YouVersion Logo
Search Icon

ਉਤ 47

47
1ਯੂਸੁਫ਼ ਗਿਆ ਅਤੇ ਫ਼ਿਰਊਨ ਨੂੰ ਦੱਸਿਆ, ਮੇਰਾ ਪਿਤਾ ਅਤੇ ਭਰਾ, ਉਨ੍ਹਾਂ ਦੇ ਇੱਜੜ ਅਤੇ ਚੌਣੇ ਅਤੇ ਸਭ ਕੁਝ ਜੋ ਉਨ੍ਹਾਂ ਦਾ ਹੈ, ਕਨਾਨ ਦੇਸ਼ ਤੋਂ ਆ ਗਏ ਹਨ ਅਤੇ ਵੇਖੋ, ਓਹ ਗੋਸ਼ਨ ਦੇਸ਼ ਵਿੱਚ ਹਨ। 2ਤਦ ਉਸਨੇ ਆਪਣੇ ਭਰਾਵਾਂ ਵਿੱਚੋਂ ਪੰਜ ਮਨੁੱਖ ਲੈ ਕੇ ਫ਼ਿਰਊਨ ਦੇ ਸਨਮੁਖ ਖੜ੍ਹੇ ਕੀਤੇ। 3ਫ਼ਿਰਊਨ ਨੇ ਉਹ ਦੇ ਭਰਾਵਾਂ ਨੂੰ ਆਖਿਆ, ਕੀ ਕੰਮ ਹੈ? ਉਨ੍ਹਾਂ ਨੇ ਫ਼ਿਰਊਨ ਨੂੰ ਆਖਿਆ, ਤੁਹਾਡੇ ਦਾਸ ਅਯਾਲੀ ਹਨ ਅਸੀਂ ਵੀ ਅਤੇ ਸਾਡੇ ਪਿਓ ਦਾਦੇ ਵੀ। 4ਫੇਰ ਉਨ੍ਹਾਂ ਨੇ ਫ਼ਿਰਊਨ ਨੂੰ ਆਖਿਆ, ਅਸੀਂ ਇਸ ਦੇਸ਼ ਵਿੱਚ ਪਰਦੇਸੀ ਹੋ ਕੇ ਵੱਸਣ ਲਈ ਆਏ ਹਾਂ ਕਿਉਂ ਜੋ ਤੁਹਾਡੇ ਦਾਸਾਂ ਦੇ ਇੱਜੜਾਂ ਲਈ ਕੋਈ ਚਰਾਈ ਨਹੀਂ, ਕਿਉਂ ਜੋ ਕਨਾਨ ਦੇਸ਼ ਵਿੱਚ ਡਾਢਾ ਕਾਲ ਪਿਆ ਹੋਇਆ ਹੈ ਸੋ ਹੁਣ ਆਪਣੇ ਦਾਸਾਂ ਨੂੰ ਗੋਸ਼ਨ ਦੇਸ਼ ਵਿੱਚ ਰਹਿਣ ਦੀ ਆਗਿਆ ਦਿਓ। 5ਤਦ ਫ਼ਿਰਊਨ ਨੇ ਯੂਸੁਫ਼ ਨੂੰ ਆਖਿਆ, ਤੇਰਾ ਪਿਤਾ ਅਤੇ ਤੇਰੇ ਭਰਾ ਤੇਰੇ ਕੋਲ ਆਏ ਹਨ। 6ਮਿਸਰ ਦੇਸ਼ ਤੇਰੇ ਅੱਗੇ ਹੈ। ਆਪਣੇ ਪਿਤਾ ਅਤੇ ਆਪਣੇ ਭਰਾਵਾਂ ਨੂੰ ਸਭ ਤੋਂ ਚੰਗੀ ਧਰਤੀ ਵਿੱਚ ਵਸਾ ਅਰਥਾਤ ਗੋਸ਼ਨ ਦੇ ਦੇਸ਼ ਵਿੱਚ ਵੱਸਣ ਦੇ ਅਤੇ ਜੇਕਰ ਤੂੰ ਜਾਣਦਾ ਹੈਂ ਜੋ ਉਨ੍ਹਾਂ ਵਿੱਚ ਸਿਆਣੇ ਮਨੁੱਖ ਹਨ ਤਾਂ ਉਨ੍ਹਾਂ ਨੂੰ ਮੇਰੇ ਮਾਲ ਡੰਗਰ ਉੱਤੇ ਠਹਿਰਾ ਦੇ। 7ਤਦ ਯੂਸੁਫ਼ ਨੇ ਆਪਣੇ ਪਿਤਾ ਯਾਕੂਬ ਨੂੰ ਲਿਆਂਦਾ ਅਤੇ ਫ਼ਿਰਊਨ ਦੇ ਸਨਮੁਖ ਖੜ੍ਹਾ ਕੀਤਾ ਅਤੇ ਯਾਕੂਬ ਨੇ ਫ਼ਿਰਊਨ ਨੂੰ ਬਰਕਤ ਦਿੱਤੀ। 8ਫ਼ਿਰਊਨ ਨੇ ਯਾਕੂਬ ਨੂੰ ਆਖਿਆ, ਤੁਹਾਡੀ ਉਮਰ ਕਿੰਨ੍ਹੀ ਹੈ? 9ਯਾਕੂਬ ਨੇ ਫ਼ਿਰਊਨ ਨੂੰ ਆਖਿਆ, ਮੇਰੇ ਮੁਸਾਫ਼ਰੀ ਦੇ ਦਿਨ ਇੱਕ ਸੌ ਤੀਹ ਸਾਲ ਹਨ। ਮੇਰੇ ਜੀਵਨ ਦੇ ਦਿਨ ਥੋੜ੍ਹੇ ਅਤੇ ਦੁੱਖ ਨਾਲ ਭਰੇ ਹੋਏ ਸਨ, ਅਤੇ ਮੇਰੇ ਪਿਓ ਦਾਦਿਆਂ ਦੇ ਮੁਸਾਫ਼ਰੀ ਦੇ ਜੀਵਨ ਦੇ ਸਾਲਾਂ ਦੇ ਬਰਾਬਰ ਨਹੀਂ ਹੋਏ ਹਨ। 10ਫੇਰ ਯਾਕੂਬ ਫ਼ਿਰਊਨ ਨੂੰ ਬਰਕਤ ਦੇ ਕੇ ਫ਼ਿਰਊਨ ਦੇ ਹਜ਼ੂਰੋਂ ਨਿੱਕਲ ਆਇਆ। 11ਯੂਸੁਫ਼ ਨੇ ਆਪਣੇ ਪਿਤਾ ਅਤੇ ਆਪਣੇ ਭਰਾਵਾਂ ਨੂੰ ਵਸਾਇਆ ਅਤੇ ਉਨ੍ਹਾਂ ਨੂੰ ਮਿਸਰ ਦੇਸ਼ ਦੀ ਸਭ ਤੋਂ ਚੰਗੀ ਧਰਤੀ ਅਰਥਾਤ ਰਾਮਸੇਸ ਦੀ ਧਰਤੀ ਵਿੱਚ, ਜਿਵੇਂ ਫ਼ਿਰਊਨ ਨੇ ਹੁਕਮ ਦਿੱਤਾ ਸੀ, ਵਿਰਾਸਤ ਵਿੱਚ ਦਿੱਤੀ। 12ਅਤੇ ਯੂਸੁਫ਼ ਆਪਣੇ ਪਿਤਾ, ਅਤੇ ਆਪਣੇ ਭਰਾਵਾਂ, ਆਪਣੇ ਪਿਤਾ ਦੇ ਘਰਾਣੇ ਦੀ, ਉਨ੍ਹਾਂ ਦੇ ਬੱਚਿਆਂ ਦੀ ਲੋੜ ਅਨੁਸਾਰ ਭੋਜਨ ਮੁਹੱਈਆ ਕਰ ਕੇ ਪਾਲਣਾ ਕਰਦਾ ਸੀ।
ਅਕਾਲ ਅਤੇ ਯੂਸੁਫ਼ ਦਾ ਪ੍ਰਬੰਧ
13ਸਾਰੀ ਧਰਤੀ ਉੱਤੇ ਭੋਜਨ ਨਹੀਂ ਸੀ ਕਿਉਂ ਜੋ ਕਾਲ ਭਾਰੀ ਸੀ ਅਤੇ ਮਿਸਰ ਦੇਸ਼ ਅਤੇ ਕਨਾਨ ਦੇਸ਼ ਕਾਲ ਦੇ ਕਾਰਨ ਨਾਸ ਹੋ ਗਏ ਸਨ। 14ਯੂਸੁਫ਼ ਨੇ ਸਾਰੀ ਚਾਂਦੀ, ਜਿਹੜੀ ਮਿਸਰ ਦੇ ਦੇਸ਼ ਵਿੱਚੋਂ ਅਤੇ ਕਨਾਨ ਦੇ ਦੇਸ਼ ਵਿੱਚੋਂ ਅੰਨ ਮੁੱਲ ਲੈਣ ਦੇ ਬਦਲੇ ਮਿਲੀ, ਇਕੱਠੀ ਕਰ ਲਈ ਅਤੇ ਯੂਸੁਫ਼ ਨੇ ਉਹ ਚਾਂਦੀ ਫ਼ਿਰਊਨ ਦੇ ਘਰ ਲੈ ਆਂਦੀ। 15ਜਦ ਮਿਸਰ ਦੇਸ਼ ਅਤੇ ਕਨਾਨ ਦੇਸ਼ ਦੀ ਚਾਂਦੀ ਖ਼ਰਚ ਹੋ ਗਈ ਤਦ ਸਾਰੇ ਮਿਸਰੀ ਇਹ ਆਖਣ ਲਈ ਯੂਸੁਫ਼ ਕੋਲ ਆਏ ਕਿ ਸਾਨੂੰ ਰੋਟੀ ਦਿਓ। ਅਸੀਂ ਤੁਹਾਡੇ ਅੱਗੇ ਕਿਉਂ ਮਰੀਏ ਕਿਉਂ ਜੋ ਚਾਂਦੀ ਮੁੱਕ ਗਈ ਹੈ। 16ਤਦ ਯੂਸੁਫ਼ ਨੇ ਆਖਿਆ, ਆਪਣੇ ਮਾਲ ਡੰਗਰ ਦਿਓ ਅਤੇ ਜੇ ਚਾਂਦੀ ਮੁੱਕ ਗਈ ਹੈ ਤਾਂ ਮੈਂ ਤੁਹਾਨੂੰ ਪਸ਼ੂਆਂ ਦੇ ਬਦਲੇ ਅੰਨ੍ਹ ਦਿਆਂਗਾ। 17ਤਦ ਓਹ ਆਪਣੇ ਮਾਲ ਡੰਗਰ ਯੂਸੁਫ਼ ਕੋਲ ਲਿਆਏ ਅਤੇ ਯੂਸੁਫ਼ ਨੇ ਉਨ੍ਹਾਂ ਦੇ ਘੋੜਿਆਂ, ਪਸ਼ੂਆਂ, ਇੱਜੜਾਂ ਅਤੇ ਗਧਿਆਂ ਦੇ ਬਦਲੇ ਉਨ੍ਹਾਂ ਨੂੰ ਅੰਨ ਦਿੱਤਾ ਅਤੇ ਉਸ ਸਾਰੇ ਸਾਲ ਉਸ ਨੇ ਉਨ੍ਹਾਂ ਨੂੰ ਮਾਲ ਡੰਗਰਾਂ ਦੇ ਬਦਲੇ ਰੋਟੀ ਖਵਾਈ। 18ਜਦ ਉਹ ਸਾਲ ਬੀਤ ਗਿਆ ਤਾਂ ਦੂਜੇ ਸਾਲ ਓਹ ਉਹ ਦੇ ਕੋਲ ਫੇਰ ਆਏ ਅਤੇ ਉਸ ਨੂੰ ਆਖਿਆ, ਅਸੀਂ ਆਪਣੇ ਸੁਆਮੀ ਤੋਂ ਲੁਕਾ ਨਹੀਂ ਸਕਦੇ ਕਿ ਸਾਡੀ ਚਾਂਦੀ ਮੁੱਕ ਗਈ ਹੈ ਅਤੇ ਮਾਲ ਡੰਗਰ ਵੀ ਸਾਡੇ ਸੁਆਮੀ ਦੇ ਹੋ ਗਏ ਹਨ ਸੋ ਹੁਣ ਸਾਡੇ ਸੁਆਮੀ ਦੇ ਅੱਗੇ ਸਾਡੇ ਸਰੀਰਾਂ ਅਤੇ ਜ਼ਮੀਨ ਤੋਂ ਬਿਨ੍ਹਾਂ ਹੋਰ ਕੁਝ ਬਾਕੀ ਨਹੀਂ ਰਿਹਾ। 19ਅਸੀਂ ਤੁਹਾਡੇ ਅੱਗੇ ਕਿਉਂ ਨਾਸ ਹੋਈਏ ਅਸੀਂ ਵੀ ਅਤੇ ਸਾਡੀ ਜ਼ਮੀਨ ਵੀ। ਸਾਨੂੰ ਅਤੇ ਸਾਡੀ ਜ਼ਮੀਨ ਨੂੰ ਰੋਟੀ ਦੇ ਬਦਲੇ ਮੁੱਲ ਲੈ ਲਓ। ਅਸੀਂ ਆਪਣੀ ਜ਼ਮੀਨ ਸਮੇਤ ਫ਼ਿਰਊਨ ਦੇ ਦਾਸ ਹੋਵਾਂਗੇ, ਪਰ ਸਾਨੂੰ ਬੀਜ ਦਿਓ ਜੋ ਅਸੀਂ ਜੀਵੀਏ ਅਤੇ ਮਰੀਏ ਨਾ ਅਤੇ ਜ਼ਮੀਨ ਉੱਜੜ ਨਾ ਜਾਵੇ। 20ਤਦ ਯੂਸੁਫ਼ ਨੇ ਮਿਸਰ ਦੀ ਸਾਰੀ ਜ਼ਮੀਨ ਫ਼ਿਰਊਨ ਲਈ ਮੁੱਲ ਲੈ ਲਈ, ਕਿਉਂ ਜੋ ਮਿਸਰੀਆਂ ਵਿੱਚੋਂ ਸਭਨਾਂ ਨੇ ਆਪੋ ਆਪਣੇ ਖੇਤ ਉਸ ਕਾਲ ਦੇ ਕਾਰਨ ਇਸ ਕਰਕੇ ਵੇਚ ਦਿੱਤੇ, ਸੋ ਉਹ ਧਰਤੀ ਫ਼ਿਰਊਨ ਦੀ ਹੋ ਗਈ। 21ਯੂਸੁਫ਼ ਨੇ ਉਨ੍ਹਾਂ ਲੋਕਾਂ ਨੂੰ ਮਿਸਰ ਦੀ ਇੱਕ ਹੱਦ ਤੋਂ ਦੂਜੀ ਹੱਦ ਤੱਕ, ਨਗਰਾਂ ਵਿੱਚ ਗ਼ੁਲਾਮ#47:21 ਇਕੱਠੇ ਕੀਤਾ ਬਣਾਇਆ। 22ਕੇਵਲ ਜਾਜਕਾਂ ਦੀ ਜ਼ਮੀਨ ਮੁੱਲ ਨਾ ਲਈ, ਕਿਉਂ ਜੋ ਜਾਜਕਾਂ ਨੂੰ ਫ਼ਿਰਊਨ ਵੱਲੋਂ ਸ਼ਾਹੀ ਭੋਜਨ ਦਾ ਪ੍ਰਬੰਧ ਸੀ ਅਤੇ ਉਨ੍ਹਾਂ ਨੇ ਸ਼ਾਹੀ ਭੋਜਨ ਵਿੱਚੋਂ ਜੋ ਫ਼ਿਰਊਨ ਨੇ ਉਨ੍ਹਾਂ ਨੂੰ ਦਿੱਤਾ ਸੀ, ਖਾਧਾ ਇਸ ਕਾਰਨ ਉਨ੍ਹਾਂ ਨੇ ਆਪਣੀ ਜ਼ਮੀਨ ਨਾ ਵੇਚੀ। 23ਤਦ ਯੂਸੁਫ਼ ਨੇ ਲੋਕਾਂ ਨੂੰ ਆਖਿਆ, ਵੇਖੋ ਮੈਂ ਤੁਹਾਨੂੰ ਅਤੇ ਤੁਹਾਡੀ ਜ਼ਮੀਨ ਨੂੰ ਅੱਜ ਦੇ ਦਿਨ ਫ਼ਿਰਊਨ ਲਈ ਮੁੱਲ ਲੈ ਲਿਆ ਹੈ। 24ਵੇਖੋ, ਬੀਜ ਤੁਹਾਡੇ ਲਈ ਹੈ। ਜ਼ਮੀਨ ਬੀਜੋ। ਅਤੇ ਫ਼ਸਲਾਂ ਉੱਤੇ ਪੰਜਵਾਂ ਹਿੱਸਾ ਤੁਹਾਨੂੰ ਫ਼ਿਰਊਨ ਨੂੰ ਦੇਣਾ ਪਵੇਗਾ ਅਤੇ ਬਾਕੀ ਚਾਰ ਹਿੱਸੇ ਤੁਹਾਡੇ ਹੋਣਗੇ ਖੇਤ ਦੇ ਬੀਜ ਲਈ ਅਤੇ ਤੁਹਾਡੇ, ਘਰਾਣੇ ਅਤੇ ਤੁਹਾਡੇ ਬੱਚਿਆਂ ਦੇ ਖਾਣ ਲਈ ਹੋਣਗੇ। 25ਉਨ੍ਹਾਂ ਆਖਿਆ, ਤੁਸੀਂ ਸਾਡੀਆਂ ਜਾਨਾਂ ਬਚਾਈਆਂ ਹਨ। ਸਾਡੇ ਸੁਆਮੀ ਦੀ ਆਪਣੇ ਦਾਸਾਂ ਉੱਤੇ ਕਿਰਪਾ ਦੀ ਨਿਗਾਹ ਹੋਵੇ ਅਤੇ ਅਸੀਂ ਫ਼ਿਰਊਨ ਦੇ ਦਾਸ ਹੋਵਾਂਗੇ। 26ਸੋ ਯੂਸੁਫ਼ ਨੇ ਮਿਸਰ ਦੀ ਜ਼ਮੀਨ ਲਈ ਉਹ ਕਨੂੰਨ ਜਿਹੜਾ ਅੱਜ ਦੇ ਦਿਨ ਤੱਕ ਹੈ, ਠਹਿਰਾਇਆ ਜੋ ਪੰਜਵਾਂ ਹਿੱਸਾ ਫ਼ਿਰਊਨ ਦਾ ਹੋਵੇ ਪਰ ਸਿਰਫ਼ ਜਾਜਕਾਂ ਦੀ ਜ਼ਮੀਨ ਉਨ੍ਹਾਂ ਦੀ ਹੀ ਰਹੀ। ਓਹ ਫ਼ਿਰਊਨ ਦੀ ਨਾ ਹੋਈ।
ਯਾਕੂਬ ਦੀ ਅੰਤਿਮ ਇੱਛਾ
27ਇਸਰਾਏਲੀ ਮਿਸਰ ਦੀ ਅਤੇ ਗੋਸ਼ਨ ਦੀ ਧਰਤੀ ਵਿੱਚ ਰਹੇ ਅਤੇ ਉਨ੍ਹਾਂ ਨੇ ਉੱਥੇ ਵਿਰਾਸਤ ਪ੍ਰਾਪਤ ਕੀਤੀ ਅਤੇ ਉੱਥੇ ਓਹ ਬਹੁਤ ਹੀ ਫਲੇ ਅਤੇ ਵਧੇ। 28ਅਤੇ ਯਾਕੂਬ ਮਿਸਰ ਦੇਸ਼ ਵਿੱਚ ਸਤਾਰਾਂ ਸਾਲ ਜਿਉਂਦਾ ਰਿਹਾ, ਸੋ ਯਾਕੂਬ ਦੀ ਸਾਰੀ ਉਮਰ ਇੱਕ ਸੌ ਸੰਤਾਲੀ ਸਾਲ ਦੀ ਹੋਈ। 29ਜਦ ਇਸਰਾਏਲ ਦੇ ਮਰਨ ਦੇ ਦਿਨ ਨੇੜੇ ਆਏ ਤਾਂ ਉਸ ਆਪਣੇ ਪੁੱਤਰ ਯੂਸੁਫ਼ ਨੂੰ ਬੁਲਾ ਕੇ ਆਖਿਆ, ਹੁਣ ਜੇ ਮੇਰੇ ਉੱਤੇ ਤੇਰੀ ਕਿਰਪਾ ਹੈ ਤਾਂ ਤੂੰ ਆਪਣਾ ਹੱਥ ਮੇਰੇ ਪੱਟ ਹੇਠ ਰੱਖ ਅਤੇ ਕਿਰਪਾ ਅਤੇ ਸਚਿਆਈ ਨਾਲ ਮੇਰੇ ਨਾਲ ਵਰਤਾਉ ਕਰੀਂ। 30ਮੈਨੂੰ ਮਿਸਰ ਵਿੱਚ ਨਾ ਦੱਬੀਂ। ਪਰ ਜਦ ਮੈਂ ਆਪਣੇ ਪਿਓ ਦਾਦਿਆਂ ਨਾਲ ਮਿਲ ਜਾਂਵਾਂ ਤਾਂ ਤੂੰ ਮੈਨੂੰ ਮਿਸਰ ਤੋਂ ਬਾਹਰ ਲੈ ਜਾਵੀਂ ਅਤੇ ਉਨ੍ਹਾਂ ਦੇ ਕਬਰਿਸਤਾਨ ਵਿੱਚ ਮੈਨੂੰ ਦੱਬੀਂ ਤਾਂ ਯੂਸੁਫ਼ ਨੇ ਆਖਿਆ, ਮੈਂ ਤੇਰੇ ਆਖੇ ਦੇ ਅਨੁਸਾਰ ਹੀ ਕਰਾਂਗਾ। 31ਅਤੇ ਉਸ ਆਖਿਆ, ਮੇਰੇ ਨਾਲ ਸਹੁੰ ਖਾ ਤਾਂ ਉਸ ਨੇ ਉਸ ਦੇ ਨਾਲ ਸਹੁੰ ਖਾਧੀ ਅਤੇ ਇਸਰਾਏਲ ਨੇ ਆਪਣੇ ਮੰਜੇ ਦੇ ਸਿਰਹਾਣੇ ਉੱਤੇ ਸਿਰ ਝੁਕਾ ਕੇ ਪ੍ਰਾਰਥਨਾ ਕੀਤੀ।

Currently Selected:

ਉਤ 47: IRVPun

Highlight

Copy

Compare

Share

None

Want to have your highlights saved across all your devices? Sign up or sign in