YouVersion Logo
Search Icon

ਮੱਤੀ 11

11
ਯਿਸੂ ਅਤੇ ਯੂਹੰਨਾ ਬਪਤਿਸਮਾ ਦੇਣ ਵਾਲਾ
ਲੂਕਾ 7:18-35
1ਇਸ ਤਰ੍ਹਾਂ ਹੋਇਆ ਕਿ ਯਿਸੂ ਆਪਣੇ ਬਾਰਾਂ ਚੇਲਿਆਂ ਨੂੰ ਆਗਿਆ ਦੇਣ ਤੋਂ ਬਾਅਦ, ਉੱਥੋਂ ਉਨ੍ਹਾਂ ਦੇ ਨਗਰਾਂ ਵਿੱਚ ਉਪਦੇਸ਼ ਦੇਣ ਅਤੇ ਪ੍ਰਚਾਰ ਕਰਨ ਚੱਲਿਆ ਗਿਆ।
2ਯੂਹੰਨਾ ਨੇ ਕੈਦਖ਼ਾਨੇ ਵਿੱਚ ਮਸੀਹ ਦੇ ਕੰਮਾਂ ਦੀ ਚਰਚਾ ਸੁਣੀ, ਤਦ ਆਪਣੇ ਚੇਲਿਆਂ ਨੂੰ ਇਹ ਪੁੱਛਣ ਲਈ ਭੇਜਿਆ, 3ਕਿ ਜਿਹੜਾ ਆਉਣ ਵਾਲਾ ਸੀ ਉਹ ਤੂੰ ਹੀ ਹੈਂ ਜਾਂ ਅਸੀਂ ਕਿਸੇ ਹੋਰ ਦੀ ਉਡੀਕ ਕਰੀਏ? 4ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਜੋ ਕੁਝ ਤੁਸੀਂ ਸੁਣਦੇ ਅਤੇ ਵੇਖਦੇ ਹੋ ਜਾ ਕੇ ਯੂਹੰਨਾ ਨੂੰ ਇਹ ਖ਼ਬਰ ਦੇ ਦੇਵੋ, 5ਕਿ ਅੰਨ੍ਹੇ ਸੁਜਾਖੇ ਹੁੰਦੇ ਹਨ, ਲੰਗੜੇ ਚਲਦੇ ਹਨ, ਕੋੜ੍ਹੀ ਸ਼ੁੱਧ ਕੀਤੇ ਜਾਂਦੇ ਹਨ, ਬੋਲੇ ਸੁਣਦੇ ਹਨ, ਮੁਰਦੇ ਜਿਵਾਏ ਜਾਂਦੇ ਹਨ ਅਤੇ ਗਰੀਬਾਂ ਨੂੰ ਖੁਸ਼ਖਬਰੀ ਸੁਣਾਈ ਜਾਂਦੀ ਹੈ। 6ਅਤੇ ਧੰਨ ਹੈ ਉਹ ਜੋ ਮੇਰੇ ਕਾਰਨ ਠੋਕਰ ਨਾ ਖਾਵੇ।
7ਜਦੋਂ ਉਹ ਚਲੇ ਗਏ ਤਾਂ ਯਿਸੂ ਯੂਹੰਨਾ ਦੇ ਵਿਖੇ ਲੋਕਾਂ ਨੂੰ ਕਹਿਣ ਲੱਗਾ, ਤੁਸੀਂ ਉਜਾੜ ਵਿੱਚ ਕੀ ਵੇਖਣ ਗਏ ਸੀ? ਕੀ ਇੱਕ ਕਾਨੇ ਨੂੰ ਜਿਹੜਾ ਹਵਾ ਨਾਲ ਹਿੱਲਦਾ ਹੈ? 8ਫੇਰ ਤੁਸੀਂ ਕੀ ਵੇਖਣ ਗਏ ਸੀ? ਕੀ ਮਹੀਨ ਬਸਤਰ ਪਹਿਨੇ ਹੋਏ ਇੱਕ ਮਨੁੱਖ ਨੂੰ? ਵੇਖੋ ਉਹ ਜਿਹੜੇ ਕੋਮਲ ਬਸਤਰ ਪਹਿਨਦੇ ਹਨ ਰਾਜਿਆਂ ਦੇ ਮਹਿਲਾਂ ਵਿੱਚ ਹਨ। 9ਫੇਰ ਤੁਸੀਂ ਕੀ ਵੇਖਣ ਗਏ ਸੀ? ਕੀ ਨਬੀ ਨੂੰ? ਹਾਂ, ਮੈਂ ਤੁਹਾਨੂੰ ਆਖਦਾ ਹਾਂ ਸਗੋਂ ਨਬੀ ਨਾਲੋਂ ਵੀ ਵੱਡਾ। 10ਇਹ ਉਹੋ ਹੈ ਜਿਹ ਦੇ ਬਾਰੇ ਲਿਖਿਆ ਹੋਇਆ ਹੈ;
ਵੇਖ ਮੈਂ ਆਪਣਾ ਦੂਤ ਤੇਰੇ ਅੱਗੇ ਭੇਜਦਾ ਹਾਂ
ਜਿਹੜਾ ਤੇਰੇ ਅੱਗੇ ਤੇਰਾ ਰਾਹ ਤਿਆਰ ਕਰੇਗਾ।
11 ਮੈਂ ਤੁਹਾਨੂੰ ਸੱਚ ਆਖਦਾ ਹਾਂ; ਜਿਹੜੇ ਔਰਤਾਂ ਤੋਂ ਜੰਮੇ ਉਨ੍ਹਾਂ ਵਿੱਚੋਂ ਯੂਹੰਨਾ ਬਪਤਿਸਮਾ ਦੇਣ ਵਾਲੇ ਨਾਲੋਂ ਵੱਡਾ ਕੋਈ ਵੀ ਨਹੀਂ ਹੋਇਆ, ਪਰ ਜਿਹੜਾ ਸਵਰਗ ਰਾਜ ਵਿੱਚ ਛੋਟਾ ਹੈ ਉਹ ਉਸ ਤੋਂ ਵੱਡਾ ਹੈ। 12ਅਤੇ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਦਿਨਾਂ ਤੋਂ ਹੁਣ ਤੱਕ ਸਵਰਗ ਰਾਜ ਉੱਤੇ ਜ਼ੋਰ ਮਾਰਿਆ ਜਾਂਦਾ ਹੈ ਅਤੇ ਜ਼ੋਰ ਮਾਰਨ ਵਾਲੇ ਉਸ ਨੂੰ ਪ੍ਰਾਪਤ ਕਰ ਲੈਂਦੇ ਹਨ। 13ਕਿਉਂ ਜੋ ਸਾਰੇ ਨਬੀ ਅਤੇ ਮੂਸਾ ਦੀ ਬਿਵਸਥਾ ਯੂਹੰਨਾ ਦੇ ਆਉਣ ਤੱਕ ਅਗੰਮ ਵਾਕ ਕਰਦੇ ਰਹੇ। 14ਜੇਕਰ ਤੁਸੀਂ ਇਸ ਨੂੰ ਮੰਨਣਾ ਚਾਹੁੰਦੇ ਹੋ, ਤਾਂ ਆਉਣ ਵਾਲਾ ਏਲੀਯਾਹ ਇਹੋ ਹੈ। 15ਜਿਸ ਦੇ ਸੁਣਨ ਵਾਲੇ ਕੰਨ ਹੋਣ ਉਹ ਸੁਣੇ। 16ਪਰ ਮੈਂ ਇਸ ਪੀੜ੍ਹੀ ਦੇ ਲੋਕਾਂ ਦੀ ਤੁਲਨਾ ਕਿਸ ਨਾਲ ਕਰਾਂ? ਇਹ ਉਨ੍ਹਾਂ ਬੱਚਿਆਂ ਵਰਗੇ ਹਨ, ਜਿਹੜੇ ਬਜ਼ਾਰਾਂ ਵਿੱਚ ਬੈਠ ਕੇ ਆਪਣੇ ਸਾਥੀਆਂ ਨੂੰ ਅਵਾਜ਼ ਮਾਰ ਕੇ ਆਖਦੇ ਹਨ,
17 ਅਸੀਂ ਤੁਹਾਡੇ ਲਈ ਬੰਸਰੀ ਵਜਾਈ,
ਪਰ ਤੁਸੀਂ ਨਾ ਨੱਚੇ।
ਅਸੀਂ ਸਿਆਪਾ ਕੀਤਾ,
ਪਰ ਤੁਸੀਂ ਵਿਰਲਾਪ ਨਾ ਕੀਤਾ।
18 ਕਿਉਂਕਿ ਯੂਹੰਨਾ ਨਾ ਤਾਂ ਰੋਟੀ ਖਾਂਦਾ ਅਤੇ ਨਾ ਮੈਅ ਪੀਂਦਾ ਆਇਆ, ਅਤੇ ਉਹ ਆਖਦੇ ਹਨ ਜੋ ਉਹ ਦੇ ਵਿੱਚ ਇੱਕ ਭੂਤ ਹੈ। 19ਮਨੁੱਖ ਦਾ ਪੁੱਤਰ ਖਾਂਦਾ ਪੀਂਦਾ ਆਇਆ ਅਤੇ ਉਹ ਆਖਦੇ ਹਨ, ਵੇਖੋ ਇੱਕ ਪੇਟੂ ਅਤੇ ਸ਼ਰਾਬੀ, ਚੂੰਗੀ ਲੈਣ ਵਾਲਿਆਂ ਅਤੇ ਪਾਪੀਆਂ ਦਾ ਮਿੱਤਰ। ਸੋ ਗਿਆਨ ਆਪਣੇ ਕੰਮਾਂ ਦੁਆਰਾ ਸੱਚਾ ਠਹਿਰਿਆ!
ਉਨ੍ਹਾਂ ਨਗਰਾਂ ਉੱਤੇ ਹਾਏ ਜਿਨ੍ਹਾਂ ਨੇ ਤੋਬਾ ਨਹੀਂ ਕੀਤੀ
ਲੂਕਾ 10:13-15
20ਫਿਰ ਉਹ ਉਨ੍ਹਾਂ ਨਗਰਾਂ ਨੂੰ ਜਿਨ੍ਹਾਂ ਵਿੱਚ ਉਸ ਨੇ ਬਹੁਤ ਅਚਰਜ਼ ਕੰਮ ਕੀਤੇ ਸਨ ਉਲਾਂਭਾ ਦੇਣ ਲੱਗਾ, ਕਿਉਂਕਿ ਉਨ੍ਹਾਂ ਨੇ ਤੋਬਾ ਨਹੀਂ ਕੀਤੀ ਸੀ। 21ਹੇ ਖੁਰਾਜ਼ੀਨ, ਤੇਰੇ ਉੱਤੇ ਹਾਏ! ਹੇ ਬੈਤਸੈਦਾ, ਤੇਰੇ ਉੱਤੇ ਅਫ਼ਸੋਸ! ਕਿਉਂਕਿ ਜਿਹੜੇ ਅਚਰਜ਼ ਕੰਮ ਤੁਹਾਡੇ ਵਿੱਚ ਕੀਤੇ ਗਏ ਹਨ ਜੇ ਸੂਰ ਅਤੇ ਸੈਦਾ ਵਿੱਚ ਕੀਤੇ ਜਾਂਦੇ ਤਾਂ ਉਹ ਤੱਪੜ ਪਹਿਨ ਕੇ ਅਤੇ ਸੁਆਹ ਵਿੱਚ ਬੈਠ ਕੇ ਕਦੋਂ ਦੇ ਤੋਬਾ ਕਰ ਲੈਂਦੇ! 22ਫਿਰ ਵੀ ਮੈਂ ਤੁਹਾਨੂੰ ਆਖਦਾ ਹਾਂ ਕਿ ਨਿਆਂ ਦੇ ਦਿਨ ਤੁਹਾਡੇ ਨਾਲੋਂ ਸੂਰ ਅਤੇ ਸੈਦਾ ਦਾ ਹਾਲ ਝੱਲਣ ਯੋਗ ਹੋਵੇਗਾ। 23ਅਤੇ ਹੇ ਕਫ਼ਰਨਾਹੂਮ, ਕੀ ਤੂੰ ਅਕਾਸ਼ ਤੱਕ ਉੱਚਾ ਕੀਤਾ ਜਾਵੇਂਗਾ? ਤੂੰ ਸਗੋਂ ਪਤਾਲ ਵਿੱਚ ਸੁੱਟਿਆ ਜਾਏਂਗਾ ਕਿਉਂਕਿ ਜਿਹੜੇ ਅਚਰਜ਼ ਕੰਮ ਤੇਰੇ ਵਿੱਚ ਵਿਖਾਏ ਗਏ ਹਨ ਜੇ ਉਹ ਸਦੂਮ ਵਿੱਚ ਵਿਖਾਏ ਜਾਂਦੇ ਤਾਂ ਉਹ ਅੱਜ ਤੱਕ ਬਣਿਆ ਰਹਿੰਦਾ। 24ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਨਿਆਂ ਦੇ ਦਿਨ ਤੇਰੇ ਨਾਲੋਂ ਸਦੂਮ ਦੇਸ ਦਾ ਹਾਲ ਝੱਲਣ ਯੋਗ ਹੋਵੇਗਾ।
ਪਿਤਾ ਪੁੱਤਰ ਵਿੱਚ ਪ੍ਰਗਟ ਹੋਇਆ
25ਉਸ ਵੇਲੇ ਯਿਸੂ ਨੇ ਆਖਿਆ, ਹੇ ਪਿਤਾ ਅਕਾਸ਼ ਅਤੇ ਧਰਤੀ ਦੇ ਮਾਲਕ, ਮੈਂ ਤੇਰੀ ਵਡਿਆਈ ਕਰਦਾ ਹਾਂ ਜੋ ਤੂੰ ਇਨ੍ਹਾਂ ਗੱਲਾਂ ਨੂੰ ਗਿਆਨੀਆਂ ਅਤੇ ਬੁੱਧਵਾਨਾਂ ਤੋਂ ਗੁਪਤ ਰੱਖਿਆ, ਪਰ ਉਨ੍ਹਾਂ ਨੂੰ ਬੱਚਿਆਂ ਉੱਤੇ ਪਰਗਟ ਕੀਤਾ। 26ਹਾਂ, ਹੇ ਪਿਤਾ, ਕਿਉਂ ਜੋ ਤੈਨੂੰ ਇਹੋ ਚੰਗਾ ਲੱਗਿਆ। 27ਸਭ ਕੁਝ ਮੇਰੇ ਪਿਤਾ ਨੇ ਮੈਨੂੰ ਸੌਂਪਿਆ ਹੋਇਆ ਹੈ! ਪਿਤਾ ਤੋਂ ਇਲਾਵਾ ਪੁੱਤਰ ਨੂੰ ਕੋਈ ਨਹੀਂ ਜਾਣਦਾ ਅਤੇ ਨਾ ਕੋਈ ਪੁੱਤਰ ਤੋਂ ਇਲਾਵਾ ਪਿਤਾ ਨੂੰ ਜਾਣਦਾ ਹੈ ਅਤੇ ਹੁਣ ਪੁੱਤਰ ਹੀ ਹੈ, ਜਿਸ ਉੱਤੇ ਉਹ ਨੂੰ ਪਰਗਟ ਕਰਨਾ ਚਾਹੇ। 28ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ। 29ਮੇਰਾ ਜੂਲਾ ਆਪਣੇ ਉੱਤੇ ਲੈ ਲਵੋ ਅਤੇ ਮੇਰੇ ਕੋਲੋਂ ਸਿੱਖੋ ਕਿਉਂ ਜੋ ਮੈਂ ਕੋਮਲ ਅਤੇ ਮਨ ਦਾ ਗਰੀਬ ਹਾਂ ਅਤੇ ਤੁਸੀਂ ਆਪਣੀਆਂ ਜ਼ਿੰਦਗੀਆਂ ਵਿੱਚ ਅਰਾਮ ਪਾਓਗੇ। 30ਕਿਉਂਕਿ ਮੇਰਾ ਜੂਲਾ ਸੁਖਾਲਾ ਅਤੇ ਮੇਰਾ ਭਾਰ ਹਲਕਾ ਹੈ।

Currently Selected:

ਮੱਤੀ 11: IRVPun

Highlight

Share

Copy

None

Want to have your highlights saved across all your devices? Sign up or sign in