜੀ ਕੀ ਉਹ ਮੈਂ ਹਾਂ? 23ਉਹ ਨੇ ਉੱਤਰ ਦਿੱਤਾ, ਜਿਸ ਨੇ ਮੇਰੇ ਨਾਲ ਕਟੋਰੇ ਵਿੱਚ ਹੱਥ ਪਾਇਆ ਹੈ, ਉਹੋ ਮੈਨੂੰ ਫੜਵਾਏਗਾ। 24ਮਨੁੱਖ ਦਾ ਪੁੱਤਰ ਤਾਂ ਉਸ ਤਰ੍ਹਾਂ ਜਾਂਦਾ ਹੈ, ਜਿਵੇਂ ਉਹ ਦੇ ਬਾਰੇ ਲਿਖਿਆ ਹੈ, ਪਰ ਹਾਏ ਉਸ ਮਨੁੱਖ ਉੱਤੇ ਜਿਸ ਦੇ ਰਾਹੀਂ ਮਨੁੱਖ ਦਾ ਪੁੱਤਰ ਫੜਵਾਇਆ ਜਾਂਦਾ! ਉਸ ਮਨੁੱਖ ਦੇ ਲਈ ਚੰਗਾ ਹੁੰਦਾ ਜੇ ਉਹ ਨਾ ਜੰਮਦਾ। 25ਤਦ ਯਹੂਦਾ, ਜਿਸ ਨੇ ਉਹ ਨੂੰ ਫੜਵਾਇਆ ਅੱਗੋਂ ਬੋਲਿਆ, ਗੁਰੂ ਜੀ, ਕੀ ਉਹ ਮੈਂ ਹਾਂ? ਉਸ ਨੇ ਉਹ ਨੂੰ ਆਖਿਆ, ਤੂੰ ਆਪ ਹੀ ਆਖ ਦਿੱਤਾ।
ਪ੍ਰਭੂ ਭੋਜ
ਮਰਕੁਸ 14:22-26; ਲੂਕਾ 22:14-20
26ਜਦ ਉਹ ਖਾ ਰਹੇ ਸਨ, ਤਦ ਯਿਸੂ ਨੇ ਰੋਟੀ ਲਈ ਅਤੇ ਬਰਕਤ ਦੇ ਕੇ ਤੋੜੀ ਅਤੇ ਚੇਲਿਆਂ ਨੂੰ ਦੇ ਕੇ ਆਖਿਆ, ਲਓ ਖਾਓ, ਇਹ ਮੇਰਾ ਸਰੀਰ ਹੈ। 27ਫੇਰ ਉਹ ਨੇ ਪਿਆਲਾ ਲੈ ਕੇ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਦੇ ਕੇ ਆਖਿਆ, ਤੁਸੀਂ ਸਾਰੇ ਇਸ ਵਿੱਚੋਂ ਪੀਓ। 28ਕਿਉਂ ਜੋ ਨੇਮ ਦਾ ਇਹ ਮੇਰਾ ਉਹ ਲਹੂ ਹੈ, ਜਿਹੜਾ ਬਹੁਤਿਆਂ ਦੇ ਪਾਪਾਂ ਦੀ ਮਾਫ਼ੀ ਲਈ ਵਹਾਇਆ ਜਾਂਦਾ ਹੈ। 29ਅਤੇ ਮੈਂ ਤੁਹਾਨੂੰ ਆਖਦਾ ਹਾਂ, ਜੋ ਇਸ ਤੋਂ ਬਾਅਦ ਮੈਂ ਇਸ ਅੰਗੂਰ ਦੇ ਰਸ ਨੂੰ ਕਦੇ ਨਾ ਪੀਵਾਂਗਾ ਜਿਸ ਦਿਨ ਤੱਕ ਤੁਹਾਡੇ ਨਾਲ ਆਪਣੇ ਪਿਤਾ ਦੇ ਰਾਜ ਵਿੱਚ ਉਹ ਨਵਾਂ ਨਾ ਪੀਵਾਂ। 30ਫੇਰ ਉਹ ਭਜਨ ਗਾ ਕੇ ਜ਼ੈਤੂਨ ਦੇ ਪਹਾੜ ਨੂੰ ਨਿੱਕਲ ਗਏ।
ਪਤਰਸ ਦੇ ਇਨਕਾਰ ਦੀ ਭਵਿੱਖਬਾਣੀ
ਮਰਕੁਸ 14:27-31; ਲੂਕਾ 22:31-34; ਯੂਹੰਨਾ 13:36-38
31ਤਦ ਯਿਸੂ ਨੇ ਉਨ੍ਹਾਂ ਨੂੰ ਆਖਿਆ, ਅੱਜ ਰਾਤ ਤੁਸੀਂ ਸੱਭੇ ਮੇਰੇ ਕਾਰਨ ਠੋਕਰ ਖਾਵੋਗੇ ਕਿਉਂਕਿ ਇਹ ਲਿਖਿਆ ਹੈ
ਜੋ ਮੈਂ ਅਯਾਲੀ ਨੂੰ ਮਾਰਾਂਗਾ
ਅਤੇ ਇੱਜੜ ਦੀਆਂ ਭੇਡਾਂ ਖਿੱਲਰ ਜਾਣਗੀਆਂ।
32 ਪਰ ਮੈਂ ਆਪਣੇ ਜੀ ਉੱਠਣ ਦੇ ਪਿੱਛੋਂ ਤੁਹਾਡੇ ਤੋਂ ਪਹਿਲਾਂ ਗਲੀਲ ਨੂੰ ਜਾਂਵਾਂਗਾ l 33ਤਦ ਪਤਰਸ ਨੇ ਉਹ ਨੂੰ ਉੱਤਰ ਦਿੱਤਾ, ਭਾਵੇਂ ਤੇਰੇ ਕਾਰਨ ਸੱਭੇ ਠੋਕਰ ਖਾਣ ਪਰ ਮੈਂ ਠੋਕਰ ਕਦੇ ਨਾ ਖਾਵਾਂਗਾ। 34ਯਿਸੂ ਨੇ ਉਹ ਨੂੰ ਕਿਹਾ, ਮੈਂ ਤੈਨੂੰ ਸੱਚ ਆਖਦਾ ਹਾਂ ਜੋ ਅੱਜ ਰਾਤ ਮੁਰਗੇ ਦੇ ਬਾਂਗ ਦੇਣ ਤੋਂ ਪਹਿਲਾਂ ਤਿੰਨ ਵਾਰੀ ਤੂੰ ਮੇਰਾ ਇਨਕਾਰ ਕਰੇਂਗਾ। 35ਪਤਰਸ ਨੇ ਉਹ ਨੂੰ ਕਿਹਾ, ਭਾਵੇਂ ਤੇਰੇ ਨਾਲ ਮੈਨੂੰ ਮਰਨਾ ਵੀ ਪਵੇ ਤਾਂ ਵੀ ਮੈਂ ਤੇਰਾ ਇਨਕਾਰ ਕਦੀ ਨਾ ਕਰਾਂਗਾ ਅਤੇ ਸਾਰੇ ਚੇਲੇ ਇਸੇ ਤਰ੍ਹਾਂ ਆਖਣ ਲੱਗੇ।
ਗਥਸਮਨੀ ਵਿੱਚ ਪ੍ਰਾਰਥਨਾ
ਮਰਕੁਸ 14:32-42; ਲੂਕਾ 22:39-46
36ਤਦ ਯਿਸੂ ਉਨ੍ਹਾਂ ਦੇ ਨਾਲ ਗਥਸਮਨੀ ਨਾਮ ਦੇ ਇੱਕ ਥਾਂ ਆਇਆ ਅਤੇ ਆਪਣੇ ਚੇਲਿਆਂ ਨੂੰ ਕਿਹਾ, ਤੁਸੀਂ ਇੱਥੇ ਬੈਠੋ, ਜਿੰਨਾਂ ਚਿਰ ਮੈਂ ਉੱਥੇ ਜਾ ਕੇ ਪ੍ਰਾਰਥਨਾ ਕਰਾਂ। 37ਅਤੇ ਪਤਰਸ ਅਤੇ ਜ਼ਬਦੀ ਦੇ ਦੋਵੇਂ ਪੁੱਤਰਾਂ ਨੂੰ ਨਾਲ ਲੈ ਕੇ ਉਹ ਉਦਾਸ ਅਤੇ ਬਹੁਤ ਦੁੱਖੀ ਹੋਣ ਲੱਗਾ। 38ਫੇਰ ਉਸ ਨੇ ਉਨ੍ਹਾਂ ਨੂੰ ਆਖਿਆ, ਮੇਰਾ ਮਨ ਬਹੁਤ ਉਦਾਸ ਹੈ, ਸਗੋਂ ਮਰਨ ਦੇ ਦਰਜੇ ਤੱਕ। ਤੁਸੀਂ ਇੱਥੇ ਠਹਿਰੋ ਅਤੇ ਮੇਰੇ ਨਾਲ ਜਾਗਦੇ ਰਹੋ। 39ਅਤੇ ਥੋੜ੍ਹਾ ਅੱਗੇ ਵਧ ਕੇ ਮੂੰਹ ਭਾਰ ਪੈ ਗਿਆ ਅਤੇ ਪ੍ਰਾਰਥਨਾ ਕਰਦਿਆਂ ਆਖਿਆ, ਹੇ ਪਿਤਾ, ਜੇ ਹੋ ਸਕੇ ਤਾਂ ਇਹ ਪਿਆਲਾ ਮੇਰੇ ਕੋਲੋਂ ਟਲ ਜਾਵੇ, ਪਰ ਉਹ ਨਾ ਹੋਵੇ ਜੋ ਮੈਂ ਚਾਹੁੰਦਾ ਹਾਂ ਪਰ ਉਹ ਜੋ ਤੂੰ ਚਾਹੁੰਦਾ ਹੈਂ। 40ਅਤੇ ਚੇਲਿਆਂ ਦੇ ਕੋਲ ਆ ਕੇ ਉਨ੍ਹਾਂ ਨੂੰ ਸੁੱਤੇ ਹੋਏ ਵੇਖਿਆ ਅਤੇ ਪਤਰਸ ਨੂੰ ਆਖਿਆ, ਇਹ ਕੀ, ਤੁਸੀਂ ਮੇਰੇ ਨਾਲ ਇੱਕ ਘੜੀ ਵੀ ਨਾ ਜਾਗ ਸਕੇ? 41ਜਾਗੋ ਅਤੇ ਪ੍ਰਾਰਥਨਾ ਕਰੋ ਤਾਂ ਜੋ ਤੁਸੀਂ ਪਰਤਾਵੇ ਵਿੱਚ ਨਾ ਪਓ। ਆਤਮਾ ਤਾਂ ਤਿਆਰ ਹੈ, ਪਰ ਸਰੀਰ ਕਮਜ਼ੋਰ ਹੈ। 42ਫੇਰ ਉਹ ਦੂਜੀ ਵਾਰ ਗਿਆ ਅਤੇ ਇਹ ਕਹਿ ਕੇ ਉਹ ਨੇ ਪ੍ਰਾਰਥਨਾ ਕੀਤੀ, ਹੇ ਮੇਰੇ ਪਿਤਾ, ਜੇ ਇਹ ਮੇਰੇ ਪੀਣ ਬਿਨ੍ਹਾਂ ਨਹੀਂ ਟਲ ਸਕਦਾ ਤਾਂ ਤੇਰੀ ਮਰਜ਼ੀ ਪੂਰੀ ਹੋਵੇ। 43ਅਤੇ ਉਸ ਨੇ ਆ ਕੇ ਉਨ੍ਹਾਂ ਨੂੰ ਫੇਰ ਸੁੱਤੇ ਹੋਏ ਵੇਖਿਆ ਕਿਉਂ ਜੋ ਉਨ੍ਹਾਂ ਦੀਆਂ ਅੱਖਾਂ ਨੀਂਦ ਨਾਲ ਭਰੀਆਂ ਹੋਈਆਂ ਸਨ। 44ਅਤੇ ਉਨ੍ਹਾਂ ਨੂੰ ਫੇਰ ਛੱਡ ਕੇ ਗਿਆ ਅਤੇ ਉਹੋ ਗੱਲ ਕਹਿ ਕੇ ਤੀਜੀ ਵਾਰੀ ਪ੍ਰਾਰਥਨਾ ਕੀਤੀ 45ਫੇਰ ਚੇਲਿਆਂ ਕੋਲ ਆ ਕੇ ਉਨ੍ਹਾਂ ਨੂੰ ਆਖਿਆ, ਹੁਣ ਤੁਸੀਂ ਸੁੱਤੇ ਰਹੋ ਅਤੇ ਆਰਾਮ ਕਰੋ। ਵੇਖੋ, ਸਮਾਂ ਆ ਗਿਆ ਹੈ ਅਤੇ ਮਨੁੱਖ ਦਾ ਪੁੱਤਰ ਪਾਪੀਆਂ ਦੇ ਹੱਥਾਂ ਵਿੱਚ ਫੜਵਾਇਆ ਜਾਂਦਾ ਹੈ। 46ਉੱਠੋ, ਚੱਲੀਏ। ਵੇਖੋ, ਮੇਰਾ ਫੜਵਾਉਣ ਵਾਲਾ ਨੇੜੇ ਆ ਗਿਆ ਹੈ।
ਯਿਸੂ ਦਾ ਫੜਿਆ ਜਾਣਾ
ਮਰਕੁਸ 14:43-50; ਲੂਕਾ 22:47-53; ਯੂਹੰਨਾ 18:3-12
47ਉਹ ਅਜੇ ਬੋਲਦਾ ਹੀ ਸੀ ਕਿ ਵੇਖੋ ਯਹੂਦਾ ਜਿਹੜਾ ਉਨ੍ਹਾਂ ਬਾਰਾਂ ਵਿੱਚੋਂ ਇੱਕ ਸੀ ਆ ਪਹੁੰਚਿਆ ਅਤੇ ਮੁੱਖ ਜਾਜਕਾਂ ਅਤੇ ਲੋਕਾਂ ਦੇ ਬਜ਼ੁਰਗਾਂ ਦੀ ਵੱਲੋਂ ਇੱਕ ਵੱਡੀ ਭੀੜ ਤਲਵਾਰਾਂ ਅਤੇ ਡਾਂਗਾਂ ਫੜੀ ਉਹ ਦੇ ਨਾਲ ਸੀ। 48ਉਹ ਦੇ ਫੜਵਾਉਣ ਵਾਲੇ ਨੇ ਉਨ੍ਹਾਂ ਨੂੰ ਇਹ ਕਿਹਾ ਸੀ ਕਿ ਜਿਸ ਨੂੰ ਮੈਂ ਚੁੰਮਾਂ ਉਹੀ ਹੈ, ਉਸ ਨੂੰ ਫੜ੍ਹ ਲੈਣਾ। 49ਅਤੇ ਝੱਟ ਯਿਸੂ ਕੋਲ ਆ ਕੇ ਉਹ ਨੇ ਗੁਰੂ ਜੀ ਨਮਸਕਾਰ ਆਖਿਆ! ਅਤੇ ਉਹ ਨੂੰ ਚੁੰਮਿਆ। 50ਤਾਂ ਯਿਸੂ ਨੇ ਉਹ ਨੂੰ ਆਖਿਆ, ਮਿੱਤਰਾ ਕਿਵੇਂ ਆਇਆ? ਤਦ ਉਨ੍ਹਾਂ ਨੇ ਕੋਲ ਆ ਕੇ ਯਿਸੂ ਉੱਤੇ ਹੱਥ ਪਾਏ ਅਤੇ ਉਹ ਨੂੰ ਫੜ੍ਹ ਲਿਆ। 51ਅਤੇ ਵੇਖੋ, ਯਿਸੂ ਦੇ ਨਾਲ ਦਿਆਂ ਵਿੱਚੋਂ ਇੱਕ ਨੇ ਹੱਥ ਵਧਾ ਕੇ ਆਪਣੀ ਤਲਵਾਰ ਖਿੱਚ ਲਈ ਅਤੇ ਪ੍ਰਧਾਨ ਜਾਜਕ ਦੇ ਨੌਕਰ ਨੂੰ ਮਾਰ ਕੇ ਉਹ ਦਾ ਕੰਨ ਉਡਾ ਦਿੱਤਾ। 52ਤਦ ਯਿਸੂ ਨੇ ਉਹ ਨੂੰ ਆਖਿਆ, ਆਪਣੀ ਤਲਵਾਰ ਮਿਆਨ ਵਿੱਚ ਪਾ ਕਿਉਂਕਿ ਸਭ ਜੋ ਤਲਵਾਰ ਖਿੱਚਦੇ ਹਨ, ਤਲਵਾਰ ਨਾਲ ਮਾਰੇ ਜਾਣਗੇ। 53ਕੀ ਤੂੰ ਇਹ ਸਮਝਦਾ ਹੈਂ ਕਿ ਮੈਂ ਆਪਣੇ ਪਿਤਾ ਕੋਲੋਂ ਬੇਨਤੀ ਨਹੀਂ ਕਰ ਸਕਦਾ ਅਤੇ ਉਹ ਹੁਣੇ ਦੂਤਾਂ ਦੀਆਂ ਬਾਰਾਂ ਫੌਜਾਂ ਤੋਂ ਵੱਧ ਮੇਰੇ ਕੋਲ ਹਾਜ਼ਰ ਨਾ ਕਰੇਗਾ? 54ਫੇਰ ਉਹ ਪਵਿੱਤਰ ਗ੍ਰੰਥ ਦੀਆਂ ਲਿਖਤਾਂ ਕਿਵੇਂ ਪੂਰੀਆਂ ਹੋਣਗੀਆਂ, ਜਿਹਨਾਂ ਵਿੱਚ ਲਿਖਿਆ ਕਿ ਇਹ ਹੋਣਾ ਜ਼ਰੂਰੀ ਹੈ? 55ਉਸੇ ਵੇਲੇ ਯਿਸੂ ਨੇ ਉਸ ਭੀੜ ਨੂੰ ਆਖਿਆ, ਤਲਵਾਰਾਂ ਅਤੇ ਡਾਂਗਾਂ ਫੜ੍ਹ ਕੇ ਤੁਸੀਂ ਮੈਨੂੰ ਡਾਕੂ ਵਾਂਗੂੰ ਫੜ੍ਹਨ ਨੂੰ ਨਿੱਕਲੇ ਹੋ? ਮੈਂ ਹਰ ਰੋਜ਼ ਹੈਕਲ ਵਿੱਚ ਬੈਠ ਕੇ ਉਪਦੇਸ਼ ਦਿੰਦਾ ਸੀ ਅਤੇ ਤੁਸੀਂ ਮੈਨੂੰ ਨਾ ਫੜ੍ਹਿਆ। 56ਪਰ ਇਹ ਸੱਭੋ ਕੁਝ ਇਸ ਲਈ ਹੋਇਆ ਜੋ ਨਬੀਆਂ ਦੀਆਂ ਲਿਖਤਾਂ ਪੂਰੀਆਂ ਹੋਣ। ਤਦ ਸਾਰੇ ਚੇਲੇ ਉਹ ਨੂੰ ਛੱਡ ਕੇ ਭੱਜ ਗਏ।
ਯਿਸੂ ਨੂੰ ਮਹਾਂ ਸਭਾ ਦੇ ਸਾਹਮਣੇ ਪੇਸ਼ ਕੀਤਾ ਜਾਣਾ
ਮਰਕੁਸ 14:53-65; ਲੂਕਾ 22:54, 55; ਯੂਹੰਨਾ 18:13, 14; 19-24
57ਜਿਨ੍ਹਾਂ ਨੇ ਯਿਸੂ ਨੂੰ ਫੜਿਆ ਸੀ ਸੋ ਪ੍ਰਧਾਨ ਜਾਜਕ ਕਯਾਫ਼ਾ ਦੇ ਕੋਲ ਜਿੱਥੇ ਉਪਦੇਸ਼ਕ ਅਤੇ ਬਜ਼ੁਰਗ ਇਕੱਠੇ ਹੋਏ ਸਨ, ਉਹ ਨੂੰ ਲੈ ਗਏ। 58ਅਤੇ ਪਤਰਸ ਕੁਝ ਦੂਰੀ ਤੇ ਉਹ ਦੇ ਪਿੱਛੇ-ਪਿੱਛੇ ਪ੍ਰਧਾਨ ਜਾਜਕ ਦੇ ਵਿਹੜੇ ਤੱਕ ਚੱਲਿਆ ਗਿਆ ਅਤੇ ਅੰਦਰ ਜਾ ਕੇ ਸਿਪਾਹੀਆਂ ਨਾਲ ਬੈਠਾ, ਕਿ ਅੰਤ ਨੂੰ ਵੇਖੇ। 59ਮੁੱਖ ਜਾਜਕ ਅਤੇ ਸਾਰੀ ਮਹਾਂ ਸਭਾ ਯਿਸੂ ਨੂੰ ਜਾਨੋਂ ਮਾਰਨ ਲਈ ਉਸ ਦੇ ਵਿਰੁੱਧ ਗਵਾਹੀ ਲੱਭਦੀ ਸੀ। 60ਪਰ ਨਾ ਲੱਭੀ ਭਾਵੇਂ ਝੂਠੇ ਗਵਾਹ ਬਹੁਤ ਆਏ। ਪਰ ਆਖਿਰ ਨੂੰ ਦੋ ਜਣੇ ਅੱਗੇ ਆ ਕੇ ਬੋਲੇ, 61ਇਹ ਨੇ ਆਖਿਆ ਹੈ, ਮੈਂ ਪਰਮੇਸ਼ੁਰ ਦੀ ਹੈਕਲ ਨੂੰ ਢਾਹ ਕੇ ਤਿੰਨਾਂ ਦਿਨਾਂ ਵਿੱਚ ਉਹ ਨੂੰ ਬਣਾ ਸਕਦਾ ਹਾਂ। 62ਅਤੇ ਪ੍ਰਧਾਨ ਜਾਜਕ ਨੇ ਖੜ੍ਹੇ ਹੋ ਕੇ ਉਹ ਨੂੰ ਆਖਿਆ, ਕੀ ਤੂੰ ਜ਼ਵਾਬ ਨਹੀਂ ਦਿੰਦਾ? ਇਹ ਤੇਰੇ ਵਿਰੁੱਧ ਕੀ ਗਵਾਹੀ ਦਿੰਦੇ ਹਨ? 63ਪਰ ਯਿਸੂ ਚੁੱਪ ਹੀ ਰਿਹਾ ਅਤੇ ਪ੍ਰਧਾਨ ਜਾਜਕ ਨੇ ਉਹ ਨੂੰ ਆਖਿਆ, ਮੈਂ ਤੈਨੂੰ ਜਿਉਂਦੇ ਪਰਮੇਸ਼ੁਰ ਦੀ ਸਹੁੰ ਦਿੰਦਾ ਹਾਂ ਕਿ ਜੇ ਤੂੰ ਮਸੀਹ ਪਰਮੇਸ਼ੁਰ ਦਾ ਪੁੱਤਰ ਹੈਂ ਤਾਂ ਸਾਨੂੰ ਦੱਸ। 64ਯਿਸੂ ਨੇ ਉਹ ਨੂੰ ਕਿਹਾ, ਤੂੰ ਸੱਚ ਆਖ ਦਿੱਤਾ ਹੈ, ਪਰ ਮੈਂ ਤੁਹਾਨੂੰ ਆਖਦਾ ਹਾਂ ਜੋ ਇਸ ਤੋਂ ਬਾਅਦ ਤੁਸੀਂ ਮਨੁੱਖ ਦੇ ਪੁੱਤਰ ਨੂੰ ਸਰਬ ਸ਼ਕਤੀਮਾਨ ਦੇ ਸੱਜੇ ਹੱਥ ਬਿਰਾਜਮਾਨ ਹੋਇਆ ਅਤੇ ਅਕਾਸ਼ ਦੇ ਬੱਦਲਾਂ ਉੱਤੇ ਆਉਂਦਾ ਵੇਖੋਗੇ। 65ਤਦ ਪ੍ਰਧਾਨ ਜਾਜਕ ਨੇ ਆਪਣੇ ਕੱਪੜੇ ਪਾੜ ਕੇ ਆਖਿਆ, ਇਸ ਨੇ ਨਿੰਦਿਆ ਕੀਤੀ ਹੈ, ਹੁਣ ਸਾਨੂੰ ਹੋਰ ਗਵਾਹਾਂ ਦੀ ਕੀ ਲੋੜ ਹੈ? ਵੇਖੋ ਹੁਣੇ ਤੁਸੀਂ ਇਹ ਨਿੰਦਿਆ ਸੁਣੀ ਹੈ l ਤੁਹਾਡੀ ਕੀ ਸਲਾਹ ਹੈ? 66ਉਨ੍ਹਾਂ ਉੱਤਰ ਦਿੱਤਾ, ਇਹ ਮਾਰੇ ਜਾਣ ਦੇ ਯੋਗ ਹੈ। 67ਤਦ ਉਨ੍ਹਾਂ ਨੇ ਉਹ ਦੇ ਮੂੰਹ ਉੱਤੇ ਥੁੱਕਿਆ ਅਤੇ ਉਹ ਨੂੰ ਮੁੱਕੇ ਮਾਰੇ ਅਤੇ ਹੋਰਨਾਂ ਨੇ ਚਪੇੜਾਂ ਮਾਰ ਕੇ ਕਿਹਾ, 68ਹੇ ਮਸੀਹ, ਸਾਨੂੰ ਅਗੰਮ ਭਵਿੱਖਬਾਣੀ ਨਾਲ ਦੱਸ, ਤੈਨੂੰ ਕਿਸ ਨੇ ਮਾਰਿਆ?
ਪਤਰਸ ਦੁਆਰਾ ਇਨਕਾਰ ਕੀਤਾ ਜਾਣਾ
ਮਰਕੁਸ 14:66-72; ਲੂਕਾ 22:56-62; ਯੂਹੰਨਾ 18:15-18
69ਅਤੇ ਪਤਰਸ ਬਾਹਰ ਵਿਹੜੇ ਵਿੱਚ ਬੈਠਾ ਸੀ ਅਤੇ ਇੱਕ ਦਾਸੀ ਉਹ ਦੇ ਕੋਲ ਆ ਕੇ ਬੋਲੀ, ਯਿਸੂ ਗਲੀਲੀ ਦੇ ਨਾਲ ਤੂੰ ਵੀ ਸੀ। 70ਪਰ ਉਹ ਨੇ ਸਭਨਾਂ ਦੇ ਸਾਹਮਣੇ ਮੁੱਕਰ ਕੇ ਆਖਿਆ, ਮੈਂ ਨਹੀਂ ਜਾਣਦਾ ਤੂੰ ਕੀ ਬੋਲਦੀ ਹੈਂ। 71ਜਦ ਉਹ ਬਾਹਰ ਡਿਉੜੀ ਵਿੱਚ ਗਿਆ, ਤਾਂ ਦੂਜੀ ਨੇ ਉਹ ਨੂੰ ਵੇਖ ਕੇ ਉਨ੍ਹਾਂ ਨੂੰ ਜਿਹੜੇ ਉੱਥੇ ਸਨ ਆਖਿਆ, ਇਹ ਵੀ ਯਿਸੂ ਨਾਸਰੀ ਦੇ ਨਾਲ ਸੀ। 72ਅਤੇ ਉਹ ਸਹੁੰ ਖਾ ਕੇ ਫੇਰ ਮੁੱਕਰ ਗਿਆ ਕਿ ਮੈਂ ਉਸ ਮਨੁੱਖ ਨੂੰ ਜਾਣਦਾ ਹੀ ਨਹੀਂ। 73ਅਤੇ ਥੋੜ੍ਹੇ ਸਮੇਂ ਪਿੱਛੋਂ ਜਿਹੜੇ ਉੱਥੇ ਖੜ੍ਹੇ ਸਨ ਉਨ੍ਹਾਂ ਦੇ ਕੋਲ ਆ ਕੇ ਪਤਰਸ ਨੂੰ ਕਿਹਾ, ਸੱਚੀ ਮੁੱਚੀ ਤੂੰ ਵੀ ਉਨ੍ਹਾਂ ਵਿੱਚੋਂ ਹੈਂ, ਤੇਰੀ ਬੋਲੀ ਦੱਸਦੀ ਹੈ। 74ਤਦ ਉਹ ਸਰਾਪ ਦੇਣ ਅਤੇ ਸਹੁੰ ਖਾਣ ਲੱਗਾ ਕਿ ਮੈਂ ਉਸ ਮਨੁੱਖ ਨੂੰ ਜਾਣਦਾ ਹੀ ਨਹੀਂ। ਅਤੇ ਉਸੇ ਵੇਲੇ ਮੁਰਗੇ ਨੇ ਬਾਂਗ ਦਿੱਤੀ। 75ਤਦੋਂ ਪਤਰਸ ਨੂੰ ਉਹ ਗੱਲ ਯਾਦ ਆਈ ਜਿਹੜੀ ਯਿਸੂ ਨੇ ਆਖੀ ਸੀ ਕਿ ਮੁਰਗੇ ਦੇ ਬਾਂਗ ਦੇਣ ਤੋਂ ਪਹਿਲਾਂ ਤਿੰਨ ਵਾਰੀ ਤੂੰ ਮੇਰਾ ਇਨਕਾਰ ਕਰੇਂਗਾ ਅਤੇ ਉਹ ਬਾਹਰ ਗਿਆ ਅਤੇ ਭੁੱਬਾਂ ਮਾਰ ਕੇ ਰੋਇਆ।

Currently Selected:

ਮੱਤੀ 26: IRVPun

Highlight

Share

Compare

Copy

None

Want to have your highlights saved across all your devices? Sign up or sign in