YouVersion Logo
Search Icon

ਉਤ 50

50
1ਯੂਸੁਫ਼ ਆਪਣੇ ਪਿਤਾ ਦੇ ਮੂੰਹ ਉੱਤੇ ਡਿੱਗ ਕੇ ਰੋਇਆ ਅਤੇ ਉਸ ਨੂੰ ਚੁੰਮਿਆ। 2ਫੇਰ ਯੂਸੁਫ਼ ਨੇ ਆਪਣੇ ਸੇਵਕਾਂ ਨੂੰ ਅਰਥਾਤ ਵੈਦਾਂ ਨੂੰ ਆਗਿਆ ਦਿੱਤੀ, ਕਿ ਉਹ ਉਸ ਦੇ ਪਿਤਾ ਵਿੱਚ ਸੁਗੰਧੀਆਂ ਭਰਨ ਇਸ ਲਈ ਉਨ੍ਹਾਂ ਵੈਦਾਂ ਨੇ ਇਸਰਾਏਲ ਵਿੱਚ ਸੁਗੰਧੀਆਂ ਭਰੀਆਂ। 3ਅਤੇ ਜਦ ਉਸ ਦੇ ਚਾਲ੍ਹੀ ਦਿਨ ਪੂਰੇ ਹੋ ਗਏ, ਕਿਉਂ ਜੋ ਇਸੇ ਤਰ੍ਹਾਂ ਹੀ ਉਹ ਸੁਗੰਧੀਆਂ ਭਰਨ ਦੇ ਦਿਨ ਪੂਰੇ ਕਰਦੇ ਹੁੰਦੇ ਸਨ ਅਤੇ ਮਿਸਰੀ ਉਸ ਦੇ ਲਈ ਸੱਤਰ ਦਿਨ ਵਿਰਲਾਪ ਕਰਦੇ ਰਹੇ। 4ਅਤੇ ਜਦ ਵਿਰਲਾਪ ਦੇ ਦਿਨ ਬੀਤ ਗਏ, ਤਦ ਯੂਸੁਫ਼ ਨੇ ਫ਼ਿਰਊਨ ਦੇ ਘਰਾਣੇ ਨੂੰ ਇਹ ਗੱਲ ਆਖੀ, ਕਿ ਜੇ ਮੇਰੇ ਉੱਤੇ ਤੁਹਾਡੀ ਕਿਰਪਾ ਦੀ ਨਿਗਾਹ ਹੈ ਤਾਂ ਮੇਰੀ ਇਹ ਗੱਲ ਫ਼ਿਰਊਨ ਨੂੰ ਬੋਲੋ, 5ਮੇਰੇ ਪਿਤਾ ਨੇ ਮੈਥੋਂ ਇਹ ਸਹੁੰ ਲਈ ਸੀ ਕਿ ਵੇਖ ਮੈਂ ਮਰਨ ਵਾਲਾ ਹਾਂ, ਮੈਨੂੰ ਉਸ ਕਬਰ ਵਿੱਚ ਜਿਸ ਨੂੰ ਮੈਂ ਆਪਣੇ ਲਈ ਕਨਾਨ ਦੇਸ਼ ਵਿੱਚ ਪੁੱਟਿਆ ਸੀ ਦੱਬੀਂ, ਇਸ ਲਈ ਹੁਣ ਮੈਨੂੰ ਉੱਥੇ ਜਾ ਕੇ ਆਪਣੇ ਪਿਤਾ ਨੂੰ ਦਫ਼ਨਾਉਣ ਦੀ ਇਜਾਜ਼ਤ ਦੇਵੇ ਅਤੇ ਇਸ ਤੋਂ ਬਾਅਦ ਮੈਂ ਮੁੜ ਆਵਾਂਗਾ। 6ਤਦ ਫ਼ਿਰਊਨ ਨੇ ਆਖਿਆ, ਜਾ ਅਤੇ ਆਪਣੇ ਪਿਤਾ ਦੀ ਸਹੁੰ ਦੇ ਅਨੁਸਾਰ ਉਸ ਨੂੰ ਦਫ਼ਨਾ ਦੇ। 7ਇਸ ਲਈ ਯੂਸੁਫ਼ ਆਪਣੇ ਪਿਤਾ ਨੂੰ ਦਫ਼ਨਾਉਣ ਲਈ ਗਿਆ, ਅਤੇ ਉਸ ਦੇ ਨਾਲ ਫ਼ਿਰਊਨ ਦੇ ਸਾਰੇ ਸੇਵਕ, ਉਸ ਦੇ ਘਰਾਣੇ ਦੇ ਸਾਰੇ ਬਜ਼ੁਰਗ ਅਤੇ ਮਿਸਰ ਦੇਸ਼ ਦੇ ਸਾਰੇ ਬਜ਼ੁਰਗ ਗਏ। 8ਅਤੇ ਯੂਸੁਫ਼ ਦਾ ਸਾਰਾ ਘਰਾਣਾ, ਉਸ ਦੇ ਭਰਾ ਅਤੇ ਉਸ ਦੇ ਪਿਤਾ ਦਾ ਘਰਾਣਾ ਵੀ ਗਏ, ਸਿਰਫ਼ ਉਨ੍ਹਾਂ ਦੇ ਬੱਚੇ, ਇੱਜੜ ਅਤੇ ਚੌਣੇ ਗੋਸ਼ਨ ਦੇਸ਼ ਵਿੱਚ ਰਹਿ ਗਏ। 9ਉਸ ਦੇ ਨਾਲ ਰਥ ਵੀ ਅਤੇ ਸਵਾਰ ਵੀ ਗਏ ਇਸ ਤਰ੍ਹਾਂ ਵੱਡੀ ਭੀੜ ਹੋ ਗਈ। 10ਫਿਰ ਉਹ ਆਤਾਦ ਦੇ ਪਿੜ ਤੱਕ ਆਏ ਜਿਹੜਾ ਯਰਦਨ ਪਾਰ ਹੈ, ਉੱਥੇ ਉਨ੍ਹਾਂ ਨੇ ਬਹੁਤ ਜਿਆਦਾ ਅਤੇ ਡਾਢਾ ਵਿਰਲਾਪ ਕੀਤਾ ਅਤੇ ਬਹੁਤ ਰੋਏ, ਉਸ ਨੇ ਆਪਣੇ ਪਿਤਾ ਲਈ ਸੱਤ ਦਿਨ ਤੱਕ ਅਫ਼ਸੋਸ ਕੀਤਾ। 11ਉਸ ਦੇਸ਼ ਦੇ ਰਹਿਣ ਵਾਲੇ ਕਨਾਨੀਆਂ ਨੇ ਉਸ ਸੋਗ ਨੂੰ ਆਤਾਦ ਦੇ ਪਿੜ ਵਿੱਚ ਵੇਖਿਆ ਤਾਂ ਉਨ੍ਹਾਂ ਨੇ ਆਖਿਆ, ਮਿਸਰੀਆਂ ਦਾ ਇਹ ਭਾਰੀ ਸੋਗ ਹੈ ਇਸ ਕਾਰਨ ਉਸ ਦਾ ਨਾਮ ਆਬੇਲ ਮਿਸਰਾਈਮ#50:11 ਮਿਸਰ ਦੇ ਲੋਕਾਂ ਦਾ ਵਿਰਲਾਪ ਰੱਖਿਆ ਗਿਆ, ਜਿਹੜਾ ਯਰਦਨ ਪਾਰ ਹੈ। 12ਉਸ ਦੇ ਪੁੱਤਰਾਂ ਨੇ ਉਸੇ ਤਰ੍ਹਾਂ ਹੀ ਕੀਤਾ ਜਿਵੇਂ ਉਸ ਨੇ ਉਨ੍ਹਾਂ ਨੂੰ ਆਗਿਆ ਦਿੱਤੀ ਸੀ। 13ਉਸ ਦੇ ਪੁੱਤਰ ਉਹ ਨੂੰ ਕਨਾਨ ਦੇਸ਼ ਵਿੱਚ ਲੈ ਗਏ ਅਤੇ ਉਹ ਨੂੰ ਮਕਫ਼ੇਲਾਹ ਦੀ ਪੈਲੀ ਦੀ ਗੁਫ਼ਾ ਵਿੱਚ ਦਫ਼ਨਾਇਆ, ਜਿਸ ਪੈਲੀ ਨੂੰ ਅਬਰਾਹਾਮ ਨੇ ਅਫ਼ਰੋਨ ਹਿੱਤੀ ਤੋਂ ਕਬਰ ਦੀ ਵਿਰਾਸਤ ਲਈ ਮਮਰੇ ਦੇ ਅੱਗੇ ਮੁੱਲ ਲਿਆ ਸੀ।
ਯੂਸੁਫ਼ ਦਾ ਆਪਣੇ ਭਰਾਵਾਂ ਨੂੰ ਹੌਂਸਲਾ ਦੇਣਾ
14ਉਪਰੰਤ ਯੂਸੁਫ਼ ਆਪ ਅਤੇ ਉਸ ਦੇ ਭਰਾ ਅਤੇ ਸਭ ਜਿਹੜੇ ਉਸ ਦੇ ਨਾਲ ਉਸ ਦੇ ਪਿਤਾ ਨੂੰ ਦੱਬਣ ਲਈ ਗਏ ਸਨ ਉਸ ਦੇ ਪਿਤਾ ਨੂੰ ਦੱਬਣ ਦੇ ਮਗਰੋਂ ਮਿਸਰ ਨੂੰ ਮੁੜ ਆਏ। 15ਜਦ ਯੂਸੁਫ਼ ਦੇ ਭਰਾਵਾਂ ਨੇ ਵੇਖਿਆ ਕਿ ਸਾਡਾ ਪਿਤਾ ਮਰ ਗਿਆ ਹੈ ਤਾਂ ਉਨ੍ਹਾਂ ਨੇ ਆਖਿਆ ਕਿ ਸ਼ਾਇਦ ਯੂਸੁਫ਼ ਸਾਡੇ ਨਾਲ ਵੈਰ ਕਰੇਗਾ ਅਤੇ ਉਹ ਸਾਥੋਂ ਸਾਡੀ ਬੁਰਿਆਈ ਦਾ ਬਦਲਾ ਜ਼ਰੂਰ ਲਵੇਗਾ, ਜਿਹੜੀ ਅਸੀਂ ਉਹ ਦੇ ਨਾਲ ਕੀਤੀ ਸੀ। 16ਉਨ੍ਹਾਂ ਨੇ ਯੂਸੁਫ਼ ਨੂੰ ਇਹ ਸੁਨੇਹਾ ਭੇਜਿਆ, ਕਿ ਤੁਹਾਡੇ ਪਿਤਾ ਨੇ ਆਪਣੀ ਮੌਤ ਤੋਂ ਪਹਿਲਾਂ ਇਹ ਆਗਿਆ ਦਿੱਤੀ ਸੀ, 17ਯੂਸੁਫ਼ ਨੂੰ ਇਹ ਆਖਣਾ ਕਿ ਕਿਰਪਾ ਕਰ ਕੇ ਆਪਣੇ ਭਰਾਵਾਂ ਦੇ ਅਪਰਾਧ ਅਤੇ ਉਨ੍ਹਾਂ ਦੇ ਪਾਪ ਮਾਫ਼ ਕਰ ਦੇ ਕਿਉਂ ਜੋ ਉਨ੍ਹਾਂ ਨੇ ਤੁਹਾਡੇ ਨਾਲ ਬੁਰਿਆਈ ਕੀਤੀ, ਇਸ ਲਈ ਹੁਣ ਤੁਸੀਂ ਆਪਣੇ ਪਿਤਾ ਦੇ ਪਰਮੇਸ਼ੁਰ ਦੇ ਦਾਸਾਂ ਦੇ ਅਪਰਾਧ ਮਾਫ਼ ਕਰ ਦਿਓ ਤਾਂ ਯੂਸੁਫ਼ ਉਨ੍ਹਾਂ ਦੀਆਂ ਗੱਲਾਂ ਉੱਤੇ ਰੋ ਪਿਆ। 18ਤਦ ਉਸ ਦੇ ਭਰਾ ਵੀ ਉਸ ਦੇ ਅੱਗੇ ਜਾ ਕੇ ਡਿੱਗ ਪਏ ਅਤੇ ਉਨ੍ਹਾਂ ਆਖਿਆ, ਵੇਖੋ ਅਸੀਂ ਤੁਹਾਡੇ ਦਾਸ ਹਾਂ। 19ਪਰ ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, ਨਾ ਡਰੋ। ਭਲਾ, ਮੈਂ ਪਰਮੇਸ਼ੁਰ ਦੇ ਥਾਂ ਹਾਂ? 20ਤੁਸੀਂ ਤਾਂ ਮੇਰੇ ਵਿਰੁੱਧ ਬੁਰਿਆਈ ਦਾ ਮਨ ਬਣਾਇਆ; ਪਰ ਪਰਮੇਸ਼ੁਰ ਨੇ ਉਸ ਨੂੰ ਭਲਿਆਈ ਦਾ ਵਿਚਾਰ ਬਣਾਇਆ ਤਾਂ ਜੋ ਬਹੁਤ ਸਾਰੇ ਲੋਕਾਂ ਨੂੰ ਜੀਉਂਦਾ ਰੱਖੇ, ਜਿਵੇਂ ਇਸ ਵੇਲੇ ਹੋਇਆ ਹੈ। 21ਹੁਣ ਤੁਸੀਂ ਨਾ ਡਰੋ। ਮੈਂ ਤੁਹਾਡੀ ਅਤੇ ਤੁਹਾਡੇ ਬਾਲ ਬੱਚਿਆਂ ਦੀ ਪਾਲਣਾ ਕਰਾਂਗਾ। ਸੋ ਉਸ ਨੇ ਉਨ੍ਹਾਂ ਨੂੰ ਤਸੱਲੀ ਦਿੱਤੀ ਅਤੇ ਉਨ੍ਹਾਂ ਨੇ ਦਿਲਾਸਾ ਪਾਇਆ।
ਯੂਸੁਫ਼ ਦੀ ਮੌਤ
22ਯੂਸੁਫ਼ ਆਪ ਅਤੇ ਉਸ ਦੇ ਪਿਤਾ ਦਾ ਘਰਾਣਾ ਮਿਸਰ ਦੇਸ਼ ਵਿੱਚ ਵੱਸਿਆ ਅਤੇ ਯੂਸੁਫ਼ ਇੱਕ ਸੌ ਦਸ ਸਾਲਾਂ ਤੱਕ ਜੀਉਂਦਾ ਰਿਹਾ। 23ਯੂਸੁਫ਼ ਨੇ ਇਫ਼ਰਾਈਮ ਦੇ ਪੁੱਤਰਾਂ ਨੂੰ ਤੀਜੀ ਪੀੜ੍ਹੀ ਤੱਕ ਵੇਖਿਆ ਅਤੇ ਮਨੱਸ਼ਹ ਦੇ ਪੁੱਤਰ ਮਾਕੀਰ ਦੇ ਬੱਚਿਆਂ ਨੂੰ ਵੀ, ਯੂਸੁਫ਼ ਨੇ ਉਹਨਾਂ ਨੂੰ ਗੋਦ ਵਿੱਚ ਲਿਆ। 24ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਆਖਿਆ, ਮੈਂ ਮਰਨ ਵਾਲਾ ਹਾਂ ਪਰ ਪਰਮੇਸ਼ੁਰ ਜ਼ਰੂਰ ਤੁਹਾਡਾ ਧਿਆਨ ਰੱਖੇਗਾ ਅਤੇ ਉਹ ਤੁਹਾਨੂੰ ਉਸ ਦੇਸ਼ ਵਿੱਚ ਲੈ ਜਾਵੇਗਾ, ਜਿਸ ਦੀ ਸਹੁੰ ਉਸ ਨੇ ਅਬਰਾਹਾਮ ਅਤੇ ਇਸਹਾਕ ਅਤੇ ਯਾਕੂਬ ਨਾਲ ਖਾਧੀ ਸੀ। 25ਤਦ ਯੂਸੁਫ਼ ਨੇ ਇਸਰਾਏਲ ਦੇ ਪੁੱਤਰਾਂ ਤੋਂ ਇਹ ਸਹੁੰ ਲਈ ਕਿ ਪਰਮੇਸ਼ੁਰ ਜ਼ਰੂਰ ਤੁਹਾਡਾ ਧਿਆਨ ਰੱਖੇਗਾ ਅਤੇ ਤੁਸੀਂ ਮੇਰੀਆਂ ਹੱਡੀਆਂ ਉਸ ਦੇਸ਼ ਵਿੱਚ ਲੈ ਜਾਣਾ। 26ਯੂਸੁਫ਼ ਇੱਕ ਸੌ ਦਸ ਸਾਲਾਂ ਦਾ ਹੋ ਕੇ ਮਰ ਗਿਆ ਅਤੇ ਉਨ੍ਹਾਂ ਨੇ ਉਸ ਵਿੱਚ ਸੁਗੰਧੀਆਂ ਭਰੀਆਂ ਅਤੇ ਉਹ ਮਿਸਰ ਵਿੱਚ ਇੱਕ ਤਾਬੂਤ ਵਿੱਚ ਰੱਖਿਆ ਗਿਆ।

Currently Selected:

ਉਤ 50: IRVPun

Highlight

Copy

Compare

Share

None

Want to have your highlights saved across all your devices? Sign up or sign in