ਮੱਤੀ 18
18
ਸਵਰਗ ਰਾਜ ਵਿੱਚ ਵੱਡਾ ਕੌਣ?
ਮਰਕੁਸ 9:33-37; ਲੂਕਾ 9:46-48
1ਉਸੇ ਵੇਲੇ ਚੇਲੇ ਯਿਸੂ ਕੋਲ ਆਣ ਕੇ ਪੁੱਛਣ ਲੱਗੇ, ਸਵਰਗ ਰਾਜ ਵਿੱਚ ਵੱਡਾ ਕੌਣ ਹੈ? 2ਤਦ ਉਸ ਨੇ ਇੱਕ ਛੋਟੇ ਬਾਲਕ ਨੂੰ ਕੋਲ ਸੱਦ ਕੇ, ਉਸ ਨੂੰ ਉਨ੍ਹਾਂ ਦੇ ਵਿਚਕਾਰ ਖੜ੍ਹਾ ਕੀਤਾ 3ਅਤੇ ਕਿਹਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜੇ ਤੁਸੀਂ ਨਾ ਮੁੜੋ ਅਤੇ ਛੋਟੇ ਬੱਚਿਆਂ ਦੀ ਤਰ੍ਹਾਂ ਨਾ ਬਣੋ ਤਾਂ ਸਵਰਗ ਰਾਜ ਵਿੱਚ ਕਦੀ ਨਾ ਵੜੋਗੇ। 4ਉਪਰੰਤ ਜੋ ਕੋਈ ਵੀ ਆਪਣੇ ਆਪ ਨੂੰ ਇਸ ਬਾਲਕ ਦੀ ਤਰ੍ਹਾਂ ਛੋਟਾ ਸਮਝੇ, ਉਹ ਸਵਰਗ ਰਾਜ ਵਿੱਚ ਵੱਡਾ ਹੈ। 5ਅਤੇ ਜੋ ਕੋਈ ਮੇਰੇ ਨਾਮ ਵਿੱਚ ਅਜਿਹੇ ਇੱਕ ਬਾਲਕ ਨੂੰ ਕਬੂਲ ਕਰੇ, ਉਹ ਮੈਨੂੰ ਕਬੂਲ ਕਰਦਾ ਹੈ।
ਠੋਕਰ ਖੁਆਉਣਾ
ਮਰਕੁਸ 9:42-48; ਲੂਕਾ 17:1, 2
6 ਪਰ ਜੋ ਕੋਈ ਇਨ੍ਹਾਂ ਛੋਟਿਆਂ ਵਿੱਚੋਂ ਜਿਹੜੇ ਮੇਰੇ ਉੱਤੇ ਵਿਸ਼ਵਾਸ ਕਰਦੇ ਹਨ, ਇੱਕ ਨੂੰ ਵੀ ਠੋਕਰ ਖੁਆਵੇ ਤਾਂ ਚੰਗਾ ਹੁੰਦਾ ਕਿ ਉਸ ਦੇ ਗਲ਼ ਵਿੱਚ ਚੱਕੀ ਦਾ ਪੁੜ ਪਾ ਕੇ ਸਮੁੰਦਰ ਦੀ ਗਹਿਰਾਈ ਵਿੱਚ ਡੋਬਿਆ ਜਾਂਦਾ। 7ਠੋਕਰਾਂ ਦੇ ਕਾਰਨ ਸੰਸਾਰ ਉੱਤੇ ਹਾਏ! ਕਿਉਂ ਜੋ ਠੋਕਰਾਂ ਦਾ ਲੱਗਣਾ ਤਾਂ ਜ਼ਰੂਰੀ ਹੈ, ਪਰ ਹਾਏ ਉਸ ਮਨੁੱਖ ਉੱਤੇ ਜਿਸ ਕਰਕੇ ਠੋਕਰ ਲੱਗਦੀ ਹੈ! 8ਪਰ ਜੇ ਤੇਰਾ ਹੱਥ ਜਾਂ ਤੇਰਾ ਪੈਰ ਤੈਨੂੰ ਠੋਕਰ ਖੁਆਵੇ, ਤਾਂ ਉਹ ਨੂੰ ਵੱਢ ਕੇ ਸੁੱਟ ਦੇ। ਟੁੰਡਾ ਜਾਂ ਲੰਗੜਾ ਹੋ ਕੇ ਸਦੀਪਕ ਜੀਵਨ ਵਿੱਚ ਵੜਨਾ ਤੇਰੇ ਲਈ ਇਸ ਨਾਲੋਂ ਭਲਾ ਹੈ, ਜੋ ਦੋ ਹੱਥ ਜਾਂ ਦੋ ਪੈਰ ਹੁੰਦਿਆਂ ਤੂੰ ਸਦੀਪਕ ਅੱਗ ਵਿੱਚ ਸੁੱਟਿਆ ਜਾਵੇਂ। 9ਅਤੇ ਜੇ ਤੇਰੀ ਅੱਖ ਤੈਨੂੰ ਠੋਕਰ ਖੁਆਵੇ ਤਾਂ ਉਹ ਨੂੰ ਕੱਢ ਕੇ ਸੁੱਟ ਦੇ। ਕਾਣਾ ਹੋ ਕੇ ਸਦੀਪਕ ਜੀਵਨ ਵਿੱਚ ਵੜਨਾ ਤੇਰੇ ਲਈ ਇਸ ਨਾਲੋਂ ਭਲਾ ਹੈ, ਜੋ ਦੋ ਅੱਖਾਂ ਹੁੰਦਿਆਂ ਤੂੰ ਨਰਕ ਦੀ ਅੱਗ ਵਿੱਚ ਸੁੱਟਿਆ ਜਾਵੇਂ।
ਗੁਆਚੀ ਹੋਈ ਭੇਡ ਦਾ ਦ੍ਰਿਸ਼ਟਾਂਤ
ਲੂਕਾ 15:3-7
10 ਵੇਖੋ, ਤੁਸੀਂ ਇਨ੍ਹਾਂ ਛੋਟੇ ਬੱਚਿਆਂ ਵਿੱਚੋਂ ਕਿਸੇ ਨੂੰ ਤੁਛ ਨਾ ਜਾਣੋ, ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਕਿ ਸਵਰਗ ਵਿੱਚ ਉਨ੍ਹਾਂ ਦੇ ਦੂਤ ਮੇਰੇ ਪਿਤਾ ਦਾ ਜਿਹੜਾ ਸਵਰਗ ਵਿੱਚ ਹੈ ਮੂੰਹ ਸਦਾ ਵੇਖਦੇ ਹਨ। 11ਕਿਉਂਕਿ ਮਨੁੱਖ ਦਾ ਪੁੱਤਰ ਗੁਆਚੇ ਹੋਇਆਂ ਨੂੰ ਬਚਾਉਣ ਆਇਆ ਹੈ। 12ਤੁਸੀਂ ਕੀ ਸੋਚਦੇ ਹੋ? ਜੇ ਕਿਸੇ ਮਨੁੱਖ ਕੋਲ ਸੌ ਭੇਡਾਂ ਹੋਣ ਅਤੇ ਉਨ੍ਹਾਂ ਵਿੱਚੋਂ ਇੱਕ ਗੁਆਚ ਜਾਵੇ, ਤਾਂ ਕੀ ਉਹ ਨੜਿੰਨਵਿਆਂ ਨੂੰ ਪਹਾੜ ਉੱਤੇ ਛੱਡ ਕੇ ਉਸ ਗੁਆਚੀ ਹੋਈ ਨੂੰ ਭਾਲਦਾ ਨਾ ਫਿਰੇਗਾ? 13ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜੇ ਅਜਿਹਾ ਹੋਵੇ ਜੋ ਉਹ ਨੂੰ ਮਿਲ ਜਾਵੇ ਤਾਂ ਉਹ ਉਸ ਦੇ ਕਾਰਨ ਉਨ੍ਹਾਂ ਨੜਿੰਨਵਿਆਂ ਨਾਲੋਂ ਜਿਹੜੀਆਂ ਗੁਆਚੀਆਂ ਨਹੀਂ ਸਨ, ਬਹੁਤ ਅਨੰਦ ਹੋਵੇਗਾ। 14ਇਸੇ ਤਰ੍ਹਾਂ ਤੁਹਾਡੇ ਪਿਤਾ ਦੀ ਜਿਹੜਾ ਸਵਰਗ ਵਿੱਚ ਹੈ, ਇਹ ਮਰਜ਼ੀ ਨਹੀਂ ਜੋ ਇਨ੍ਹਾਂ ਛੋਟਿਆਂ ਵਿੱਚੋਂ ਇੱਕ ਦਾ ਵੀ ਨਾਸ ਹੋ ਜਾਵੇ।
ਅਪਰਾਧੀਆਂ ਦੇ ਪ੍ਰਤੀ ਵਿਵਹਾਰ
15 ਜੇ ਤੇਰਾ ਭਰਾ ਪਾਪ ਕਰੇ ਤਾਂ ਉਸ ਨੂੰ ਇਕੱਲੇ ਵਿੱਚ ਸਮਝਾ, ਜੇ ਉਹ ਤੇਰੀ ਸੁਣੇ ਤਾਂ ਤੂੰ ਆਪਣੇ ਭਰਾ ਨੂੰ ਬਚਾ ਲਿਆ। 16ਪਰ ਜੇ ਨਾ ਸੁਣੇ ਤਾਂ ਤੂੰ ਆਪਣੇ ਨਾਲ ਇੱਕ ਜਾਂ ਦੋ ਲੋਕਾਂ ਨੂੰ ਹੋਰ ਲੈ ਤਾਂ ਜੋ ਹਰੇਕ ਗੱਲ ਦੋ ਜਾਂ ਤਿੰਨ ਗਵਾਹਾਂ ਦੇ ਮੂੰਹੋਂ ਸਾਬਤ ਹੋ ਜਾਵੇ। 17ਅਤੇ ਜੇ ਉਹ ਉਨ੍ਹਾਂ ਦੀ ਵੀ ਨਾ ਸੁਣੇ ਤਾਂ ਕਲੀਸਿਯਾ ਨੂੰ ਦੱਸ ਦੇ। ਫੇਰ ਜੇ ਉਹ ਕਲੀਸਿਯਾ ਦੀ ਵੀ ਨਾ ਸੁਣੇ, ਤਾਂ ਉਹ ਤੇਰੇ ਲਈ ਪਰਾਈ ਕੌਮ ਵਾਲੇ ਅਤੇ ਚੂੰਗੀ ਲੈਣ ਵਾਲੇ ਵਰਗਾ ਹੋਵੇ। 18ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜੋ ਕੁਝ ਤੁਸੀਂ ਧਰਤੀ ਉੱਤੇ ਬੰਨ੍ਹੋਗੇ ਸੋ ਸਵਰਗ ਵਿੱਚ ਬੰਨ੍ਹਿਆ ਜਾਵੇਗਾ ਅਤੇ ਜੋ ਕੁਝ ਤੁਸੀਂ ਧਰਤੀ ਉੱਤੇ ਖੋਲ੍ਹੋਗੇ ਸੋ ਸਵਰਗ ਵਿੱਚ ਖੋਲ੍ਹਿਆ ਜਾਵੇਗਾ। 19ਫੇਰ ਮੈਂ ਤੁਹਾਨੂੰ ਆਖਦਾ ਹਾਂ, ਜੇ ਤੁਹਾਡੇ ਵਿੱਚੋਂ ਦੋ ਜਣੇ ਧਰਤੀ ਉੱਤੇ ਕਿਸੇ ਕੰਮ ਲਈ ਮਿਲ ਕੇ ਬੇਨਤੀ ਕਰਨ ਤਾਂ ਮੇਰੇ ਪਿਤਾ ਵੱਲੋਂ ਜਿਹੜਾ ਸਵਰਗ ਵਿੱਚ ਹੈ ਉਹ ਬੇਨਤੀ ਪੂਰੀ ਹੋ ਜਾਵੇਗੀ। 20ਕਿਉਂਕਿ ਜਿੱਥੇ ਦੋ ਜਾਂ ਤਿੰਨ ਮੇਰੇ ਨਾਮ ਵਿੱਚ ਇਕੱਠੇ ਹੋਣ, ਉੱਥੇ ਮੈਂ ਉਨ੍ਹਾਂ ਦੇ ਵਿਚਕਾਰ ਹਾਂ।
ਨਿਰਦਈ ਨੌਕਰ ਦਾ ਦ੍ਰਿਸ਼ਟਾਂਤ
21ਤਦ ਪਤਰਸ ਨੇ ਉਹ ਨੂੰ ਆਖਿਆ, ਪ੍ਰਭੂ ਜੀ, ਮੇਰਾ ਭਰਾ ਕਿੰਨੀ ਵਾਰੀ ਮੇਰੇ ਵਿਰੁੱਧ ਪਾਪ ਕਰਦਾ ਰਹੇ ਅਤੇ ਮੈਂ ਉਹ ਨੂੰ ਮਾਫ਼ ਕਰਾਂ? ਕੀ ਸੱਤ ਵਾਰ? 22ਯਿਸੂ ਨੇ ਉਹ ਨੂੰ ਕਿਹਾ, ਮੈਂ ਤੈਨੂੰ ਇਹ ਨਹੀਂ ਕਹਿੰਦਾ ਕਿ ਸੱਤ ਵਾਰ ਪਰ ਸੱਤ ਦੇ ਸੱਤਰ ਗੁਣਾ ਤੱਕ। 23ਇਸ ਲਈ ਸਵਰਗ ਰਾਜ ਇੱਕ ਰਾਜੇ ਵਰਗਾ ਹੈ ਜਿਸ ਨੇ ਆਪਣੇ ਨੌਕਰਾਂ ਤੋਂ ਲੇਖਾ ਲੈਣਾ ਚਾਹਿਆ। 24ਅਤੇ ਜਦ ਉਹ ਹਿਸਾਬ ਲੈਣ ਲੱਗਾ ਤਾਂ ਇੱਕ ਮਨੁੱਖ ਨੂੰ ਉਸ ਕੋਲ ਲਿਆਏ ਜਿਸ ਨੇ ਦਸ ਹਜ਼ਾਰ ਤੋੜੇ ਦਾ ਕਰਜ਼ਾ ਦੇਣਾ ਸੀ। 25ਪਰ ਉਹ ਦੇ ਕੋਲ ਦੇਣ ਨੂੰ ਕੁਝ ਨਹੀਂ ਸੀ, ਉਹ ਦੇ ਮਾਲਕ ਨੇ ਹੁਕਮ ਦਿੱਤਾ ਜੋ ਉਹ ਅਤੇ ਉਹ ਦੀ ਪਤਨੀ, ਬਾਲ ਬੱਚੇ ਅਤੇ ਸਭ ਕੁਝ ਜੋ ਉਹ ਦਾ ਹੈ ਵੇਚਿਆ ਜਾਵੇ ਅਤੇ ਕਰਜ਼ ਭਰ ਲਿਆ ਜਾਵੇ। 26ਤਦ ਉਸ ਨੌਕਰ ਨੇ ਪੈਰਾਂ ਤੇ ਡਿੱਗ ਕੇ ਕਿਹਾ, ਸੁਆਮੀ ਜੀ, ਮੇਰੇ ਉੱਤੇ ਧੀਰਜ ਰੱਖੋ, ਮੈਂ ਤੁਹਾਡਾ ਸਾਰਾ ਕਰਜ਼ ਮੋੜ ਦਿਆਂਗਾ। 27ਤਦ ਉਸ ਨੌਕਰ ਦੇ ਮਾਲਕ ਨੇ, ਤਰਸ ਖਾ ਕੇ ਉਹ ਨੂੰ ਛੱਡ ਦਿੱਤਾ ਅਤੇ ਸਾਰਾ ਕਰਜ਼ ਉਹ ਨੂੰ ਮਾਫ਼ ਕਰ ਦਿੱਤਾ। 28ਜਦੋਂ ਉਹ ਨੌਕਰ ਬਾਹਰ ਨਿੱਕਲਿਆ, ਤਦ ਉਹ ਨੂੰ ਆਪਣੇ ਨਾਲ ਦੇ ਨੌਕਰਾਂ ਵਿੱਚੋਂ ਇੱਕ ਮਿਲਿਆ ਜਿਸ ਤੋਂ ਉਹ ਨੇ ਸੋ ਦੀਨਾਰ (ਇੱਕ ਦੀਨਾਰ ਇੱਕ ਦਿਨ ਦੀ ਮਜ਼ਦੂਰੀ ਦੇ ਬਰਾਬਰ) ਲੈਣੇ ਸਨ, ਉਸ ਨੇ ਉਹ ਨੂੰ ਗਲੇ ਤੋਂ ਫੜ੍ਹ ਕੇ ਆਖਿਆ, ਜੋ ਮੇਰਾ ਤੂੰ ਦੇਣਾ ਹੈ ਸੋ ਦੇ! 29ਤਦ ਉਹ ਦੇ ਨਾਲ ਦਾ ਨੌਕਰ ਉਹ ਦੇ ਪੈਰੀਂ ਪਿਆ ਅਤੇ ਮਿੰਨਤ ਕਰ ਕੇ ਕਿਹਾ, ਮੇਰੇ ਉੱਤੇ ਧੀਰਜ ਕਰ ਤਾਂ ਮੈਂ ਤੇਰਾ ਕਰਜ਼ ਮੋੜ ਦਿਆਂਗਾ। 30ਪਰ ਉਹ ਨੇ ਉਸ ਦੀ ਨਾ ਸੁਣੀ ਸਗੋਂ ਜਾ ਕੇ ਉਸ ਨੂੰ ਉਸ ਸਮੇਂ ਤੱਕ ਕੈਦ ਵਿੱਚ ਪਾ ਦਿੱਤਾ ਜਦੋਂ ਤੱਕ ਉਹ ਕਰਜ਼ ਨਾ ਮੋੜ ਦੇਵੇ। 31ਪਰ ਜਦੋਂ ਉਹ ਦੇ ਨਾਲ ਦੇ ਨੌਕਰਾਂ ਨੇ ਇਹ ਸਭ ਦੇਖਿਆ ਤਾਂ ਉਹ ਬਹੁਤ ਉਦਾਸ ਹੋਏ ਅਤੇ ਜਾ ਕੇ ਆਪਣੇ ਮਾਲਕ ਨੂੰ ਸਾਰਾ ਹਾਲ ਦੱਸ ਦਿੱਤਾ। 32ਤਦ ਉਹ ਦੇ ਮਾਲਕ ਨੇ ਉਹ ਨੂੰ ਆਪਣੇ ਕੋਲ ਸੱਦ ਕੇ ਕਿਹਾ, ਓਏ ਦੁਸ਼ਟ ਨੌਕਰ! ਮੈਂ ਤੈਨੂੰ ਉਹ ਸਾਰਾ ਕਰਜ਼ ਮਾਫ਼ ਕਰ ਦਿੱਤਾ ਕਿਉਂਕਿ ਤੂੰ ਮੇਰੀ ਮਿੰਨਤ ਕੀਤੀ ਸੀ। 33ਫੇਰ ਜਿਸ ਤਰ੍ਹਾਂ ਮੈਂ ਤੇਰੇ ਉੱਤੇ ਦਯਾ ਕੀਤੀ ਕੀ ਤੈਨੂੰ ਆਪਣੇ ਨਾਲ ਦੇ ਨੌਕਰ ਉੱਤੇ ਵੀ ਉਸੇ ਤਰ੍ਹਾਂ ਦਯਾ ਨਹੀਂ ਕਰਨੀ ਚਾਹੀਦੀ ਸੀ? 34ਉਸ ਦੇ ਮਾਲਕ ਨੇ ਕ੍ਰੋਧੀ ਹੋ ਕੇ ਉਹ ਨੂੰ ਦੁੱਖ ਦੇਣ ਵਾਲਿਆਂ ਦੇ ਹਵਾਲੇ ਕੀਤਾ, ਜਿੰਨਾਂ ਚਿਰ ਉਹ ਸਾਰਾ ਕਰਜ਼ ਭਰ ਨਾ ਦੇਵੇ? 35ਇਸੇ ਤਰ੍ਹਾਂ ਮੇਰਾ ਸਵਰਗੀ ਪਿਤਾ ਵੀ ਤੁਹਾਡੇ ਨਾਲ ਕਰੇਗਾ ਜੇ ਤੁਸੀਂ ਆਪਣੇ ਭਰਾਵਾਂ ਨੂੰ ਦਿਲੋਂ ਮਾਫ਼ ਨਾ ਕਰੋ।
Currently Selected:
ਮੱਤੀ 18: IRVPun
Highlight
Share
Compare
Copy
Want to have your highlights saved across all your devices? Sign up or sign in
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.