ਉਤ 41
41
ਫ਼ਿਰਊਨ ਦੇ ਸੁਫ਼ਨਿਆਂ ਦਾ ਅਰਥ ਦੱਸਣਾ
1ਪੂਰੇ ਦੋ ਸਾਲਾਂ ਦੇ ਅੰਤ ਵਿੱਚ ਫ਼ਿਰਊਨ ਨੇ ਇੱਕ ਸੁਫ਼ਨਾ ਵੇਖਿਆ ਕਿ ਉਹ ਨੀਲ ਨਦੀ ਕੋਲ ਖੜ੍ਹਾ ਸੀ, 2ਅਤੇ ਵੇਖੋ ਨਦੀ ਵਿੱਚੋਂ ਸੱਤ ਗਾਂਈਆਂ ਜਿਹੜੀਆਂ ਸੋਹਣੀਆਂ ਅਤੇ ਮੋਟੀਆਂ ਸਨ, ਨਿੱਕਲੀਆਂ ਅਤੇ ਨਦੀ ਦੇ ਕਿਨਾਰੇ ਚੁੱਗਣ ਲੱਗ ਪਈਆਂ। 3ਅਤੇ ਵੇਖੋ, ਉਨ੍ਹਾਂ ਤੋਂ ਬਾਅਦ ਸੱਤ ਗਾਂਈਆਂ ਹੋਰ ਜਿਹੜੀਆਂ ਕਰੂਪ ਅਤੇ ਸਰੀਰ ਵਿੱਚ ਲਿੱਸੀਆਂ ਸਨ, ਨਦੀ ਵਿੱਚੋਂ ਨਿੱਕਲੀਆਂ ਅਤੇ ਨਦੀ ਦੇ ਕੰਢੇ ਉੱਤੇ ਦੂਸਰੀਆਂ ਗਾਈਆਂ ਕੋਲ ਖੜ੍ਹੀਆਂ ਹੋ ਗਈਆਂ। 4ਤਦ ਕਰੂਪ ਅਤੇ ਲਿੱਸੀਆਂ ਗਾਈਆਂ ਨੇ ਉਨ੍ਹਾਂ ਸੱਤਾਂ ਸੋਹਣੀਆਂ ਅਤੇ ਮੋਟੀਆਂ ਗਾਂਈਆਂ ਨੂੰ ਨਿਗਲ ਲਿਆ, ਤਦ ਫ਼ਿਰਊਨ ਜਾਗ ਉੱਠਿਆ। 5ਉਹ ਫੇਰ ਸੌਂ ਗਿਆ ਅਤੇ ਦੂਜੀ ਵਾਰ ਸੁਫ਼ਨਾ ਵੇਖਿਆ ਅਤੇ ਵੇਖੋ, ਮੋਟੇ ਅਤੇ ਚੰਗੇ ਸੱਤ ਸਿੱਟੇ ਇੱਕ ਨੜ ਵਿੱਚੋਂ ਨਿੱਕਲੇ 6ਅਤੇ ਵੇਖੋ, ਉਸ ਦੇ ਬਾਅਦ ਪਤਲੇ ਅਤੇ ਪੂਰਬੀ ਹਵਾ ਨਾਲ ਝੁਲਸੇ ਹੋਏ ਸੱਤ ਸਿੱਟੇ ਫੁੱਟ ਪਏ। 7ਉਹ ਪਤਲੇ ਸਿੱਟੇ ਉਨ੍ਹਾਂ ਸੱਤਾਂ ਮੋਟੇ ਅਤੇ ਭਰੇ ਹੋਏ ਸਿੱਟਿਆਂ ਨੂੰ ਨਿਗਲ ਗਏ ਤਾਂ ਫ਼ਿਰਊਨ ਜਾਗ ਉੱਠਿਆ ਅਤੇ ਜਾਣਿਆ ਕਿ ਇਹ ਸੁਫ਼ਨਾ ਹੀ ਸੀ। 8ਅਤੇ ਸਵੇਰੇ ਹੀ ਉਸ ਦਾ ਮਨ ਬੇਚੈਨ ਹੋ ਗਿਆ ਤਾਂ ਉਸ ਨੇ ਮਿਸਰ ਦੇ ਸਾਰੇ ਜਾਦੂਗਰ ਅਤੇ ਸਾਰੇ ਜੋਤਸ਼ੀ ਸੱਦ ਲਏ, ਤਦ ਫ਼ਿਰਊਨ ਨੇ ਉਨ੍ਹਾਂ ਨੂੰ ਆਪਣੇ ਸੁਫ਼ਨੇ ਦੱਸੇ ਪਰ ਕੋਈ ਵੀ ਫ਼ਿਰਊਨ ਨੂੰ ਉਨ੍ਹਾਂ ਦਾ ਅਰਥ ਨਾ ਦੱਸ ਸਕਿਆ। 9ਤਦ ਸਾਕੀਆਂ ਦੇ ਮੁਖੀਏ ਨੇ ਫ਼ਿਰਊਨ ਨਾਲ ਇਹ ਗੱਲ ਕੀਤੀ, ਅੱਜ ਮੈਂ ਆਪਣੀ ਗਲਤੀ ਨੂੰ ਯਾਦ ਕਰਦਾ ਹਾਂ। 10ਜਦ ਫ਼ਿਰਊਨ ਆਪਣੇ ਦਾਸਾਂ ਉੱਤੇ ਗੁੱਸੇ ਹੋਇਆ ਤਾਂ ਮੈਨੂੰ ਅਤੇ ਰਸੋਈਆਂ ਦੇ ਮੁਖੀਏ ਨੂੰ ਅੰਗ-ਰੱਖਿਅਕਾਂ ਦੇ ਪ੍ਰਧਾਨ ਦੇ ਘਰ ਵਿੱਚ ਕੈਦ ਕੀਤਾ। 11ਤਦ ਅਸੀਂ ਦੋਨਾਂ ਨੇ ਇੱਕੋ ਹੀ ਰਾਤ ਵਿੱਚ ਆਪੋ ਆਪਣੇ ਅਰਥ ਅਨੁਸਾਰ ਸੁਫ਼ਨਾ ਵੇਖਿਆ। 12ਅੰਗ-ਰੱਖਿਅਕਾਂ ਦੇ ਪ੍ਰਧਾਨ ਦਾ ਗ਼ੁਲਾਮ ਇੱਕ ਇਬਰੀ ਜੁਆਨ, ਉੱਥੇ ਸਾਡੇ ਨਾਲ ਸੀ ਅਤੇ ਜਦ ਅਸੀਂ ਉਸ ਨੂੰ ਦੱਸਿਆ ਤਾਂ ਉਸ ਨੇ ਸਾਡੇ ਸੁਫ਼ਨਿਆਂ ਦਾ ਅਰਥ ਇੱਕ-ਇੱਕ ਦੇ ਸੁਫ਼ਨੇ ਦੇ ਅਰਥ ਅਨੁਸਾਰ ਦੱਸਿਆ। 13ਅਤੇ ਜਿਵੇਂ ਉਸ ਨੇ ਸਾਨੂੰ ਉਸ ਦਾ ਅਰਥ ਦੱਸਿਆ ਸੀ, ਉਸੇ ਤਰ੍ਹਾਂ ਹੀ ਹੋਇਆ। ਮੈਨੂੰ ਤਾਂ ਮੇਰੇ ਅਹੁਦੇ ਉੱਤੇ ਬਹਾਲ ਕੀਤਾ ਗਿਆ ਪਰ ਉਸ ਨੂੰ ਫਾਂਸੀ ਦਿੱਤੀ। 14ਤਦ ਫ਼ਿਰਊਨ ਨੇ ਯੂਸੁਫ਼ ਨੂੰ ਸੱਦ ਭੇਜਿਆ ਅਤੇ ਉਨ੍ਹਾਂ ਨੇ ਛੇਤੀ ਨਾਲ ਯੂਸੁਫ਼ ਨੂੰ ਕੈਦ ਵਿੱਚੋਂ ਕੱਢਿਆ। ਉਹ ਹਜਾਮਤ ਕਰ ਕੇ ਅਤੇ ਬਸਤਰ ਬਦਲ ਕੇ ਫ਼ਿਰਊਨ ਦੇ ਕੋਲ ਅੰਦਰ ਆਇਆ। 15ਫ਼ਿਰਊਨ ਨੇ ਯੂਸੁਫ਼ ਨੂੰ ਆਖਿਆ, ਮੈਂ ਇੱਕ ਸੁਫ਼ਨਾ ਵੇਖਿਆ ਹੈ, ਅਤੇ ਉਸ ਦਾ ਅਰਥ ਦੱਸਣ ਵਾਲਾ ਕੋਈ ਨਹੀਂ। ਮੈਂ ਤੇਰੇ ਬਾਰੇ ਇਹ ਸੁਣਿਆ ਹੈ ਕਿ ਤੂੰ ਸੁਫ਼ਨਾ ਸੁਣ ਕੇ ਉਸ ਦਾ ਅਰਥ ਦੱਸ ਸਕਦਾ ਹੈਂ। 16ਤਦ ਯੂਸੁਫ਼ ਨੇ ਫ਼ਿਰਊਨ ਨੂੰ ਉੱਤਰ ਦਿੱਤਾ, ਇਹ ਮੇਰੀ ਸ਼ਕਤੀ ਨਹੀਂ। ਪਰਮੇਸ਼ੁਰ ਹੀ ਫ਼ਿਰਊਨ ਨੂੰ ਸ਼ਾਂਤੀ ਦਾ ਉੱਤਰ ਦੇਵੇਗਾ। 17ਫਿਰ ਫ਼ਿਰਊਨ ਨੇ ਯੂਸੁਫ਼ ਨੂੰ ਆਖਿਆ, ਵੇਖੋ, ਮੈਂ ਆਪਣੇ ਸੁਫ਼ਨੇ ਵਿੱਚ ਨੀਲ ਨਦੀ ਦੇ ਕੰਢੇ ਉੱਤੇ ਖੜ੍ਹਾ ਸੀ, 18ਅਤੇ ਵੇਖੋ, ਦਰਿਆ ਵਿੱਚੋਂ ਸੱਤ ਗਾਂਈਆਂ ਜਿਹੜੀਆਂ ਮੋਟੀਆਂ ਅਤੇ ਸੋਹਣੀਆਂ ਸਨ, ਨਿੱਕਲੀਆਂ ਅਤੇ ਉਹ ਨਦੀ ਦੇ ਕਿਨਾਰੇ ਚੁੱਗਣ ਲੱਗ ਪਈਆਂ। 19ਫਿਰ ਵੇਖੋ, ਉਨ੍ਹਾਂ ਦੇ ਬਾਅਦ ਹੋਰ ਸੱਤ ਗਾਂਈਆਂ ਨਿੱਕਲੀਆਂ ਜਿਹੜੀਆਂ ਬਹੁਤ ਕਰੂਪ ਅਤੇ ਲਿੱਸੀਆਂ ਸਨ। ਅਜਿਹੀਆਂ ਕਰੂਪ ਗਾਂਵਾਂ ਮੈਂ ਸਾਰੇ ਮਿਸਰ ਦੇਸ਼ ਵਿੱਚ ਕਦੇ ਨਹੀਂ ਵੇਖੀਆਂ। 20ਤਦ ਉਹ ਲਿੱਸੀਆਂ ਅਤੇ ਕਰੂਪ ਗਾਂਈਆਂ ਪਹਿਲੀਆਂ ਸੱਤ ਤਕੜੀਆਂ ਗਾਂਈਆਂ ਨੂੰ ਖਾ ਗਈਆਂ। 21ਉਨ੍ਹਾਂ ਨੇ ਉਨ੍ਹਾਂ ਨੂੰ ਖਾ ਲਿਆ ਪਰ ਵੇਖਣ ਵਿੱਚ ਮਲੂਮ ਨਾ ਹੋਇਆ ਕਿ ਉਨ੍ਹਾਂ ਨੇ ਉਨ੍ਹਾਂ ਨੂੰ ਖਾ ਲਿਆ ਹੈ ਕਿਉਂ ਜੋ ਉਹ ਵੇਖਣ ਵਿੱਚ ਪਹਿਲਾਂ ਦੀ ਤਰ੍ਹਾਂ ਹੀ ਸਨ। ਤਦ ਮੈਂ ਜਾਗ ਉੱਠਿਆ। 22ਫੇਰ ਮੈਂ ਦੂਜਾ ਸੁਫ਼ਨਾ ਵੇਖਿਆ ਅਤੇ ਵੇਖੋ, ਇੱਕ ਨੜ ਵਿੱਚੋਂ ਭਰੇ ਹੋਏ ਅਤੇ ਚੰਗੇ ਸੱਤ ਸਿੱਟੇ ਨਿੱਕਲੇ, 23ਅਤੇ ਵੇਖੋ ਉਨ੍ਹਾਂ ਦੇ ਬਾਅਦ ਸੱਤ ਸਿੱਟੇ ਕੁਮਲਾਏ ਹੋਏ, ਪਤਲੇ ਅਤੇ ਪੂਰਬੀ ਹਵਾ ਨਾਲ ਝੁਲਸੇ ਹੋਏ ਫੁੱਟ ਪਏ। 24ਅਤੇ ਉਨ੍ਹਾਂ ਪਤਲਿਆਂ ਸਿੱਟਿਆਂ ਨੇ ਸੱਤ ਚੰਗੇ ਸਿੱਟਿਆਂ ਨੂੰ ਨਿਗਲ ਲਿਆ। ਮੈਂ ਇਹ ਸੁਫ਼ਨਾ ਜਾਦੂਗਰਾਂ ਨੂੰ ਦੱਸਿਆ ਪਰ ਕੋਈ ਮੈਨੂੰ ਇਸ ਦਾ ਅਰਥ ਨਾ ਦੱਸ ਸਕਿਆ। 25ਯੂਸੁਫ਼ ਨੇ ਫ਼ਿਰਊਨ ਨੂੰ ਆਖਿਆ, ਫ਼ਿਰਊਨ ਦਾ ਸੁਫ਼ਨਾ ਇੱਕੋ ਹੀ ਹੈ। ਪਰਮੇਸ਼ੁਰ ਜੋ ਕੁਝ ਕਰਨ ਵਾਲਾ ਹੈ, ਉਸ ਨੇ ਫ਼ਿਰਊਨ ਦੇ ਉੱਤੇ ਪਰਗਟ ਕੀਤਾ ਹੈ। 26ਇਹ ਸੱਤ ਚੰਗੀਆਂ ਗਾਂਈਆਂ ਸੱਤ ਸਾਲ ਹਨ ਅਤੇ ਇਹ ਸੱਤ ਸਿੱਟੇ ਵੀ ਸੱਤ ਸਾਲ ਹਨ। ਇਹ ਸੁਫ਼ਨਾ ਇੱਕੋ ਹੀ ਹੈ। 27ਅਤੇ ਉਹ ਲਿੱਸੀਆਂ ਅਤੇ ਕਰੂਪ ਸੱਤ ਗਾਂਈਆਂ ਜਿਹੜੀਆਂ ਉਨ੍ਹਾਂ ਦੇ ਬਾਅਦ ਨਿੱਕਲੀਆਂ, ਅਤੇ ਉਹ ਸੱਤ ਸਿੱਟੇ ਜਿਹੜੇ ਪਤਲੇ ਅਤੇ ਪੂਰਬੀ ਹਵਾ ਨਾਲ ਝੁਲਸੇ ਹੋਏ ਸਨ, ਉਹ ਕਾਲ ਦੇ ਸੱਤ ਸਾਲ ਹੋਣਗੇ। 28ਇਹ ਇਹੋ ਹੀ ਗੱਲ ਹੈ ਜਿਹੜੀ ਮੈਂ ਫ਼ਿਰਊਨ ਨਾਲ ਕੀਤੀ ਹੈ ਕਿ ਪਰਮੇਸ਼ੁਰ ਜੋ ਕੁਝ ਕਰਨ ਨੂੰ ਹੈ, ਉਹ ਉਸ ਨੇ ਫ਼ਿਰਊਨ ਦੇ ਉੱਤੇ ਪਰਗਟ ਕੀਤਾ ਹੈ। 29ਵੇਖੋ, ਸਾਰੇ ਮਿਸਰ ਦੇਸ਼ ਵਿੱਚ ਸੱਤ ਸਾਲ ਭਰਪੂਰੀ ਦੇ ਆਉਣ ਵਾਲੇ ਹਨ। 30ਪਰ ਉਨ੍ਹਾਂ ਦੇ ਬਾਅਦ ਸੱਤ ਸਾਲ ਕਾਲ ਦੇ ਹੋਣਗੇ ਅਤੇ ਮਿਸਰ ਦੇਸ਼ ਦੀ ਸਾਰੀ ਭਰਪੂਰੀ ਮੁੱਕ ਜਾਵੇਗੀ ਅਤੇ ਕਾਲ ਇਸ ਦੇਸ਼ ਨੂੰ ਮੁਕਾ ਦੇਵੇਗਾ। 31ਉਸ ਕਾਲ ਦੇ ਕਾਰਨ ਦੇਸ਼ ਵਿੱਚ ਭਰਪੂਰੀ ਨੂੰ ਯਾਦ ਨਾ ਰੱਖਿਆ ਜਾਵੇਗਾ ਕਿਉਂ ਜੋ ਕਾਲ ਬਹੁਤ ਹੀ ਭਾਰਾ ਹੋਵੇਗਾ। 32ਇਹ ਸੁਫ਼ਨਾ ਫ਼ਿਰਊਨ ਨੂੰ ਦੋ ਵਾਰ ਇਸ ਲਈ ਵਿਖਾਇਆ ਗਿਆ ਹੈ ਕਿਉਂ ਜੋ ਇਹ ਗੱਲ ਪਰਮੇਸ਼ੁਰ ਵੱਲੋਂ ਪੱਕੀ ਹੈ ਅਤੇ ਪਰਮੇਸ਼ੁਰ ਇਸ ਨੂੰ ਜਲਦ ਹੀ ਪੂਰਾ ਕਰੇਗਾ। 33ਇਸ ਲਈ ਹੁਣ ਫ਼ਿਰਊਨ ਇੱਕ ਸਿਆਣੇ ਅਤੇ ਬੁੱਧਵਾਨ ਮਨੁੱਖ ਨੂੰ ਲੱਭੇ ਅਤੇ ਉਸ ਨੂੰ ਮਿਸਰ ਦੇਸ਼ ਉੱਤੇ ਠਹਿਰਾਵੇ। 34ਫ਼ਿਰਊਨ ਅਜਿਹਾ ਕਰੇ ਕਿ ਇਸ ਦੇਸ਼ ਉੱਤੇ ਅਧਿਕਾਰੀਆਂ ਨੂੰ ਨਿਯੁਕਤ ਕਰੇ ਅਤੇ ਉਹ ਮਿਸਰ ਦੀ ਸੱਤ ਸਾਲ ਦੀ ਭਰਪੂਰੀ ਦਾ ਪੰਜਵਾਂ ਹਿੱਸਾ ਲਿਆ ਕਰੇ। 35ਉਹ ਇਨ੍ਹਾਂ ਆਉਣ ਵਾਲਿਆਂ ਚੰਗਿਆਂ ਸਾਲਾਂ ਦਾ ਸਾਰਾ ਅੰਨ ਇਕੱਠਾ ਕਰਨ ਅਤੇ ਫ਼ਿਰਊਨ ਦੇ ਅਧੀਨ ਨਗਰਾਂ ਵਿੱਚ ਅੰਨ ਦੇ ਢੇਰ ਲਾਉਣ ਅਤੇ ਉਸ ਦੀ ਰਾਖੀ ਕਰਨ। 36ਤਦ ਉਹੀ ਅੰਨ ਸੱਤਾਂ ਸਾਲਾਂ ਦੇ ਕਾਲ ਲਈ ਜਿਹੜਾ ਮਿਸਰ ਦੇਸ਼ ਵਿੱਚ ਪਵੇਗਾ ਭੰਡਾਰ ਹੋਵੇਗਾ, ਤਾਂ ਜੋ ਇਹ ਦੇਸ਼ ਕਾਲ ਦੇ ਕਾਰਨ ਨਾਸ ਨਾ ਹੋ ਜਾਵੇ।
ਯੂਸੁਫ਼ ਨੂੰ ਪ੍ਰਧਾਨ ਮੰਤਰੀ ਬਣਾਇਆ ਜਾਣਾ
37ਇਹ ਗੱਲ ਫ਼ਿਰਊਨ ਅਤੇ ਉਸ ਦੇ ਸਾਰੇ ਕਰਮਚਾਰੀਆਂ ਦੀਆਂ ਨਜ਼ਰਾਂ ਵਿੱਚ ਚੰਗੀ ਲੱਗੀ। 38ਇਸ ਲਈ ਫ਼ਿਰਊਨ ਨੇ ਆਪਣੇ ਕਰਮਚਾਰੀਆਂ ਨੂੰ ਆਖਿਆ, ਭਲਾ, ਸਾਨੂੰ ਇਸ ਵਰਗਾ ਕੋਈ ਹੋਰ ਮਨੁੱਖ ਲੱਭੇਗਾ ਜਿਸ ਵਿੱਚ ਪਰਮੇਸ਼ੁਰ ਦਾ ਆਤਮਾ ਹੈ? 39ਫ਼ਿਰਊਨ ਨੇ ਯੂਸੁਫ਼ ਨੂੰ ਆਖਿਆ, ਕਿਉਂ ਜੋ ਇਹ ਸਭ ਕੁਝ ਪਰਮੇਸ਼ੁਰ ਨੇ ਤੇਰੇ ਉੱਤੇ ਪਰਗਟ ਕੀਤਾ, ਇਸ ਲਈ ਤੇਰੇ ਜਿਹਾ ਸਿਆਣਾ ਅਤੇ ਬੁੱਧਵਾਨ ਕੋਈ ਨਹੀਂ। 40ਤੂੰ ਮੇਰੇ ਘਰ ਉੱਤੇ ਅਧਿਕਾਰੀ ਹੋਵੇਂਗਾ ਅਤੇ ਮੇਰੀ ਸਾਰੀ ਪਰਜਾ ਤੇਰੇ ਆਖੇ ਦੇ ਅਨੁਸਾਰ ਚੱਲੇਗੀ। ਸਿਰਫ਼ ਰਾਜ ਗੱਦੀ ਵਿੱਚ ਮੈਂ ਤੇਰੇ ਨਾਲੋਂ ਵੱਡਾ ਹੋਵਾਂਗਾ। 41ਫ਼ਿਰਊਨ ਨੇ ਯੂਸੁਫ਼ ਨੂੰ ਆਖਿਆ, ਵੇਖ, ਮੈਂ ਤੈਨੂੰ ਸਾਰੇ ਮਿਸਰ ਦੇਸ਼ ਉੱਤੇ ਹਾਕਮ ਨਿਯੁਕਤ ਕੀਤਾ ਹੈ। 42ਤਦ ਫ਼ਿਰਊਨ ਨੇ ਆਪਣੀ ਮੋਹਰ ਦੀ ਅੰਗੂਠੀ ਆਪਣੇ ਹੱਥੋਂ ਲਾਹ ਕੇ ਯੂਸੁਫ਼ ਦੇ ਹੱਥ ਵਿੱਚ ਪਾ ਦਿੱਤੀ ਅਤੇ ਉਸ ਨੂੰ ਮਹੀਨ ਬਸਤਰ ਪਵਾਏ ਅਤੇ ਸੋਨੇ ਦੀ ਮਾਲਾ ਉਸ ਦੇ ਗਲ਼ ਵਿੱਚ ਪਾ ਦਿੱਤੀ। 43ਉਸ ਨੇ ਉਹ ਨੂੰ ਆਪਣੇ ਤੋਂ ਦੂਜੇ ਦਰਜੇ ਦੇ ਰਥ ਵਿੱਚ ਬਿਠਾਲਿਆ ਅਤੇ ਉਨ੍ਹਾਂ ਨੇ ਉਸ ਦੇ ਅੱਗੇ ਮਨਾਦੀ ਕਰਵਾਈ “ਗੋਡੇ ਨਿਵਾਓ ਅਤੇ ਮੱਥਾ ਟੇਕੋ,” ਇਸ ਤਰ੍ਹਾਂ ਉਸ ਨੇ ਯੂਸੁਫ਼ ਨੂੰ ਸਾਰੇ ਮਿਸਰ ਦੇਸ਼ ਉੱਤੇ ਪ੍ਰਧਾਨ ਨਿਯੁਕਤ ਕੀਤਾ। 44ਫ਼ਿਰਊਨ ਨੇ ਯੂਸੁਫ਼ ਨੂੰ ਆਖਿਆ, ਮੈਂ ਫ਼ਿਰਊਨ ਹਾਂ, ਅਤੇ ਤੇਰੇ ਬਿਨ੍ਹਾਂ ਮਿਸਰ ਦੇ ਸਾਰੇ ਦੇਸ਼ ਵਿੱਚ ਕੋਈ ਮਨੁੱਖ ਆਪਣਾ ਹੱਥ-ਪੈਰ ਨਹੀਂ ਹਿਲਾਵੇਗਾ। 45ਫ਼ਿਰਊਨ ਨੇ ਯੂਸੁਫ਼ ਦਾ ਨਾਮ ਸਾਫਨਥ ਪਾਨੇਆਹ ਰੱਖਿਆ ਅਤੇ ਉਸ ਨੂੰ ਊਨ ਦੇ ਜਾਜਕ ਪੋਟੀ-ਫ਼ਰਾ ਦੀ ਧੀ ਆਸਨਥ ਵਿਆਹ ਦਿੱਤੀ ਅਤੇ ਯੂਸੁਫ਼ ਮਿਸਰ ਦੇ ਸਾਰੇ ਦੇਸ਼ ਵਿੱਚ ਗਿਆ। 46ਜਦ ਯੂਸੁਫ਼ ਮਿਸਰ ਦੇ ਰਾਜਾ ਫ਼ਿਰਊਨ ਦੇ ਸਨਮੁਖ ਖੜ੍ਹਾ ਹੋਇਆ ਤਾਂ ਉਹ ਤੀਹ ਸਾਲ ਦਾ ਸੀ ਅਤੇ ਯੂਸੁਫ਼ ਨੇ ਫ਼ਿਰਊਨ ਦੇ ਸਾਹਮਣਿਓਂ ਨਿੱਕਲ ਕੇ ਮਿਸਰ ਦੇ ਸਾਰੇ ਦੇਸ਼ ਵਿੱਚ ਦੌਰਾ ਕੀਤਾ। 47ਭਰਪੂਰੀ ਦੇ ਸੱਤ ਸਾਲਾਂ ਵਿੱਚ ਧਰਤੀ ਉੱਤੇ ਭਰਪੂਰ ਫ਼ਸਲ ਹੋਈ। 48ਤਦ ਉਸ ਨੇ ਉਨ੍ਹਾਂ ਸੱਤ ਸਾਲਾਂ ਵਿੱਚ ਜੋ ਮਿਸਰ ਦੇਸ਼ ਉੱਤੇ ਆਏ, ਸਾਰਾ ਅੰਨ ਇਕੱਠਾ ਕੀਤਾ ਅਤੇ ਨਗਰਾਂ ਵਿੱਚ ਰੱਖਿਆ ਅਤੇ ਹਰ ਇੱਕ ਨਗਰ ਦੇ ਨੇੜੇ-ਤੇੜੇ ਦੇ ਖੇਤਾਂ ਦਾ ਅੰਨ ਉਸੇ ਨਗਰ ਵਿੱਚ ਰੱਖਿਆ। 49ਯੂਸੁਫ਼ ਨੇ ਢੇਰ ਸਾਰਾ ਅੰਨ ਸਮੁੰਦਰ ਦੀ ਰੇਤ ਵਾਂਗੂੰ ਜਮ੍ਹਾ ਕਰ ਲਿਆ ਅਤੇ ਉਹ ਇੰਨ੍ਹਾਂ ਜ਼ਿਆਦਾ ਸੀ ਕਿ ਉਨ੍ਹਾਂ ਨੇ ਉਸ ਦਾ ਲੇਖਾ ਕਰਨਾ ਛੱਡ ਦਿੱਤਾ ਕਿਉਂ ਜੋ ਉਹ ਲੇਖਿਓਂ ਬਾਹਰ ਸੀ। 50ਯੂਸੁਫ਼ ਦੇ ਦੋ ਪੁੱਤਰ ਕਾਲ ਦੇ ਸਮੇਂ ਤੋਂ ਪਹਿਲਾਂ ਪੈਦਾ ਹੋਏ, ਜਿਨ੍ਹਾਂ ਨੂੰ ਊਨ ਸ਼ਹਿਰ ਦੇ ਜਾਜਕ ਪੋਟੀ-ਫ਼ਰਾ ਦੀ ਧੀ ਆਸਨਥ ਨੇ ਜਨਮ ਦਿੱਤਾ। 51ਯੂਸੁਫ਼ ਨੇ ਪਹਿਲੌਠੇ ਦਾ ਨਾਮ ਮਨੱਸ਼ਹ#41:51 ਭੁੱਲ ਜਾਣਾ ਰੱਖਿਆ ਕਿਉਂ ਜੋ ਉਸ ਨੇ ਆਖਿਆ ਕਿ ਪਰਮੇਸ਼ੁਰ ਨੇ ਮੈਨੂੰ ਮੇਰੇ ਸਾਰੇ ਕਸ਼ਟ ਅਤੇ ਮੇਰੇ ਪਿਤਾ ਦਾ ਸਾਰਾ ਘਰ ਭੁਲਾ ਦਿੱਤਾ ਹੈ। 52ਦੂਜੇ ਦਾ ਨਾਮ ਇਹ ਆਖ ਕੇ ਇਫ਼ਰਾਈਮ#41:52 ਫਲਦਾਰ ਰੱਖਿਆ ਕਿ ਪਰਮੇਸ਼ੁਰ ਨੇ ਮੈਨੂੰ ਮੇਰੇ ਦੁੱਖ ਦੇ ਦੇਸ਼ ਵਿੱਚ ਫਲਦਾਰ ਬਣਾਇਆ ਹੈ। 53ਭਰਪੂਰੀ ਦੇ ਸੱਤ ਸਾਲ ਜਿਹੜੇ ਮਿਸਰ ਦੇਸ਼ ਉੱਤੇ ਆਏ ਸਨ, ਮੁੱਕ ਗਏ। 54ਜਦ ਕਾਲ ਦੇ ਸੱਤ ਸਾਲ ਸ਼ੁਰੂ ਹੋਏ ਜਿਵੇਂ ਯੂਸੁਫ਼ ਨੇ ਆਖਿਆ ਸੀ, ਤਾਂ ਸਾਰੇ ਦੇਸਾਂ ਵਿੱਚ ਕਾਲ ਸੀ ਪਰ ਸਾਰੇ ਮਿਸਰ ਦੇਸ਼ ਵਿੱਚ ਰੋਟੀ ਸੀ। 55ਜਦ ਮਿਸਰ ਦਾ ਸਾਰਾ ਦੇਸ਼ ਭੁੱਖਾ ਮਰਨ ਲੱਗਾ ਤਦ ਪਰਜਾ ਫ਼ਿਰਊਨ ਦੇ ਅੱਗੇ ਰੋਟੀ ਲਈ ਦੁਹਾਈ ਦੇਣ ਲੱਗੀ, ਅਤੇ ਫ਼ਿਰਊਨ ਨੇ ਸਾਰੇ ਮਿਸਰੀਆਂ ਨੂੰ ਆਖਿਆ, ਯੂਸੁਫ਼ ਕੋਲ ਜਾਓ ਅਤੇ ਜੋ ਕੁਝ ਉਹ ਆਖੇ ਸੋ ਕਰੋ। 56ਸਾਰੀ ਧਰਤੀ ਉੱਤੇ ਕਾਲ ਸੀ ਤਾਂ ਯੂਸੁਫ਼ ਨੇ ਸਾਰੇ ਭੰਡਾਰ ਖੋਲ੍ਹ ਕੇ ਮਿਸਰੀਆਂ ਕੋਲ ਅੰਨ ਵੇਚਿਆ, ਕਿਉਂ ਜੋ ਮਿਸਰ ਦੇਸ਼ ਵਿੱਚ ਕਾਲ ਬਹੁਤ ਸਖ਼ਤ ਹੋ ਗਿਆ। 57ਸਾਰੇ ਸੰਸਾਰ ਦੇ ਲੋਕ ਯੂਸੁਫ਼ ਦੇ ਕੋਲੋਂ ਅੰਨ ਖਰੀਦਣ ਲਈ ਮਿਸਰ ਵਿੱਚ ਆਉਣ ਲੱਗੇ ਕਿਉਂ ਜੋ ਸਾਰੀ ਧਰਤੀ ਉੱਤੇ ਕਾਲ ਬਹੁਤ ਸਖ਼ਤ ਸੀ।
Currently Selected:
ਉਤ 41: IRVPun
Highlight
Copy
Compare
Share
Want to have your highlights saved across all your devices? Sign up or sign in
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.