ਮੱਤੀ 21
21
ਯਿਸੂ ਯਰੂਸ਼ਲਮ ਵਿੱਚ ਇੱਕ ਰਾਜਾ ਦੀ ਤਰ੍ਹਾਂ ਆਇਆ
ਮਰਕੁਸ 11:1-11; ਲੂਕਾ 19:28-40; ਯੂਹੰਨਾ 12:12-19
1ਜਦ ਉਹ ਯਰੂਸ਼ਲਮ ਦੇ ਨੇੜੇ ਆਏ ਅਤੇ ਜ਼ੈਤੂਨ ਦੇ ਪਹਾੜ ਉੱਤੇ ਬੈਤਫ਼ਗਾ ਕੋਲ ਪਹੁੰਚੇ ਤਾਂ ਯਿਸੂ ਨੇ ਆਪਣੇ ਦੋ ਚੇਲਿਆਂ ਨੂੰ ਭੇਜਿਆ ਅਤੇ ਉਨ੍ਹਾਂ ਨੂੰ ਕਿਹਾ, 2ਉਸ ਪਿੰਡ ਨੂੰ ਜਿਹੜਾ ਤੁਹਾਡੇ ਸਾਹਮਣੇ ਹੈ ਜਾਓ ਅਤੇ ਪਿੰਡ ਵਿੱਚ ਵੜਦੇ ਹੀ ਤੁਸੀਂ ਇੱਕ ਗਧੀ ਬੰਨ੍ਹੀ ਹੋਈ ਅਤੇ ਉਹ ਦੇ ਨਾਲ ਬੱਚੇ ਨੂੰ ਪਾਓਗੇ, ਉਸ ਨੂੰ ਖੋਲ੍ਹ ਕੇ ਮੇਰੇ ਕੋਲ ਲਿਆਓ। 3ਅਤੇ ਜੇ ਕੋਈ ਤੁਹਾਨੂੰ ਕੁਝ ਕਹੇ ਤਾਂ ਆਖਣਾ ਕਿ ਪ੍ਰਭੂ ਨੂੰ ਇਨ੍ਹਾਂ ਦੀ ਜ਼ਰੂਰਤ ਹੈ, ਫੇਰ ਉਹ ਉਸੇ ਵੇਲੇ ਉਨ੍ਹਾਂ ਨੂੰ ਭੇਜ ਦੇਵੇਗਾ। 4ਸੋ ਇਹ ਇਸ ਲਈ ਹੋਇਆ ਕਿ ਨਬੀ ਦਾ ਇਹ ਬਚਨ ਪੂਰਾ ਹੋਵੇ,
5ਸੀਯੋਨ ਦੀ ਧੀ ਨੂੰ ਆਖੋ, ਵੇਖ ਤੇਰਾ ਰਾਜਾ ਅਧੀਨਗੀ ਨਾਲ, ਗਧੀ ਉੱਤੇ ਸਗੋਂ ਗਧੀ ਦੇ ਬੱਚੇ ਉੱਤੇ, ਸਵਾਰ ਹੋ ਕੇ ਤੇਰੇ ਕੋਲ ਆਉਂਦਾ ਹੈ। 6ਤਦ ਚੇਲਿਆਂ ਨੇ ਜਾ ਕੇ ਜਿਵੇਂ ਯਿਸੂ ਨੇ ਹੁਕਮ ਦਿੱਤਾ ਸੀ ਉਸੇ ਤਰ੍ਹਾਂ ਹੀ ਕੀਤਾ। 7ਅਤੇ ਗਧੀ ਨੂੰ ਬੱਚੇ ਸਣੇ ਲਿਆਏ ਅਤੇ ਆਪਣੇ ਕੱਪੜੇ ਉਨ੍ਹਾਂ ਦੇ ਉੱਤੇ ਪਾ ਦਿੱਤੇ ਅਤੇ ਉਹ ਉਨ੍ਹਾਂ ਤੇ ਚੜ੍ਹ ਬੈਠਾ। 8ਅਤੇ ਭੀੜ ਦੇ ਬਹੁਤਿਆਂ ਲੋਕਾਂ ਨੇ ਆਪਣੇ ਕੱਪੜੇ ਰਾਹ ਵਿੱਚ ਵਿਛਾਏ ਪਰ ਹੋਰਨਾਂ ਨੇ ਦਰਖ਼ਤਾਂ ਦੀਆਂ ਡਾਲੀਆਂ ਵੱਢ ਕੇ ਰਾਹ ਵਿੱਚ ਵਿਛਾ ਦਿੱਤੀਆਂ। 9ਅਤੇ ਭੀੜ ਜਿਹੜੀ ਉਹ ਦੇ ਅੱਗੇ ਪਿੱਛੇ ਜਾ ਰਹੀ ਸੀ, ਉੱਚੀ ਅਵਾਜ਼ ਨਾਲ ਆਖਣ ਲੱਗੀ, ਹੋਸੰਨਾ ਦਾਊਦ ਦੇ ਪੁੱਤਰ ਨੂੰ! ਮੁਬਾਰਕ ਉਹ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ! ਪਰਮ ਧਾਮ ਵਿੱਚ ਹੋਸੰਨਾ! 10ਅਤੇ ਜਦ ਉਹ ਯਰੂਸ਼ਲਮ ਵਿੱਚ ਵੜਿਆ ਤਾਂ ਸਾਰਾ ਸ਼ਹਿਰ ਇਹ ਆਖ ਕੇ ਹਿੱਲ ਗਿਆ ਕਿ ਇਹ ਕੌਣ ਹੈ? 11ਤਾਂ ਲੋਕਾਂ ਨੇ ਆਖਿਆ, ਇਹ ਯਿਸੂ ਗਲੀਲ ਦੇ ਨਾਸਰਤ ਦਾ ਨਬੀ ਹੈ।
ਹੈਕਲ ਵਿੱਚੋਂ ਵਪਾਰੀਆਂ ਨੂੰ ਕੱਢਣਾ
ਮਰਕੁਸ 11:15-19; ਲੂਕਾ 19:45-48; ਯੂਹੰਨਾ 2:13-22
12ਫੇਰ ਯਿਸੂ ਪਰਮੇਸ਼ੁਰ ਦੀ ਹੈਕਲ ਵਿੱਚ ਗਿਆ ਅਤੇ ਉਨ੍ਹਾਂ ਸਭਨਾਂ ਨੂੰ ਬਾਹਰ ਕੱਢ ਦਿੱਤਾ ਜਿਹੜੇ ਹੈਕਲ ਵਿੱਚ ਵੇਚਦੇ ਤੇ ਖਰੀਦਦੇ ਸਨ ਅਤੇ ਸਰਾਫ਼ਾਂ ਦੇ ਤਖ਼ਤਪੋਸ਼ ਅਤੇ ਕਬੂਤਰ ਵੇਚਣ ਵਾਲਿਆਂ ਦੀਆਂ ਚੌਂਕੀਆਂ ਉਲਟਾ ਸੁੱਟੀਆਂ। 13ਅਤੇ ਉਨ੍ਹਾਂ ਨੂੰ ਕਿਹਾ ਕਿ ਲਿਖਿਆ ਹੈ ਜੋ ਮੇਰਾ ਘਰ ਪ੍ਰਾਰਥਨਾ ਦਾ ਘਰ ਕਹਾਵੇਗਾ ਪਰ ਤੁਸੀਂ ਉਹ ਨੂੰ ਡਾਕੂਆਂ ਦਾ ਅੱਡਾ ਬਣਾਉਂਦੇ ਹੋ। 14ਅਤੇ ਹੈਕਲ ਵਿੱਚ ਅੰਨ੍ਹੇ ਅਤੇ ਲੰਗੜੇ ਉਹ ਦੇ ਕੋਲ ਆਏ ਅਤੇ ਉਸ ਨੇ ਉਨ੍ਹਾਂ ਨੂੰ ਚੰਗਾ ਕੀਤਾ। 15ਜਦ ਮੁੱਖ ਜਾਜਕਾਂ ਅਤੇ ਉਪਦੇਸ਼ਕਾਂ ਨੇ ਉਨ੍ਹਾਂ ਅਚਰਜ਼ ਕੰਮਾਂ ਨੂੰ ਵੇਖਿਆ ਜਿਹੜੇ ਉਸ ਨੇ ਕੀਤੇ ਸਨ ਅਤੇ ਬੱਚਿਆਂ ਨੂੰ ਹੈਕਲ ਵਿੱਚ ਉੱਚੀ ਅਵਾਜ਼ ਨਾਲ ਬੋਲਦੇ ਅਤੇ ਦਾਊਦ ਦੇ ਪੁੱਤਰ ਨੂੰ “ਹੋਸੰਨਾ” ਆਖਦੇ ਵੇਖਿਆ, ਤਾਂ ਉਹ ਖਿਝ ਗਏ। 16ਅਤੇ ਉਹ ਨੂੰ ਕਿਹਾ, ਕੀ ਤੂੰ ਸੁਣਦਾ ਹੈਂ ਜੋ ਇਹ ਕੀ ਆਖਦੇ ਹਨ? ਯਿਸੂ ਨੇ ਉਨ੍ਹਾਂ ਨੂੰ ਕਿਹਾ, ਹਾਂ, ਕੀ ਤੁਸੀਂ ਕਦੀ ਇਹ ਨਹੀਂ ਪੜ੍ਹਿਆ
ਜੋ ਬੱਚਿਆਂ ਅਤੇ ਦੁੱਧ ਚੁੰਘਣ ਵਾਲਿਆਂ ਦੇ ਮੂੰਹੋਂ
ਤੂੰ ਉਸਤਤ ਪੂਰੀ ਕਰਵਾਈ?
17ਤਾਂ ਉਹ ਉਨ੍ਹਾਂ ਨੂੰ ਛੱਡ ਕੇ ਸ਼ਹਿਰੋਂ ਬਾਹਰ ਨਿੱਕਲਿਆ ਅਤੇ ਬੈਤਅਨੀਆ ਵਿੱਚ ਆ ਕੇ ਉੱਥੇ ਰਾਤ ਕੱਟੀ।
ਯਿਸੂ ਇੱਕ ਹੰਜ਼ੀਰ ਦੇ ਦਰਖ਼ੱਤ ਨੂੰ ਸਰਾਪ ਦਿੰਦਾ ਹੈ
ਮਰਕੁਸ 11:12-14, 20-24
18ਜਦ ਤੜਕੇ ਉਹ ਸ਼ਹਿਰ ਨੂੰ ਮੁੜਿਆ ਜਾਂਦਾ ਸੀ, ਤਾਂ ਉਸ ਨੂੰ ਭੁੱਖ ਲੱਗੀ। 19ਅਤੇ ਰਸਤੇ ਕੋਲ ਹੰਜ਼ੀਰ ਦਾ ਇੱਕ ਰੁੱਖ ਵੇਖ ਕੇ ਉਸ ਦੇ ਨੇੜੇ ਗਿਆ ਪਰ ਪੱਤਿਆਂ ਬਿਨ੍ਹਾਂ ਉਸ ਉੱਤੇ ਹੋਰ ਕੁਝ ਨਾ ਲੱਭਿਆ ਅਤੇ ਉਸ ਨੇ ਉਸ ਨੂੰ ਆਖਿਆ ਕਿ ਅੱਜ ਤੋਂ ਬਾਅਦ ਤੈਨੂੰ ਕਦੀ ਫਲ ਨਾ ਲੱਗੇ ਅਤੇ ਹੰਜ਼ੀਰ ਦਾ ਦਰਖ਼ੱਤ ਸੁੱਕ ਗਿਆ। 20ਅਤੇ ਚੇਲੇ ਇਹ ਵੇਖ ਕੇ ਹੈਰਾਨ ਹੋਏ ਅਤੇ ਬੋਲੇ ਕਿ ਹੰਜ਼ੀਰ ਦਾ ਰੁੱਖ਼ ਐਨੀ ਜਲਦੀ ਕਿਵੇਂ ਸੁੱਕ ਗਿਆ? 21ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜੇ ਤੁਹਾਨੂੰ ਵਿਸ਼ਵਾਸ ਹੋਵੇ ਅਤੇ ਤੁਸੀਂ ਭਰਮ ਨਾ ਕਰੋ ਤਾਂ ਤੁਸੀਂ ਕੇਵਲ ਇਹੋ ਨਹੀਂ ਕਰੋਗੇ ਜੋ ਹੰਜ਼ੀਰ ਦੇ ਦਰਖ਼ਤ ਨਾਲ ਹੋਇਆ ਸਗੋਂ ਜੇ ਤੁਸੀਂ ਇਸ ਪਹਾੜ ਨੂੰ ਆਖੋ ਜੋ ਉੱਠ ਅਤੇ ਸਮੁੰਦਰ ਵਿੱਚ ਜਾ ਕੇ ਡਿੱਗ ਜਾ, ਤਾਂ ਅਜਿਹਾ ਹੋ ਜਾਵੇਗਾ। 22ਅਤੇ ਸਭ ਕੁਝ ਜੋ ਤੁਸੀਂ ਵਿਸ਼ਵਾਸ ਨਾਲ ਪ੍ਰਾਰਥਨਾ ਕਰ ਕੇ ਮੰਗੋ ਸੋ ਪਾਓਗੇ।
ਯਿਸੂ ਦੇ ਅਧਿਕਾਰ ਦੇ ਬਾਰੇ ਪ੍ਰਸ਼ਨ
ਮਰਕੁਸ 11:27-33; ਲੂਕਾ 20:1-8
23ਜਦ ਉਹ ਹੈਕਲ ਵਿੱਚ ਆ ਕੇ ਉਪਦੇਸ਼ ਦਿੰਦਾ ਸੀ ਤਦ ਮੁੱਖ ਜਾਜਕ ਅਤੇ ਲੋਕਾਂ ਦੇ ਬਜ਼ੁਰਗ ਉਹ ਦੇ ਕੋਲ ਆਏ ਅਤੇ ਬੋਲੇ, ਤੂੰ ਕਿਹੜੇ ਅਧਿਕਾਰ ਨਾਲ ਇਹ ਕੰਮ ਕਰਦਾ ਹੈਂ ਅਤੇ ਇਹ ਅਧਿਕਾਰ ਕਿਸ ਨੇ ਤੈਨੂੰ ਦਿੱਤਾ? 24ਪਰ ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਮੈਂ ਵੀ ਤੁਹਾਡੇ ਤੋਂ ਇੱਕ ਗੱਲ ਪੁੱਛਦਾ ਹਾਂ ਸੋ ਜੇ ਤੁਸੀਂ ਮੈਨੂੰ ਦੱਸੋ ਤਾਂ ਮੈਂ ਵੀ ਤੁਹਾਨੂੰ ਦੱਸਾਂਗਾ ਕਿ ਮੈਂ ਕਿਹੜੇ ਅਧਿਕਾਰ ਨਾਲ ਇਹ ਕੰਮ ਕਰਦਾ ਹਾਂ। 25ਯੂਹੰਨਾ ਦਾ ਬਪਤਿਸਮਾ ਕਿੱਥੋਂ ਸੀ, ਸਵਰਗ ਵੱਲੋਂ ਜਾਂ ਮਨੁੱਖਾਂ ਵੱਲੋਂ? ਅਤੇ ਉਹ ਆਪਸ ਵਿੱਚ ਵਿਚਾਰ ਕਰ ਕੇ ਕਹਿਣ ਲੱਗੇ, ਜੇ ਆਖੀਏ, “ਸਵਰਗ ਵੱਲੋਂ” ਤਾਂ ਉਹ ਸਾਨੂੰ ਕਹੇਗਾ, ਫੇਰ ਤੁਸੀਂ ਉਸ ਉੱਤੇ ਵਿਸ਼ਵਾਸ ਕਿਉਂ ਨਹੀਂ ਕੀਤਾ? 26ਅਤੇ ਜੇ ਆਖੀਏ, “ਮਨੁੱਖਾਂ ਵੱਲੋਂ” ਤਾਂ ਲੋਕਾਂ ਤੋਂ ਡਰਦੇ ਹਾਂ ਕਿਉਂ ਜੋ ਸਾਰੇ ਯੂਹੰਨਾ ਨੂੰ ਨਬੀ ਮੰਨਦੇ ਹਨ। 27ਤਦ ਉਨ੍ਹਾਂ ਨੇ ਯਿਸੂ ਨੂੰ ਉੱਤਰ ਦਿੱਤਾ, ਅਸੀਂ ਨਹੀਂ ਜਾਣਦੇ। ਉਸ ਨੇ ਵੀ ਉਨ੍ਹਾਂ ਨੂੰ ਆਖਿਆ, ਮੈਂ ਵੀ ਤੁਹਾਨੂੰ ਨਹੀਂ ਦੱਸਦਾ ਜੋ ਕਿਹੜੇ ਅਧਿਕਾਰ ਨਾਲ ਮੈਂ ਇਹ ਕੰਮ ਕਰਦਾ ਹਾਂ।
ਦੋ ਪੁੱਤਰਾਂ ਦਾ ਦ੍ਰਿਸ਼ਟਾਂਤ
28 ਪਰ ਤੁਸੀਂ ਕੀ ਸਮਝਦੇ ਹੋ? ਇੱਕ ਮਨੁੱਖ ਦੇ ਦੋ ਪੁੱਤਰ ਸਨ ਅਤੇ ਉਹ ਪਹਿਲੇ ਦੇ ਕੋਲ ਆ ਕੇ ਬੋਲਿਆ, ਪੁੱਤਰ ਜਾ। ਅੱਜ ਅੰਗੂਰੀ ਬਾਗ਼ ਵਿੱਚ ਕੰਮ ਕਰ। 29ਅਤੇ ਉਸ ਨੇ ਉੱਤਰ ਦਿੱਤਾ, ਮੇਰਾ ਜੀ ਨਹੀਂ ਕਰਦਾ ਪਰ ਬਾਅਦ ਵਿੱਚ ਪਛਤਾਇਆ ਅਤੇ ਚਲਾ ਗਿਆ। 30ਫੇਰ ਦੂਜੇ ਦੇ ਕੋਲ ਆ ਕੇ ਇਹੋ ਹੀ ਕਿਹਾ ਅਤੇ ਉਸ ਨੇ ਉੱਤਰ ਦਿੱਤਾ, ਠੀਕ ਹੈ ਜੀ, ਪਰ ਨਾ ਗਿਆ। 31ਸੋ ਇਨ੍ਹਾਂ ਦੋਹਾਂ ਵਿੱਚੋਂ ਕਿਸ ਨੇ ਪਿਤਾ ਦੀ ਮਰਜ਼ੀ ਪੂਰੀ ਕੀਤੀ? ਉਨ੍ਹਾਂ ਆਖਿਆ ਪਹਿਲੇ ਨੇ। ਯਿਸੂ ਨੇ ਉਨ੍ਹਾਂ ਨੂੰ ਕਿਹਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਚੂੰਗੀ ਲੈਣ ਵਾਲੇ ਅਤੇ ਵੇਸਵਾ ਤੁਹਾਡੇ ਨਾਲੋਂ ਪਹਿਲਾਂ ਪਰਮੇਸ਼ੁਰ ਦੇ ਰਾਜ ਵਿੱਚ ਵੜਨਗੇ। 32ਕਿਉਂ ਜੋ ਯੂਹੰਨਾ ਧਾਰਮਿਕਤਾ ਦੇ ਰਾਹੀਂ ਤੁਹਾਡੇ ਕੋਲ ਆਇਆ ਅਤੇ ਤੁਸੀਂ ਉਸ ਉੱਤੇ ਵਿਸ਼ਵਾਸ ਨਾ ਕੀਤਾ ਪਰ ਮਸੂਲੀਆਂ ਅਤੇ ਕੰਜਰੀਆਂ ਨੇ ਉਸ ਉੱਤੇ ਵਿਸ਼ਵਾਸ ਕੀਤਾ ਅਤੇ ਤੁਸੀਂ ਇਹ ਵੇਖ ਕੇ ਬਾਅਦ ਵਿੱਚ ਵੀ ਨਾ ਪਛਤਾਏ ਕਿ ਉਸ ਉੱਤੇ ਵਿਸ਼ਵਾਸ ਕਰਦੇ।
ਦੁਸ਼ਟ ਮਾਲੀਆਂ ਦਾ ਦ੍ਰਿਸ਼ਟਾਂਤ
ਮਰਕੁਸ 12:1-12; ਲੂਕਾ 20:9-19
33 ਇੱਕ ਹੋਰ ਦ੍ਰਿਸ਼ਟਾਂਤ ਸੁਣੋ ਜੋ ਇੱਕ ਘਰ ਦਾ ਮਾਲਕ ਸੀ ਜਿਸ ਨੇ ਅੰਗੂਰੀ ਬਾਗ਼ ਲਾਇਆ ਅਤੇ ਉਹ ਦੇ ਚੁਫ਼ੇਰੇ ਵਾੜ ਕੀਤੀ ਅਤੇ ਉਸ ਵਿੱਚ ਰਸ ਲਈ ਇੱਕ ਚੁਬੱਚਾ ਕੱਢਿਆ ਅਤੇ ਬੁਰਜ ਉਸਾਰਿਆ ਅਤੇ ਉਹ ਨੂੰ ਮਾਲੀਆਂ ਦੇ ਹੱਥ ਸੌਂਪ ਕੇ ਪਰਦੇਸ ਚੱਲਿਆ ਗਿਆ। 34ਜਦੋਂ ਫਲਾਂ ਦੀ ਰੁੱਤ ਨੇੜੇ ਆਈ ਤਾਂ ਉਹ ਨੇ ਆਪਣੇ ਨੌਕਰ ਮਾਲੀਆਂ ਦੇ ਕੋਲ ਆਪਣੇ ਫਲ ਲੈਣ ਲਈ ਭੇਜੇ। 35ਅਤੇ ਮਾਲੀਆਂ ਨੇ ਉਹ ਦੇ ਨੌਕਰਾਂ ਨੂੰ ਫੜ੍ਹ ਕੇ ਕਿਸੇ ਨੂੰ ਕੁੱਟਿਆ, ਕਿਸੇ ਨੂੰ ਮਾਰ ਸੁੱਟਿਆ ਅਤੇ ਕਿਸੇ ਨੂੰ ਪਥਰਾਉ ਕੀਤਾ। 36ਫੇਰ ਉਸ ਨੇ ਪਹਿਲਾਂ ਨਾਲੋਂ ਵੱਧ ਨੌਕਰਾਂ ਨੂੰ ਭੇਜਿਆ ਅਤੇ ਉਨ੍ਹਾਂ ਨੇ ਇਨ੍ਹਾਂ ਨਾਲ ਵੀ ਉਸੇ ਤਰ੍ਹਾਂ ਕੀਤਾ। 37ਅੰਤ ਉਸ ਨੇ ਆਪਣੇ ਪੁੱਤਰ ਨੂੰ ਉਨ੍ਹਾਂ ਦੇ ਕੋਲ ਇਹ ਕਹਿ ਕੇ ਭੇਜਿਆ ਕਿ ਉਹ ਮੇਰੇ ਪੁੱਤਰ ਦਾ ਆਦਰ ਕਰਨਗੇ। 38ਪਰ ਮਾਲੀਆਂ ਨੇ ਜਦ ਉਹ ਦੇ ਪੁੱਤਰ ਨੂੰ ਵੇਖਿਆ ਤਾਂ ਆਪਸ ਵਿੱਚ ਕਿਹਾ, ਵਾਰਿਸ ਇਹੋ ਹੈ, ਆਓ ਇਹ ਨੂੰ ਮਾਰ ਸੁੱਟੀਏ ਅਤੇ ਉਹ ਦਾ ਵਿਰਸਾ ਸਾਂਭ ਲਈਏ। 39ਅਤੇ ਉਨ੍ਹਾਂ ਉਸ ਨੂੰ ਫੜਿਆ ਅਤੇ ਬਾਗ਼ੋਂ ਬਾਹਰ ਕੱਢ ਕੇ ਮਾਰ ਸੁੱਟਿਆ। 40ਸੋ ਜਦ ਬਾਗ਼ ਦਾ ਮਾਲਕ ਆਵੇਗਾ ਤਦ ਉਨ੍ਹਾਂ ਮਾਲੀਆਂ ਨਾਲ ਕੀ ਕਰੇਗਾ? 41ਉਨ੍ਹਾਂ ਨੇ ਉਸ ਨੂੰ ਆਖਿਆ ਕਿ ਉਨ੍ਹਾਂ ਬੁਰਿਆਂ ਦਾ ਬੁਰੀ ਤਰ੍ਹਾਂ ਨਾਸ ਕਰੇਗਾ ਅਤੇ ਅੰਗੂਰੀ ਬਾਗ਼ ਹੋਰਨਾਂ ਮਾਲੀਆਂ ਨੂੰ ਸੌਂਪੇਗਾ ਜੋ ਰੁੱਤ ਸਿਰ ਉਸ ਨੂੰ ਫਲ ਪਹੁੰਚਾਉਣਗੇ। 42ਯਿਸੂ ਨੇ ਉਨ੍ਹਾਂ ਨੂੰ ਆਖਿਆ, ਕੀ ਤੁਸੀਂ ਪਵਿੱਤਰ ਗ੍ਰੰਥਾਂ ਵਿੱਚ ਕਦੇ ਨਹੀਂ ਪੜ੍ਹਿਆ
ਜਿਸ ਪੱਥਰ ਨੂੰ ਰਾਜ ਮਿਸਤਰੀਆਂ ਨੇ ਰੱਦਿਆ,
ਸੋਈ ਖੂੰਜੇ ਦਾ ਸਿਰਾ ਹੋ ਗਿਆ।
ਇਹ ਪ੍ਰਭੂ ਦੀ ਵੱਲੋਂ ਹੋਇਆ,
ਅਤੇ ਸਾਡੀ ਨਜ਼ਰ ਵਿੱਚ ਅਚਰਜ਼ ਹੈ।
43 ਇਸ ਕਰਕੇ ਮੈਂ ਤੁਹਾਨੂੰ ਆਖਦਾ ਹਾਂ ਜੋ ਪਰਮੇਸ਼ੁਰ ਦਾ ਰਾਜ ਤੁਹਾਡੇ ਕੋਲੋਂ ਖੋਹਿਆ ਅਤੇ ਪਰਾਈ ਕੌਮ ਨੂੰ ਦਿੱਤਾ ਜਾਵੇਗਾ, ਜਿਹੜੀ ਉਹ ਦੇ ਫਲ ਦੇਵੇ। 44ਅਤੇ ਜੋ ਕੋਈ ਇਸ ਪੱਥਰ ਉੱਤੇ ਡਿੱਗੇਗਾ ਸੋ ਚੂਰ-ਚੂਰ ਹੋ ਜਾਵੇਗਾ ਪਰ ਜਿਹ ਦੇ ਉੱਤੇ ਉਹ ਡਿੱਗੇ ਉਹ ਨੂੰ ਪੀਹ ਸੁੱਟੇਗਾ। 45ਜਦ ਮੁੱਖ ਜਾਜਕਾਂ ਅਤੇ ਫ਼ਰੀਸੀਆਂ ਨੇ ਉਹ ਦੇ ਦ੍ਰਿਸ਼ਟਾਂਤ ਸੁਣੇ ਤਾਂ ਸਮਝਿਆ ਜੋ ਉਹ ਸਾਡੇ ਹੀ ਬਾਰੇ ਵਿੱਚ ਆਖਦਾ ਹੈ। 46ਅਤੇ ਜਦ ਉਹ ਉਸ ਨੂੰ ਫੜ੍ਹਨਾ ਚਾਹੁੰਦੇ ਸਨ ਤਾਂ ਲੋਕਾਂ ਤੋਂ ਡਰੇ, ਕਿਉਂਕਿ ਲੋਕ ਉਸ ਨੂੰ ਨਬੀ ਮੰਨਦੇ ਸਨ।
Currently Selected:
ਮੱਤੀ 21: IRVPun
Highlight
Share
Compare
Copy
Want to have your highlights saved across all your devices? Sign up or sign in
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.