YouVersion Logo
Search Icon

ਕੂਚ 3

3
ਪਰਮੇਸ਼ੁਰ ਮੂਸਾ ਨਾਲ ਬਲਦੀ ਝਾੜੀ ਵਿੱਚੋਂ ਗੱਲ ਕਰਦਾ ਹੈ
1ਮੂਸਾ ਆਪਣੇ ਸੌਹਰੇ ਯਿਥਰੋ ਮਿਦਯਾਨੀ ਜਾਜਕ ਦੇ ਇੱਜੜ ਨੂੰ ਚਾਰਦਾ ਸੀ। ਉਸ ਨੇ ਇੱਜੜ ਨੂੰ ਉਜਾੜ ਦੇ ਪਿਛਲੀ ਵੱਲ ਹੱਕ ਦਿੱਤਾ ਅਤੇ ਉਹ ਪਰਮੇਸ਼ੁਰ ਦੇ ਪਰਬਤ#3:1 ਪਵਿੱਤਰ ਪਰਬਤ ਹੋਰੇਬ ਦੇ ਕੋਲ ਆਇਆ। 2ਤਦ ਯਹੋਵਾਹ ਦੇ ਇੱਕ ਦੂਤ ਨੇ ਇੱਕ ਝਾੜੀ ਵਿੱਚੋਂ ਅੱਗ ਦੀ ਲਾਟ ਵਿੱਚ ਉਸ ਨੂੰ ਦਰਸ਼ਣ ਦਿੱਤਾ। ਜਦ ਉਸ ਨੇ ਵੇਖਿਆ ਤਾਂ ਵੇਖੋ, ਉਹ ਝਾੜੀ ਅੱਗ ਵਿੱਚ ਬਲ ਰਹੀ ਸੀ ਪਰ ਝਾੜੀ ਭਸਮ ਨਹੀਂ ਹੁੰਦੀ ਸੀ। 3ਤਦ ਮੂਸਾ ਨੇ ਆਖਿਆ, ਮੈਂ ਇੱਕ ਪਾਸੇ ਵੱਲੋਂ ਹੋ ਕੇ ਜਾਂਵਾਂਗਾ ਅਤੇ ਇਸ ਵੱਡੇ ਨਜ਼ਾਰੇ ਨੂੰ ਵੇਖਾਂਗਾ ਕਿ ਕਿਉਂ ਝਾੜੀ ਨਹੀਂ ਸੜਦੀ। 4ਯਹੋਵਾਹ ਨੇ ਵੇਖਿਆ ਕਿ ਉਹ ਵੇਖਣ ਨੂੰ ਇੱਕ ਪਾਸੇ ਨੂੰ ਮੁੜਿਆ ਤਦ ਪਰਮੇਸ਼ੁਰ ਨੇ ਉਸ ਝਾੜੀ ਵਿੱਚੋਂ ਪੁਕਾਰ ਕੇ ਉਸ ਨੂੰ ਆਖਿਆ, “ਹੇ ਮੂਸਾ, ਹੇ ਮੂਸਾ!” ਤਦ ਉਸ ਨੇ ਆਖਿਆ, “ਮੈਂ ਹਾਜ਼ਰ ਹਾਂ।” 5ਫਿਰ ਉਸ ਨੇ ਆਖਿਆ, ਇੱਧਰ ਨੇੜੇ ਨਾ ਆ। ਆਪਣਿਆਂ ਪੈਰਾਂ ਦੀ ਜੁੱਤੀ ਲਾਹ ਦੇ ਕਿਉਂ ਜੋ ਇਹ ਥਾਂ ਜਿੱਥੇ ਤੂੰ ਖੜ੍ਹਾ ਹੈਂ, ਪਵਿੱਤਰ ਭੂਮੀ ਹੈ। 6ਉਸਨੇ ਇਹ ਵੀ ਆਖਿਆ, “ਮੈਂ ਤੇਰੇ ਪਿਤਾ ਦਾ ਪਰਮੇਸ਼ੁਰ, ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ ਹਾਂ।” ਮੂਸਾ ਨੇ ਆਪਣਾ ਮੂੰਹ ਢੱਕ ਲਿਆ ਕਿਉਂ ਜੋ ਉਹ ਪਰਮੇਸ਼ੁਰ ਵੱਲ ਦੇਖਣ ਤੋਂ ਡਰਦਾ ਸੀ। 7ਯਹੋਵਾਹ ਨੇ ਆਖਿਆ ਕਿ ਮੈਂ ਆਪਣੀ ਪਰਜਾ ਦੀ ਮੁਸੀਬਤ ਨੂੰ ਜਿਹੜੀ ਮਿਸਰ ਵਿੱਚ ਹੈ, ਸੱਚ-ਮੁੱਚ ਵੇਖਿਆ ਹੈ ਅਤੇ ਉਨ੍ਹਾਂ ਦੀ ਦੁਹਾਈ ਜੋ ਉਨ੍ਹਾਂ ਤੋਂ ਬੇਗ਼ਾਰ ਕਰਾਉਣ ਵਾਲਿਆਂ ਦੇ ਕਾਰਨ ਹੈ, ਸੁਣੀ ਕਿਉਂ ਜੋ ਮੈਂ ਉਨ੍ਹਾਂ ਦੇ ਦੁੱਖਾਂ ਨੂੰ ਜਾਣਦਾ ਹਾਂ। 8ਮੈਂ ਉਤਰਿਆ ਹਾਂ, ਤਾਂ ਜੋ ਉਨ੍ਹਾਂ ਨੂੰ ਮਿਸਰੀਆਂ ਦੇ ਹੱਥੋਂ ਛੁਡਾਵਾਂ ਅਤੇ ਉਸ ਧਰਤੀ ਵਿੱਚੋਂ ਕੱਢ ਕੇ ਚੰਗੀ ਅਤੇ ਉਪਜਾਊ ਧਰਤੀ ਵਿੱਚ ਜਿੱਥੇ ਦੁੱਧ ਅਤੇ ਸ਼ਹਿਦ ਵਗਦਾ#3:8 ਉਪਜਾਊ ਭੂਮੀ ਹੈ ਅਰਥਾਤ ਕਨਾਨੀਆਂ, ਹਿੱਤੀਆਂ, ਅਮੋਰੀਆਂ, ਫ਼ਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਦੀ ਥਾਂ ਵਿੱਚ ਉਤਾਹਾਂ ਲਿਆਵਾਂ। 9ਸੋ ਹੁਣ ਵੇਖ, ਇਸਰਾਏਲੀਆਂ ਦੀ ਦੁਹਾਈ ਮੇਰੇ ਤੱਕ ਪਹੁੰਚੀ ਅਤੇ ਮੈਂ ਉਸ ਅਨ੍ਹੇਰ ਨੂੰ ਵੀ ਜੋ ਮਿਸਰੀ ਉਨ੍ਹਾਂ ਉੱਤੇ ਕਰਦੇ ਹਨ, ਵੇਖਿਆ ਹੈ। 10ਹੁਣ ਤੂੰ ਆ। ਮੈਂ ਤੈਨੂੰ ਫ਼ਿਰਊਨ ਕੋਲ ਭੇਜਾਂਗਾ ਤਾਂ ਜੋ ਤੂੰ ਮੇਰੀ ਪਰਜਾ ਅਰਥਾਤ ਇਸਰਾਏਲੀਆਂ ਨੂੰ ਮਿਸਰ ਵਿੱਚੋਂ ਕੱਢ ਲਿਆਵੇਂ। 11ਤਦ ਮੂਸਾ ਨੇ ਪਰਮੇਸ਼ੁਰ ਨੂੰ ਆਖਿਆ, “ਮੈਂ ਕੌਣ ਹਾਂ ਜੋ ਮੈਂ ਫ਼ਿਰਊਨ ਕੋਲ ਜਾਂਵਾਂ ਅਤੇ ਇਸਰਾਏਲੀਆਂ ਨੂੰ ਮਿਸਰ ਤੋਂ ਕੱਢ ਲਿਆਵਾਂ?” 12ਉਸ ਨੇ ਆਖਿਆ, ਮੈਂ ਤੇਰੇ ਨਾਲ ਹੀ ਹੋਵਾਂਗਾ ਅਤੇ ਤੇਰੇ ਲਈ ਇਹ ਚਿੰਨ੍ਹ ਹੋਵੇਗਾ ਕਿ ਮੈਂ ਤੈਨੂੰ ਭੇਜਿਆ ਕਿ ਜਦ ਤੂੰ ਇਸ ਪਰਜਾ ਨੂੰ ਮਿਸਰ ਤੋਂ ਕੱਢ ਲਿਆਵੇਂਗਾ ਤਦ ਤੁਸੀਂ ਇਸ ਪਰਬਤ ਉੱਤੇ ਪਰਮੇਸ਼ੁਰ ਦੀ ਉਪਾਸਨਾ ਕਰੋਗੇ। 13ਫਿਰ ਮੂਸਾ ਨੇ ਪਰਮੇਸ਼ੁਰ ਨੂੰ ਆਖਿਆ, ਵੇਖ, ਜਦ ਮੈਂ ਇਸਰਾਏਲੀਆਂ ਦੇ ਕੋਲ ਜਾਂਵਾਂ ਅਤੇ ਉਨ੍ਹਾਂ ਨੂੰ ਆਖਾਂ ਕਿ ਤੁਹਾਡੇ ਪੁਰਖਿਆਂ ਦੇ ਪਰਮੇਸ਼ੁਰ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ ਤਦ ਉਹ ਮੈਨੂੰ ਆਖਣਗੇ ਕਿ ਉਸ ਦਾ ਨਾਮ ਕੀ ਹੈ? ਤਾਂ ਮੈਂ ਉਨ੍ਹਾਂ ਨੂੰ ਕੀ ਦੱਸਾਂ? 14ਪਰਮੇਸ਼ੁਰ ਨੇ ਮੂਸਾ ਨੂੰ ਆਖਿਆ, “ਮੈਂ ਹਾਂ ਜੋ ਮੈਂ ਹਾਂ” ਅਤੇ ਤੂੰ ਇਸਰਾਏਲੀਆਂ ਨੂੰ ਇਸ ਤਰ੍ਹਾਂ ਆਖੀਂ ਕਿ ਜਿਸ ਦਾ ਨਾਮ ਮੈਂ ਹਾਂ ਜੋ ਮੈਂ ਹਾਂ, ਉਸੇ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ। 15ਪਰਮੇਸ਼ੁਰ ਨੇ ਮੂਸਾ ਨੂੰ ਹੋਰ ਇਹ ਆਖਿਆ, “ਤੂੰ ਇਸਰਾਏਲੀਆਂ ਨੂੰ ਅਜਿਹਾ ਆਖੀਂ ਕਿ ਯਹੋਵਾਹ ਤੁਹਾਡੇ ਪੁਰਖਿਆਂ ਦੇ ਪਰਮੇਸ਼ੁਰ, ਅਬਰਾਹਾਮ ਦੇ ਪਰਮੇਸ਼ੁਰ, ਇਸਹਾਕ ਦੇ ਪਰਮੇਸ਼ੁਰ ਅਤੇ ਯਾਕੂਬ ਦੇ ਪਰਮੇਸ਼ੁਰ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ। ਸਦੀਪਕਾਲ ਤੋਂ ਮੇਰਾ ਇਹੋ ਹੀ ਨਾਮ ਹੈ ਅਤੇ ਪੀੜ੍ਹੀਓਂ ਪੀੜ੍ਹੀ ਮੇਰੀ ਇਹੋ ਹੀ ਯਾਦਗਿਰੀ ਹੈ।” 16ਜਾ, ਇਸਰਾਏਲ ਦੇ ਬਜ਼ੁਰਗਾਂ ਨੂੰ ਇਕੱਠੇ ਕਰ ਅਤੇ ਉਨ੍ਹਾਂ ਨੂੰ ਆਖ ਕਿ ਯਹੋਵਾਹ ਤੁਹਾਡੇ ਪੁਰਖਿਆਂ ਦੇ ਪਰਮੇਸ਼ੁਰ, ਅਬਰਾਹਾਮ, ਇਸਹਾਕ ਅਤੇ ਯਾਕੂਬ ਦੇ ਪਰਮੇਸ਼ੁਰ ਨੇ ਇਸ ਤਰ੍ਹਾਂ ਆਖ ਕੇ ਮੈਨੂੰ ਦਰਸ਼ਣ ਦਿੱਤਾ ਕਿ ਮੈਂ ਜ਼ਰੂਰ ਤੁਹਾਡੀ ਖ਼ਬਰ ਲਈ ਹੈ ਅਤੇ ਜੋ ਕੁਝ ਮਿਸਰ ਵਿੱਚ ਤੁਹਾਡੇ ਉੱਤੇ ਬੀਤਿਆ ਹੈ, ਉਹ ਸਭ ਵੇਖਿਆ ਹੈ। 17ਮੈਂ ਆਖਿਆ ਹੈ ਕਿ ਮੈਂ ਤੁਹਾਨੂੰ ਮਿਸਰ ਦੇ ਦੁੱਖਾਂ ਤੋਂ ਕਨਾਨੀਆਂ, ਹਿੱਤੀਆਂ, ਅਮੋਰੀਆਂ, ਫ਼ਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਦੇ ਦੇਸ ਵਿੱਚ ਅਰਥਾਤ ਅਜਿਹੇ ਦੇਸ ਵਿੱਚ ਜਿੱਥੇ ਦੁੱਧ ਅਤੇ ਸ਼ਹਿਦ ਵਗਦਾ ਹੈ, ਉਤਾਹਾਂ ਲਿਆਵਾਂਗਾ। 18ਉਹ ਤੇਰੀ ਗੱਲ ਨੂੰ ਸੁਣਨਗੇ, ਤੂੰ ਅਤੇ ਇਸਰਾਏਲ ਦੇ ਬਜ਼ੁਰਗ ਮਿਸਰ ਦੇ ਰਾਜੇ ਦੇ ਕੋਲ ਜਾ ਕੇ ਉਸ ਨੂੰ ਆਖਿਓ ਕਿ ਯਹੋਵਾਹ ਇਬਰਾਨੀਆਂ ਦਾ ਪਰਮੇਸ਼ੁਰ ਸਾਨੂੰ ਮਿਲਿਆ ਹੈ। ਹੁਣ ਤੂੰ ਸਾਨੂੰ ਤਿੰਨ ਦਿਨਾਂ ਦੇ ਰਸਤੇ ਲਈ ਉਜਾੜ ਵਿੱਚ ਜਾਣ ਦੇ ਤਾਂ ਜੋ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਲਈ ਬਲੀਆਂ ਚੜ੍ਹਾਈਏ। 19ਪਰ ਮੈਂ ਜਾਣਦਾ ਹਾਂ ਕਿ ਮਿਸਰ ਦਾ ਰਾਜਾ ਤੁਹਾਨੂੰ ਨਾ ਜਾਣ ਦੇਵੇਗਾ। ਹਾਂ, ਬਹੁਤ ਜਿਆਦਾ ਦਬਾਓ ਪਾਉਣ ਤੇ ਵੀ ਉਹ ਜਾਣ ਨਹੀਂ ਦੇਵੇਗਾ। 20ਮੈਂ ਆਪਣਾ ਹੱਥ ਵਧਾਵਾਂਗਾ ਅਤੇ ਮਿਸਰ ਨੂੰ ਆਪਣਿਆਂ ਸਭ ਅਚਰਜ਼ ਕੰਮਾਂ ਨਾਲ ਜੋ ਮੈਂ ਉਸ ਵਿੱਚ ਵਿਖਾਵਾਂਗਾ, ਮਾਰਾਂਗਾ। ਉਸ ਦੇ ਪਿੱਛੋਂ ਉਹ ਤੁਹਾਨੂੰ ਜਾਣ ਦੇਵੇਗਾ। 21ਮੈਂ ਇਸ ਪਰਜਾ ਲਈ ਮਿਸਰੀਆਂ ਦੀਆਂ ਅੱਖਾਂ ਵਿੱਚ ਦਯਾ ਪਾਵਾਂਗਾ ਅਤੇ ਅਜਿਹਾ ਹੋਵੇਗਾ ਕਿ ਜਦ ਤੁਸੀਂ ਜਾਓਗੇ ਤਾਂ ਖਾਲੀ ਹੱਥ ਨਾ ਜਾਓਗੇ। 22ਸਗੋਂ ਇੱਕ-ਇੱਕ ਔਰਤ ਆਪਣੀ ਗੁਆਂਢਣ ਤੋਂ ਅਤੇ ਉਸ ਤੋਂ ਜੋ ਉਸ ਦੇ ਘਰ ਵਿੱਚ ਰਹਿੰਦੀ ਹੈ, ਚਾਂਦੀ ਦੇ ਗਹਿਣੇ, ਸੋਨੇ ਦੇ ਗਹਿਣੇ ਅਤੇ ਬਸਤਰ ਮੰਗੇਗੀ ਅਤੇ ਤੁਸੀਂ ਆਪਣੇ ਪੁੱਤਰਾਂ ਅਤੇ ਧੀਆਂ ਦੇ ਪਾਓਗੇ ਅਤੇ ਮਿਸਰੀਆਂ ਨੂੰ ਲੁੱਟ ਲਓਗੇ।

Currently Selected:

ਕੂਚ 3: IRVPun

Highlight

Copy

Compare

Share

None

Want to have your highlights saved across all your devices? Sign up or sign in