YouVersion Logo
Search Icon

ਕੂਚ 6

6
1ਯਹੋਵਾਹ ਨੇ ਮੂਸਾ ਨੂੰ ਆਖਿਆ, ਹੁਣ ਤੂੰ ਵੇਖੇਂਗਾ ਕਿ ਮੈਂ ਫ਼ਿਰਊਨ ਨਾਲ ਕੀ ਕਰਾਂਗਾ ਕਿਉਂ ਜੋ ਉਹ ਮੇਰੇ ਹੱਥ ਦੇ ਬਲ ਕਾਰਨ ਉਨ੍ਹਾਂ ਨੂੰ ਜਾਣ ਦੇਵੇਗਾ ਸਗੋਂ ਹੱਥ ਦੇ ਬਲ ਨਾਲ ਉਹ ਉਨ੍ਹਾਂ ਨੂੰ ਆਪਣੇ ਦੇਸ ਵਿੱਚੋਂ ਕੱਢ ਦੇਵੇਗਾ।
ਮੂਸਾ ਨੂੰ ਬੁਲਾਉਣਾ
2ਫਿਰ ਪਰਮੇਸ਼ੁਰ ਨੇ ਮੂਸਾ ਨਾਲ ਗੱਲ ਕੀਤੀ ਅਤੇ ਉਸ ਨੂੰ ਆਖਿਆ, ਮੈਂ ਯਹੋਵਾਹ ਹਾਂ 3ਮੈਂ ਅਬਰਾਹਾਮ, ਇਸਹਾਕ ਅਤੇ ਯਾਕੂਬ ਨੂੰ ਸਰਬ ਸ਼ਕਤੀਮਾਨ#6:3 ਅਲਸ਼ਾਦਾਈ ਪਰਮੇਸ਼ੁਰ ਦੇ ਨਾਮ ਉੱਤੇ ਦਰਸ਼ਣ ਦਿੱਤਾ ਪਰ ਮੈਂ ਆਪਣੇ ਯਹੋਵਾਹ ਨਾਮ ਨਾਲ ਉਨ੍ਹਾਂ ਉੱਤੇ ਪਰਗਟ ਨਹੀਂ ਹੋਇਆ। 4ਮੈਂ ਉਨ੍ਹਾਂ ਨਾਲ ਆਪਣੇ ਨੇਮ ਵੀ ਕਾਇਮ ਕੀਤਾ ਤਾਂ ਜੋ ਮੈਂ ਉਹਨਾਂ ਨੂੰ ਕਨਾਨ ਦੇਸ ਦੇਵਾਂ ਅਰਥਾਤ ਉਹਨਾਂ ਦੀ ਮੁਸਾਫ਼ਰੀ ਦਾ ਦੇਸ ਜਿਸ ਵਿੱਚ ਉਹ ਪਰਦੇਸੀ ਰਹੇ। 5ਮੈਂ ਇਸਰਾਏਲੀਆਂ ਦੇ ਹਾਉਂਕੇ ਵੀ ਸੁਣੇ ਜਿਨ੍ਹਾਂ ਨੂੰ ਮਿਸਰੀ ਗ਼ੁਲਾਮੀ ਵਿੱਚ ਰੱਖਦੇ ਹਨ ਅਤੇ ਮੈਂ ਆਪਣੇ ਨੇਮ ਨੂੰ ਚੇਤੇ ਕੀਤਾ ਹੈ। 6ਇਸ ਲਈ ਇਸਰਾਏਲੀਆਂ ਨੂੰ ਆਖ, ਮੈਂ ਯਹੋਵਾਹ ਹਾਂ ਅਤੇ ਮੈਂ ਤੁਹਾਨੂੰ ਮਿਸਰੀਆਂ ਦੀ ਬੇਗ਼ਾਰ ਹੇਠੋਂ ਕੱਢ ਲਵਾਂਗਾ ਅਤੇ ਮੈਂ ਤੁਹਾਨੂੰ ਉਨ੍ਹਾਂ ਦੀ ਗ਼ੁਲਾਮੀ ਤੋਂ ਛੁਟਕਾਰਾ ਦਿਆਂਗਾ ਅਤੇ ਮੈਂ ਆਪਣੀ ਬਾਂਹ ਲੰਮੀ ਕਰ ਕੇ ਵੱਡੇ ਨਿਆਂਵਾਂ ਨਾਲ ਤੁਹਾਨੂੰ ਛੁਡਾਵਾਂਗਾ। 7ਮੈਂ ਤੁਹਾਨੂੰ ਆਪਣੀ ਪਰਜਾ ਹੋਣ ਲਈ ਲਵਾਂਗਾ ਅਤੇ ਮੈਂ ਤੁਹਾਡਾ ਪਰਮੇਸ਼ੁਰ ਹੋਵਾਂਗਾ, ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ, ਜਿਹੜਾ ਤੁਹਾਨੂੰ ਮਿਸਰੀਆਂ ਦੀ ਬੇਗ਼ਾਰ ਹੇਠੋਂ ਕੱਢ ਲਿਆਉਂਦਾ ਹਾਂ। 8ਮੈਂ ਤੁਹਾਨੂੰ ਉਸ ਦੇਸ ਵਿੱਚ ਲਿਆਵਾਂਗਾ, ਜਿਸ ਦੇ ਦੇਣ ਦੀ ਮੈਂ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਸਹੁੰ ਖਾਧੀ ਸੀ, ਮੈਂ ਤੁਹਾਨੂੰ ਉਹ ਮਿਲਖ਼ ਵਿੱਚ ਦਿਆਂਗਾ। ਮੈਂ ਯਹੋਵਾਹ ਹਾਂ। 9ਉਪਰੰਤ ਮੂਸਾ ਨੇ ਇਸਰਾਏਲੀਆਂ ਨਾਲ ਉਸੇ ਤਰ੍ਹਾਂ ਹੀ ਗੱਲ ਕੀਤੀ ਪਰ ਉਨ੍ਹਾਂ ਨੇ ਆਤਮਾ ਦੇ ਦੁੱਖ ਅਤੇ ਗ਼ੁਲਾਮੀ ਦੀ ਸਖਤੀ ਦੇ ਕਾਰਨ ਮੂਸਾ ਦੀ ਨਾ ਸੁਣੀ। 10ਤਦ ਯਹੋਵਾਹ ਨੇ ਮੂਸਾ ਨਾਲ ਗੱਲ ਕੀਤੀ ਕਿ ਜਾ ਅਤੇ ਮਿਸਰ ਦੇ ਰਾਜਾ ਫ਼ਿਰਊਨ ਨਾਲ ਗੱਲ ਕਰ 11ਕਿ ਉਹ ਇਸਰਾਏਲੀਆਂ ਨੂੰ ਆਪਣੇ ਦੇਸ ਵਿੱਚੋਂ ਜਾਣ ਦੇਵੇ। 12ਤਦ ਮੂਸਾ ਨੇ ਯਹੋਵਾਹ ਦੇ ਸਨਮੁਖ ਇਸ ਤਰ੍ਹਾਂ ਗੱਲ ਕੀਤੀ, ਵੇਖ, ਇਸਰਾਏਲੀਆਂ ਨੇ ਤਾਂ ਮੇਰੀ ਨਾ ਸੁਣੀ, ਤਦ ਫ਼ਿਰਊਨ ਕਿਵੇਂ ਮੇਰੀ ਸੁਣੇਗਾ, ਮੈਂ ਜਿਹੜਾ ਅਟਕ-ਅਟਕ ਕੇ ਬੋਲਣ ਵਾਲਾ#6:12 ਅਸੁੰਨਤੀ ਬੁੱਲ੍ਹਾਂ ਵਾਲਾ ਮਨੁੱਖ ਹਾਂ? 13ਫਿਰ ਯਹੋਵਾਹ ਨੇ ਮੂਸਾ ਅਤੇ ਹਾਰੂਨ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਇਸਰਾਏਲੀਆਂ ਲਈ ਅਤੇ ਮਿਸਰ ਦੇ ਰਾਜਾ ਫ਼ਿਰਊਨ ਲਈ ਹੁਕਮ ਦਿੱਤਾ ਕਿ ਉਹ ਇਸਰਾਏਲੀਆਂ ਨੂੰ ਮਿਸਰ ਦੇਸ ਵਿੱਚੋਂ ਬਾਹਰ ਲੈ ਜਾਣ।
ਮੂਸਾ ਅਤੇ ਹਾਰੂਨ ਦੀ ਵੰਸ਼ਾਵਲੀ
14ਉਨ੍ਹਾਂ ਦੇ ਪੁਰਖਿਆਂ ਦੇ ਘਰਾਣਿਆਂ ਦੇ ਮੋਹਰੀ ਇਹ ਹਨ - ਰਊਬੇਨ ਇਸਰਾਏਲ ਦੇ ਪਹਿਲੌਠੇ ਦੇ ਪੁੱਤਰ ਹਨੋਕ ਅਤੇ ਪੱਲੂ, ਹਸਰੋਨ ਅਤੇ ਕਰਮੀ ਹਨ, ਇਹ ਰਊਬੇਨ ਦੀਆਂ ਕੁੱਲਾਂ ਹਨ। 15ਸ਼ਿਮਓਨ ਦੇ ਪੁੱਤਰ ਯਮੂਏਲ ਯਾਮੀਨ ਓਹਦ ਯਾਕੀਨ ਸੋਹਰ ਅਤੇ ਸ਼ਾਊਲ ਕਨਾਨੀ ਔਰਤ ਦਾ ਪੁੱਤਰ, ਇਹ ਸ਼ਿਮਓਨ ਦੀਆਂ ਮੂੰਹੀਆਂ ਹਨ। 16ਲੇਵੀ ਦੇ ਪੁੱਤਰਾਂ ਦੇ ਨਾਮ ਉਨ੍ਹਾਂ ਦੀ ਕੁਲਪੱਤ੍ਰੀ ਅਨੁਸਾਰ ਇਹ ਹਨ - ਗੇਰਸ਼ੋਨ, ਕਹਾਥ, ਮਰਾਰੀ ਅਤੇ ਲੇਵੀ ਦੇ ਜੀਵਨ ਦੇ ਸਾਲ, ਇੱਕ ਸੌ ਸੈਂਤੀ ਸਨ। 17ਗੇਰਸ਼ੋਨ ਦੇ ਪੁੱਤਰ ਲਿਬਨੀ ਅਤੇ ਸ਼ਿਮਈ ਆਪਣੀਆਂ ਮੂੰਹੀਆਂ ਦੇ ਅਨੁਸਾਰ ਹਨ। 18ਕਹਾਥ ਦੇ ਪੁੱਤਰ ਅਮਰਾਮ, ਯਿਸਹਾਰ, ਹਬਰੋਨ ਅਤੇ ਉੱਜ਼ੀਏਲ ਹਨ ਅਤੇ ਕਹਾਥ ਦੇ ਜੀਵਨ ਦੇ ਸਾਲ ਇੱਕ ਸੌ ਤੇਂਤੀ ਸਨ। 19ਮਰਾਰੀ ਦੇ ਪੁੱਤਰ ਮਹਲੀ ਅਤੇ ਮੂਸ਼ੀ ਹਨ। ਲੇਵੀ ਦੀਆਂ ਮੂੰਹੀਆਂ ਉਨ੍ਹਾਂ ਦੀ ਕੁਲਪੱਤ੍ਰੀ ਅਨੁਸਾਰ ਇਹ ਹਨ। 20ਅਮਰਾਮ ਨੇ ਆਪਣੀ ਫੁੱਫੀ ਯੋਕਬਦ ਨੂੰ ਵਿਆਹ ਲਿਆ ਅਤੇ ਉਹ ਉਸ ਦੇ ਲਈ ਹਾਰੂਨ ਅਤੇ ਮੂਸਾ ਨੂੰ ਜਨਮ ਦਿੱਤਾ ਅਤੇ ਅਮਰਾਮ ਦੇ ਜੀਵਨ ਦੇ ਸਾਲ ਇੱਕ ਸੌ ਸੈਂਤੀ ਸਨ। 21ਯਿਸਹਾਰ ਦੇ ਪੁੱਤਰ ਕੋਰਹ ਅਤੇ ਨਫ਼ਗ ਅਤੇ ਜ਼ਿਕਰੀ ਹਨ। 22ਉੱਜ਼ੀਏਲ ਦੇ ਪੁੱਤਰ ਮੀਸ਼ਾਏਲ ਅਤੇ ਅਲਸਾਫਾਨ ਅਤੇ ਸਿਤਰੀ ਹਨ। 23ਹਾਰੂਨ ਨੇ ਨਹਸ਼ੋਨ ਦੀ ਭੈਣ ਅੰਮੀਨਾਦਾਬ ਦੀ ਧੀ, ਅਲੀਸਬਾ ਨੂੰ ਵਿਆਹ ਲਿਆ ਅਤੇ ਉਸ ਨੇ ਨਾਦਾਬ, ਅਬੀਹੂ, ਅਲਆਜ਼ਾਰ ਅਤੇ ਈਥਾਮਾਰ ਨੂੰ ਉਸ ਲਈ ਜਨਮ ਦਿੱਤਾ। 24ਕੋਰਹ ਦੇ ਪੁੱਤਰ ਅੱਸੀਰ, ਅਲਕਾਨਾਹ ਅਤੇ ਅਬੀਆਸਾਫ਼ ਹਨ ਇਹ ਕੋਰਹ ਦੀਆਂ ਮੂੰਹੀਆਂ ਹਨ। 25ਹਾਰੂਨ ਦੇ ਪੁੱਤਰ ਅਲਆਜ਼ਾਰ ਨੇ ਫੂਟੀਏਲ ਦੀਆਂ ਧੀਆਂ ਵਿੱਚੋਂ ਇੱਕ ਨੂੰ ਵਿਆਹ ਲਿਆ ਅਤੇ ਉਹ ਉਸ ਦੇ ਲਈ ਫ਼ੀਨਹਾਸ ਨੂੰ ਜਣੀ। ਇਹ ਲੇਵੀਆਂ ਦੇ ਪੁਰਖਿਆਂ ਦੇ ਮੋਹਰੀ ਆਪਣੀਆਂ ਮੂੰਹੀਆਂ ਦੇ ਅਨੁਸਾਰ ਹਨ। 26ਹਾਰੂਨ ਅਤੇ ਮੂਸਾ ਉਹ ਹਨ, ਜਿਨ੍ਹਾਂ ਨੂੰ ਯਹੋਵਾਹ ਨੇ ਆਖਿਆ ਸੀ ਕਿ ਇਸਰਾਏਲੀਆਂ ਨੂੰ ਉਨ੍ਹਾਂ ਦੀਆਂ ਸੈਨਾਂ ਅਨੁਸਾਰ ਮਿਸਰ ਦੇਸ ਤੋਂ ਕੱਢ ਲਿਆਓ। 27ਇਹ ਉਹ ਹਨ ਜਿਨ੍ਹਾਂ ਨੇ ਮਿਸਰ ਦੇ ਰਾਜਾ ਫ਼ਿਰਊਨ ਨਾਲ ਗੱਲਾਂ ਕੀਤੀਆਂ ਕਿ ਉਹ ਇਸਰਾਏਲੀਆਂ ਨੂੰ ਮਿਸਰ ਤੋਂ ਕੱਢ ਲੈਣ। ਇਹ ਉਹ ਮੂਸਾ ਅਤੇ ਹਾਰੂਨ ਹਨ।
ਮੂਸਾ ਅਤੇ ਹਾਰੂਨ ਨੂੰ ਪਰਮੇਸ਼ੁਰ ਦਾ ਆਦੇਸ਼
28ਤਦ ਅਜਿਹਾ ਹੋਇਆ ਕਿ ਜਿਸ ਦਿਨ ਯਹੋਵਾਹ ਨੇ ਮਿਸਰ ਦੇਸ ਵਿੱਚ ਮੂਸਾ ਨਾਲ ਗੱਲ ਕੀਤੀ 29ਤਦ ਯਹੋਵਾਹ ਮੂਸਾ ਨੂੰ ਇਸ ਤਰ੍ਹਾਂ ਬੋਲਿਆ ਕਿ ਮੈਂ ਯਹੋਵਾਹ ਹਾਂ, ਮਿਸਰ ਦੇ ਰਾਜਾ ਫ਼ਿਰਊਨ ਨਾਲ ਉਹ ਸਾਰੀਆਂ ਗੱਲਾਂ ਕਰ, ਜਿਹੜੀਆਂ ਮੈਂ ਤੈਨੂੰ ਆਖੀਆਂ ਹਨ। 30ਫਿਰ ਮੂਸਾ ਨੇ ਯਹੋਵਾਹ ਦੇ ਸਨਮੁਖ ਆਖਿਆ, ਵੇਖ, ਮੈਂ ਅਟਕ-ਅਟਕ ਕੇ ਬੋਲਣ ਵਾਲਾ ਹਾਂ। ਫ਼ਿਰਊਨ ਮੇਰੀ ਕਿਵੇਂ ਸੁਣੇਗਾ?

Currently Selected:

ਕੂਚ 6: IRVPun

Highlight

Copy

Compare

Share

None

Want to have your highlights saved across all your devices? Sign up or sign in