YouVersion Logo
Search Icon

ਲੇਵੀਆਂ 8

8
ਹਾਰੂਨ ਅਤੇ ਉਸ ਦੇ ਪੁੱਤਰਾਂ ਦਾ ਮਸਹ
ਕੂਚ 29:1-37
1ਯਹੋਵਾਹ ਨੇ ਮੂਸਾ ਨੂੰ ਇਹ ਆਖਿਆ, 2ਤੂੰ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਅਤੇ ਉਨ੍ਹਾਂ ਦੇ ਬਸਤਰਾਂ, ਮਸਹ ਕਰਨ ਦੇ ਤੇਲ, ਪਾਪ ਬਲੀ ਦੀ ਭੇਟ ਦੇ ਬਲ਼ਦ, ਦੋ ਭੇਡੂਆਂ ਅਤੇ ਪਤੀਰੀ ਰੋਟੀ ਦੇ ਟੋਕਰੇ ਨੂੰ ਲੈ ਕੇ, 3ਸਾਰੀ ਮੰਡਲੀ ਨੂੰ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਦੇ ਕੋਲ ਇਕੱਠਿਆਂ ਕਰੀਂ।
4ਤਦ ਜਿਵੇਂ ਯਹੋਵਾਹ ਨੇ ਆਗਿਆ ਦਿੱਤੀ ਸੀ, ਮੂਸਾ ਨੇ ਉਸੇ ਤਰ੍ਹਾਂ ਹੀ ਕੀਤਾ ਅਤੇ ਸਾਰੀ ਮੰਡਲੀ, ਮੰਡਲੀ ਡੇਰੇ ਦੇ ਦਰਵਾਜ਼ੇ ਦੇ ਕੋਲ ਇਕੱਠੀ ਹੋ ਗਈ। 5ਤਦ ਮੂਸਾ ਨੇ ਮੰਡਲੀ ਨੂੰ ਆਖਿਆ, ਜਿਹੜਾ ਕੰਮ ਕਰਨ ਦਾ ਹੁਕਮ ਯਹੋਵਾਹ ਨੇ ਦਿੱਤਾ ਹੈ, ਉਹ ਇਹ ਹੈ। 6ਅਤੇ ਮੂਸਾ ਨੇ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਲਿਆ ਕੇ ਪਾਣੀ ਨਾਲ ਨ੍ਹਵਾਇਆ, 7ਅਤੇ ਉਸ ਨੇ ਉਹ ਨੂੰ ਕੁੜਤਾ ਪਹਿਨਾਇਆ ਅਤੇ ਪਟਕੇ ਨਾਲ ਉਸ ਦਾ ਲੱਕ ਬੰਨ੍ਹਿਆ ਅਤੇ ਚੋਗਾ ਪਹਿਨਾਇਆ ਅਤੇ ਉਸ ਦੇ ਉੱਤੇ ਏਫ਼ੋਦ ਪਹਿਨਾਇਆ ਅਤੇ ਸੋਹਣੀ ਕਢਾਈ ਕੀਤੇ ਹੋਏ ਏਫ਼ੋਦ ਦੇ ਪਟਕੇ ਨਾਲ ਉਸ ਦਾ ਲੱਕ ਕੱਸ ਦਿੱਤਾ। 8ਤਦ ਉਸ ਨੇ ਉਹ ਨੂੰ ਸੀਨਾਬੰਦ ਪਹਿਨਾਇਆ ਅਤੇ ਉਸ ਸੀਨਾਬੰਦ ਵਿੱਚ ਊਰੀਮ ਅਤੇ ਤੁੰਮੀਮ ਨੂੰ ਰੱਖਿਆ। 9ਤਦ ਉਸ ਨੇ ਉਹ ਦੇ ਸਿਰ ਉੱਤੇ ਪਗੜੀ ਬੰਨ੍ਹ ਕੇ ਪਗੜੀ ਦੇ ਸਾਹਮਣੇ ਸੋਨੇ ਦੀ ਪੱਤਰੀ ਅਰਥਾਤ ਪਵਿੱਤਰ ਮੁਕਟ ਨੂੰ ਲਗਾਇਆ ਜਿਸ ਤਰ੍ਹਾਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
10ਫੇਰ ਮੂਸਾ ਨੇ ਮਸਹ ਕਰਨ ਦਾ ਤੇਲ ਲਿਆ ਅਤੇ ਡੇਰੇ ਨੂੰ ਅਤੇ ਜੋ ਕੁਝ ਉਸ ਦੇ ਵਿੱਚ ਸੀ, ਤੇਲ ਪਾ ਕੇ ਪਵਿੱਤਰ ਕੀਤਾ। 11ਅਤੇ ਉਸ ਤੇਲ ਵਿੱਚੋਂ ਕੁਝ ਲੈ ਕੇ ਜਗਵੇਦੀ ਉੱਤੇ ਸੱਤ ਵਾਰੀ ਛਿੜਕਿਆ ਅਤੇ ਜਗਵੇਦੀ ਅਤੇ ਉਸ ਦੇ ਸਾਰੇ ਸਮਾਨ ਨੂੰ ਅਤੇ ਚੁਬੱਚੇ ਅਤੇ ਉਸ ਦੀ ਚੌਂਕੀ ਨੂੰ ਤੇਲ ਨਾਲ ਪਵਿੱਤਰ ਕੀਤਾ। 12ਫੇਰ ਉਸ ਨੇ ਮਸਹ ਕਰਨ ਦਾ ਤੇਲ ਹਾਰੂਨ ਦੇ ਸਿਰ ਉੱਤੇ ਚੁਆ ਕੇ ਉਸ ਨੂੰ ਪਵਿੱਤਰ ਕਰਨ ਲਈ ਮਸਹ ਕੀਤਾ। 13ਤਦ ਮੂਸਾ ਨੇ ਹਾਰੂਨ ਦੇ ਪੁੱਤਰਾਂ ਨੂੰ ਲਿਆ ਕੇ ਉਨ੍ਹਾਂ ਨੂੰ ਕੁੜਤੇ ਪਹਿਨਾਏ, ਉਨ੍ਹਾਂ ਦੇ ਲੱਕ ਪੇਟੀਆਂ ਨਾਲ ਬੰਨੇ ਅਤੇ ਉਨ੍ਹਾਂ ਨੂੰ ਪੱਗੜੀਆਂ ਬੰਨ੍ਹਾਈਆਂ, ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
14ਤਦ ਉਹ ਪਾਪ ਬਲੀ ਦੀ ਭੇਟ ਲਈ ਬਲ਼ਦ ਲਿਆਇਆ ਅਤੇ ਹਾਰੂਨ ਅਤੇ ਉਸ ਦੇ ਪੁੱਤਰਾਂ ਆਪਣੇ-ਆਪਣੇ ਹੱਥ ਪਾਪ ਬਲੀ ਦੀ ਭੇਟ ਦੇ ਬਲ਼ਦ ਦੇ ਸਿਰ ਉੱਤੇ ਰੱਖੇ। 15ਤਦ ਮੂਸਾ ਨੇ ਉਸ ਨੂੰ ਵੱਢਿਆ ਅਤੇ ਉਸ ਦਾ ਲਹੂ ਲੈ ਕੇ ਜਗਵੇਦੀ ਦੇ ਸਿੰਗਾਂ ਉੱਤੇ ਆਪਣੀ ਉਂਗਲ ਨਾਲ ਚੁਫ਼ੇਰੇ ਲਾਇਆ ਅਤੇ ਜਗਵੇਦੀ ਨੂੰ ਸ਼ੁੱਧ ਕੀਤਾ ਅਤੇ ਜਗਵੇਦੀ ਦੇ ਹੇਠ ਲਹੂ ਨੂੰ ਡੋਲ੍ਹਕੇ ਉਸ ਦੇ ਲਈ ਪ੍ਰਾਸਚਿਤ ਕੀਤਾ ਅਤੇ ਉਸ ਨੂੰ ਪਵਿੱਤਰ ਕੀਤਾ। 16ਅਤੇ ਮੂਸਾ ਨੇ ਆਂਦਰਾਂ ਦੇ ਉੱਤੇ ਸਾਰੀ ਚਰਬੀ, ਕਲੇਜੀ ਦੇ ਉੱਪਰਲੀ ਝਿੱਲੀ ਅਤੇ ਚਰਬੀ ਸਮੇਤ ਦੋਵੇਂ ਗੁਰਦਿਆਂ ਨੂੰ ਲੈ ਕੇ ਉਨ੍ਹਾਂ ਨੂੰ ਜਗਵੇਦੀ ਉੱਤੇ ਸਾੜਿਆ। 17ਪਰ ਬਲ਼ਦ, ਉਸ ਦੀ ਖੱਲ, ਉਸ ਦਾ ਮਾਸ ਅਤੇ ਉਸ ਦਾ ਗੋਹਾ ਉਸ ਨੇ ਡੇਰੇ ਤੋਂ ਬਾਹਰ ਅੱਗ ਨਾਲ ਸਾੜਿਆ, ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
18ਫੇਰ ਉਹ ਹੋਮ ਬਲੀ ਦੀ ਭੇਟ ਦੇ ਛੱਤਰੇ ਨੂੰ ਲਿਆਇਆ ਅਤੇ ਹਾਰੂਨ ਅਤੇ ਉਸ ਦੇ ਪੁੱਤਰਾਂ ਨੇ ਆਪਣੇ-ਆਪਣੇ ਹੱਥ ਭੇਡੂ ਦੇ ਸਿਰ ਉੱਤੇ ਰੱਖੇ। 19ਤਦ ਮੂਸਾ ਨੇ ਉਸ ਨੂੰ ਵੱਢਿਆ ਅਤੇ ਉਸ ਦੇ ਲਹੂ ਨੂੰ ਜਗਵੇਦੀ ਦੇ ਚੁਫ਼ੇਰੇ ਛਿੜਕਿਆ। 20ਤਦ ਉਸ ਨੇ ਛੱਤਰੇ ਨੂੰ ਟੁੱਕੜੇ-ਟੁੱਕੜੇ ਕੀਤਾ ਅਤੇ ਮੂਸਾ ਨੇ ਸਿਰ ਅਤੇ ਚਰਬੀ ਸਮੇਤ ਟੁੱਕੜਿਆਂ ਨੂੰ ਸਾੜਿਆ। 21ਅਤੇ ਉਸ ਨੇ ਆਂਦਰਾਂ ਅਤੇ ਲੱਤਾਂ ਨੂੰ ਪਾਣੀ ਨਾਲ ਧੋਤਾ ਅਤੇ ਮੂਸਾ ਨੇ ਸਾਰੇ ਛੱਤਰੇ ਨੂੰ ਜਗਵੇਦੀ ਉੱਤੇ ਸਾੜਿਆ। ਇਹ ਯਹੋਵਾਹ ਦੇ ਲਈ ਅੱਗ ਦੀ ਭੇਟ ਦੀ ਸੁਗੰਧਤਾ ਅਰਥਾਤ ਹੋਮ ਬਲੀ ਸੀ, ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
22ਫੇਰ ਉਹ ਦੂਜੇ ਛੱਤਰੇ ਨੂੰ ਅਰਥਾਤ ਥਾਪਣ ਦੇ ਛੱਤਰੇ ਨੂੰ ਲੈ ਆਇਆ ਅਤੇ ਹਾਰੂਨ ਅਤੇ ਉਸ ਦੇ ਪੁੱਤਰਾਂ ਨੇ ਆਪਣੇ-ਆਪਣੇ ਹੱਥ ਉਸ ਦੇ ਸਿਰ ਉੱਤੇ ਰੱਖੇ। 23ਫੇਰ ਮੂਸਾ ਨੇ ਉਸ ਨੂੰ ਵੱਢਿਆ ਅਤੇ ਉਸ ਦੇ ਲਹੂ ਤੋਂ ਕੁਝ ਲੈ ਕੇ ਹਾਰੂਨ ਦੇ ਸੱਜੇ ਕੰਨ ਦੇ ਸਿਰੇ ਉੱਤੇ ਅਤੇ ਉਸ ਦੇ ਸੱਜੇ ਹੱਥ ਅਤੇ ਸੱਜੇ ਪੈਰ ਦੇ ਅੰਗੂਠਿਆਂ ਉੱਤੇ ਲਗਾਇਆ। 24ਤਦ ਉਹ ਹਾਰੂਨ ਦੇ ਪੁੱਤਰਾਂ ਨੂੰ ਕੋਲ ਲਿਆਇਆ ਅਤੇ ਮੂਸਾ ਨੇ ਲਹੂ ਵਿੱਚੋਂ ਉਨ੍ਹਾਂ ਦੇ ਸੱਜੇ ਕੰਨਾਂ ਦੇ ਸਿਰੇ ਉੱਤੇ ਅਤੇ ਉਨ੍ਹਾਂ ਦੇ ਸੱਜੇ ਹੱਥਾਂ ਅਤੇ ਸੱਜੇ ਪੈਰਾਂ ਦੇ ਅੰਗੂਠਿਆਂ ਉੱਤੇ ਲਗਾਇਆ ਅਤੇ ਮੂਸਾ ਨੇ ਲਹੂ ਨੂੰ ਜਗਵੇਦੀ ਦੇ ਚੁਫ਼ੇਰੇ ਛਿੜਕਿਆ। 25ਫੇਰ ਉਸ ਨੇ ਚਰਬੀ, ਮੋਟੀ ਪੂਛ, ਸਾਰੀ ਚਰਬੀ ਜੋ ਆਂਦਰਾਂ ਦੇ ਉੱਤੇ ਸੀ, ਕਲੇਜੀ ਦੀ ਉੱਪਰਲੀ ਝਿੱਲੀ ਸਮੇਤ ਦੋਵੇਂ ਗੁਰਦੇ ਅਤੇ ਉਨ੍ਹਾਂ ਦੀ ਚਰਬੀ ਅਤੇ ਸੱਜਾ ਪੱਟ ਲਿਆ 26ਅਤੇ ਪਤੀਰੀ ਰੋਟੀ ਦੀ ਟੋਕਰੀ ਵਿੱਚੋਂ ਜਿਹੜੀ ਯਹੋਵਾਹ ਦੇ ਅੱਗੇ ਸੀ, ਉਸ ਨੇ ਇੱਕ ਰੋਟੀ, ਤੇਲ ਰਲੀ ਹੋਈ ਮੈਦੇ ਦੀ ਇੱਕ ਰੋਟੀ ਅਤੇ ਇੱਕ ਮੱਠੀ ਲੈ ਕੇ ਉਨ੍ਹਾਂ ਨੂੰ ਚਰਬੀ ਉੱਤੇ ਅਤੇ ਸੱਜੇ ਪੱਟ ਉੱਤੇ ਰੱਖਿਆ। 27ਅਤੇ ਇਹ ਸਾਰੀਆਂ ਵਸਤੂਆਂ ਹਾਰੂਨ ਅਤੇ ਉਸ ਦੇ ਪੁੱਤਰਾਂ ਦੇ ਹੱਥਾਂ ਉੱਤੇ ਰੱਖੀਆਂ ਅਤੇ ਹਿਲਾਉਣ ਦੀ ਭੇਟ ਕਰਕੇ ਯਹੋਵਾਹ ਦੇ ਅੱਗੇ ਉਨ੍ਹਾਂ ਨੂੰ ਹਿਲਾਇਆ। 28ਤਦ ਮੂਸਾ ਨੇ ਉਨ੍ਹਾਂ ਵਸਤੂਆਂ ਨੂੰ ਉਨ੍ਹਾਂ ਦੇ ਹੱਥਾਂ ਤੋਂ ਲੈ ਕੇ ਜਗਵੇਦੀ ਉੱਤੇ ਹੋਮ ਦੀ ਭੇਟ ਦੇ ਉੱਤੇ ਸਾੜਿਆ। ਇਹ ਸੁਗੰਧਤਾ ਲਈ ਥਾਪਣ ਦੀਆਂ ਭੇਟਾਂ ਅਤੇ ਯਹੋਵਾਹ ਦੇ ਅੱਗੇ ਇੱਕ ਅੱਗ ਦੀ ਭੇਟ ਸੀ। 29ਤਦ ਮੂਸਾ ਨੇ ਛਾਤੀ ਨੂੰ ਲੈ ਕੇ ਉਸ ਨੂੰ ਹਿਲਾਉਣ ਦੀ ਭੇਟ ਕਰਕੇ ਯਹੋਵਾਹ ਦੇ ਅੱਗੇ ਹਿਲਾਇਆ ਕਿਉਂ ਜੋ ਥਾਪਣ ਦੇ ਛੱਤਰੇ ਵਿੱਚੋਂ ਇਹ ਮੂਸਾ ਦਾ ਹਿੱਸਾ ਸੀ, ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
30ਫੇਰ ਮੂਸਾ ਨੇ ਮਸਹ ਕਰਨ ਦੇ ਤੇਲ ਤੋਂ ਅਤੇ ਉਸ ਲਹੂ ਤੋਂ ਜਿਹੜਾ ਜਗਵੇਦੀ ਉੱਤੇ ਸੀ, ਕੁਝ ਲੈ ਕੇ ਹਾਰੂਨ ਅਤੇ ਉਸ ਦੇ ਪੁੱਤਰਾਂ ਦੇ ਬਸਤਰਾਂ ਉੱਤੇ ਛਿੜਕਿਆ ਅਤੇ ਹਾਰੂਨ ਅਤੇ ਉਨ੍ਹਾਂ ਦੇ ਬਸਤਰਾਂ ਨੂੰ ਪਵਿੱਤਰ ਕੀਤਾ।
31ਮੂਸਾ ਨੇ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਆਖਿਆ, “ਮੰਡਲੀ ਦੇ ਡੇਰੇ ਦੇ ਦਰਵਾਜ਼ੇ ਕੋਲ ਮਾਸ ਨੂੰ ਪਕਾਓ ਅਤੇ ਉਸ ਰੋਟੀ ਨੂੰ ਜੋ ਥਾਪਣ ਦੀਆਂ ਭੇਟਾਂ ਦੀ ਟੋਕਰੀ ਵਿੱਚ ਹੈ, ਉੱਥੇ ਹੀ ਖਾਓ, ਜਿਵੇਂ ਮੈਂ ਤੁਹਾਨੂੰ ਹੁਕਮ ਦਿੱਤਾ ਹੈ ਕਿ ਹਾਰੂਨ ਅਤੇ ਉਸ ਦੇ ਪੁੱਤਰ ਉਸ ਨੂੰ ਖਾਣ। 32ਅਤੇ ਜੋ ਕੁਝ ਉਸ ਮਾਸ ਅਤੇ ਰੋਟੀ ਵਿੱਚੋਂ ਬਚ ਜਾਵੇ, ਉਸ ਨੂੰ ਤੁਸੀਂ ਅੱਗ ਨਾਲ ਸਾੜ ਦੇਣਾ। 33ਜਦ ਤੱਕ ਤੁਹਾਡੇ ਥਾਪਣ ਦੇ ਦਿਨ ਪੂਰੇ ਨਾ ਹੋ ਜਾਣ ਤਦ ਤੱਕ ਅਰਥਾਤ ਸੱਤ ਦਿਨ ਤੱਕ ਤੁਸੀਂ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਤੋਂ ਬਾਹਰ ਨਾ ਨਿੱਕਲਣਾ, ਕਿਉਂ ਜੋ ਸੱਤ ਦਿਨਾਂ ਵਿੱਚ ਉਹ ਤੁਹਾਨੂੰ ਥਾਪੇਗਾ। 34ਜਿਸ ਤਰ੍ਹਾਂ ਅੱਜ ਦੇ ਦਿਨ ਕੀਤਾ ਗਿਆ ਹੈ ਉਸੇ ਤਰ੍ਹਾਂ ਹੀ ਕਰਨ ਦਾ ਹੁਕਮ ਯਹੋਵਾਹ ਨੇ ਦਿੱਤਾ ਹੈ, ਜਿਸ ਨਾਲ ਤੁਹਾਡੇ ਲਈ ਪ੍ਰਾਸਚਿਤ ਹੋਵੇ। 35ਇਸ ਲਈ ਤੁਸੀਂ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਕੋਲ ਸੱਤ ਦਿਨ ਤੱਕ ਰਾਤ-ਦਿਨ ਠਹਿਰੇ ਰਹਿਣਾ ਅਤੇ ਯਹੋਵਾਹ ਦਾ ਹੁਕਮ ਮੰਨਣਾ ਤਾਂ ਜੋ ਤੁਸੀਂ ਨਾ ਮਰੋ, ਕਿਉਂ ਜੋ ਮੈਨੂੰ ਇਹੋ ਹੁਕਮ ਦਿੱਤਾ ਗਿਆ ਹੈ।” 36ਤਦ ਹਾਰੂਨ ਅਤੇ ਉਸ ਦੇ ਪੁੱਤਰਾਂ ਨੇ ਉਨ੍ਹਾਂ ਸਾਰੀਆਂ ਗੱਲਾਂ ਦੇ ਅਨੁਸਾਰ ਕੀਤਾ, ਜਿਨ੍ਹਾਂ ਦਾ ਯਹੋਵਾਹ ਨੇ ਮੂਸਾ ਦੀ ਰਾਹੀਂ ਹੁਕਮ ਦਿੱਤਾ ਸੀ।

Currently Selected:

ਲੇਵੀਆਂ 8: IRVPun

Highlight

Copy

Compare

Share

None

Want to have your highlights saved across all your devices? Sign up or sign in