ਉਤ 44
44
ਚਾਂਦੀ ਦਾ ਕਟੋਰਾ
1ਤਦ ਉਸ ਨੇ ਆਪਣੇ ਘਰ ਦੇ ਮੁਖੀਏ ਨੂੰ ਹੁਕਮ ਦਿੱਤਾ ਕਿ ਇਨ੍ਹਾਂ ਮਨੁੱਖਾਂ ਦੇ ਬੋਰਿਆਂ ਵਿੱਚ ਜਿੰਨ੍ਹਾਂ ਉਹ ਲੈ ਸਕਣ ਅੰਨ ਭਰ ਦੇ ਅਤੇ ਹਰ ਇੱਕ ਦੀ ਚਾਂਦੀ ਉਸ ਦੇ ਬੋਰੇ ਦੇ ਮੂੰਹ ਵਿੱਚ ਰੱਖਦੇ 2ਅਤੇ ਮੇਰਾ ਚਾਂਦੀ ਦਾ ਪਿਆਲਾ ਸਭ ਤੋਂ ਛੋਟੇ ਦੇ ਬੋਰੇ ਦੇ ਮੂੰਹ ਉੱਤੇ ਉਸ ਦੇ ਅੰਨ ਖਰੀਦਣ ਦੀ ਚਾਂਦੀ ਸਮੇਤ ਰੱਖਦੇ। ਸੋ ਉਸ ਨੇ ਯੂਸੁਫ਼ ਦੇ ਆਖੇ ਅਨੁਸਾਰ ਹੀ ਕੀਤਾ। 3ਸਵੇਰ ਹੁੰਦਿਆਂ ਹੀ ਉਹ ਮਨੁੱਖ ਅਤੇ ਉਨ੍ਹਾਂ ਦੇ ਗਧੇ ਤੋਰ ਦਿੱਤੇ ਗਏ। 4ਓਹ ਨਗਰ ਤੋਂ ਬਾਹਰ ਅਜੇ ਦੂਰ ਨਹੀਂ ਗਏ ਸਨ ਕਿ ਯੂਸੁਫ਼ ਨੇ ਆਪਣੇ ਘਰ ਦੇ ਮੁਖੀਏ ਨੂੰ ਹੁਕਮ ਦਿੱਤਾ, ਉੱਠ ਉਨ੍ਹਾਂ ਮਨੁੱਖਾਂ ਦਾ ਪਿੱਛਾ ਕਰ ਅਤੇ ਜਦ ਤੂੰ ਉਨ੍ਹਾਂ ਕੋਲ ਪਹੁੰਚ ਜਾਵੇਂ ਤਾਂ ਉਨ੍ਹਾਂ ਨੂੰ ਆਖੀਂ, ਤੁਸੀਂ ਭਲਿਆਈ ਦੇ ਬਦਲੇ ਬੁਰਿਆਈ ਕਿਉਂ ਕੀਤੀ? 5ਕੀ ਇਹ ਉਹ ਪਿਆਲਾ ਨਹੀਂ ਜਿਸ ਵਿੱਚ ਮੇਰਾ ਸੁਆਮੀ ਪੀਂਦਾ ਹੈ ਅਤੇ ਜਿਸ ਦੇ ਨਾਲ ਉਹ ਆਤਮਿਕ ਗੱਲਾਂ ਵਿਚਾਰਦਾ ਹੈ? ਤੁਸੀਂ ਜੋ ਇਹ ਕੀਤਾ ਹੈ ਸੋ ਬੁਰਾ ਹੀ ਕੀਤਾ ਹੈ। 6ਤਦ ਉਸ ਨੇ ਉਨ੍ਹਾਂ ਨੂੰ ਜਾ ਫੜ੍ਹਿਆ ਅਤੇ ਇਹੋ ਗੱਲਾਂ ਉਨ੍ਹਾਂ ਨੂੰ ਆਖੀਆਂ। 7ਉਨ੍ਹਾਂ ਨੇ ਉਹ ਨੂੰ ਆਖਿਆ, ਸਾਡਾ ਸੁਆਮੀ ਅਜਿਹੀਆਂ ਗੱਲਾਂ ਕਿਉਂ ਬੋਲਦਾ ਹੈ? ਤੁਹਾਡੇ ਦਾਸਾਂ ਤੋਂ ਅਜਿਹਾ ਕੰਮ ਕਰਨਾ ਦੂਰ ਰਹੇ। 8ਵੇਖੋ, ਜਦ ਉਹ ਚਾਂਦੀ ਜਿਹੜੀ ਸਾਨੂੰ ਸਾਡੇ ਬੋਰਿਆਂ ਦੇ ਮੂੰਹ ਵਿੱਚ ਲੱਭੀ ਸੀ, ਅਸੀਂ ਉਹ ਕਨਾਨ ਦੇਸ਼ ਤੋਂ ਮੋੜ ਕੇ ਤੁਹਾਡੇ ਕੋਲ ਲੈ ਆਏ ਹਾਂ, ਤਾਂ ਕਿਵੇਂ ਅਸੀਂ ਤੁਹਾਡੇ ਸੁਆਮੀ ਦੇ ਘਰ ਵਿੱਚੋਂ ਚਾਂਦੀ ਜਾਂ ਸੋਨਾ ਚੁਰਾ ਸਕਦੇ ਹਾਂ? 9ਤੁਹਾਡੇ ਦਾਸਾਂ ਵਿੱਚੋਂ ਜਿਸ ਦੇ ਕੋਲੋਂ ਉਹ ਲੱਭੇ, ਉਹ ਮਾਰਿਆ ਜਾਵੇ ਅਤੇ ਅਸੀਂ ਵੀ ਆਪਣੇ ਸੁਆਮੀ ਦੇ ਗ਼ੁਲਾਮ ਹੋ ਜਾਂਵਾਂਗੇ। 10ਤਦ ਉਸ ਨੇ ਆਖਿਆ, ਹੁਣ ਤੁਹਾਡੀਆਂ ਗੱਲਾਂ ਦੇ ਅਨੁਸਾਰ ਹੀ ਹੋਵੇਗਾ। ਜਿਸ ਦੇ ਕੋਲੋਂ ਉਹ ਲੱਭੇਗਾ, ਉਹ ਮੇਰਾ ਗ਼ੁਲਾਮ ਹੋਵੇਗਾ ਪਰ ਤੁਸੀਂ ਨਿਰਦੋਸ਼ ਠਹਿਰੋਗੇ। 11ਉਨ੍ਹਾਂ ਨੇ ਛੇਤੀ ਨਾਲ ਆਪੋ ਆਪਣੇ ਬੋਰੇ ਜ਼ਮੀਨ ਉੱਤੇ ਲਾਹ ਕੇ ਖੋਲ੍ਹ ਦਿੱਤੇ 12ਅਤੇ ਉਸ ਨੇ ਵੱਡੇ ਤੋਂ ਲੈ ਕੇ ਛੋਟੇ ਤੱਕ ਸਭ ਦੀ ਤਲਾਸ਼ੀ ਲਈ ਅਤੇ ਉਹ ਪਿਆਲਾ ਬਿਨਯਾਮੀਨ ਦੇ ਬੋਰੇ ਵਿੱਚ ਲੱਭਿਆ। 13ਤਦ ਉਨ੍ਹਾਂ ਨੇ ਆਪਣੇ ਬਸਤਰ ਪਾੜੇ ਅਤੇ ਹਰ ਇੱਕ ਨੇ ਆਪਣਾ ਗਧਾ ਲੱਦਿਆ ਅਤੇ ਓਹ ਨਗਰ ਨੂੰ ਮੁੜ ਆਏ। 14ਜਦ ਯਹੂਦਾਹ ਅਤੇ ਉਸ ਦੇ ਭਰਾ ਯੂਸੁਫ਼ ਦੇ ਘਰ ਆਏ ਅਤੇ ਉਹ ਅਜੇ ਤੱਕ ਉੱਥੇ ਹੀ ਸੀ ਤਾਂ ਓਹ ਉਸ ਦੇ ਅੱਗੇ ਧਰਤੀ ਉੱਤੇ ਡਿੱਗ ਪਏ। 15ਫੇਰ ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, ਇਹ ਕੀ ਕਰਤੂਤ ਹੈ ਜੋ ਤੁਸੀਂ ਕੀਤੀ? ਕੀ ਤੁਸੀਂ ਨਹੀਂ ਜਾਣਦੇ ਸੀ ਕਿ ਮੇਰੇ ਵਰਗਾ ਆਦਮੀ ਆਤਮਿਕ ਗੱਲਾਂ ਵਿਚਾਰ ਸਕਦਾ ਹੈ? 16ਯਹੂਦਾਹ ਨੇ ਆਖਿਆ, ਅਸੀਂ ਆਪਣੇ ਸੁਆਮੀ ਨੂੰ ਕੀ ਆਖੀਏ ਅਤੇ ਕੀ ਬੋਲੀਏ ਅਤੇ ਅਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਨਿਰਦੋਸ਼ ਸਾਬਤ ਕਰੀਏ? ਪਰਮੇਸ਼ੁਰ ਨੇ ਤੁਹਾਡੇ ਦਾਸਾਂ ਦੀ ਬੁਰਿਆਈ ਲੱਭ ਲਈ ਹੈ। ਵੇਖੋ, ਅਸੀਂ ਆਪਣੇ ਸੁਆਮੀ ਦੇ ਗ਼ੁਲਾਮ ਹਾਂ, ਅਸੀਂ ਵੀ ਅਤੇ ਉਹ ਵੀ ਜਿਸ ਦੇ ਕੋਲੋਂ ਇਹ ਪਿਆਲਾ ਲੱਭਿਆ ਹੈ। 17ਪਰ ਯੂਸੁਫ਼ ਨੇ ਆਖਿਆ, ਇਹ ਕੰਮ ਮੈਥੋਂ ਦੂਰ ਹੋਵੇ। ਉਹ ਮਨੁੱਖ ਜਿਸ ਦੇ ਕੋਲੋਂ ਪਿਆਲਾ ਲੱਭਿਆ ਹੈ ਉਹ ਹੀ ਮੇਰਾ ਗ਼ੁਲਾਮ ਹੋਵੇਗਾ ਪਰ ਤੁਸੀਂ ਸਲਾਮਤੀ ਨਾਲ ਆਪਣੇ ਪਿਤਾ ਦੇ ਕੋਲ ਵਾਪਿਸ ਚਲੇ ਜਾਓ।
ਬਿਨਯਾਮੀਨ ਦੇ ਲਈ ਯਹੂਦਾਹ ਦੁਆਰਾ ਬੇਨਤੀ
18ਫੇਰ ਯਹੂਦਾਹ ਨੇ ਉਸ ਦੇ ਨੇੜੇ ਜਾ ਕੇ ਆਖਿਆ, ਮੇਰੇ ਸੁਆਮੀ ਜੀ, ਮੇਰੀ ਬੇਨਤੀ ਹੈ ਕਿ ਤੁਹਾਡਾ ਦਾਸ ਆਪਣੇ ਸੁਆਮੀ ਦੇ ਕੰਨਾਂ ਵਿੱਚ ਗੱਲ ਕਰੇ ਅਤੇ ਤੁਹਾਡਾ ਕ੍ਰੋਧ ਤੁਹਾਡੇ ਦਾਸ ਦੇ ਵਿਰੁੱਧ ਨਾ ਭੜਕੇ, ਕਿਉਂ ਜੋ ਤੁਸੀਂ ਫ਼ਿਰਊਨ ਦੇ ਸਮਾਨ ਹੋ। 19ਮੇਰੇ ਸੁਆਮੀ ਨੇ ਆਪਣੇ ਦਾਸਾਂ ਤੋਂ ਇਹ ਪੁੱਛਿਆ ਸੀ, ਕੀ ਤੁਹਾਡਾ ਪਿਤਾ ਜਾਂ ਭਰਾ ਹੈ? 20ਅਤੇ ਅਸੀਂ ਆਪਣੇ ਸੁਆਮੀ ਨੂੰ ਆਖਿਆ ਸੀ ਕਿ ਸਾਡਾ ਬਜ਼ੁਰਗ ਪਿਤਾ ਹੈ, ਅਤੇ ਉਸ ਦੀ ਬਿਰਧ ਅਵਸਥਾ ਦਾ ਇੱਕ ਛੋਟਾ ਪੁੱਤਰ ਹੈ ਅਤੇ ਉਸ ਦਾ ਭਰਾ ਮਰ ਗਿਆ ਹੈ, ਅਤੇ ਉਹ ਆਪਣੀ ਮਾਤਾ ਦਾ ਇਕੱਲਾ ਹੀ ਹੈ ਅਤੇ ਉਸ ਦਾ ਪਿਤਾ ਉਸ ਨੂੰ ਪਿਆਰ ਕਰਦਾ ਹੈ। 21ਤੁਸੀਂ ਆਪਣੇ ਦਾਸਾਂ ਨੂੰ ਆਖਿਆ ਕਿ ਉਸ ਨੂੰ ਮੇਰੇ ਕੋਲ ਲਿਆਓ ਤਾਂ ਜੋ ਮੈਂ ਉਸ ਮੁੰਡੇ ਨੂੰ ਆਪਣੀਆਂ ਅੱਖਾਂ ਨਾਲ ਵੇਖਾਂ। 22ਤਾਂ ਅਸੀਂ ਆਪਣੇ ਸੁਆਮੀ ਨੂੰ ਆਖਿਆ ਕਿ ਮੁੰਡਾ ਆਪਣੇ ਪਿਤਾ ਨੂੰ ਛੱਡ ਨਹੀਂ ਸਕਦਾ। ਜੇਕਰ ਉਹ ਉਸ ਨੂੰ ਛੱਡੇ ਤਾਂ ਸਾਡਾ ਪਿਤਾ ਮਰ ਜਾਵੇਗਾ। 23ਫੇਰ ਤੁਸੀਂ ਆਪਣੇ ਦਾਸਾਂ ਨੂੰ ਆਖਿਆ ਸੀ ਕਿ ਜਦ ਤੱਕ ਤੁਹਾਡਾ ਛੋਟਾ ਭਰਾ ਤੁਹਾਡੇ ਨਾਲ ਨਾ ਆਵੇ ਤੁਸੀਂ ਮੇਰਾ ਮੂੰਹ ਫੇਰ ਨਾ ਵੇਖੋਗੇ। 24ਇਸ ਲਈ ਜਦ ਅਸੀਂ ਤੁਹਾਡੇ ਦਾਸ ਆਪਣੇ ਪਿਤਾ ਕੋਲ ਗਏ ਤਾਂ ਅਸੀਂ ਆਪਣੇ ਸੁਆਮੀ ਦੀਆਂ ਗੱਲਾਂ ਉਸ ਨੂੰ ਦੱਸੀਆਂ। 25ਤਦ ਸਾਡੇ ਪਿਤਾ ਨੇ ਆਖਿਆ, ਮੁੜ ਕੇ ਜਾਓ ਅਤੇ ਥੋੜ੍ਹਾ ਅੰਨ ਸਾਡੇ ਲਈ ਮੁੱਲ ਲੈ ਆਓ। 26ਪਰ ਅਸੀਂ ਆਖਿਆ, ਅਸੀਂ ਨਹੀਂ ਜਾ ਸਕਦੇ। ਜੇਕਰ ਸਾਡਾ ਛੋਟਾ ਭਰਾ ਸਾਡੇ ਨਾਲ ਹੋਵੇ ਤਾਂ ਹੀ ਅਸੀਂ ਜਾਂਵਾਂਗੇ ਕਿਉਂ ਜੋ ਜਦ ਤੱਕ ਸਾਡਾ ਛੋਟਾ ਭਰਾ ਸਾਡੇ ਨਾਲ ਨਾ ਜਾਵੇ ਅਸੀਂ ਉਸ ਮਨੁੱਖ ਦਾ ਮੂੰਹ ਨਾ ਵੇਖ ਸਕਾਂਗੇ। 27ਤਦ ਤੁਹਾਡੇ ਦਾਸ ਸਾਡੇ ਪਿਤਾ ਨੇ ਸਾਨੂੰ ਆਖਿਆ, ਤੁਸੀਂ ਜਾਣਦੇ ਹੋ ਕਿ ਮੇਰੀ ਪਤਨੀ ਨੇ ਮੇਰੇ ਲਈ ਦੋ ਪੁੱਤਰਾਂ ਨੂੰ ਜਨਮ ਦਿੱਤਾ। 28ਉਨ੍ਹਾਂ ਵਿੱਚੋਂ ਇੱਕ ਤਾਂ ਮੈਨੂੰ ਛੱਡ ਕੇ ਚਲਾ ਗਿਆ ਅਤੇ ਮੈਂ ਮੰਨ ਲਿਆ ਕਿ ਉਹ ਸੱਚ-ਮੁੱਚ ਪਾੜਿਆ ਗਿਆ ਹੈ ਅਤੇ ਮੈਂ ਉਸ ਨੂੰ ਹੁਣ ਤੱਕ ਨਹੀਂ ਵੇਖਿਆ। 29ਪਰ ਜੇਕਰ ਤੁਸੀਂ ਇਸ ਨੂੰ ਵੀ ਮੇਰੇ ਅੱਗੋਂ ਲੈ ਜਾਓਗੇ ਅਤੇ ਕੋਈ ਬਿਪਤਾ ਉਸ ਉੱਤੇ ਆ ਪਈ ਤਾਂ ਤੁਸੀਂ ਮੈਨੂੰ ਇਸ ਬੁਢਾਪੇ ਵਿੱਚ ਦੁੱਖ ਨਾਲ ਪਤਾਲ ਵਿੱਚ ਉਤਾਰੋਗੇ। 30ਹੁਣ ਜਦ ਮੈਂ ਤੁਹਾਡੇ ਦਾਸ ਆਪਣੇ ਪਿਤਾ ਦੇ ਕੋਲ ਜਾਂਵਾਂ ਅਤੇ ਇਹ ਮੁੰਡਾ ਨਾਲ ਨਾ ਹੋਵੇ ਤਾਂ ਕਿਉਂ ਜੋ ਉਹ ਦੇ ਪ੍ਰਾਣ ਇਸ ਮੁੰਡੇ ਦੇ ਪ੍ਰਾਣਾਂ ਨਾਲ ਬੱਧੇ ਹੋਏ ਹਨ 31ਅਤੇ ਜਦ ਉਹ ਵੇਖੇਗਾ ਕਿ ਇਹ ਮੁੰਡਾ ਨਾਲ ਨਹੀਂ ਹੈ ਤਾਂ ਉਹ ਮਰ ਜਾਵੇਗਾ ਅਤੇ ਤੁਹਾਡੇ ਦਾਸ ਆਪਣੇ ਪਿਤਾ ਨੂੰ ਬੁਢਾਪੇ ਵਿੱਚ ਦੁੱਖ ਨਾਲ ਪਤਾਲ ਵਿੱਚ ਉਤਾਰਨਗੇ। 32ਕਿਉਂ ਜੋ ਤੁਹਾਡਾ ਦਾਸ ਆਪਣੇ ਪਿਤਾ ਨੂੰ ਇਹ ਆਖ ਕੇ ਇਸ ਮੁੰਡੇ ਦਾ ਜ਼ਿੰਮੇਵਾਰ ਹੋਇਆ ਹੈ ਕਿ ਜੇਕਰ ਮੈਂ ਉਸ ਨੂੰ ਤੇਰੇ ਕੋਲ ਨਾ ਲਿਆਵਾਂ ਤਾਂ ਮੈਂ ਸਦਾ ਤੱਕ ਆਪਣੇ ਪਿਤਾ ਦਾ ਪਾਪੀ ਹੋਵਾਂਗਾ। 33ਹੁਣ ਤੁਹਾਡਾ ਦਾਸ ਇਸ ਮੁੰਡੇ ਦੇ ਸਥਾਨ ਤੇ ਮੇਰੇ ਸੁਆਮੀ ਦਾ ਗ਼ੁਲਾਮ ਬਣ ਕੇ ਰਹੇਗਾ ਪਰ ਇਸ ਮੁੰਡੇ ਨੂੰ ਆਪਣੇ ਭਰਾਵਾਂ ਦੇ ਨਾਲ ਵਾਪਿਸ ਜਾਣ ਦਿੱਤਾ ਜਾਵੇ। 34ਕਿਉਂਕਿ ਮੈਂ ਆਪਣੇ ਪਿਤਾ ਦੇ ਕੋਲ ਕਿਵੇਂ ਜਾਂਵਾਂ, ਜੇਕਰ ਇਹ ਮੁੰਡਾ ਮੇਰੇ ਨਾਲ ਨਾ ਹੋਵੇ? ਅਜਿਹਾ ਨਾ ਹੋਵੇ ਕਿ ਉਹ ਬੁਰਿਆਈ ਜਿਹੜੀ ਮੇਰੇ ਪਿਤਾ ਉੱਤੇ ਆਵੇਗੀ, ਮੈਨੂੰ ਵੇਖਣੀ ਪਵੇ।
Currently Selected:
ਉਤ 44: IRVPun
Highlight
Copy
Compare
Share
Want to have your highlights saved across all your devices? Sign up or sign in
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.